.....ਨੀਲੂ ਜਰਮਨੀ ..... |
![]()
ਸੋਚੀਂ ਨਾ ਕਿ ਧਰਤ ਹਾਂ ਅੰਬਰੀਂ ਤਰ ਨਹੀਂ ਸਕਦੀ
ਔਰਤ ਹਾਂ ਤੇ ਗੱਲ ਹੱਕਾਂ ਦੀ ਕਰ ਨਹੀਂ ਸਕਦੀ ।
ਬੰਦ ਬੰਦ ਕਟਵਾ ਚੁੱਕੀ ਹਾਂ ਪੁੱਤ ਪਤੀਆਂ ਦੇ
ਪਿਓ ਦਾਦੇ ਨਾਲ ਹੋਣ ਵਿਤਕਰੇ ਜਰ ਨਹੀਂ ਸਕਦੀ ।
ਧੀ ਕਿਰਸਾਨ ਦੀ ਹਾਂ ਪਤਨੀ ਮਜ਼ਦੂਰ ਦੀ ਭਾਵੇਂ
ਰਾਜਿਆ ਤੇਰੀ ਨੀਤੀ ਹੱਥੋਂ ਹਰ ਨਹੀਂ ਸਕਦੀ ।
ਸਮਝੀਂ ਨਾ ਮੈਂ ਸ਼ੀਤਲ ਚੰਨ ਦੀ ਰਿਸ਼ਮ ਹਾਂ ਕੇਵਲ
ਭੁੱਲ ਜਾ ਮੈਂ ਮੀਂਹ ਅੱਗ ਦਾ ਬਣ ਕੇ ਵਰ ਨਹੀਂ ਸਕਦੀ ।
ਨੀਅਤ ਤੇਰੀ ਤੇ ਲੜਾਂਗੀ ਹੁਣ ਮੈਂ ਲੂਣ ਵਾਂਗਰਾ
ਬਣ ਕੇ ਕੱਚੀ ਡਲੀ ਮਿੱਟੀ ਦੀ ਖ਼ਰ ਨਹੀਂ ਸਕਦੀ ।
ਪੱਗ ਟੋਪੀਆਂ ਜਾਤ ਧਰਮ ਸਭ ਹੋਏ ਇਕੱਠੇ
ਤੂੰ ਸਰਕਾਰੇ ਏਕਤਾ ਹੁਣ ਇਹ ਚਰ ਨਹੀਂ ਸਕਦੀ ।
ਟੁੱਕ ਖੋਹਣ ਦੀ ਕਰੀ ਜੇ ਕੋਸ਼ਿਸ਼ ਸਾਡੇ ਹੱਥੋਂ
ਰੱਜਵੀਂ ਰੋਟੀ ਤੇਰੇ ਵੀ ਆ ਦਰ ਨਹੀਂ ਸਕਦੀ ।
ਦੇਖ ਨੀ ਦਿੱਲੀਏ ਪੰਗਤੀਂ ਸੰਗਤ ਜੁੜ ਬੈਠੀ ਏ
ਜੋਸ਼ ਗਰਮ ਨੇ ਪੋਹ ਦੇ ਕੱਕਰੀਂ ਠਰ ਨਹੀਂ ਸਕਦੀ ।
![]() ![]() |