1946 ਦੀ ਫੌਜੀ ਬਗਾਵਤ : "ਸਾਨੂੰ ਹਥਿਆਰਾਂ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ, ਸਾਡੇ ਲਈ ਚਰਖੇ ਨਾਲ ਲੜਨਾ ਸੰਭਵ ਨਹੀਂ ਸ
bbc newsਭਾਰਤ --01ਮਾਰਚ-(ਮੀਡੀਦੇਸਪੰਜਾਬ)-- ਭਾਰਤ ਦੀ ਆਜ਼ਾਦੀ ਦੇ ਕਈ ਸਾਲ ਬਾਅਦ ਜਦੋਂ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਕਲੇਮੈਂਟ ਏਟਲੀ ਕਲਕੱਤਾ ਆਏ ਤਾਂ ਪੱਛਮੀ ਬੰਗਾਲ ਦੇ ਰਾਜਪਾਲ ਵੱਲੋਂ ਦਿੱਤੇ ਗਏ ਰਾਜ ਭੋਜ ਦੌਰਾਨ ਕਲਕੱਤਾ ਹਾਈ ਕਰੋਟ ਦੇ ਮੁੱਖ ਜੱਜ ਪੀਵੀ ਚੱਕਰਵਰਤੀ ਨੇ ਉਨ੍ਹਾਂ ਵੱਲ ਝੁਕ ਕੇ ਪੁੱਛਿਆ, "ਤੁਹਾਡੀ ਨਿਗ੍ਹਾ ਵਿੱਚ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਮਹਾਤਮਾ ਗਾਂਧੀ ਦੇ ਭਾਰਤ ਛੱਡੋ ਅੰਦੋਲਨ ਦੀ ਕੀ ਭੂਮਿਕਾ ਸੀ?"

ਏਟਲੀ ਦੇ ਜਵਾਬ ਨੇ ਉੱਥੇ ਮੌਜੂਦ ਲੋਕਾਂ ਨੂੰ ਹੈਰਾਨ ਕਰ ਦਿੱਤਾ।


ਉਨ੍ਹਾਂ ਨੇ ਕਿਹਾ, "ਗਾਂਧੀ ਦੇ ਅੰਦੋਲਨ ਨਾਲ ਤਾਂ ਅਸੀਂ ਕਿਸੇ ਤਰ੍ਹਾਂ ਨਜਿੱਠ ਲਿਆ ਸੀ ਪਰ ਭਾਰਤੀ ਰੱਖਿਆ ਸੈਨਾਵਾਂ ਵਿੱਚ ਅਸੰਤੁਸ਼ਟੀ ਅਤੇ ਖ਼ਾਸਕਰ ਜਲ ਸੈਨਿਕਾਂ ਦੀ ਬਗ਼ਾਵਤ ਨੇ ਸਾਨੂੰ ਸਮੇਂ ਤੋਂ ਪਹਿਲਾਂ ਭਾਰਤ ਛੱਡਣ ਲਈ ਮਜ਼ਬੂਰ ਕਰ ਦਿੱਤਾ।"

ਆਮ ਭਾਰਤੀਆਂ ਦੀ ਨਿਗ੍ਹਾ ਵਿੱਚ ਇਹ ਮਹਿਜ਼ ਇੱਕ ਬਗ਼ਾਵਤ ਹੋਈ ਸੀ। ਸਾਲ 1857 ਵਿੱਚ ਜਦੋਂ ਭਾਰਤੀ ਜਵਾਨਾਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਵਿਦਰੋਹ ਕਰ ਦਿੱਤਾ ਸੀ।

ਏਟਲੀ ਜਿਸ ਬਗ਼ਾਵਤ ਦਾ ਜ਼ਿਕਰ ਕਰ ਰਹੇ ਸਨ, ਉਹ 18 ਫ਼ਰਵਰੀ, 1946 ਨੂੰ ਹੋਈ ਸੀ, ਜਿਸ ਵਿੱਚ ਕਰੀਬ 2000 ਭਾਰਤੀ ਜਲ ਸੈਨਿਕਾਂ ਨੇ ਹਿੱਸਾ ਲਿਆ ਸੀ ਅਤੇ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਕਰੀਬ 400 ਲੋਕਾਂ ਦੀ ਮੌਤ ਹੋ ਗਈ ਸੀ।

ਇਨ੍ਹਾਂ ਬਾਗ਼ੀ ਜਲ ਸੈਨਿਕਾਂ ਨੇ ਬੰਬਈ ਦੇ ਨੇੜੇ-ਤੇੜੇ ਸਮੁੰਦਰ ਵਿੱਚ ਖੜ੍ਹੇ ਕੀਤੇ ਸਮੁੰਦਰੀ ਜਹਾਜ਼ਾਂ 'ਤੇ ਕਬਜਾ ਕਰਕੇ ਉਨ੍ਹਾਂ ਦੀਆਂ ਚਾਰ ਇੰਚ ਦੀਆਂ ਤੋਪਾਂ ਦਾ ਮੂੰਹ ਗੇਟਵੇ ਆਫ਼ ਇੰਡੀਆ ਅਤੇ ਤਾਜ ਹੋਟਲ ਵੱਲ ਮੋੜ ਦਿੱਤਾ ਸੀ ਅਤੇ ਅੰਗਰੇਜ਼ਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਇਨ੍ਹਾਂ ਇਮਾਤਰਾਂ ਨੂੰ ਢਾਹ ਦਿੱਤਾ ਜਾਵੇਗਾ।

ਖ਼ਰਾਬ ਭੋਜਨ ਦਿੱਤੇ ਜਾਣ 'ਤੇ ਬਗ਼ਾਵਤ

ਵਿਦਰੋਹ ਦੀ ਸ਼ੁਰੂਆਤ ਹੋਈ 18 ਫ਼ਰਵਰੀ, 1946 ਨੂੰ ਜਦੋਂ ਸੰਚਾਰ ਸਿਖਲਾਈ ਕੇਂਦਰ ਐੱਚਐੱਮਆਈਐੱਸ ਤਲਵਾਰ ਦੇ ਨੌਜਵਾਨ ਜਲ ਜਵਾਨਾਂ ਨੇ ਨਾਅਰਾ ਲਗਾਇਆ, 'ਖਾਣਾ ਨਹੀਂ ਤਾਂ ਕੰਮ ਨਹੀਂ'।

ਉਨ੍ਹਾਂ ਨੇ ਖ਼ਰਾਬ ਖਾਣਾ ਦਿੱਤੇ ਜਾਣ ਦੇ ਵਿਰੋਧ ਵਿੱਚ ਅਫ਼ਸਰਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ।

ਕਲੇਮੈਂਟ ਏਟਲੀ
1946 ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਕਲੇਮੈਂਟ ਏਟਲੀ

