.....ਨੀਲੂ ਜਰਮਨੀ ਦੀਆਂ ਤਿੰਨ ਕਵਿਤਾਵਾਂ .....
ਮੰਗਤੇ ਨਹੀਂ ਹਾਂ ਡੋਲੂ ਫੜ ਕੇ ਦਰ ਤੇਰੇ ਤੇ ਆਵਾਂਗੇ
ਦੋ, ਟੁੱਕ ਦੇ ਅੱਲਾ ਦੇ ਨਾਂ ਤੇ ਗੀਤ ਕਦੇ ਨਾ ਗਾਵਾਂਗੇ

ਸਹਿਜ ਸਾਡੇ ਨੂੰ ਸਮਝ ਨਾ ਬੈਠੀਂ ਪੰਛੀ ਜਖਮੀ ਖੰਭਾਂ ਤੋ
ਸਬਰ ਦੇ ਨੁਕਤੇ ਪੜ੍ਹਦੇ ਪੜ੍ਹਦੇ ਅੰਬਰਾਂ ਤੀਕਰ ਜਾਵਾਂਗੇ

ਤੇਰਾ ਇਲਮ ਗੁਲਾਮੀ ਵਾਲਾ ਸਾਡੇ ਉੱਤੇ ਚੱਲਣਾ ਨਹੀਂ
ਨਾਨਕ ਦੇ ਚੇਲੇ ਹਾਂ ਤੈਨੂੰ “ਤੇਰਾ” ਤੋਲ ਦਿਖਾਵਾਂਗੇ

ਤੂੰ ਹਾਲ਼ੀ ,ਪਾਲ਼ੀ ਤੇ ਸੀਰੀ ਫਿਰਦੈਂ ਸੂਲੀ ਚਾੜ੍ਹਣ ਨੂੰ
ਕਾਮੇ ਹਾਂ ਤੇ ਕਿਰਤ ਮਾਤ ਹੈ ਸੁਆਸਾਂ ਸੰਗ ਧਿਆਵਾਂਗੇ

ਲੱਖ ਰੋਲ ਲੈ ਸੜਕੀਂ ਸਾਨੂੰ ਤੂੰ ਯਖ਼ ਠੰਡੀਆਂ ਰਾਤਾਂ ਵਿੱਚ
ਜੰਗ ਹੱਕਾਂ ਦੀ ਜਿੱਤ ਕੇ ਮੰਜੀ ਮੁੜ ਖੇਤਾਂ ਵਿੱਚ ਡਾਹਾਂਗੇ

ਇਨਕਲਾਬ ਦੇ ਉੱਗੇ ਨਾਅਰੇ ਦੇਖ ਸਾਡੀਆਂ ਜੀਭਾਂ ‘ਤੇ
ਰੰਗ ਬਸੰਤੀ ਚੋਲਾ ਮਾਏ ਫਿਰ ਤੋਂ ਗੁਣਗੁਣਾਵਾਂਗੇ ।
✊ਨੀਲੂ ਜਰਮਨੀ ✊
04 jan 21