....ਹਨੇਰ ਨਾ ਸਮਝੇ ਕਿ ਚਾਨਣ ਮਰ ਗਿਆ ਹੈ...
1 ਵਿਅਕਤੀ, ਦਾੜ੍ਹੀ ਅਤੇ ਪੱਗ ਦੀ ਫ਼ੋਟੋ ਹੋ ਸਕਦੀ ਹੈ(ਮਹਾਂ ਅੰਦੋਲਨ ਵਿਚ ਮਹਾਂ ਪੰਚਾਇਤਾਂ ਦਾ ਮਹਾਂ ਪ੍ਰਦਰਸ਼ਨ..)
ਭੈੜੇ ਭੈੜੇ ਯਾਰ ਮੇਰੀ ਫੱਤੋ ਦੇ...ਇਹ ਅਖਾਣ ਪਤਾ ਨਹੀ ਕਿਸ ਨੇ ਕੀ ਸੋਚ ਕੇ ਬਣਾਇਆ ਹੋਏਗਾ, ਪਰ ਅੱਜ ਦੇ ਹਾਕਮਾਂ ਤੇ ਬਿਲਕੁਲ ਢੁੱਕਦਾ ਹੈ। ਜਿਸ ਦਿਨ ਦੇ ਤਿੰਨ ਕਨੂੰਨ ਬਣਾ ਕੇ ਲਾਗੂ ਕੀਤੇ ਨੇ..ਉਦੋਂ ਤੋਂ ਫੱਤੋ ਦੇ ਇਹ ਯਾਰ....ਇੱਕੋ ਈ ਰਾਗ ਅਲਾਪ ਰਹੇ ਨੇ..ਅਕੇ ਇਨ ਕਨੂੰਨੋ ਮੇਂ ਹਮੇਂ ਤੋ ਕੁਛ ਕਾਲਾ ਦਿਖਾਈ ਨਹੀਂ ਦੇਤਾ ਹੈ?
ਭਲੇ ਮਾਨਸੋ ਜਿਹੜੇ ਚੀਜ਼ ਸਾਰੀ ਹੀ ਕਾਲੀ ਹੈ, ਉਸ ਵਿਚ ਕਾਲਾ ਕਿਵੇਂ ਦਿਖਾਈ ਦੇਵੇਗਾ?

ਤੋਮਰ, ਪੀਉਸ, ਅਮਿਤ ਸ਼ਾਹ, ਅੰਬਾਨੀ-ਅੜਾਨੀ, ਡੀ ਐਨ ਏ ਵਾਲਾ ਸੁਧੀਰ ਚੌਧਰੀ, ਆਪ ਕੀ ਅਦਾਲਤ ਵਾਲਾ ਰਜਤ ਸ਼ਰਮਾ, ਰੀਪਬਲਿਕ ਵਾਲਾ ਅਰਨਬ ਚੌਧਰੀ ਤੇ ਖੁਦ ਮੋਦੀ ਸਾਹਿਬ ਪਿੱਟ ਪਿੱਟ ਕੇ ਮਰ ਗਏ, ਪਤਾ ਨਹੀਂ ਕਿਸਾਨ ਕਿਹੜੀ ਮਿੱਟੀ ਤੇ ਦੁਰਮਟ ਫੇਰ ਫੇਰ ਕੇ ਬਣਾਏ ਨੇ..ਕੰਬਖਤ ਨਾ ਮੰਨਦੇ ਨੇ, ਨਾ ਰੁਕਦੇ ਨੇ..ਨਾ ਝੁਕਦੇ ਨੇ..ਨਾ ਟੁਟਦੇ ਨੇ..ਬਲਕਿ ਹਰ ਨਵੇਂ ਦਿਨ ਹੋਰ ਉੱਚੀ ਬੁਕਦੇ ਨੇ...ਸੱਤਾ ਦੇ ਮੂੰਹ ਤੇ ਥੁਕਦੇ ਨੇ...
ਮੋਦੀ ਸਾਹਿਬ ਨੂੰ ਕਿੰਨਾ ਫਿਕਰ ਹੈ ਪ੍ਰਾਈਵੇਟ ਸੈਕਟਰ ਦਾ...ਪੌਣਾ ਘੰਟਾਂ ਇਹਨਾਂ ‘ਵਿਚਾਰਿਆਂ’ ਦੇ ਹੱਕ ਵਿਚ ਹੀ ਬੋਲੀ ਗਿਆ...ਅਕੇ ਜੀ ‘ਵਿਚਾਰਿਆਂ ‘ਦੇ ਟੋਲ ਬੰਦ ਕਰ ਦਿੱਤੇ...ਟਾਵਰ ਤੋੜ ਦਿੱਤੇ....ਕਿੰਨਾ ਘਾਟਾ ਪੈ ਗਿਆ...???
ਇਹ ਟੋਲ ਪਲਾਜ਼ੇ ਸੱਤਾ ਦੀ ਬਦਨੀਤੀ ਨਾਲ ਕਾਰਪੋਰੇਟ ਦੁਆਰਾ ਕੀਤੀ ਜਾ ਰਹੀ ਨੰਗੀ ਚਿੱਟੀ ਲੁੱਟ ਦਾ ਚਿੰਨ ਹਨ। ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਇਹਨਾਂ ਟੋਲਾਂ ਤੋਂ ਲੱਗਣ ਵਾਲਾ ਹਰ ਬੰਦਾ ਇਹ ਮਹਿਸੂਸ ਕਰਦਾ ਹੈ ਕਿ ਇਹ ਪਲਾਜ਼ੇ ਆਮ ਆਦਮੀ ਦੀ ਹਿੱਕ ਤੇ ਉਸਾਰ ਕੇ, ਇਹਨਾਂ ਰਾਹੀਂ ਉਸ ਤੋਂ ਸੜਕਾਂ ਤੇ ਤੁਰਨ ਦਾ ਹੱਕ ਵੀ ਖੋਹ ਲਿਆ ਹੈ...
ਦੇਸ਼ ਦਾ ਹਾਕਿਮ ਸੰਸਦ ਵਿਚ ਬਿਆਨ ਦੇ ਰਿਹਾ ਹੈ ਕਿ ਅੱਕੇ ਜੀ ਇਹਨਾਂ ਨੇ ਕਿੰਨੀ ਮਿਹਰਬਾਨੀ ਕੀਤੀ ਐ...ਡੇਟਾ ਫਰੀ ਕਰਤਾ...ਮੋਬਾਈਲ ਸਸਤੇ ਕਰ ਦਿੱਤੇ...ਬਹੁਤ ਵੱਡਾ ਅਹਿਸਾਨ... ਪਰ ਇਹ ਨਹੀਂ ਦੱਸਿਆ ਕਿ ਆਪਣੇ ਸਾਰੇ ਕੂੜੇ ਕਬਾੜੇ ਦੀ ਐਡ ਵੀ ਤਾਂ ਇਸੇ ਤੇ ਕਰਨੀ ਐ.,...ਸੌਦਾ ਵੀ ਤਾਂ ਇਸੇ ਤੇ ਬੇਚਣਾ ਹੈ..ਸਾਨੂੰ ਉੱਲੂ ਵੀ ਤਾਂ ਇਸੇ ਡੇਟਾ ਨਾਲ ਬਣਾਉਣਾ ਹੈ...
ਸਿਤਮਜ਼ਰੀਫੀ ਇਹ ਹੈ ਕਿ ਸਰਕਾਰ, ਸਰਕਾਰੀ ਇਮਾਰਤ ਵਿਚ ਬੈਠ ਕੇ ਸਰਕਾਰ ਨੂੰ ਹੀ ਨਿੰਦ ਰਹੀ ਹੈ। ਤੇ ਕਹਿ ਰਹੀ ਹੈ ਕਿ ਕਿਸੇ ਸਮੇਂ ਸਰਕਾਰ ਕਰਦੀ ਹੋਣੀ ਕੰਮ..ਹਮ ਤੋ ਬੈਂਕ ਬੇਚੇ ਦੇਂਗੇ...ਰੇਲਵੇ ਬੇਚ ਦੇਂਗੇ...ਬੀ ਐਸ ਐਨ ਐਲ ਬੇਚ ਦੇਂਗੇ...ਐਲ ਆਈ ਸੀ ਬੇਚ ਦੇਂਗੇ...ਬਿਜਲੀ ਬੋਰਡ ਬੇਚ ਦੇਂਗੇ...ਸਕੂਲ ਕਾਲਜ ਯੂਨੀਵਰਸਿਟੀ ਬੇਚ ਦੇਂਗੇ...ਬਸ ਖਾਲੀ ਖੋਖਾ ਰੱਖੇਂਗੇ,...ਕਿਉਂਕਿ ਹਮਾਰਾ ਨਾਰਾ ਹੈ...ਹਮ ਦੇਸ਼ ਨਹੀਂ ਵਿਕਨੇ ਦੇਂਗੇ...