ਲੈਫ਼ਟੀਨੈਂਟ ਕਮਾਂਡਲ ਜੀ ਡੀ ਸ਼ਰਮਾ ਆਪਣੀ ਕਿਤਾਬ 'ਅਨਟੋਲਡ ਸਟੋਰੀ 1946 ਨੇਵਲ ਮਿਊਟਿਨੀ ਲਾਸਟ ਵਾਰ ਆਫ਼ ਇੰਡੀਪੈਂਡੈਂਸ' ਵਿੱਚ ਲਿਖਦੇ ਹਨ, "ਉਸ ਜ਼ਮਾਨੇ ਵਿੱਚ ਜਲ ਸੈਨਿਕਾਂ ਨੂੰ ਸਵੇਰ ਦੇ ਖਾਣੇ ਵਿੱਚ ਦਾਲ ਅਤੇ ਡਬਲ ਰੋਟੀ ਦਿੱਤੀ ਜਾਂਦੀ ਸੀ। ਹਰ ਰੋਜ਼ ਇੱਕ ਹੀ ਤਰ੍ਹਾਂ ਦੀ ਦਾਲ ਵਰਤਾਈ ਜਾਂਦੀ ਸੀ। ਦਿਨ ਦੇ ਖਾਣੇ ਵਿੱਚ ਵੀ ਉਸੇ ਦਾਲ ਵਿੱਚ ਪਾਣੀ ਮਿਲਾਕੇ ਚੌਲਾਂ ਨਾਲ ਪਰੋਸ ਦਿੱਤੇ ਜਾਂਦੇ ਸਨ। 17 ਫ਼ਰਵਰੀ ਦੀ ਸ਼ਾਮ ਨੂੰ ਹੀ 29 ਜਲ ਸੈਨਿਕਾਂ ਨੇ ਵਿਰੋਧ-ਜਤਾਉਂਦਿਆਂ ਖਾਣਾ ਨਾ ਖਾਧਾ।"

ਉਹ ਅੱਗੇ ਲਿਖਦੇ ਹਨ, "ਉਸ ਸਮੇਂ ਡਿਊਟੀ ਅਫ਼ਸਰ ਬਤਰਾ ਅਤੇ ਸਚਦੇਵਾ ਨੇ ਨਾ ਤਾਂ ਉਨ੍ਹਾਂ ਦੀ ਸ਼ਿਕਾਇਤ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਇਸ ਦੀ ਸੂਚਨਾ ਆਪਣੇ ਆਲਾ ਅਫ਼ਸਰਾਂ ਨੂੰ ਦਿੱਤੀ।

ਇਹ ਜਲ ਸੈਨਿਕ ਬਿਨਾ ਭੋਜਨ ਖਾਧੇ ਹੀ ਸੌਂ ਗਏ। ਅਗਲੇ ਦਿਨ ਸਵੇਰ ਦੇ ਖਾਣੇ ਵਿੱਚ ਵੀ ਖ਼ਰਾਬ ਦਾਲ ਵਰਤਾਈ ਗਈ। ਵੱਡੀ ਗਿਣਤੀ ਵਿੱਚ ਜਲ ਸੈਨਿਕਾਂ ਨੇ ਸਵੇਰ ਦਾ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਅਤੇ ਨਾਅਰੇ ਲਗਾਉਂਦੇ ਹੋਏ ਮੈਸ ਵਿੱਚੋਂ ਬਾਹਰ ਨਿਕਲ ਆਏ।"

ਇਸ ਜਲ ਸੈਨਿਕ ਵਿਦਰੋਹ 'ਤੇ ਇੱਕ ਹੋਰ ਕਿਤਾਬ '1946 ਨੇਵਲ ਅਪਰਾਈਜ਼ਿੰਗ ਦੈਟ ਸ਼ੁੱਕ ਦਾ ਅੰਪਾਇਰ' ਲਿਖ ਰਹੇ ਪ੍ਰਮੋਦ ਕਪੂਰ ਦੱਸਦੇ ਹਨ, "ਤਲਵਾਰ 'ਤੇ ਵਿਰੋਧ ਦੀ ਚਿੰਗਾੜੀ ਭੜਕੀ, ਉਸ ਦੇ ਲੰਬੇ ਚੌੜੇ ਕਮਾਂਡਿੰਗ ਅਫ਼ਸਰ ਆਰਥਰ ਫ਼ੈਡਰਿਕ ਕਿੰਗ ਦੇ ਨਸਲਵਾਦੀ ਵਿਵਹਾਰ ਕਾਰਨ।"

ਉਹ ਅੱਗੇ ਲਿਖਦੇ ਹਨ, "ਵਿਰੋਧ ਕਾਰਨ ਵਿਦਰੋਹੀਆਂ ਨੇ ਉਨ੍ਹਾਂ ਦੀ ਕਾਰ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ ਅਤੇ ਉਸਦੇ ਬੋਨਟ 'ਤੇ ਲਿਖ ਦਿੱਤਾ 'ਭਾਰਤ ਛੱਡੋ'।

ਇਸ 'ਤੇ ਕਿੰਗ ਨੇ ਚੀਕ ਕੇ ਕਿਹਾ, 'ਯੂ ਸੰਨਜ਼ ਆਫ਼ ਕੁਲੀਜ਼, ਸੰਨਜ਼ ਆਫ਼ ਬਿ..ਜ਼'। ਇਸ 'ਤੇ ਜਲ ਸੈਨਿਕਾਂ ਨੇ ਜਿਨ੍ਹਾਂ ਦੀ ਉਮਰ 15 ਤੋਂ 24 ਸਾਲ ਦੀ ਸੀ ਕਿਹਾ, ਹੁਣ ਬਹੁਤ ਹੋ ਗਿਆ। ਪਹਿਲਾਂ ਉਨ੍ਹਾਂ ਨੇ ਭੋਜਨ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਅਗਲੇ ਦਿਨ ਤੋਂ ਕੰਮ ਕਰਨਾ ਵੀ ਬੰਦ ਕਰ ਦਿੱਤਾ। ਸਵੇਰੇ ਜਦੋਂ ਉਨ੍ਹਾਂ ਨੂੰ ਕੰਮ 'ਤੇ ਬੁਲਾਉਣ ਲਈ ਬਿਗਲ ਵਜਾਇਆ ਗਿਆ ਤਾਂ ਉਨ੍ਹਾਂ ਵਿੱਚੋਂ ਕੋਈ ਵੀ ਉੱਥੇ ਨਾ ਪਹੁੰਚਿਆ।"

ਅੰਦੋਲਨ ਵਿੱਚ ਬੰਬਈ ਦੇ ਲੋਕ ਵੀ ਹੋਏ ਸ਼ਾਮਲ

ਥੋੜ੍ਹੀ ਦੇਰ ਬਾਅਦ ਜਲ ਸੈਨਿਕ ਟਰੱਕਾਂ 'ਤੇ ਸਵਾਰ ਹੋ ਕੇ ਬੰਬਈ ਦੀਆਂ ਸੜਕਾਂ 'ਤੇ ਨਾਅਰੇ ਲਗਾਉਂਦੇ ਘੁੰਮਣ ਲੱਗੇ।

