.....ਖੁਸ਼ੀਆਂ ਦਾ ਉਹ ਸਾਰ ਘਟੇ ਨਾ ਸੂਰਮਿਓਂ !....
 ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ, ਪੇੜ, ਕਲੋਜ਼ਅੱਪ ਅਤੇ ਆਉਟਡੋਰ
ਕਦਮਾਂ ਦੀ ਰਫ਼ਤਾਰ ਘਟੇ ਨਾ ਸੂਰਮਿਓਂ !
ਹੁਣ ਮੰਜ਼ਲ ਨਾ' ਪਿਆਰ ਘਟੇ ਨਾ ਸੂਰਮਿਓਂ !

ਊੜੇ ਜੂੜੇ ਰਹਿਣ ਨਿਸ਼ਾਨੀ ਨਸਲਾਂ ਦੀ,
ਗਿਣਤੀ ਵਿਚ ਦਸਤਾਰ ਘਟੇ ਨਾ ਸੂਰਮਿਓਂ !
 
ਅੰਬਰ ਦੇ ਵਿਚ ਪੰਛੀ ਉਡਦੇ ਡਾਰ ਬਣਾ,
ਸਾਡੀ ਵੀ ਇਹ ਉਡਾਰ ਘਟੇ ਨਾ ਸੂਰਮਿਓਂ !
 
ਫੁੱਲਾਂ ਵਾਂਗੂੰ ਮਹਿਕਾਂ ਵੰਡ ਦੇ ਰਹਿਣਾ ਏਂ,
ਬੇਸ਼ਕ ਬਾਗ਼ 'ਚੋਂ ਖ਼ਾਰ ਘਟੇ ਨਾ ਸੂਰਮਿਓਂ !
 
ਜੇ ਦੁਸ਼ਮਣ ਦੀ ਧੌਣ 'ਤੇ ਗੋਡਾ ਧਰਿਆ ਏ,
ਹੁਣ ਫਿਰ ਇਸਦਾ ਭਾਰ ਘਟੇ ਨਾ ਸੂਰਮਿਓਂ !
 
ਆਪ ਬਚਿੱਤਰ ਸਿੰਘ ਦੇ ਵੀਰੇ ਬਣ ਜਾਣਾ,
ਨਾਗਣੀਆਂ ਦੀ ਮਾਰ ਘਟੇ ਨਾ ਸੂਰਮਿਓਂ !
 
ਹਿੰਦੂ ਮੁਸਲਿਮ ਸਿੱਖ ਈਸਾਈ ਜੁੜ ਬੈਠੇ,
ਸਾਡਾ ਇਹ ਪਰਿਵਾਰ ਘਟੇ ਨਾ ਸੂਰਮਿਓਂ।
 
ਨਫ਼ਰਤ ਦੀ ਅੱਗ ਮੇਟਣ ਦੇ ਲਈ ਵਗਿਆ ਹੈ,
ਦਰਿਆ ਠੰਡਾ ਠਾਰ ਘਟੇ ਨਾ ਸੂਰਮਿਓਂ !
 
ਹਰਦਮ 'ਜੀਤ' ਜੋ ਮੰਗੇ ਵਿੱਚ ਦੁਆਵਾਂ ਦੇ,
ਖੁਸ਼ੀਆਂ ਦਾ ਉਹ ਸਾਰ ਘਟੇ ਨਾ ਸੂਰਮਿਓਂ !
S.K.Belgium. 13/01/2021