ਦੇਸ਼ ਦੀ ਪਾਰਲੀਆਮੈਂਟ ਵਿਚ ਕੋਈ ਰੋ ਰਿਹਾ ਹੈ, ਕੋਈ ਚੁਟਕਲੇ ਸੁਣਾ ਰਿਹਾ ਹੈ,., ਕੋਈ ਟੋਟਕੇ ਸੁਣਾ ਰਿਹਾ ਹੈ...ਕੋਈ ਸੌਂ ਕੇ ਮੁੜ ਰਿਹਾ ਹੈ..ਕੋਈ ਆ ਹੀ ਨਹੀਂ ਰਿਹਾ ਹੈ...ਕੋਈ ਦੋ ਮਹੀਨੇ ਪਹਿਲਾਂ ਕੁਝ ਹੋਰ ਕਹਿ ਰਿਹਾ ਸੀ..ਤੇ ਹੁਣ ਦੁੱਧ ਧੋਤਾ ਅਖਵਾ ਰਿਹਾ ਹੈ....ਹਰ ਕੋਈ ਆਪਣਾ ਘੋੜਾ ਭਜਾ ਰਿਹਾ ਹੈ...
ਏਨੀ ਸੀਰੀਅਸ ਥਾਂ ਤੇ ਏਨਾ ਨਾਨਸੀਰੀਅਸ ਮਾਹੌਲ...ਤੇ ਏਨਾ ਕੂੜ ਪਸਾਰਾ...? ਦੇਸ਼ ਕਿੱਧਰ ਨੂੰ ਜਾ ਰਿਹਾ ਹੈ..
ਦੋਸਤੋ..ਤੁਹਾਨੂੰ ਦੱਸ ਦਿਆਂ ਕਿ ਇਸ ਪਾਰਲੀਮੈਂਟ ਦਾ ਏਨਾ ਖਰਚਾ ਹੈ ਕਿ ਸੈਸ਼ਨ ਦੇ ਦੌਰਾਨ ਇਸ ਦੇ ਇਕ ਮਿੰਟ ਤੇ ਢਾਈ ਲੱਖ ਰੁਪਏ ਖਰਚ ਹੁੰਦਾ ਹੈ ਅਤੇ ਇਕ ਘੰਟੇ ਦਾ ਡੇਢ ਕਰੋੜ...ਜੇਕਰ ਅੱਠ ਦਿਨ ਵਿਚ 50 ਘੰਟੇ ਵੀ ਕਾਰਵਾਈ ਚੱਲੀ ਹੋਵੇ ਤਾਂ 75 ਕਰੋੜ ਰੁਪਏ ਦੇਸ਼ ਦਾ ਖਰਚ ਹੋ ਜਾਂਦਾ ਹੈ...ਤੇ ਇੱਥੇ ਬੈਠੇ ਸਾਰੇ ਲੋਕ ਤੱਥਾਂ ਨੂੰ ਤੋੜਦੇ ਮਰੋੜਦੇ ਹੋਏ ਮਨਮਰਜੀ ਦਾ ਬੋਲ ਕੇ ਚਲੇ ਜਾਂਦੇ ਹਨ...
ਅੱਜੇ ਕਹਿੰਦੇ ਇਸ ਇਮਾਰਤ ਨਾਲ ਸਰਦਾ ਨਹੀਂ..ਨਵੀਂ ਬਣਾਉਣੀ ਐ...ਜਿਵੇਂ ਕੋਈ ਮੋਟਰ ਆਲਾ ਕੋਠਾ ਛੱਤਣਾ ਹੋਵੇ...
20 ਹਜ਼ਾਰ ਕਰੋੜ ਰੁਪਈਆ ਲੱਗਣਾ ਹੈ ਇਸ ਨਵੀਂ ਇਮਾਰਤ ਤੇ...ਸਾਡੇ ਖੂਨ ਪਸੀਨੇ ਦਾ...
ਸੁਆਲ ਪੁੱਛੇ ਜਾ ਰਹੇ ਹਨ ਕਿ ਦਿਖਾਓ ਕਿ ਕਿੱਥੇ ਲਿਖਿਆ ਹੈ, ਮੰਡੀਆਂ ਬੰਦ ਹੋਣਗੀਆਂ...ਐਮਐਸਪੀ ਬੰਦ ਹੋਏਗਾ..ਅਕੇ ਜੀ ਕਿਸਾਨ ਤੇ ਵਿਰੋਧੀ ਪਾਰਟੀਆਂ ਦੇਸ਼ ਨੂੰ ਮੂਰਖ ਬਣਾ ਰਹੀਆਂ ਨੇ..