ਇਹ ਜਲ ਸੈਨਿਕ ਸੁਭਾਸ਼ ਚੰਦਰ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ ਤੋਂ ਪ੍ਰਭਾਵਿਤ ਸਨ ਅਤੇ ਆਪਣੇ ਅੰਦੋਲਨ ਵਿੱਚ ਬੰਬਈ ਦੇ ਲੋਕਾਂ ਨੂੰ ਵੀ ਜੋੜਨਾ ਚਾਹੁੰਦੇ ਸਨ।

ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਅਨਿਰੁੱਧ ਦੇਸ਼ਪਾਂਡੇ ਆਪਣੀ ਕਿਤਾਬ 'ਹੋਪ ਐਂਡ ਡੈਸਪੇਅਰ ਮਿਊਟਿਨੀ, ਰਿਬੈਲੀਅਨ ਐਂਡ ਡੈਥ ਇੰਨ ਇੰਡੀਆ 1946' ਵਿੱਚ ਲਿਖਦੇ ਹਨ, "ਪ੍ਰਸ਼ਾਸਨ ਨੂੰ ਇੱਕ ਤਰ੍ਹਾਂ ਨਾਲ ਅਧਰੰਗ ਜਿਹਾ ਮਾਰ ਗਿਆ ਅਤੇ ਜਲ ਸੈਨਿਕਾਂ ਨੇ ਯੂਐੱਸ ਲਾਇਬਰੇਰੀ ਵਿੱਚ ਅਮਰੀਕੀ ਝੰਡੇ ਨੂੰ ਲਾਹ ਕੇ ਉਸ ਨੂੰ ਸਾੜ ਦਿੱਤਾ।"

"ਉਨ੍ਹਾਂ ਨੇ ਯੂਰਪੀ ਲੋਕਾਂ ਦੀ ਮਲਕੀਅਤ ਵਾਲੀਆਂ ਦੁਕਾਨਾਂ ਜਿਵੇਂ ਲੌਰੈਂਸ ਐਂਡ ਮੇਓ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਭਾਰਤੀ ਦੁਕਾਨਦਾਰਾਂ ਨੇ ਜਾਂ ਤਾਂ ਡਰ ਜਾਂ ਜਲ ਸੈਨਿਕਾਂ ਦੇ ਸਮਰਥਨ ਵਿੱਚ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। 19 ਫ਼ਰਵਰੀ ਆਉਂਦੇ-ਆਉਂਦੇ ਬੰਬਈ ਵਿੱਚ ਜਲ ਸੈਨਾ ਦੀਆਂ ਸਾਰੀਆਂ ਇਕਾਈਆਂ ਦੇ ਕਰੀਬ 20,000 ਜਲ ਸੈਨਿਕ ਇਸ ਵਿਦਰੋਹ ਵਿੱਚ ਸ਼ਾਮਲ ਹੋ ਗਏ।"

ਯੂਨੀਅਨ ਜੈਕ ਲਾਹ ਕੇ ਕਾਂਗਰਸ, ਮੁਸਲਿਮ ਲੀਗ ਅਤੇ ਕਮਿਊਨਿਸਟ ਪਾਰਟੀ ਦੇ ਝੰਡੇ ਲਹਿਰਾਏ ਗਏ। ਅਗਲੇ ਚਾਰ ਦਿਨਾਂ ਤੱਕ ਭੁੱਖ ਹੜਤਾਲ ਜਾਰੀ ਰਹੀ। ਦੋਵਾਂ ਪੱਖਾਂ ਵਲੋਂ ਇੱਕ-ਦੂਜੇ ਨੂੰ ਧਮਕਾਇਆ ਜਾਂਦਾ ਰਿਹਾ।

ਜਲ ਸੈਨਿਕਾਂ ਨੇ ਬੰਬਈ ਬੰਦਰਗਾਹ ਦੇ ਨੇੜੇ ਲਗਦੇ 22 ਸਮੁੰਦਰੀ ਜਹਾਜ਼ਾਂ 'ਤੇ ਕਬਜ਼ਾ ਕਰ ਲਿਆ। ਹਰ ਸਮੁੰਦਰੀ ਜਹਾਜ਼ ਤੋਂ ਬਰਤਾਨਵੀ ਚਿੰਨ੍ਹ ਅਤੇ ਝੰਡਾ ਲਾਹ ਕੇ ਕਾਂਗਰਸ, ਮੁਸਲਿਮ ਲੀਗ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਝੰਡੇ ਲਗਾ ਦਿੱਤੇ ਗਏ।

ਅੰਗਰੇਜ਼ ਸਰਕਾਰ ਨੇ ਬੈਰਕਾਂ ਵਿੱਚ ਪਾਣੀ ਅਤੇ ਬਿਜਲੀ ਦੀ ਸਪਲਾਈ ਕੱਟ ਦਿੱਤੀ। ਉਨ੍ਹਾਂ ਨੇ ਵਿਦਰੋਹੀਆਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਅਤੇ ਇੱਥੋਂ ਤੱਕ ਕਿਹਾ ਕਿ ਉਹ ਰਾਇਲ ਇੰਡੀਅਨ ਨੇਵੀ ਦੀ ਹੋਂਦ ਹੀ ਖ਼ਤਮ ਕਰ ਦੇਣਗੇ।

ਅੰਗਰੇਜ਼ਾਂ ਨੇ ਜਲ ਸੈਨਿਕਾਂ ਨੂੰ ਡਰਾਉਣ ਲਈ ਬੰਦਰਗਾਹ ਦੇ ਉੱਪਰ ਬਹੁਤ ਘੱਟ ਉਚਾਈ 'ਤੇ ਜੰਗੀ ਜਹਾਜ਼ਾਂ ਨਾਲ ਉਡਾਣਾਂ ਵੀ ਭਰੀਆਂ।

ਭਾਰਤੀ ਜਲ ਸੈਨਾ ਦੇ ਫ਼ਲੈਗ ਅਫ਼ਸਰ ਬੰਬੇ ਨੇ ਰੇਡੀਓ 'ਤੇ ਸੰਦੇਸ਼ ਪ੍ਰਸਾਰਿਤ ਕਰਕੇ ਬਗ਼ਾਵਤ ਕਰਨ ਵਾਲੇ ਜਲ ਸੈਨਿਕਾਂ ਨੂੰ ਬਿਨਾ ਸ਼ਰਤ ਸੈਰੰਡਰ ਕਰਨ ਦੀ ਅਪੀਲ ਕੀਤੀ।

ਬਗਾਵਤ ਨੂੰ ਦਬਾਉਣ ਲਈ ਸਭ ਤੋਂ ਤਾਕਤਵਰ ਬੇੜੇ ਐੱਚਐੱਮਐੱਸ ਗਲਾਗੋ ਨੂੰ ਸ਼੍ਰੀਲੰਕਾ ਵਿੱਚ ਤ੍ਰਿਨਕੋਮਾਲੀ ਤੋਂ ਤੁਰੰਤ ਬੰਬਈ ਲਈ ਕੁਝ ਕਰਨ ਲਈ ਕਿਹਾ ਗਿਆ।

