.........ਗ਼ਜ਼ਲ........
 
ਜਿਹਨਾਂ 'ਚੋਂ ਪੀਣ ਖ਼ਾਤਰ, ਭਰਦਾਂ ਏਂ ਡੋਲ ਜੋਗੀ।
ਖੂਹਾਂ ਦੇ ਪਾਣੀਆਂ ਵਿਚ, ਜ਼ਹਿਰਾਂ ਨਾ ਘੋਲ ਜੋਗੀ।
 
ਰਿਸਦੇ ਨੇ ਜ਼ਖਮ ਗਹਿਰੇ, ਝੱਲੀ ਨਾ ਪੀੜ ਜਾਵੇ,
ਬਾਹਲ਼ੇ ਵੀ ਟੱਕ ਲਾ ਕੇ, ਜਿਗਰੇ ਨਾ ਫੋਲ ਜੋਗੀ।
 
ਖੇਤਾਂ ਦੇ ਬੰਨਿਆਂ 'ਤੇ, ਘੁੱਗੀਆਂ ਸੁਚੇਤ ਹੋਈਆਂ,
ਸ਼ਿਕਰੇ ਨੇ ਆਣ ਪਹੁੰਚੇ, ਬੋਟਾਂ ਦੇ ਕੋਲ ਜੋਗੀ।
 
ਏਕੇ ਦੇ ਵੱਟਿਆਂ ਦਾ, ਹੁੰਦਾ ਏ ਭਾਰ ਡਾਹਢਾ,
ਸ਼ੀਸ਼ੇ ਦੇ ਪੱਲਿਆਂ ਵਿਚ, ਰੱਖੀਂ ਨਾ ਝੋਲ ਜੋਗੀ।
 
ਬਦਲੇ ਸਮੇਂ ਨਾ' ਸੱਭੇ, ਸੋਚਾਂ ਅਾਜ਼ਾਦ ਹੋਵਣ,
ਤੇਰੀ ਹੀ ਸੋਚ ਉੱਤੇ, ਚੜ੍ਹਿਆ ਹੈ ਖੋਲ ਜੋਗੀ।
 
ਸੱਤਾ 'ਚ ਚੂਰ ਹੋ ਕੇ, ਹਾਕਮ ਨੇ ਦੇਖ ਹੁਣ ਤਕ,
ਹੀਰੇ ਅਮੋਲ ਕਿੰਨੇ, ਕਰ 'ਤੇ ਬੇ-ਮੋਲ ਜੋਗੀ।
 
ਨੇਰ੍ਹਾ ਚੁਫ਼ੇਰ ਛਾਇਆ,ਦੀੁਪਕ ਵੀ ਗੁੱਲ ਰਾਹ ਦੇ,
ਬਿਰਹੋਂ ਦੇ ਪੈਂਡਿਆਂ ਵਿਚ, ਸਾਨੂੰ ਨਾ ਰੋਲ ਜੋਗੀ।
 
ਸੱਚ ਦੀ ਜੇ ਪਰਖ਼ ਕਰਨੀ, ਅੱਖਾਂ ਉਘੇੜ ਕੇ ਆ,
ਐਂਵੇਂ ਵਿਭੂਤ ਮਲ਼ ਕੇ, ਮਹਿਮਾ ਨਾ ਟੋਲ ਜੋਗੀ।
 
ਤਰਕਾਂ 'ਚ ਤੁੱਲਿਆਂ ਨੇ, ਰਹਿਣਾ ਅਡੋਲ ਜੱਗ 'ਤੇ,
ਖਾਲੀ ਜੋ 'ਜੀਤ' ਹੁੰਦੇ, ਖੜਕਣ ਉਹ ਢੋਲ ਜੋਗੀ।
S.K.Belgium (18/01/2021)
ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ, ਕਲੋਜ਼ਅੱਪ