ਇਸ ਦਾ ਸਿੱਧਾ ਜਿਹਾ ਜੁਆਬ ਇਹ ਹੈ ਕਿ ਕੀ ਈਸ਼ਟ ਇੰਡੀਆ ਕੰਪਨੀ ..ਇਹ ਕਹਿ ਕੇ ਆਈ ਸੀ ਕਿ ਅਸੀਂ ਭਾਰਤ ਤੇ ਰਾਜ ਕਰਨਾ ਹੈ...? ਕੀ ਤੁਸੀਂ ਪੈਟਰੋਲ ਡੀਜ਼ਲਾਂ ਦੀਆਂ ਕੀਮਤਾਂ ਇਹ ਕਹਿ ਕੇ ਮਾਰਕੀਟ ਨਾਲ ਜੋੜੀਆਂ ਸੀ ਕਿ ਪੈਟਰੋਲ 100 ਰੁਪਏ ਲੀਟਰ ਕਰਾਂਗੇ?
ਇਹੀ ਤਾਂ ਸਾਜ਼ਿਸ਼ ਹੈ : ਜੋ ਕਿਹਾ ਜਾਂਦਾ ਹੈ, ਉਹ ਹੁੰਦਾ ਨਹੀਂ..ਜੋ ਹੁੰਦਾ ਹੈ ਉਹ ਕਿਹਾ ਨਹੀਂ ਜਾਂਦਾ..
ਈਸ਼ਟ ਇੰਡੀਆ ਕੰਪਨੀ ਦੀ ਸਾਜ਼ਿਸ਼ ਦਾ ਖਮਿਆਜ਼ਾ ਦੇਸ਼ ਨੇ 200 ਸਾਲ ਭੁਗਤਿਆ ਤੇ ਲੱਖਾਂ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਨੂੰ ਦਫਾ ਕੀਤਾ...ਤੇ ਹੁਣ ਫੇਰ ਦੇਸ਼ ਨੂੰ ਉਸ ਤੋਂ ਹਜ਼ਾਰ ਗੁਣਾ ਵੱਡੀਆਂ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਤੇ ਸਾਡੀ ਆਪਣੀ ਸਰਕਾਰ ਦੁਆਰਾ ਬਾਕਾਇਦਾ ਕਨੂੰਨ ਬਣਾ ਕੇ ਕੀਤਾ ਜਾ ਰਿਹਾ ਹੈ ਤੇ ਸਰੇਆਮ ਪਾਰਲੀਮੈਂਟ ਵਿਚ ਇਸ ਦੀ ਵਕਾਲਤ ਕੀਤੀ ਜਾ ਰਹੀ ਹੈ।
ਜਿਸ ਪਾਰਲੀਮੈਂਟ ਵਿਚ ਹਰ ਸੈਸ਼ਨ ਦੇ ਪਹਿਲੇ ਦਿਨ ‘ਸੱਤਾ-ਸੁੱਖ’ ਭੋਗ ਕੇ ਮਰਨ ਵਾਲੇ ਵਾਲੇ ਦੇਸ਼ ਦੇ ਕਿਸੇ ਨੇਤਾ ਲਈ ਮੌਨ ਰੱਖਿਆ ਜਾਂਦਾ ਹੈ ਤੇ ਸੈਸ਼ਨ ਇਕ ਦਿਨ ਲਈ ਅੱਗੇ ਪਾ ਦਿੱਤਾ ਜਾਂਦਾ ਹੈ..ਉਸ ਵਿਚ 200 ਕਿਸਾਨਾਂ ਦੀ ਮੌਤ ਤੇ ਇਕ ਸ਼ਬਦ ਵੀ ਹਮਦਰਦੀ ਦਾ ਨਹੀਂ ਬੋਲਿਆ ਗਿਆ। ਇਹ ਹੈ ਲੋਕਾਂ ਦਾ ਲੋਕਾਂ ਲਈ ਤੇ ਲੋਕਾਂ ਦੁਆਰਾ ਲੋਕਤੰਤਰ...???
