.....ਤੇ ਨਜ਼ਰੋਂ 'ਜੀਤ' ਲਹਿ ਜਾਂਦੇ ਨੇ ਜੋ ਕਿਰਦਾਰ ਦੇ ਪੋਲੇ।.....
 ਤਸਵੀਰ ਵਿੱਚ ਇਹ ਹੋ ਸਕਦਾ ਹੈ: 3 ਲੋਕ
ਬੜਾ ਹੀ ਦਿਲ ਤੜਪਦਾ ਹੈ ਬੜਾ ਹੀ ਸਾਹ ਮੇਰਾ ਡੋਲੇ।
ਹਕੂਮਤ ਰਾਜਿਆ ਤੇਰੀ ਦੇ ਸੱਤਾ ਸਿਰ ਚੜ੍ਹੀ ਬੋਲੇ।
 
ਅਸਾਂ ਤੋਂ ਸਹਿ ਨਹੀਂ ਹੁੰਦੇ ਤੇਰੇ ਇਸ ਰਾਜ ਦੇ ਤੇਵਰ,
ਕਿ ਅਣਖੀ ਯੋਧਿਆਂ ਤਾਂਈ ਜੋ ਏਨਾ ਸੜਕ 'ਤੇ ਰੋਲੇ।
 
ਸਿਆਸਤ ਧਰਮ, ਬੋਲੀ, ਜਾਤ ਦੇ ਨਾਵਾਂ ਤੇ ਚੱਲਦੀ ਏ,
ਤੇ ਹਾਕਮ ਵੰਡੀਆਂ ਪਾਵੇ ਜੁਬਾਂ ਜਦ ਆਪਣੀ ਖੋਲ੍ਹੇ।
 
ਬਣਾਵੇ ਆਲ੍ਹਣਾ ਕਿੱਦਾਂ. ਚੁਗਾਵੇ ਚੋਗ ਬੋਟਾਂ ਨੂੰ,
ਚਿੜੀ ਆਟੇ ਦੀ ਵ਼ੀ ਨੋਚਣ ਜਦੋਂ ਸਾਧਾਂ ਦੇ ਹੁਣ ਟੋਲੇ।
 
ਧੀਆਂ ਦੇ ਨਾਲ਼ ਬੈਠੀ ਨੂੰ ਜਦੋਂ ਮਾਂ ਯਾਦ ਆਉਂਦੀ ਹੈ,
ਮੈਂ 'ਭੁੱਗਾ' ਕੁੱਟ ਲਵਾਂ ਆਪੇ ਰਲਾ ਕੇ ਗੁੜ ਅਤੇ ਛੋਲੇ।
 
ਮੈਂ ਅੰਬਰ ਲਾਹ ਕੇ ਧਰਤੀ 'ਤੇ ਬਣਾਵਾਂ ਪੀਂਘ ਬਹੁਰੰਗੀ,
ਲਲਾਰੀ ਘੋਲ ਰੰਗਾਂ ਦਾ ਕਦੇ ਕੁਦਰਤ ਜਿਹਾ ਘੋਲੇ।
 
ਜੋ ਹੁੰਦੇ ਸਿਰੜ ਦੇ ਪੱਕੇ ਦਿਲਾਂ 'ਤੇ ਰਾਜ ਕਰਦੇ ਨੇ ,
ਤੇ ਨਜ਼ਰੋਂ 'ਜੀਤ' ਲਹਿ ਜਾਂਦੇ ਨੇ ਜੋ ਕਿਰਦਾਰ ਦੇ ਪੋਲੇ।
S K.Belgium (15/01/2021)