ਜਲ ਸੈਨਾ ਬਗਾਵਤ ਬਾਰੇ ਕਿਤਾਬ '1946 ਨੇਵਲ ਅਪਰਾਈਜ਼ਿੰਗ ਦੈਟ ਸ਼ੁੱਕ ਦਾ ਅੰਪਾਇਰ' ਲਿਖਣ ਵਾਲੇ ਪ੍ਰਮੋਦ ਕਪੂਰ ਦੱਸਦੇ ਹਨ, "ਜਦੋਂ ਇਨ੍ਹਾਂ ਜਲ ਸੈਨਿਕਾਂ ਦਾ ਖਾਣਾ-ਪਾਣੀ ਰੋਕ ਦਿੱਤਾ ਗਿਆ ਤਾਂ ਤਲਵਾਰ ਨੇ ਆਲੇ-ਦੁਆਲੇ ਜਿੰਨੇ ਵੀ ਇਰਾਨੀ ਅਤੇ ਪਾਰਸੀ ਰੈਸਟੋਰੈਂਟ ਸਨ, ਉਹ ਖਾਣੇ ਦੇ ਪੈਕੇਟ ਬਣਾਕੇ ਗੇਟਵੇ ਆਫ਼ ਇੰਡੀਆ ਤੱਕ ਪਹੁੰਚਾਉਂਦੇ ਸਨ ਅਤੇ ਉੱਥੋਂ ਹੀ ਉਹ ਖਾਣਾ ਬੇੜਿਆਂ ਤੱਕ ਲੈ ਜਾਇਆ ਜਾਂਦਾ ਸੀ।"

"ਜਦੋਂ ਕਮਿਊਨਿਸਟ ਪਾਰਟੀ ਨੇ ਅਪੀਲ ਕੀਤੀ ਤਾਂ ਇਨ੍ਹਾਂ ਜਲ ਸੈਨਿਕਾਂ ਦੇ ਸਮਰਥਨ ਵਿੱਚ ਕਰੀਬ ਇੱਕ ਲੱਖ ਲੋਕ ਸੜਕਾਂ 'ਤੇ ਉੱਤਰ ਆਏ। ਇਨ੍ਹਾਂ ਵਿੱਚ ਕੁਝ ਅਰਾਜਕ ਤੱਤਾਂ ਨੇ ਡਾਕ ਘਰ ਅਤੇ ਬੈਂਕਾਂ ਲੁੱਟਣੇ ਸ਼ੁਰੂ ਕਰ ਦਿੱਤੇ। ਭੀੜ ਨੇ ਮੋਟਰ ਵਾਹਨਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਵੀ ਨੁਕਸਾਨ ਪਹੁੰਚਾਇਆ।"

"ਬਰਤਾਨਵੀ ਸੁਰੱਖਿਆ ਬਲਾਂ ਅਤੇ ਪੁਲਿਸ ਨੂੰ ਅੰਦੋਲਨਕਾਰੀਆਂ ਨੂੰ ਦੇਖਦੇ ਹੀ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ। ਕਰੀਬ 20 ਥਾਵਾਂ 'ਤੇ ਗੋਲੀ ਚਲਾਈ ਗਈ। ਦੋ ਦਿਨਾਂ ਤੱਕ ਚੱਲੇ ਸੰਘਰਸ਼ ਵਿੱਚ ਕਰੀਬ 400 ਲੋਕ ਮਾਰੇ ਗਏ ਅਤੇ ਕਰੀਬ 1500 ਲੋਕ ਜਖ਼ਮੀ ਹੋਏ।"

ਅੰਗਰੇਜ਼ਾਂ ਦੇ ਵਿਦਰੋਹ ਨੂੰ ਦਬਾਉਣ ਲਈ ਆਪਣੀ ਸਾਰੀ ਤਾਕਤ ਲਗਾ ਦਿੱਤੀ

18 ਫ਼ਰਵਰੀ ਦੀ ਸ਼ਾਮ ਤੱਕ ਇਸ ਵਿਦਰੋਹ ਦੀ ਜਾਣਕਾਰੀ ਸੈਨਾ ਮੁਖੀ ਜਨਰਲ ਕਲਾਊਡ ਔਚਿਨਲੇਕ ਨੂੰ ਦਿੱਤੀ ਗਈ।

ਪ੍ਰਮੋਦ ਕਪੂਰ ਬੀਬੀਸੀ ਸਟੂਡੀਓ ਵਿੱਚ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਨਾਲ
ਪ੍ਰਮੋਦ ਕਪੂਰ ਬੀਬੀਸੀ ਸਟੂਡੀਓ ਵਿੱਚ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਨਾਲ

ਉਨ੍ਹਾਂ ਨੇ ਵਾਇਸਰਾਏ ਲਾਰਡ ਵਾਵੇਲ ਨੂੰ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਭਾਰਤੀ ਜਲ ਸੈਨਾ ਮੁਖੀ ਐਡਮਿਰਲ ਜੇ ਐੱਚ ਗੌਡਫ਼ਰੀ ਦਾ ਜ਼ਹਾਜ ਉਦੈਪੁਰ ਵਿੱਚ ਲੈਂਡ ਹੀ ਕੀਤਾ ਸੀ ਕਿ ਉਨ੍ਹਾਂ ਨੂੰ ਇਸ ਵਿਦਰੋਹ ਦੇ ਬਾਰੇ ਗੁਪਤ ਸੰਦੇਸ਼ ਪਹੁੰਚਾਇਆ ਗਿਆ। ਉਨ੍ਹਾਂ ਨੇ ਉਸੇ ਸਮੇਂ ਦਿੱਲੀ ਵਾਪਸ ਜਾਣ ਦਾ ਫ਼ੈਸਲਾ ਕੀਤਾ। ਅਗਲੇ ਦਿਨ ਉਹ ਵਿਸ਼ੇਸ਼ ਜਹਾਜ਼ ਰਾਹੀਂ ਬੰਬਈ ਪਹੁੰਚੇ।

ਇਸ ਘਟਨਾ ਬਾਰੇ ਦਿੱਲੀ ਦੇ ਕਾਊਂਸਿਲ ਹਾਊਸ ਵਿੱਚ ਜ਼ੋਰਦਾਰ ਬਹਿਸ ਹੋਈ। ਪ੍ਰਧਾਨ ਮੰਤਰੀ ਏਟਲੀ ਅਤੇ ਵਾਇਸਰਾਏ ਵਾਵੇਲ ਦੇ ਦਫ਼ਤਰਾਂ ਦਰਮਿਆਨ ਤਾਰਾਂ ਦੀ ਝੜੀ ਜਿਹੀ ਲੱਗ ਗਈ ਸੀ।