ਕਿੰਨਾ ਵੱਡਾ ਝੂਠ ਬੋਲਿਆ ਜਾਂਦਾ ਹੈ ਕਿ ਦਹੇਜ ਵਿਰੋਧੀ ਕੰਨੂਨ, ਬਾਲ ਵਿਆਹ ਵਿਰੋਧੀ ਕਨੂੰਨ ਤੇ ਅਜਿਹੇ ਹੋਰ ਕਨੂੰਨ ਬਣਾਉਣ ਲਈ ਕਿਸੇ ਨੇ ਕਿਹਾ ਨਹੀਂ ਸੀ, ਬਲਕਿ ਸਰਕਾਰਾਂ ਨੇ ਆਪੇ ਬਣਾਏ ਨੇ...ਕੋਰਾ ਝੂਠ ਹੈ ਇਹ? ਰਾਜਾ ਰਾਮ ਮੋਹਣ ਰਾਏ ਤੋਂ ਸਵਿਤਰੀ ਬਾਈ ਫੂਲੇ ਤੱਕ ਲੰਮੀ ਲੜਾਈ ਲੜੀ ਗਈ ਹੈ ਅਜਿਹੇ ਸਾਰੇ ਕਨੂੰਨਾਂ ਲਈ...ਪਲੇਟ ਚ ਰੱਖ ਕੇ ਨਹੀ ਦਿੱਤੇ ਸੀ ਇਹ ਕਿਸੇ ਨੇ..ਸਗੋਂ ਆਰ ਐਸ ਐਸ ਵਰਗੀਆਂ ਸੰਸਥਾਵਾਂ ਨੇ ਡਟ ਕੇ ਵਿਰੋਧ ਕੀਤਾ ਸੀ ਇਹਨਾਂ ਪ੍ਰਗਤੀਸ਼ੀਲ ਕਨੂੰਨਾ ਦਾ...
ਗਿਰਿਸ਼ ਮਾਲਵੀਯਾ ਆਪਣੇ ਇਕ ਆਰਟੀਕਲ ਵਿਚ ਦਸਦੇ ਹਨ :
ਜਦੋਂ ਡਾ. ਭੀਮ ਰਾਓ ਅੰਬੇਡਕਰ ਨੇ ਇਹਨਾਂ ਸੁਧਾਰਾਂ ਲਈ ‘ਹਿੰਦੂ ਕੋਡ ਬਿਲ’ ਪਾਰਲੀਮੈਂਟ ਵਿਚ ਪੇਸ਼ ਕੀਤਾ ਸੀ ਤਾਂ ਆਰ ਐਸ ਐਸ ਦੇ ਸੂਲ ਉੱਠ ਖੜਾ ਸੀ। ਮਾਰਚ 1949 ਤੋਂ ਹੀ ਆਲ ਇੰਡੀਆ ਹਿੰਦੂ ਕੋਡ ਬਿਲ ਕਮੇਟੀ, ਹਿੰਦੂ ਮਹਾਂ ਸਭਾ, ਤੇ ਆਰ ਐਸ ਐਸ ਇਸ ਬਿਲ ਦਾ ਵਿਰੋਧ ਕਰ ਰਹੇ ਸੀ। ਸਾਰੇ ਦੇਸ਼ ਵਿਚ ਰੈਲੀਆਂ, ਧਰਨੇ ਅਤੇ ਪ੍ਰਦਰਸ਼ਨ ਕੀਤੇ ਗਏ ਸਨ।
ਜਿਵੇਂ ਹੁਣ ਵੀ ਇਹਨਾਂ ਤਿੰਨ ਕਨੂੰਨਾਂ ਦੇ ਹੱਕ ਵਿਚ ਡੰਮੀ ਕਿਸਾਨ ਜਥੇਬੰਦੀਆਂ ਖੜੀਆਂ ਕਰਕੇ ਵਿਰੋਧ ਕਰਵਾਇਆ...ਤਿਰੰਗੇ ਝੰਡੇ ਫੜ੍ਹਾ ਕੇ ਸਥਾਨਕ ਵਸਨੀਕਾਂ ਦੇ ਨਾਂ ਤੇ ਮੋਰਚਿਆਂ ਤੇ ਹਮਲੇ ਕਰਾਉਣ ਦੀ ਸਕੀਮ ਬਣਾਈ..ਕਿਸਾਨਾਂ ਨੂੰ ਵੱਖਵਾਦੀ, ਅਤੱਵਾਦੀ ਤੇ ਗੁੰਡੇ ਕਹਿ ਕੇ ਬਦਨਾਮ ਕੀਤਾ ਅਤੇ ਕਿੱਲਾਂ ਤੇ ਕੰਡਿਆਲੀਆਂ ਤਾਰਾਂ ਲਗਾ ਕੇ ਪਾਣੀ ਦੀ ਸਪਲਾਈ ਤੱਕ ਬੰਦ ਕਰ ਦਿਤੀ। ਅਜੇ ‘ਬੜੇ ਸਾਹਿਬ. ਕਹਿ ਰਹੇ ਹਨ ਕਿ “ਹਮ ਇਸ ਅੰਦੋਲਨ ਕੋ ਪਵਿਤਰ ਮਾਨਤੇ ਹੈਂ” ਕਿਆ ਸਤਿਕਾਰ ਕਰ ਰਹੇ ਹਨ ਪਵਿਤਰ ਅੰਦੋਲਨ ਦਾ...ਅਸ਼ਕੇ ਜਾਈਏ..
