ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਚ ਟੈਸਟ ਸੀਰੀਜ਼ ਖੇਡਣ ਦਾ ਪ੍ਰਸਤਾਵ ਕੀਤਾ ਰੱਦ |
![]() ਕ੍ਰਿਕਟ ਆਸਟ੍ਰੇਲੀਆ ਦੇ ਅੰਤਰਿਮ ਮੁੱਖ ਕਾਰਜਕਾਰੀ ਨਿਕਹੋਕਲੀ ਨੇ ਕਿਹਾ ਕਿ ਸੀ.ਐੱਸ.ਏ. ਦਾ ਕਹਿਣਾ ਹੈ ਕਿ ਉਹਨਾਂ ਦੀ ਹੋਰ ਦੇਸ਼ਾਂ ਦੇ ਨਾਲ ਵੀ ਵਚਨਬੱਧਤਾਵਾਂ ਹਨ ਅਤੇ ਕੋਰੋਨਾ ਕਾਲ ਵਿਚ ਕੁਆਰੰਟੀਨ ਪੀਰੀਅਡ ਵਿਚ ਬਹੁਤ ਜ਼ਿਆਦਾ ਸਮਾਂ ਬੇਕਾਰ ਹੋ ਜਾਂਦਾ ਹੈ ਜਿਸ ਕਾਰਨ ਉਹ ਆਸਟ੍ਰੇਲੀਆ ਆ ਕੇ ਟੈਸਟ ਸੀਰੀਜ ਖੇਡਣ ਦੇ ਪੱਖ ਵਿਚ ਨਹੀਂ ਹਨ। ਹੋਕਲੀ ਨੇ ਕਿਹਾ, ਅਸੀਂ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨਾਲ ਗੱਲ ਕਰ ਰਹੇ ਹਾਂ। ਅਸੀਂ ਪ੍ਰਸਤਾਵ ਰੱਖਿਆ ਸੀ ਕਿ ਉਹ ਆਸਟ੍ਰੇਲੀਆ ਵਿਚ ਆ ਕੇ ਤਿੰਨ ਮੈਂਚਾਂ ਦੀ ਟੈਸਟ ਸੀਰੀਜ਼ ਨੂੰ ਪੂਰਾ ਕਰ ਸਕਦੇ ਹਨ ਪਰ ਉਹਨਾਂ ਨੇ ਇਸ ਲਈ ਮਨਾ ਕਰ ਦਿੱਤਾ ਹੈ। ਅਸੀਂ ਕਿਸੇ ਹੋਰ ਜਗ੍ਹਾ 'ਤੇ ਹਾਲੇ ਨਹੀਂ ਖੇਡ ਸਕਦੇ ਹਾਂ। ਇਸ ਲਈ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਵਿਚੋਂ ਲੰਘਣਾ ਹੋਵੇਗਾ। ਇਸ ਦੇ ਇਲਾਵਾ ਉੱਥੇ ਕੋਵਿਡ-19 ਦੇ ਵੱਖ-ਵੱਖ ਪ੍ਰੋਟੋਕਾਲ ਹੋਣਗੇ। ਨਾਲ ਹੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਵਿਚ ਸਾਨੂੰ ਖੇਡਣਾ ਪਵੇਗਾ। ਜ਼ਿਕਰਯੋਗ ਹੈ ਕਿ ਇਹ ਦੌਰਾ ਰੱਦ ਹੋਣ ਨਾਲ ਆਸਟ੍ਰੇਲੀਆ ਦੀ ਆਈ.ਸੀ.ਸੀ. ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਦੀ ਆਸ ਨੂੰ ਝਟਕਾ ਲੱਗਾ ਹੈ। ਆਸਟ੍ਰੇਲੀਆ ਦੇ ਇਹ ਸੀਰੀਜ਼ ਨਾ ਖੇਡਣ ਨਾਲ ਨਿਊਜ਼ੀਲੈਂਡ ਨੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਆਸਟ੍ਰੇਲੀਆ, ਬ੍ਰਿਸਬੇਨ ਵਿਚ ਭਾਰਤ ਤੋਂ ਹਾਰ ਦੇ ਬਾਅਦ ਸੂਚੀ ਵਿਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਜਦਕਿ ਭਾਰਤ ਪਹਿਲੇ ਅਤੇ ਨਿਊਜ਼ੀਲੈਂਡ ਦੂਜੇ ਸਥਾਨ 'ਤੇ ਹੈ। ਆਸਟ੍ਰੇਲੀਆ ਦੇ 69.2 ਫੀਸਦੀ ਅੰਕ ਹਨ ਜਦਕਿ ਨਿਊਜ਼ੀਲੈਂਡ ਦੇ 70 ਫੀਸਦੀ ਅਤੇ ਭਾਰਤ ਦੇ 71.7 ਫੀਸਦੀ ਅੰਕ ਹਨ। ਨਿਊਜ਼ੀਲੈਂਡ ਦੀ ਚੈਂਪੀਅਨਸ਼ਿਪ ਵਿਚ ਸੀਰੀਜ਼ ਪੂਰੀ ਹੋ ਚੁੱਕੀ ਹੈ ਅਤੇ ਉਸ ਦੇ ਅੰਕ ਉਨੇ ਹੀ ਰਹਿਣੇ ਹਨ। ਆਸਟ੍ਰੇਲੀਆ ਹੁਣ ਨਿਊਜ਼ੀਲੈਂਡ ਤੋਂ ਅੱਗੇ ਨਹੀ ਜਾ ਸਕਦਾ ਹੈ। ਆਸਟ੍ਰੇਲੀਆ ਲਈ ਫਾਈਨਲ ਵਿਚ ਪਹੁੰਚਣ ਦੀ ਸਥਿਤੀ ਉਦੋਂ ਹੀ ਬਣ ਸਕਦੀ ਹੈ ਜਦੋਂ ਭਾਰਤ ਅਤੇ ਇੰਗਲੈਂਡ ਦੇ ਸੀਰੀਜ਼ ਵਿਚ ਅੰਕ ਬਰਾਬਰ ਰਹਿਣ ਅਤੇ ਉਹਨਾਂ ਦਾ ਫੀਸਦ ਆਸਟ੍ਰੇਲੀਆ ਦੇ 69.17 ਫੀਸਦ ਤੋਂ ਹੇਠਾਂ ਡਿੱਗ ਜਾਵੇ। ਇਹ ਉਦੋਂ ਹੀ ਹੋਵੇਗਾ ਜਦੋਂ ਸੀਰੀਜ਼ ਡ੍ਰਾ ਰਹੇ ਜਾਂ ਇੰਗਲੈਂਡ 1-0, 2-0 ਜਾਂ 2-1 ਦੇ ਫਰਕ ਨਾਲ ਜਿੱਤੇ ਜਾਂ ਭਾਰਤ 1-0 ਦੇ ਫਰਕ ਨਾਲ ਜਿੱਤੇ। |