ਅਨਿਰੁੱਧ ਦੇਸ਼ਪਾਂਡੇ ਲਿਖਦੇ ਹਨ, "ਜੇ 18 ਫ਼ਰਵਰੀ ਨੂੰ ਹੀ ਵਿਦਰੋਹੀਆਂ ਦੇ ਨਾਲ ਹਮਦਰਦੀ ਭਰਿਆ ਵਿਵਹਾਰ ਕੀਤਾ ਜਾਂਦਾ ਤਾਂ ਵਿਦਰੋਹ ਨੂੰ ਦਬਾਇਆ ਜਾ ਸਕਦਾ ਸੀ। ਪਰ ਅੰਗਰੇਜ਼ਾਂ ਨੂੰ 1857 ਦੀ ਯਾਦ ਪਰੇਸ਼ਾਨ ਕਰ ਰਹੀ ਸੀ। ਉਨ੍ਹਾਂ ਨੂੰ ਡਰ ਸੀ ਕਿ 1857 ਦੀ ਤਰ੍ਹਾਂ ਇਹ ਵਿਦਰੋਹ ਕਿਤੇ ਵਿਆਪਕ ਰੂਪ ਨਾ ਲੈ ਲਵੇ। ਇਸ ਲਈ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਉਸ ਨੂੰ ਪੂਰੀ ਤਾਕਤ ਨਾਲ ਦਬਾਉਣਗੇ।"

ਮਹਾਤਮਾ ਗਾਂਧੀ ਬਗ਼ਾਵਤ ਦੇ ਖ਼ਿਲਾਫ਼ ਸਨ

ਮਹਾਤਮਾ ਗਾਂਧੀ ਨੇ ਇਹ ਕਹਿ ਕੇ ਇਸ ਬਗ਼ਾਵਤ ਦਾ ਵਿਰੋਧ ਕੀਤਾ ਕਿ ਇਹ ਉਨ੍ਹਾਂ ਦੇ ਅਹਿੰਸਾ ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ। ਕਮਿਊਨਿਸਟਾਂ ਨੇ ਖੁੱਲ੍ਹੇ ਤੌਰ 'ਤੇ ਨਾ ਸਿਰਫ਼ ਇਸ ਬਗਾਵਤ ਦਾ ਸਮਰਥਨ ਕੀਤਾ ਬਲਕਿ ਜਵਾਨਾਂ ਨੂੰ ਇਸ ਗੱਲ ਲਈ ਉਕਸਾਇਆ ਕਿ ਉਹ ਸੈਰੰਡਰ ਨਾ ਕਰਨ।

ਕਮਿਊਨਿਸਟ ਪਾਰਟੀ ਦੇ ਪੱਤਰ 'ਪੀਪਲਜ਼ ਏਜ' ਵਿੱਚ ਗੰਗਾਧਰ ਅਧਿਕਾਰੀ ਨੇ ਗਾਂਧੀ, ਪਟੇਲ ਅਤੇ ਨਹਿਰੂ ਦੀ ਆਲੋਚਨਾ ਕਰਦਿਆਂ ਸੰਪਾਦਕੀ ਲਿਖਿਆ, "ਪਟੇਲ ਨੇ ਉਨ੍ਹਾਂ ਲੋਕਾਂ ਲਈ ਹੰਝੂ ਵਹਾਏ ਜੋ ਮਾਰੇ ਗਏ ਹਨ ਅਤੇ ਉਨ੍ਹਾਂ ਲੋਕਾਂ ਦੀ ਨਿੰਦਾ ਕੀਤੀ ਜਿਨ੍ਹਾਂ ਨੇ 'ਗੁੰਡਾਗਰਦੀ' ਕੀਤੀ। ਪਰ ਉਨ੍ਹਾਂ ਨੇ ਬਰਤਾਵਨੀ ਸੈਨਾ ਦੀ ਗੁੰਡਾਗਰਦੀ ਲਈ ਇੱਕ ਸ਼ਬਦ ਵੀ ਨਹੀਂ ਕਿਹਾ। ਉਨ੍ਹਾਂ ਨੇ ਬਿਨਾ ਸੋਚੇ ਸਮਝੇ ਗੋਲੀਬਾਰੀ ਕੀਤੀ, ਜਿਸ ਵਿੱਚ ਸੈਂਕੜੇ ਮਾਸੂਮ ਲੋਕ ਮਾਰੇ ਗਏ।"

ਜਨਰਲ ਕਲਾਊਡ ਔਚਿਨਲੇਕ
ਜਨਰਲ ਕਲਾਊਡ ਔਚਿਨਲੇਕ

ਸੀਨੀਅਰ ਕਾਂਗਰਸ ਆਗੂਆਂ ਨੇ ਜਲ ਸੈਨਿਕਾਂ ਨੂੰ ਸਬਰ ਰੱਖਣ ਅਤੇ ਸਮੱਸਿਆ ਦਾ ਸ਼ਾਂਤਮਈ ਹੱਲ ਕੱਢਣ ਦੀ ਸਲਾਹ ਦਿੱਤੀ। ਇਨ੍ਹਾਂ ਵਿੱਚ ਸਿਰਫ਼ ਕਾਂਗਰਸ ਦੇ ਅਰੁਣਾ ਆਸਿਫ਼ ਅਲੀ ਵੱਖਰੇ ਸਨ।

9 ਅਗਸਤ, 1942 ਨੂੰ ਗੋਵਾਲੀਆ ਟੈਂਕ ਮੈਦਾਨ ਵਿੱਚ ਕਾਂਗਰਸ ਦਾ ਝੰਡਾ ਲਹਿਰਾਉਣ ਵਾਲੀ ਅਰੁਣਾ ਆਸਿਫ਼ ਅਲੀ ਜੈਪ੍ਰਕਾਸ਼ ਨਰਾਇਣ, ਰਾਮ ਮਨੋਹਰ ਲੋਹੀਆ ਅਤੇ ਹੋਰ ਸਮਾਜਵਾਦੀਆਂ ਦੀ ਸਹਿਯੋਗੀ ਸੀ।

ਵਿਚਾਰਕ ਤੌਰ 'ਤੇ ਉਹ ਸਰਦਾਰ ਪਟੇਲ ਦੇ ਮੁਕਾਬਲੇ ਖੁਦ ਨੂੰ ਜਵਾਹਰਲਾਲ ਨਹਿਰੂ ਦੇ ਵਧੇਰੇ ਨਜ਼ਦੀਕ ਸਮਝਦੀ ਸੀ।

ਉਹ ਕੁਸੁਮ ਅਤੇ ਪੀਐੱਨ ਨਾਇਰ ਦੀ ਵੀ ਦੋਸਤ ਸੀ ਜਿਨ੍ਹਾਂ ਦੇ ਮੇਰੀਨ ਡਰਾਈਵ ਵਾਲੀ ਰਿਹਾਇਸ਼ 'ਤੇ ਇਸ ਬਗਾਵਤ ਨਾਲ ਸਬੰਧਤ ਮੀਟਿੰਗਾਂ ਹੁੰਦੀਆਂ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕਾਂਗਰਸ ਦਾ ਧਰਮ ਸੰਕਟ