ਪਰ ਗੇਂਦ ਨੂੰ ਜਿੰਨੀ ਜੋਰ ਦੀ ਦੀਵਾਰ ਨਾਲ ਟਕਰਾ ਕੇ ਮਾਰੋਗੇ, ਉਸ ਤੋਂ ਵੱਧ ਤਾਕਤ ਨਾਲ ਵਾਪਿਸ ਆਏਗੀ। ਫੱਤੋ ਦੇ ਸਾਰੇ ਯਾਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜ਼ੂਦ ਕਿਸਾਨਾਂ ਦਾ ਕਾਫ਼ਲਾ ਦਿਨੋ ਦਿਨ ਵੱਡਾ ਹੁੰਦਾ ਗਿਆ। 26 ਜਨਵਰੀ ਤੋਂ ਬਾਅਦ ਜੰਗੀ ਪੱਧਰ ਤੇ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਇਸ ਨੂੰ ਮੁੱਠੀ ਭਰ ਸਿੱਖਾਂ ਦਾ ਅੰਦੋਲਨ ਕਹਿ ਕੇ ਝੁਠਲਾਇਆ। ਪਰ ਜਦ ਮਹਾਂਪੰਚਾਇਤਾਂ ਦਾ ਦੌਰ ਸ਼ੁਰੂ ਹੋਇਆ ਤਾਂ ਸੱਤਾ ਨੂੰ ਪਸੀਨੇ ਆਉਣੇ ਸ਼ੁਰੂ ਹੋਏ। ਉਤਰਪ੍ਰਦੇਸ਼, ਰਾਜਸਥਾਨ, ਉਤਰਾਖੰਡ, ਮਹਾਂਰਾਸ਼ਟਰ, ਹਰਿਆਣਾ ਤੇ ਪੰਜਾਬ ਵਿਚ ਮਹਾਂਪੰਚਾਇਤਾਂ ਦੇ ਮਹਾਂ ਇਕੱਠਾ ਨੇ ਇਸ ਅੰਦੋਲਨ ਨੂੰ ਮਹਾਂ ਅੰਦੋਲਨ ਬਣਾ ਦਿੱਤਾ ਅਤੇ ਇਹ ਸਾਜ਼ਿਸ਼ਾਂ ਫੇਲ੍ਹ ਕਰ ਦਿੱਤੀਆਂ ਕਿ ਇਹ ਅੰਦੋਲਨ ਕਿਸੇ ਇਕ ਜਾਤ-ਮਜ਼ਹਬ ਦਾ ਅੰਦੋਲਨ ਹੈ। ਮੁਜੱਫਰਨਗਰ, ਮਥੁਰਾ, ਬਾਗਪਤ, ਬਿਜਨੌਰ, ਜੀਂਦ, ਬੜੌਤ, ਪੀਲੀਮਦੌਰੀ, ਸ਼ਾਮਲੀ, ਰੋਹਤਕ, ਰੁੜਕੀ (ਉਤਰਾਖੰਡ), ਮਥੁਰਾ, ਬਹਾਦਰਗੜ੍ਹ, ਝੱਜਰ, ਕੈਥਲ, ਸੋਨੀਪਤ, ਸਹਾਰਨਪੁਰ, ਕਰੌਲੀ, ਰਨੌਲੀ (ਰਾਜਸਥਾਨ), ਚਰਖੀ ਦਾਦਰੀ, ਕੁਰੂਕਸ਼ੇਤਰ, ਸ਼ਾਹਬਾਦ (ਹਰਿਆਣਾ), ਦੌਸਾ, ਅਲਵਰ (ਰਾਜਸਥਾਨ), ਅਮਰੋਹਾ, ਤੇ ਜਗਰਾਉਂ (ਪੰਜਾਬ) ਤੱਕ ਹੋਏ ਲਾਮਿਸਾਲ ਇਕੱਠਾਂ ਨੇ ਸਿੱਧ ਕਰ ਦਿੱਤਾ ਹੈ ਕਿ ਸੱਤਾ ਲੱਖ ਸਾਜ਼ਿਸ਼ਾਂ ਕਰੇ, ਹੁਣ ਅਵਾਮ ਨੂੰ ਉੱਲੂ ਨਹੀਂ ਬਣਾਇਆ ਜਾ ਸਕਦਾ ਹੈ।
