............ਰਿਸ਼ਤੇ ................
ਪਰਖੀਂ ਨਾਂ ਕਦੇ ਰਿਸ਼ਤੇ ਪਰਖਿਆਂ ਟੁੱਟ ਜਾਂਦੇ
ਖੁੰਝੇ ਵੇਲੇ ਮੁੜ ਫ਼ਿਰ ਹੱਥ ਨਹੀਂ  ਲੱਗਦੇ
ਨਾਲ ਮੁਹੱਬਤਾਂ ਬੱਝੇ ਕੱਚੇ ਧਾਗੇ ਨੇ
ਇਹ ਸਾਕ ਦਿਮਾਗਾਂ ਨਾਲ ਨਿਭਾਏ ਨਹੀਂ ਜਾਂਦੇ
ਕਦੇ ਵੀ ਮੋੜਿਆਂ ਮੁੜਦਾ ਨਹੀਂ ਮੁਸਾਫ਼ਰ ਉਹ
ਨਿੱਕਲ ਤੁਰਿਆ ਜੋ ਵੀ ਲੰਮੇਂ ਰਾਹਾਂ ਤੇ
ਹਠ, ਹੌਂਸਲੇ ,ਜਜ਼ਬੇ ਨਾਲ ਜੋ ਤੁਰ ਪੈਂਦੇ
ਉਹਨਾਂ ਕਦਮਾਂ ਦੇ ਨਿਸ਼ਾਨ ਮਿਟਾਏ ਨਹੀਂ ਜਾਂਦੇ
ਦੁੱਖ ਕਿਸੇ ਦਾ ਵੇਖ ਜੇ ਹੰਝੂ ਆ ਜਾਵੇ
ਸਮਝੀਂ ਮੇਹਰ ਖ਼ੁਦਾ ਦੀ ਹਾਜ਼ਰ ਨਾਜ਼ਰ ਏ
ਮੰਦਾ ਕਦੇ ਨਾ ਲੋਚੀਂ ਮਿੱਤਰ ਦੁਸ਼ਮਣ ਦਾ
ਕਦੇ ਤੀਰ ਕਮਾਨੋਂ ਨਿਕਲੇ ਵਾਪਸ ਨਹੀਂ ਜਾਂਦੇ
ਇਤਬਾਰ ਬੜਾ ਹੀ ਮਹਿੰਗਾ ਸੱਜਣਾ ਰੱਖ ਚੇਤੇ
ਜੀਵਨ ਦੇ ਮੁੱਲ ਮਿਲਦਾ ਕਦੇ ਗਵਾਵੀਂ ਨਾਂ
ਕੀਤੇ ਕੌਲ ਨਾ ਭੁੱਲ ਕੇ ਕਿਤੇ ਭੁਲਾ ਬੈਠੀਂ
ਫੁੱਲ ਮੁਰਝਾਏ ਮੁੜ ਖਿੜਾਏ ਨਹੀਂ ਜਾਂਦੇ
ਹੱਸਦੇ ਚਿਹਰਿਆਂ ਪਿੱਛੇ ਵੀ ਕਈ ਚੀਸਾਂ ਨੇ
ਨੇੜੇ ਬਹਿ ਕਦੇ ਦਿਲ ਫ਼ਰੋਲ ਕੇ ਵੇਖ ਲਵੀਂ
ਤੂੰ ਕਾਬੂ ਕਰਕੇ  ਰੱਖੀਂ ਹੰਝੂ ਹੌਕਿਆਂ ਨੂੰ
ਕਦੇ ਜ਼ਖਮਾਂ ਦੇ ਬਜ਼ਾਰ ਲਗਾਏ ਨਹੀਂ ਜਾਂਦੇ
ਦਰਦ ਕਿਸੇ ਦਾ ਲੈ ਜੋ ਖੁਸ਼ੀਆਂ ਵੰਡ ਜਾਵਣ
ਕੁਝ ਐਸੀਆਂ ਵੀ ਤਾਂ ਪਾਕ ਪਵਿੱਤਰ ਰੂਹਾਂ ਨੇ
ਦੀਵਾ ਬਣ ਜੋ ਰਾਹ ਨੂੰ ਰੌਸ਼ਨ ਕਰ ਜਾਵਣ
ਉਹ ਸਦੀਆਂ ਤੱਕ ਕਿਰਦਾਰ ਭੁਲਾਏ ਨਹੀਂ ਜਾਂਦੇ
ਗ਼ਰੂਰ ਕਰੀਂ ਨਾ ਆਪਣੀ ਚੜ੍ਹਤ ਤੇ ਰੁਤਬੇ ਦਾ
ਦੌਲਤ ਸ਼ੌਹਰਤ ਸਦਾ ਨਹੀਂ ਰਹਿਣੀ ਹੱਥ ਤੇਰੇ
ਸਜਦਾ ਕਰੀਂ ਨਿੱਤ ਮਾਂ ਬੋਲੀ ਤੇ ਔਰਤ ਨੂੰ
ਇਨ੍ਹਾਂ ਦੇ ਕਦੇ ਕਰਜ਼ ਚੁਕਾਏ ਨਹੀਂ ਜਾਂਦੇ
ਰੀਤ ਇਨ੍ਹਾਂ ਦੇ ਕਦੇ ਕਰਜ਼ ਚੁਕਾਏ ਨਹੀਂ ਜਾਂਦੇ
1 ਵਿਅਕਤੀ ਅਤੇ ਟੈਕਸਟ ਦੀ ਫ਼ੋਟੋ ਹੋ ਸਕਦੀ ਹੈ

        .......... ਰਿਤੂ...............