ਕਾਂਗਰਸ ਦੇ ਆਗੂਆਂ ਦਾ ਧਰਮ ਸੰਕਟ ਸੀ ਬਗਾਵਤ ਦਾ ਸਮਾਂ। ਪ੍ਰਮੋਦ ਕਪੂਰ ਕਹਿੰਦੇ ਹਨ ਕਿ ਗਾਂਧੀ, ਨਹਿਰੂ ਅਤੇ ਸਰਦਾਰ ਪਟੇਲ ਚੋਣ ਜ਼ਰੀਏ ਸੱਤਾ ਉਲਟਾਉਣ ਦੇ ਹੱਕ ਵਿੱਚ ਸਨ।

ਉਨ੍ਹਾਂ ਦਾ ਮੰਨਣਾ ਸੀ ਕਿ ਅੰਗਰੇਜ਼ਾਂ ਨਾਲ ਖ਼ੂਨੀ ਸੰਘਰਸ਼ ਕਰਕੇ ਸੱਤਾ ਨਹੀਂ ਖੋਹੀ ਜਾਣੀ ਚਾਹੀਦੀ।

ਕਿਤੇ ਨਾ ਕਿਤੇ ਉਹ ਇਹ ਵੀ ਸੋਚ ਰਹੇ ਸਨ ਕਿ ਬਰਤਾਨਵੀ ਸੈਨਾ ਦੁਆਰਾ ਸਖ਼ਤ ਕਾਰਵਾਈ ਕਰਨ ਦੇ ਬਾਅਦ ਆਜ਼ਾਦੀ ਮਿਲਣ ਦੀ ਪ੍ਰੀਕਿਰਿਆ ਦੇਰ ਨਾਲ ਨਾ ਸ਼ੁਰੂ ਹੋਵੇ।

ਤੇ ਸਰਦਾਰ ਪਟੇਲ ਨੂੰ ਇਹ ਵੀ ਡਰ ਸੀ ਕਿ ਜਲ ਸੈਨਿਕਾਂ ਦੀ ਇਸ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਇੱਕ ਤਰ੍ਹਾਂ ਦੀ ਮਿਸਾਲ ਬਣ ਜਾਵੇਗੀ ਅਤੇ ਆਜ਼ਾਦੀ ਦੇ ਬਾਅਦ ਵੀ ਉਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦਿਲਚਸਪ ਗੱਲ ਇਹ ਵੀ ਸੀ ਕਿ ਕਾਂਗਰਸ ਦੇ ਆਗੂ ਇੱਕ ਪਾਸੇ ਤਾਂ ਹਿੰਸਾ ਦੀ ਨਿੰਦਾ ਕਰ ਰਹੇ ਸਨ ਪਰ ਦੂਜੇ ਪਾਸੇ ਇਹ ਵੀ ਨਹੀਂ ਸੀ ਦਿਖਾਉਣਾ ਚਾਹੁੰਦੇ ਕਿ ਜਲ ਸੈਨਿਕਾਂ ਦੇ ਅੰਦੋਲਨ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ।

ਨਹਿਰੂ ਅੰਦੋਲਨਕਾਰੀਆਂ ਨੂੰ ਮਿਲੇ ਬਿਨਾ ਇਲਾਹਾਬਾਦ ਪਰਤੇ

ਜਦੋਂ ਤਣਾਅ ਜ਼ਿਆਦਾ ਵੱਧ ਗਿਆ ਤਾਂ ਅਰੁਣਾ ਆਸਫ਼ ਅਲੀ ਨੇ 21 ਫਰਵਰੀ ਨੂੰ ਨਹਿਰੂ ਨੂੰ ਇੱਕ ਤਾਰ ਭੇਜਿਆ, ਜਿਸ ਵਿੱਚ ਲਿਖਿਆ ਸੀ, 'ਜਲ ਸੈਨਾ ਦੀ ਹੜਤਾਲ ਗੰਭੀਰ ਹੈ, ਬੰਬਈ ਵਿੱਚ ਤੁਹਾਡੀ ਤੁਰੰਤ ਮੌਜੂਦਗੀ ਦੀ ਲੋੜ ਹੈ।'

ਇਸ ਤਾਰ ਬਾਰੇ ਪਤਾ ਲੱਗਦਿਆਂ ਹੀ ਸਰਦਾਰ ਪਟੇਲ ਨਰਾਜ਼ ਹੋ ਗਏ। ਉਨ੍ਹਾਂ ਨੇ ਗਾਂਧੀ ਨੂੰ ਇੱਕ ਪੱਤਰ ਲਿਖਿਆ ਅਤੇ ਕਿਹਾ, "ਅਰੁਣਾ ਨੇ ਨਹਿਰੂ ਨੂੰ ਜਲ ਸੈਨਿਕਾਂ ਨਾਲ ਮਿਲਣ ਲਈ ਬੰਬਈ ਆਉਣ ਲਈ ਮਨਾ ਲਿਆ ਹੈ।

ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਮੇਰਾ ਸਮਰਥਨ ਨਹੀਂ ਮਿਲ ਪਾਇਆ ਹੈ। ਨਹਿਰੂ ਨੇ ਮੈਨੂੰ ਤਾਰ ਭੇਜ ਕੇ ਪੁੱਛਿਆ ਹੈ ਕਿ ਕੀ ਮੇਰਾ ਬੰਬਈ ਆਉਣਾ ਜ਼ਰੂਰੀ ਹੈ? ਮੈਂ ਉਨ੍ਹਾਂ ਨੂੰ ਨਾ ਆਉਣ ਲਈ ਕਿਹਾ ਹੈ। ਪਰ ਉਹ ਅਜੇ ਵੀ ਇੱਥੇ ਆ ਰਹੇ ਹਨ।

ਸਰਦਾਰ ਪਟੇਲ ਤੇ ਨਹਿਰੂ

ਨਹਿਰੂ ਨੇ ਬੰਬਈ ਆਉਣ ਲਈ ਪਹਿਲੀ ਉਪਲਬਧ ਟ੍ਰੇਨ ਲਈ ਪਰ ਸਰਦਾਰ ਪਟੇਲ ਨੇ ਉਨ੍ਹਾਂ ਨੂੰ ਜਲ ਸੈਨਿਕਾਂ ਨਾਲ ਨਾ ਮਿਲਣ ਲਈ ਰਾਜ਼ੀ ਕਰ ਲਿਆ। ਨਹਿਰੂ ਉਸੇ ਦਿਨ ਇਲਾਹਾਬਾਦ ਵਾਪਸ ਆ ਗਏ। ਇੱਥੋਂ ਹੀ ਬਗਾਵਤ ਕਮਜ਼ੋਰ ਹੋਣ ਲੱਗੀ।

ਸਰਦਾਰ ਪਟੇਲ ਦੀ ਅਪੀਲ 'ਤੇ ਕੀਤਾ ਸੈਰੰਡਰ

ਸਰਦਾਰ ਪਟੇਲ ਨੇ ਇੱਕ ਅਪੀਲ ਜਾਰੀ ਕਰਕੇ ਜਲ ਸੈਨਿਕਾਂ ਨੂੰ ਸਰੰਡਰ ਕਰਨ ਲਈ ਕਿਹਾ। ਤਤਕਾਲੀ ਕਾਂਗਰਸ ਪ੍ਰਧਾਨ ਮੌਲਾਨਾ ਆਜ਼ਾਦ ਨੇ ਵੀ ਹੜਤਾਲ ਖ਼ਤਮ ਕਰਨ 'ਤੇ ਜ਼ੋਰ ਦਿੱਤਾ।

