.....ਨੀਲੂ ਜਰਮਨੀ ਦੀਆਂ ਤਿੰਨ ਕਵਿਤਾਵਾਂ .....

ਨਾ ਤੂੰ ਡੋਲੀ ਵੇ ਅੰਨ ਦਾਤਿਆ 
ਤੇਰੀ ਭਰਦਾ ਹਾਮੀ ਜੱਗ
ਤੈਨੂੰ ਅੰਬਰ ਮੱਥੇ ਟੇਕਦਾ
ਤੱਕ ਸਿਰੜ ਤੇਰੇ ਦੀ ਪੱਗ
ਤੇਰੇ ਹੱਥ ਦੇ ਅੱਟਣ ਪਾ ਰਹੇ
ਮਿਹਨਤ ਦੀ ਸੁੱਚੀ ਬਾਤ
ਨਾ ਧਰਮ ਵੱਡਾ ਤੇਰੀ ਕਿਰਤ ਤੋਂ
ਨਾ ਤੇਰੀ ਕਿਰਤ ਤੋਂ ਵੱਡੀ ਜਾਤ
ਤੇਰੀ ਮਿੱਟੀ ਸੋਨਾ ਖੇਤ ਦੀ
ਤੈਨੂੰ ਨਿੱਤ ਨਿਵਾਉਂਦੀ ਸੀਸ
ਧੀਆਂ ਦਾ ਬਣਦਾ ਦਾਜ ਜੋ
ਤੈਨੂੰ ਨਰਮਾ ਦਵੇ ਅਸੀਸ
ਤੇਰਾ ਮੁੜ੍ਹਕਾ ਜਿੱਥੇ ਡੁੱਲਦਾ
ਉੱਥੇ ਖਿੜਦੇ ਫੁੱਲ ਹਜ਼ਾਰ
ਤੈਨੂੰ ਤੱਕ ਕੇ ਫਸਲਾ ਕਰਦੀਆਂ
ਫਲ਼ ਫੁੱਲ ਦੇ ਹਾਰ ਸ਼ਿੰਗਾਰ
ਜੁੱਗ ਜੀਵਣ ਤੇਰੇ ਬਲਦ ਵੇ
ਤੇ ਹਲ਼ ਦੇ ਕਾਰ ਵਿਹਾਰ
ਤੇਰੀ ਹਾੜੀ ਸਾਉਣੀ ਤੱਕ ਕੇ
ਤੈਥੋਂ ਬਰਕਤਾਂ ਨੇ ਬਲਿਹਾਰ
ਤੇਰੀ ਅੱਖ ਦੇ ਵਿੱਚ ਜੰਗ ਹੱਕ ਦੀ
ਤੇਰੇ ਮੁੱਖ ਤੇ ਨਵੀਂ ਸਵੇਰ
ਤੇਰੀ ਅਣਖ ਨੇ ਅੱਜ ਹੈ ਘੇਰਿਆ
ਦਿੱਲੀ ਦਾ ਕੂੜ ਹਨੇਰ
ਤੇਰੇ ਮੱਥੇ ਦੀ ਦਹਿਲੀਜ਼ ਤੇ
ਬੈਠਾ ਵਖਤ ਚੌਂਕੜੀ ਮਾਰ
ਤੇ ਪੋਟਿਆਂ ਵਿੱਚੋਂ ਸਿੰਮਦੇ
ਮਿਹਨਤ ਦੇ ਅਦਬੀ ਸਾਰ
ਤੇਰੇ ਹੱਡਾਂ ਵਿੱਚ ਨੇ ਮੌਲਦੇ
ਪਤਝੜ ਚੇਤਰ ਤੇ ਮੇਘ
ਤੇਰੇ ਕਦਮਾਂ ਦੀ ਰਫ਼ਤਾਰ ਤੋਂ
ਰੁੱਤਾਂ ਲੈਣ ਤੁਰਨ ਦੇ ਵੇਗ
ਅੱਡ ਪੱਲੇ ਤੇਰੀ ਕਿਰਤ ਦੀ
ਦਿਨ ਰਾਤ ਮੰਗਾਂ ਮੈਂ ਖ਼ੈਰ
ਨਵਾ ਸਾਲ ਚੜੇ ਤੇਰੇ ਹਾਣ ਦਾ
ਤੇਰੇ ਵੱਲ ਹੋਵਣ ਸਭ ਪਹਿਰ ।
🙏🏻ਨੀਲੂ ਜਰਮਨੀ 🙏🏻