ਕਿਸਾਨ ਅੰਦੋਲਨ ਦੀ ਹਿਮਾਇਤ ’ਚ ਆਈਆਂ ਵਿਦੇਸ਼ੀ ਹਸਤੀਆਂ ਨੂੰ ਸਚਿਨ ਤੇਂਦੁਲਕਰ ਦੀ ਨਸੀਹਤ, ਆਖੀ ਇਹ ਗੱਲ |
ਨਵੀਂ ਦਿੱਲੀ --04ਫਰਵਰੀ-(ਮੀਡੀਆਦੇਸਪੰਜਾਬ)-- ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿਚ ਸ਼ੁਮਾਰ ਸਚਿਨ
ਤੇਂਦੁਲਕਰ ਨੇ ਪੌਪ ਸਟਾਰ ਰਿਹਾਨਾ ਸਮੇਤ ਉਨ੍ਹਾਂ ਸਾਰੀਆਂ ਹਸਤੀਆਂ ਨੂੰ ਦੋ ਟੁੱਕ ਜਵਾਬ
ਦਿੱਤਾ ਹੈ ਜੋ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸਚਿਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਭਾਰਤੀ ਪ੍ਰਭੂਸੱਤਾ ਨਾਲ ਕਿਸੇ ਵੀ
ਤਰ੍ਹਾਂ ਦਾ ਸਮਝੌਤਾ ਨਹੀਂ ਹੋਵੇਗਾ ਅਤੇ ਵਿਦੇਸ਼ੀ ਤਾਕਤਾਂ ਇਨ੍ਹਾਂ ਤੋਂ ਦੂਰ ਰਹਿਣਾ
ਚਾਹੀਦਾ ਹੈ।
ਸਚਿਨ ਤੇਂਦੁਲਕਰ ਨੇ ਟਵੀਟ ਕਰਦੇ ਹੋਏ ਲਿਖਿਆ, ‘ਭਾਰਤ ਦੀ ਪ੍ਰਭੂਸੱਤਾ ਨਾਲ ਕਿਸੇ
ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ। ਵਿਦੇਸ਼ ਤਾਕਤਾਂ ਭਾਰਤ ਵਿਚ ਹੋਣ ਵਾਲੀਆਂ
ਘਟਨਾਵਾਂ ਨੂੰ ਸਿਰਫ਼ ਦੇਖ ਸਕਦੀਆਂ ਹਨ ਪਰ ਉਨ੍ਹਾਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ
ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ। ਭਾਰਤੀ ਭਾਰਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ
ਉਨ੍ਹਾਂ ਨੂੰ ਆਪਣੇ ਮੁੱਦੇ ਹੱਲ ਕਰਨੇ ਚਾਹੀਦੇ, ਆਓ ਇਕ ਰਾਸ਼ਟਰ ਦੇ ਤੌਰ ’ਤੇ ਇਕਜੁੱਟ
ਰਹੀਏ।’
ਇਸ ਤੋਂ ਇਲਾਵਾ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਵੀ ਇਸ ’ਤੇ ਨਾਰਾਜ਼ਗੀ ਜਾਹਰ
ਕੀਤੀ ਅਤੇ ਵਿਦੇਸ਼ੀ ਤਾਕਤਾਂ ਨੂੰ ਕਿਸਾਨ ਅੰਦੋਲਨ ’ਤੇ ਕਿਸੇ ਤਰ੍ਹਾਂ ਦੇ ਕੁਮੈਂਟ ਨਾ
ਕਰਣ ਦੀ ਸਲਾਹ ਦਿੱਤੀ।
ਦੱਸ ਦੇਈਏ ਕਿ ਅਮਰੀਕੀ ਪੌਪ ਸਟਾਰ ਰਿਹਾਨਾ, ਗੇ੍ਰਟਾ ਥਰਬਰਡ, ਅਮਰੀਕੀ ਉਪ-ਰਾਸ਼ਟਰਪਤੀ
ਕਮਲਾ ਹੈਰਿਸ ਦੀ ਭਾਣਜੀ ਸਮੇਤ ਅੰਤਰਰਾਸ਼ਟਰੀ ਹਸਤੀਆਂ ਨੇ ਕੇਂਦਰ ਦੇ ਨਵੇਂ ਖੇਤੀ
ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨਾਂ ਨੂੰ ਸਮਰਥਨ ਦਿੱਤਾ ਹੈ। ਵਿਦੇਸ਼ੀ ਹਸਤੀਆਂ ਦੇ
ਇਸ ਮਾਮਲੇ ’ਤੇ ਟਵੀਟ ਕਰਣ ਦੇ ਬਾਅਦ ਭਾਰਤ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼
ਮੰਤਰਾਲਾ ਨੇ ਲੋਕਾਂ ਨੂੰ ਬਿਨਾਂ ਤੱਥਾਂ ਦੀ ਜਾਂਚ-ਪਰਖ ਜਲਦਬਾਜ਼ੀ ਵਿਚ ਬਿਆਨ ਦੇਣ ਤੋਂ
ਬਚਣ ਦੀ ਨਸੀਹਤ ਦਿੱਤੀ ਹੈ।
|