ਉਸੇ ਦਿਨ ਮਹਾਤਮਾ ਗਾਂਧੀ ਦੀ ਸਲਾਹ 'ਤੇ ਸਰਦਾਰ ਪਟੇਲ ਨੇ ਐੱਮਐੱਸ ਖਾਨ ਦੀ ਅਗਵਾਈ ਹੇਠ ਹੜਤਾਲ ਕਮੇਟੀ ਨੂੰ ਗੱਲਬਾਤ ਲਈ ਸੱਦਿਆ। ਕਈ ਘੰਟਿਆਂ ਤੱਕ ਚੱਲੀ ਗੱਲਬਾਤ ਦੌਰਾਨ ਸਰਦਾਰ ਪਟੇਲ ਨੇ ਉਨ੍ਹਾਂ ਨੂੰ ਬਿਨਾਂ ਸ਼ਰਤ ਆਪਣੇ ਹਥਿਆਰ ਸੁੱਟਣ ਲਈ ਕਿਹਾ।

ਇਹ ਮੰਨਿਆ ਜਾਂਦਾ ਹੈ ਕਿ ਬ੍ਰਿਟਿਸ਼ ਸਰਕਾਰ ਨੇ ਸਰਦਾਰ ਪਟੇਲ ਨੂੰ ਭਰੋਸਾ ਦਿੱਤਾ ਸੀ ਕਿ ਜੇ ਉਹ ਜਲ ਸੈਨਿਕਾਂ ਨੂੰ ਬਿਨਾਂ ਸ਼ਰਤ ਹਥਿਆਰ ਸੁੱਟਣ ਲਈ ਰਾਜ਼ੀ ਕਰ ਲੈਂਦੇ ਹਨ ਤਾਂ ਹੜਤਾਲ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ। ਜਦੋਂ ਐੱਮਐੱਸ ਖਾਨ ਨੇ ਸਰਦਾਰ ਪਟੇਲ ਨੂੰ ਕਿਹਾ ਕਿ ਕੀ ਉਹ ਇਸ ਬਾਰੇ ਲਿਖਤੀ ਭਰੋਸਾ ਦੇ ਸਕਦੇ ਹਨ ਤਾਂ ਸਰਦਾਰ ਬਹੁਤ ਨਾਰਾਜ਼ ਹੋ ਗਏ।

ਦਿਲੀਪ ਕੁਮਾਰ ਦਾਸ ਆਪਣੀ ਕਿਤਾਬ 'ਰਿਵਿਜ਼ਿਟਿੰਗ ਤਲਵਾਰ' ਵਿੱਚ ਲਿਖਦੇ ਹਨ, "ਸਰਦਾਰ ਨੇ ਮੇਜ਼ 'ਤੇ ਜ਼ੋਰ ਨਾਲ ਹੱਥ ਮਾਰਦੇ ਹੋਏ ਕਿਹਾ, ਜਦੋਂ ਤੁਹਾਨੂੰ ਮੇਰੇ ਸ਼ਬਦਾਂ 'ਤੇ ਯਕੀਨ ਨਹੀਂ ਹੈ ਤਾਂ ਮੇਰੇ ਲਿਖਤ ਭਰੋਸੇ ਦਾ ਕੀ ਮਤਲਬ ਰਹਿ ਜਾਂਦਾ ਹੈ।"

1946 ਦੇ ਦੌਰਾਨ ਇੱਕ ਭਾਰਤੀ ਜਵਾਨ
1946 ਦੇ ਦੌਰਾਨ ਇੱਕ ਭਾਰਤੀ ਜਵਾਨ

ਅਖੀਰ ਵਿੱਚ 23 ਫਰਵਰੀ ਨੂੰ ਸਵੇਰੇ 6 ਵਜੇ ਬਗਾਵਤ ਕਰ ਰਹੇ ਜਲ ਸੈਨਿਕ ਚਿੱਟੇ ਝੰਡੇ ਲੈ ਕੇ ਆਪਣੇ ਸਮੁੰਦਰੀ ਜਹਾਜ਼ਾਂ 'ਤੇ ਪਹੁੰਚੇ। ਐੱਮਐੱਸ ਖਾਨ ਨੇ ਐਲਾਨ ਕੀਤਾ, "ਮੌਜੂਦਾ ਮੰਦਭਾਗੇ ਹਾਲਾਤਾਂ ਵਿੱਚ ਕਾਂਗਰਸ ਨੇ ਸਾਨੂੰ ਸੈਰੰਡਰ ਕਰਨ ਦੀ ਸਲਾਹ ਦਿੱਤੀ ਹੈ। ਅਸੀਂ ਅੰਗਰੇਜ਼ਾਂ ਦੇ ਸਾਹਮਣੇ ਹਥਿਆਰ ਨਹੀਂ ਸੁੱਟ ਰਹੇ ਸਗੋਂ ਆਪਣੇ ਦੇਸ਼ਵਾਸੀਆਂ ਦੇ ਸਾਹਮਣੇ ਹਥਿਆਰ ਰੱਖ ਰਹੇ ਹਾਂ। ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸਾਡਾ ਸ਼ੋਸ਼ਣ ਨਹੀਂ ਕੀਤਾ ਜਾਵੇਗਾ।

ਸੈਰੰਡਰ ਦੇ ਦਸਤਾਵੇਜ਼ ਨੂੰ ਕਮਿਊਨਿਸਟ ਆਗੂ ਮੋਹਨ ਕੁਮਾਰਮੰਗਲਮ ਨੇ ਅੰਤਮ ਰੂਪ ਦਿੱਤਾ।

ਅੰਗਰੇਜ਼ਾਂ ਦੀ ਵਾਅਦਾਖਿਲਾਫ਼ੀ

ਪਰ ਅੰਗਰੇਜ਼ਾਂ ਨੇ ਸਰਦਾਰ ਪਟੇਲ ਅਤੇ ਜਲ ਸੈਨਿਕਾਂ ਨਾਲ ਕੀਤਾ ਵਾਅਦਾ ਨਹੀਂ ਨਿਭਾਇਆ। 23 ਫਰਵਰੀ ਨੂੰ ਸੈਰੰਡਰ ਕਰਨ ਵਾਲੇ ਜਲ ਸੈਨਿਕਾਂ ਵਿੱਚੋਂ 400 ਨੂੰ ਅੰਗਰੇਜ਼ਾਂ ਨੇ ਰਿੰਗ ਲੀਡਰ ਮੰਨਿਆ ਅਤੇ ਗ੍ਰਿਫ਼ਤਾਰ ਕਰਕੇ ਮੁਲੰਦ ਦੇ ਨੇੜੇ ਕੰਸਟ੍ਰਕਸ਼ਨ ਕੈਂਪ ਵਿੱਚ ਭੇਜ ਦਿੱਤਾ ਗਿਆ। ਇਨ੍ਹਾਂ ਵਿੱਚ ਐੱਮਐੱਸ ਖ਼ਾਨ ਅਤੇ ਮਦਨ ਸਿੰਘ ਵੀ ਸ਼ਾਮਲ ਸਨ। ਉੱਥੇ ਵੀ ਇੰਨ੍ਹਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ।