ਪੰਜਾਬ ਦੇ ਵਿਚ ਵੀ ਸੋਸ਼ਲ ਮੀਡੀਆ ਤੇ ਕੁੱਝ ਲੋਕਾਂ ਨੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸਾਨ ਆਗੂ ਵਿਕ ਗਏ, ਵੇਲਾ ਵਿਹਾ ਗਏ..ਇਹਨਾਂ ਵਿਚ ਅਗਵਾਈ ਦੀ ਸਮਰਥਾ ਨਹੀਂ ਰਹੀ ਆਦਿ...ਪਰ ਪਿਛਲੇ ਦਿਨੀ ਹੋਏ ਚੱਕਾ ਜਾਮ ਨੇ ਤੇ ਹੁਣ ਜਗਰਾਓ ਦੀ ਮਹਾਂਪੰਚਾਇਤ ਨੇ ਇਹਨਾਂ ਦੇ ਬੋਲਾਂ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਅਸੀਂ ਸਾਂਝੇ ਮੋਰਚੇ ਦੇ ਨਾਲ ਹਾਂ।
ਇਸ ਤਰ੍ਹਾਂ ਪੂਰੇ ਦੇਸ਼ ਦੇ ਕਿਸਾਨਾਂ ਦਾ ਕਿਸਾਨ ਮੁੱਦੇ ਤੇ ਇਕਜੁੱਟ ਹੋਣਾ ਤੇ 26 ਜਨਵਰੀ ਤੋਂ ਬਾਅਦ ਹੋਰ ਮਜ਼ਬੂਤ ਹੋਣਾ ਇਸ ਅਦੋਲਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਹੈ ਜਿਸ ਨੇ ਕਿਸਾਨਾਂ ਦੀ ਜਿੱਤ ਦੇ ਰਾਹ ਪੱਧਰੇ ਕਰਨੇ ਹਨ।
ਅਖੀਰ ਤੇ ਇਕ ਬੇਨਤੀ ਫੇਰ ਕਰ ਰਿਹਾ ਹਾਂ ਕਿ ਇਹ ਲੜਾਈ ਕਿਸਾਨ ਦੇ ਨਾਂ ਤੇ ਸ਼ੁਰੂ ਹੋਈ ਸੀ, ਕਿਸਾਨ ਦੇ ਨਾਂ ਤੇ ਲੜੀ ਜਾ ਰਹੀ ਹੈ..ਤੇ ਕਿਸਾਨ ਦੇ ਨਾਂ ਤੇ ਹੀ ਲੜੀ ਜਾਣੀ ਚਾਹੀਦੀ ਹੈ...ਕਿਸੇ ਦੇ ਵੀ ਹੋਰ ਬਹੁਤ ਸਾਰੇ ਮੁੱਦੇ ਹੋ ਸਕਦੇ ਹਨ,..ਏਜੰਡੇ ਹੋ ਸਕਦੇ ਹਨ..ਉਹ ਆਪਣੀ ਥਾਂ ਤੇ ਠੀਕ ਜਾਂ ਗ਼ਲਤ ਵੀ ਹੋ ਸਕਦੇ ਹਨ...ਉਹਨਾਂ ਨੂੰ ਇਸ ਮੁੱਦੇ ਨਾਲ ਰਲਗਡ ਕਰਕੇ ਕਿਸਾਨ ਸੰਘਰਸ਼ ਨੂੰ ਕਮਜ਼ੋਰ ਨਾ ਕਰੋ.. ਉਹਨਾਂ ਲਈ ਆਪਣੀ ਵੱਖਰੀ ਲੜਾਈ ਲੜੋ..ਵੱਖਰਾ ਪ੍ਰੋਗਰਾਮ ਦਿਓ...ਜੇ ਅਵਾਮ ਨੂੰ ਲੱਗੇਗਾ ਤਾਂ ਤੁਹਾਡੇ ਨਾਲ ਤੁਰੇਗਾ...ਇਹ ਸੰਘਰਸ਼ ਰੋਜ਼ੀ-ਰੋਟੀ ਦੀ ਰਾਖੀ ਲਈ ਲੜਿਆਂ ਜਾ ਰਿਹਾ ਸੰਘਰਸ਼ ਹੈ ਤੇ ਸ਼ਾਂਤੀ ਤੇ ਏਕੇ ਦੀ ਬੇਮਿਸਾਲ ਤਾਕਤ ਨਾਲ ਲੜਿਆ ਜਾਣਾ ਹੈ ਤੇ ਜਿੱਤਿਆ ਜਾਣਾ ਹੈ, ਇਸ ਨੂੰ ਇਸੇ ਦਿਸ਼ਾ ਵਿਚ ਚਲਦਾ ਰਹਿਣ ਦਿਓ...
