ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਏਸ਼ੀਆ ਨਾਲ ਬਾਰਡਰ ਖੋਲ੍ਹਣ ਵੱਲ ਕੀਤਾ ਇਸ਼ਾਰਾ
scott morrison  asia  borderਸਿਡਨੀ :-11-ਨਵੰਬਰ-(ਮੀਡੀਦੇਸਪੰਜਾਬ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੋਵਿਡ-19 ਕਾਰਨ ਦੇਸ਼ ਦੇ ਸੀਲ ਕੀਤੇ ਬਾਰਡਰਾਂ ਨੂੰ ਏਸ਼ੀਆ ਖੇਤਰ ਨਾਲ ਮੁੜ ਤੋਂ ਖੋਲ੍ਹਣ ਲਈ ਵਿਚਾਰ ਵਟਾਂਦਰੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਆਸ ਕੀਤੀ ਜਾ ਰਹੀ ਹੈ ਕਿ ਤਾਇਵਾਨ, ਜਾਪਾਨ, ਸਿੰਗਾਪੁਰ, ਚੀਨ ਦੇ ਕੁੱਝ ਹਿੱਸੇ ਆਦਿ ਦੇ ਬਾਰਡਰਾਂ ਨੂੰ ਕੈਨਬਰਾ ਰਾਹੀਂ ਮੁੜ ਤੋਂ ਖੋਲ੍ਹ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੇ ਮਾਰਚ ਦੇ

ਮਹੀਨੇ ਵਿਚ ਕੋਵਿਡ-19 ਦੇ ਕਹਿਰ ਕਾਰਨ ਦੇਸ਼ ਨੂੰ ਸਮੁੱਚੇ ਸੰਸਾਰ ਨਾਲ ਹੀ ਆਪਣੇ ਬਾਰਡਰਾਂ ਨੂੰ ਬੰਦ ਕਰਨਾ ਪਿਆ ਸੀ ਅਤੇ ਇਸ ਨਾਲ ਆਸਟ੍ਰੇਲੀਆ ਦੇ ਨਾਗਰਿਕਾਂ ਅਤੇ ਗੈਰ ਨਾਗਰਿਕਾਂ ਜਾਂ ਯਾਤਰੀਆਂ ਨੂੰ ਦੇਸ਼ ਵਿਚ ਆਉਣ ਦੀ ਇਜਾਜਤ ਨਹੀਂ ਸੀ। 

ਪਰ ਅਕਤੂਬਰ ਦੇ ਮਹੀਨੇ ਵਿਚ ਨਿਊਜ਼ੀਲੈਂਡ ਨਾਲ ਬਾਰਡਰ ਖੋਲ੍ਹ ਲਏ ਗਏ ਸਨ -ਬੇਸ਼ੱਕ ਯਾਤਰੀ ਸੀਮਤ ਸਨ ਪਰ ਹੁਣ ਆਸ ਹੈ ਕਿ ਆਉਣ ਵਾਲੇ ਕ੍ਰਿਸਮਿਸ ਦੇ ਤਿਉਹਾਰ ਤੋਂ ਪਹਿਲਾਂ ਇਹ ਬਾਰਡਰ ਵੀ ਖੋਲ੍ਹ ਦਿੱਤੇ ਜਾਣਗੇ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲ ਦੀ ਘੜੀ ਅਮਰੀਕਾ ਅਤੇ ਯੂਰਪ ਲਈ ਬਾਰਡਰ ਖੁਲ੍ਹਣ ਲਈ ਥੋੜ੍ਹਾ ਇੰਤਜ਼ਾਰ ਹੋਰ ਕਰਨਾ ਪਵੇਗਾ ਕਿਉਂਕਿ ਸਥਿਤੀਆਂ ਨੂੰ ਵਾਚਿਆ ਜਾ ਰਿਹਾ ਹੈ। ਭਾਵੇਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਹਰ ਤੋਂ ਆਉਣ ਵਾਲਿਆਂ ਲਈ ਸਾਨੂੰ ਇਕਾਂਤਵਾਸ ਦਾ ਪੂਰਾ ਇੰਤਜ਼ਾਮ ਵੀ ਕਰਨਾ ਪੈਣਾ ਹੈ। 

ਜ਼ਿਕਰਯੋਗ ਹੈ ਕਿ ਇਹਨਾਂ ਪਾਬੰਦੀਆਂ ਨਾਲ ਦੇਸ਼ ਅੰਦਰ ਟੂਰਿਜ਼ਮ ਖੇਤਰ ਕਾਫੀ ਪ੍ਰਭਾਵਿਤ ਹੋਇਆ ਹੈ ਅਤੇ ਇਹ ਗਿਰਾਵਟ 1959 ਤੋਂ ਅੰਕਿਤ ਕੀਤੇ ਜਾ ਰਹੇ ਅੰਕੜਿਆਂ ਮੁਤਾਬਕ ਸਭ ਤੋਂ ਜ਼ਿਆਦਾ ਹੈ। 2019 ਵਿਚ ਟੂਰਿਜ਼ਮ ਦੇਸ਼ ਦੀ ਅਰਥ-ਵਿਵਸਥਾ ਦਾ 3.1 ਹਿੱਸਾ ਅੰਕਿਤ ਕੀਤਾ ਗਿਆ ਸੀ ਜਿਸ ਤੋਂ ਕਿ 61 ਬਿਲੀਅਨ ਡਾਲਰ ਦਾ ਨਿਵੇਸ਼ ਦੇਸ਼ ਦੀ ਅਰਥ-ਵਿਵਸਥਾ ਵਿਚ ਆਪਣਾ ਯੋਗਦਾਨ ਪਾਉਂਦਾ ਸੀ।