ਬਾਅਦ ਵਿੱਚ ਇਨ੍ਹਾਂ ਲੋਕਾਂ ਨੂੰ ਨੌਕਰੀਆਂ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਹਰੇਕ ਜਲ ਸੈਨਿਕ ਨੂੰ ਘਰ ਜਾਣ ਲਈ ਰੇਲਵੇ ਸਟੇਸ਼ਨ ਤੱਕ ਛੱਡਿਆ ਗਿਆ। ਉਨ੍ਹਾਂ ਨੂੰ ਇੱਕ ਪਾਸੇ ਤੀਜੇ ਦਰਜੇ ਦੀ ਰੇਲਵੇ ਟਿਕਟ ਦਿੱਤੀ ਗਈ ਸੀ। ਉਨ੍ਹਾਂ ਦੀ ਵਰਦੀ ਨੂੰ ਹੋਏ ਨੁਕਸਾਨ ਦਾ ਇੱਕ-ਇੱਕ ਪੈਸਾ ਉਨ੍ਹਾਂ ਦੀ ਤਨਖ਼ਾਹ ਵਿੱਚੋਂ ਕੱਟ ਲਿਆ ਗਿਆ। ਘਰ ਜਾਂਦੇ ਸਮੇਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਕਦੇ ਬੰਬਈ ਦਾ ਰੁਖ ਕੀਤਾ ਤਾਂ ਖੈਰ ਨਹੀਂ ਰਹੇਗੀ।

ਇਤਿਹਾਸ ਵਿੱਚ ਢੁੱਕਵੀਂ ਥਾਂ ਨਹੀਂ

ਇਨ੍ਹਾਂ ਜਲ ਸੈਨਿਕਾਂ ਨੂੰ ਸਭ ਤੋਂ ਵੱਡਾ ਦੁੱਖ ਇਸ ਲਈ ਵੀ ਲਗਿਆ ਕਿਉਂਕਿ ਆਜ਼ਾਦ ਹੋਣ ਤੋਂ ਬਾਅਦ ਵੀ ਭਾਰਤੀ ਆਗੂਆਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ।

ਇੱਕ ਜਲ ਸੈਨਿਕ ਨੇ ਸਵਾਲ ਚੁੱਕਿਆ, "ਸਾਨੂੰ ਹਥਿਆਰਾਂ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ। ਸਾਡੇ ਲਈ ਚਰਖੇ ਨਾਲ ਲੜਨਾ ਸੰਭਵ ਨਹੀਂ ਸੀ।"

ਇਸ ਬਗਾਵਤ ਵਿੱਚ ਹਿੱਸਾ ਲੈਣ ਵਾਲੇ ਇੱਕ ਜਲ ਸੈਨਿਕ ਬਿਸ਼ਵਨਾਥ ਬੋਸ ਨੇ ਇੱਕ ਕਿਤਾਬ ਲਿਖੀ 'ਆਰਆਈਐੱਨ ਮਿਊਟਨੀ 1946'।

ਇਸ ਵਿੱਚ ਉਨ੍ਹਾਂ ਨੇ ਨਹਿਰੂ ਨੂੰ ਲਿਖੇ ਆਪਣੇ ਪੱਤਰ ਦਾ ਜ਼ਿਕਰ ਕਰਦਿਆਂ ਲਿਖਿਆ, "ਮੈਨੂੰ ਇਨ੍ਹਾਂ ਜਲ ਸੈਨਿਕਾਂ ਦਾ ਆਗੂ ਦੱਸ ਕੇ ਨਾ ਸਿਰਫ਼ ਗ੍ਰਿਫ਼ਤਾਰ ਕੀਤਾ ਸਗੋਂ ਮੈਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ। ਜੇਲ੍ਹ ਚੋਂ ਨਿਕਲਣ ਤੋਂ ਬਾਅਦ ਮੈਂ ਤੁਹਾਡੇ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂਕਿ ਮੈਨੂੰ ਮੇਰੀ ਨੌਕਰੀ ਵਾਪਸ ਮਿਲ ਸਕੇ। ਜੇ ਕੋਈ ਅਜਿਹਾ ਕਾਨੂੰਨ ਹੈ ਕਿ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਤੋਂ ਬਾਅਦ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ ਤਾਂ ਮੇਰਾ ਤੁਹਾਨੂੰ ਸਵਾਲ ਹੈ ਕਿ ਕਾਂਗਰਸ ਪਾਰਟੀ ਦੇ ਆਗੂ ਹੋਣ ਦੇ ਨਾਤੇ ਤੁਸੀਂ ਵੀ ਜੇਲ੍ਹ ਗਏ ਸੀ ਪਰ ਤੁਸੀਂ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਹੋ।

ਦੂਜੀ ਵਿਸ਼ਵ ਜੰਗ ਤੋਂ ਬਾਅਦ ਜਵਾਹਰ ਲਾਲ ਨਹਿਰੂ ਨੇ ਜਿੱਥੇ ਇੰਡੀਅਨ ਨੈਸ਼ਨਲ ਆਰਮੀ ਦੇ ਜਵਾਨਾਂ 'ਤੇ ਚੱਲ ਰਹੇ ਮੁਕੱਦਮਿਆਂ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਸਾਲਾਂ ਬਾਅਦ ਆਪਣਾ ਵਕੀਲਾਂ ਵਾਲਾ ਕਾਲਾ ਗਾਊਨ ਪਾਇਆ ਪਰ ਅੰਗਰੇਜ਼ਾਂ ਖਿਲਾਫ਼ ਬਗਾਵਤ ਦਾ ਬਿਗਲ ਵਜਾਉਣ ਵਾਲੇ ਇਨ੍ਹਾਂ ਜਲ ਸੈਨਿਕਾਂ ਨੂੰ ਆਜ਼ਾਦੀ ਤੋਂ ਬਾਅਦ ਨਾ ਤਾਂ ਬਹਾਲ ਕੀਤਾ ਗਿਆ ਅਤੇ ਨਾ ਹੀ ਆਜ਼ਾਦੀ ਘੁਲਾਟੀਏ ਦਾ ਦਰਜਾ ਹੀ ਦਿੱਤਾ ਗਿਆ।

ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਭੁਲਾ ਦਿੱਤਾ ਗਿਆ। ਉਨ੍ਹਾਂ ਦੇ ਉਸ ਕਾਰਨਾਮੇ ਨੂੰ ਭਾਰਤੀ ਇਤਿਹਾਸ ਵਿੱਚ ਵੀ ਉਹ ਥਾਂ ਨਹੀਂ ਮਿਲ ਸਕੀ ਜਿਸਦੇ ਉਹ ਹੱਕਦਾਰ ਸਨ।