......ਜਿਉਂ ਜੰਮੀ ਬੋਦੀਓ ਲੰਮੀ। ......
ਕਈ ਵਾਰ ਸਾਰੀ ਸਾਰੀ ਰਾਤ ਅੱਖਾਂ ਥੱਕ ਜਾਂਦੀਆਂ ਜਦੋਂ ਨੀਦ ਨਹੀ ਆਉਂਦੀ ਤਾਂ ਮਾਂ ਨੂੰ ਚੇਤੇ ਕਰਦੀ ਹਾਂ।    ਉਹਨੇ ਸਵੇਰੇ ਉੱਠਦਿਆ ਕਹਿਣਾ, ਅੱਜ ਤਾਂ ਸਾਰੀ ਰਾਤ ਅੱਖਾਂ ਚੋਂ ਹੀ ਨਿਕਲ ਗਈ ਚੰਦਰੀ ਨੀਂਦ ਨਹੀ ਆਈ।ਮੈਂ ਭੋਲੇ ਭਾਅ ਕਹਿ ਦੇਣਾ, ਲੈ!ਬੀਬੀ ਰਾਤ ਅੱਖਾਂ ਚੋਂ ਕਿੱਦਾਂ ਨਿਕਲ ਜਾਂਦੀ ਆ। ਸਾਨੂੰ ਤਾਂ ਸਵੇਰੇ ਹੀ ਜਾਗ ਆਉਦੀ ਆ।
ਅਸੀਂ ਨਿੱਕੇ ਨਿੱਕੇ 4 ਭੈਣ ਭਰਾ ਸੀ। ਮੈ ਘਰ ਵਿੱਚ ਸਭ ਤੋਂ ਵੱਡੀ ਸੀ। ਸਵੇਰੇ ਬੀਬੀ ਤੋਂ ਜਦੋ ਰਾਤ ਦੇ ਉਨੀਂਦਰੇ ਤੋਂ ਉੱਠਿਆ ਨਾ ਜਾਣਾ ਤਾਂ ਉਹਨੇ ਮੈਨੂੰ ਵਾਜਾਂ ਦਈ ਜਾਣੀਆਂ। ਨੀ ਨਿੰਮੀਏ!ਨੀ ਨਿੰਮੀਏ!ਉੱਠ ਮੈਨੂੰ ਘੁੱਟ ਚਾਹ ਬਣਾ ਕੇ ਪਿਆਦੇ ਫਿਰ ਮੈਂ ਉੱਠਦੀ ਆਂ। ਸਵੇਰੇ ਜਲਦੀ ਉੱਠਣਾ ਮੈਨੂੰ ਮੌਤ ਵਿਖਾਲੀ ਦਿੰਦਾ ਸੀ। ਪਰ ਮਜਬੂਰੀ ਉੱਠਣਾ ਮੈਨੂੰ ਹੀ ਪੈਂਦਾ ਸੀ।
ਉਹਨਾਂ ਸਮਿਆਂ 'ਚ ਗੈਸ ਹੀਟਰ ਘੱਟ ਹੀ ਹੁੰਦੇ ਸੀ। ਮੈਨੂੰ ਰੋਣਾ ਪਿਆ ਹੁੰਦਾ ਸੀ। ਪਹਿਲਾਂ ਤੂੜੀ ਵਾਲੇ ਕੋਠੇ ਚੋਂ ਡਰਦਿਆਂ ਡਰਦਿਆਂ ਪਾਥੀਆਂ ਲਿਆਉਣੀਆਂ। ਡਰ ਹੁੰਦਾ ਸੀ ਕਿੱਧਰੇ ਸੱਪ ਸਪੋਲੀਆ ਨਾ ਲੜ ਜਾਵੇ। ਮੁਸੀਬਤ ਤਾਂ ਉਦੋਂ ਹੁੰਦੀ ਜਦੋਂ ਝੜੀਆਂ ਲੱਗਦੀਆਂ ਸਨ। ਸਲਾਬੇ ਗੋਹੇ ਨਾ ਬਲਣੇ ਨਾ ਖਹਿੜਾ ਛੁੱਟਣਾ।ਜਦੋ ਸਾਉਣ ਭਾਦਰੋਂ ਚ ਕਿੱਧਰੇ ਰਾਤ ਸੁੱਤਿਆ ਬੱਦਲ ਗੱਜਣਾਂ ਤਾਂ ਪਹਿਲਾ ਕੰਮ ਗੋਹੇ ਪਾਥੀਆਂ ਸਾਭਣ ਦਾ ਹੀ ਹੁੰਦਾ ਸੀ। ਵਿਹੜੇ 'ਚ ਡਾਹੀਆਂ ਮੰਜੀਆਂ ਚੁੱਕਣਾ, ਬਿਸਤਰੇ ਕੱਠੇ ਕਰ ਸੁਫੇ ਚ ਸੁੱਟਣੇ। ਇਹ ਸਾਰੇ ਕੰਮ ਮੈਨੂੰ ਵੱਡੀ ਹੋਣ ਕਰਕੇ ਕਰਨੇ ਪੈਂਦੇ ਸਨ। ਹੁਣ ਵੀ ਮੈਨੂੰ ਰੀਝ ਹੀ ਰਹਿੰਦੀ ਆ ਕਿ ਕੋਈ ਮੈਨੂੰ ਸਵੇਰ ਦੀ ਚਾਹ ਬਿਸਤਰੇ ਚ ਦੇਵੇ ਪਰ ਕਿੱਥੇ? ਅੱਠਵੀ ਦੇ ਬਾਅਦ ਮਾਂ ਨੇ ਇੱਕੋ ਗੱਲ ਫੜ ਲਈ ਕਿ ਮੈ ਤੈਨੂੰ ਅੱਗੇ ਨਹੀ ਪੜਾਉਣਾ ਮੈਥੋਂ ਕੰਮ ਨਹੀ ਹੁੰਦਾ। ਪੁਰਾ ਜਹਾਦ ਹੋਇਆ। ਮੈਂ ਕਹਾਂ ਮੈਂ ਪੜਨਾ ਮਾਂ ਕਹੇ ਨਹੀ ਪੜਾਉਣਾ। ਬਾਪੂ ਮੇਰੇ ਵੱਲ ਸੀ। ਸ਼ਰਤ ਰੱਖੀ ਗਈ ਕਿ ਜੇ ਪੜਨਾ ਤਾਂ ਕੰਮ ਸਾਰਾ ਤੈਨੂੰ ਕਰਕੇ ਜਾਣਾ ਪਉ। ਮੈਂ ਕਿਹਾ ਠੀਕ ਹੈ। ਮੈਨੂੰ ਯਾਦ ਹੈ ਜਦੋਂ ਨੌਵੀ ਜਮਾਤ ਚ ਸਰਕਾਰੀ ਹਾਈ ਸਕੂਲ ਵਰਪਾਲ ਮੈਂ ਦਾਖਲਾ ਲੈ ਪਹਿਲੇ ਦਿਨ ਸਕੂਲ ਜਾਣਾ ਸੀ ਤਾਂ ਮੈਂ ਮਨਿਹਰੇ ਚਾਰ ਵਜੇ ਉੱਠੀ,ਉੱਠ ਕੇ ਨਿਊਟਰੀ ਆਲੂ ਦੀ ਸਬਜੀ ਬਣਾ, ਰੋਟੀਆਂ ਪਕਾ, ਵਿਹੜੇ 'ਚ ਬਹੁਕਰ ਫੇਰ, ਭਾਂਡਾ ਛੰਨਾ ਸਾਂਭ ਜਦੋਂ ਸਕੂਲ ਤਿਆਰ ਹੋਈ ਤਾਂ ਮਾਂ ਨੇ ਇੱਕ ਗੁੱਤ ਕਰਦਿਆ ਕਿਹਾ, ਜੇ ਸਿੱਧੀ ਨੀਤ ਨਾਲ ਪੜੇਗੀ ਤਾ ਠੀਕ ਆ ਨਹੀ ਤਾਂ ਘਰੇ ਬੈਠਾ ਲੂੰ।
ਐਨਾ ਡਰ ਹੁੰਦਾ ਸੀ ਮਾਂ ਦਾ ਕਿ ਮਾੜੀ ਜਿਹੀ ਘੂਰੀ ਵੀ ਵੱਟਦੀ ਥਾਂ ਹੀ ਸਹਿਮ ਜਾਂਦੀ ਸੀ। ਸੁਰਮਾ, ਦਾਤਣ, ਪਾਊਡਰ ਕਰੀਮਾਂ ਬੜੀ ਦੂਰ ਦੀ ਗੱਲ ਅੰਗਰੇਜੀ ਸਾਬਣ ਨਾਲ ਮੂੰਹ ਧੋਣ ਦਾ ਵੀ ਆਡਰ ਨਹੀ ਸੀ ਹੁੰਦਾ।ਉਹਨਾਂ ਵੇਲਿਆਂ 'ਚ ਇੱਕ ਨਵਾਂ ਸੂਟ ਹੁੰਦਾ ਸੀ। ਜਾ ਸਕੂਲ ਬਰਦੀ। ਜਦੋ ਨਵੀ ਸੀਪਣੀ ਤਾਂ ਉਹਦੇ ਨਾਲ ਵਾਂਡਾਂ ਵੇਖ ਲੈਣਾ। ਸ਼ਹਿਰ ਤਾਂ ਛਿਮਾਹੀ ਸਾਲ ਪਿੱਛੋ ਜਾਂਦੇ ਸੀ। ਉਹ ਵੀ ਚਾਟੀਵਿੰਡ ਨਹਿਰ ਤੇ।ਜਦੋ ਬਿਮਾਰ ਹੋਣਾ ਤਾਂ ਡਾ: ਕੁਲਦੀਪ ਕੋਲੋ ਦਵਾਈ ਲੈਣ ਵਾਸਤੇ। ਪਰ ਫਿਰ ਵੀ ਬਹੁਤ ਖੁਸ਼ ਸੀ।
ਕਿੰਨਾ ਕੁੱਝ ਬਦਲ ਗਿਆ ਖੁੱਦ ਮੁਖਤਿਆਰ ਹਾਂ ਸੋਹਣਾ ਖਾਂਦੀ ਹੰਢਾਉਦੀ ਹਾਂ ਪਰ ਉਹ ਬਚਪਨ ਵੇਲਾ ਉਹ ਮਾਂ ਦਾ ਡਾਟਣਾ ਪਿਤਾ ਦਾ ਗਲ ਨਾਲ ਲਾਉਣਾ। ਵੀਰ ਨਾਲ ਰੁੱਸਣਾ ਮੰਨਣਾ ਯਾਦ ਕਰ ਗੱਚ ਜਿਹਾ ਭਰ ਆਉਂਦਾ। ਤਸਵੀਰ ਵਿੱਚ ਇਹ ਹੋ ਸਕਦਾ ਹੈ: Nirmal Kaur Kotla
............ਨਿਰਮਲ ਕੌਰ ਕੋਟਲਾ..........