ਪਿੰਡ ਤੋਂ ਲੈ ਕੇ ਵਿਸ਼ਵ ਦੇ ਹਰ ਕੋਨੇ ਤੱਕ ਇਸ ਦੀ ਗੂੰਜ ਸੁਣਾਈ ਦੇ ਰਹੀ ਹੈ...ਧਰਤੀ ਗ੍ਰਹਿ ਦਾ ਇਹ ਸਭ ਤੋਂ ਵੱਡਾ ਸੰਘਰਸ਼ ਬਣ ਚੁੱਕਿਆ ਹੈ...ਤੁਹਾਡੀ ਏਕਤਾ ਤੇ ਇਤਫ਼ਾਕ ਅਤੇ ਆਪਣੇ ਆਗੂਆਂ ਵਿਚ ਭਰੋਸਾ ਇਸ ਨੂੰ ਅੱਜ ਨਹੀਂ ਤਾਂ ਕੱਲ੍ਹ ਜਿੱਤ ਦੇ ਬੂਹੇ ਤੱਕ ਹਰ ਹਾਲਤ ਵਿਚ ਲੈ ਕੇ ਜਾਏਗਾ। ਇਹ ਮੇਰਾ ਵੀ ਵਿਸ਼ਵਾਸ ਹੈ ਅਤੇ ਸੰਘਰਸ਼ ਕਰਨ ਵਾਲੇ ਹਰ ਕਿਰਤੀ-ਕਿਸਾਨ ਦਾ ਵਿਸ਼ਵਾਸ ਹੈ। ਕਿਉਂਕਿ ਸਦੀਆਂ ਤੋਂ ਸਿਆਣਪ, ਬਹਾਦਰੀ ਅਤੇ ਵਿਸ਼ਵਾਸ ਨਾਲ ਸਿੰਝੀ ਸਾਂਝੀ ਵਿਰਾਸਤ ਇਸ ਅੰਦੋਲਨ ਦੀ ਤਾਕਤ ਹੈ ਜਿਸ ਨੂੰ ‘ਫੱਤੋ ਦੇ ਯਾਰਾਂ’ ਦਾ ਇਹ ਟੋਲਾ ਕਦੇ ਮਾਤ ਨਹੀਂ ਦੇ ਸਕਦਾ। ਸੁਰਜੀਤ ਪਾਤਰ ਦੇ ਸ਼ਬਦਾਂ ਵਿਚ :
ਮੇਰੇ ਨਾਲ ਅਮੀਰ ਵਜ਼ੀਰ ਖੜੇ, ਮੇਰੇ ਨਾਲ ਪੈਗੰਬਰ ਪੀਰ ਖੜੇ
ਰਵਿਦਾਸ, ਫ਼ਰੀਦ, ਕਬੀਰ ਖੜੇ, ਮੇਰੇ ਨਾਨਕ ਸ਼ਾਹ ਫ਼ਕੀਰ ਖੜੇ
ਮੇਰਾ ਨਾਮਦੇਵ, ਮੇਰਾ ਧੰਨਾ ਵੀ, ਮੈਨੂੰ ਮਾਣ ਅਪਣੀ ਇਸ ਸ਼ਾਨ ਦਾ ਏ
ਇਹ ਬਾਤ ਨਿਰੀ ਏਨੀ ਹੀ ਨਹੀਂ...
ਇਹ ਬਾਤ ਨਿਰੀ ਏਨੀ ਹੀ ਨਹੀਂ, ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ
ਇਹ ਬਾਤ ਹੈ ਵਸਦੀ ਦੁਨੀਆ ਦੀ, ਜਿਹਨੂੰ ਤੌਖ਼ਲਾ ਉੱਜੜ ਜਾਣ ਦਾ ਏ।
ਕੁਲਦੀਪ ਸਿੰਘ ਦੀਪ (ਡਾ.)
9876820600