ਗੋਲਡ ਮੈਡਲ ਹਾਸਲ ਕਰਨ ਲਈ ਓਲੰਪਿਕ ’ਚ ਦੌੜੇਗਾ ਪਟਿਆਲਾ ਦਾ ਗੁਰਪ੍ਰੀਤ ਸਿੰਘ |
ਨਵੀਂ ਦਿੱਲੀ/ਪਟਿਆਲਾ:--09ਜੁਲਾਈ-(ਮੀਡੀਆਦੇਸਪੰਜਾਬ)-- ਪਟਿਆਲਾ ਦੇ ਗੁਰਪ੍ਰੀਤ ਸਿੰਘ ਨੇ ਵਰਲਡ
ਰੈਂਕਿੰਗ ਦੇ ਆਧਾਰ ’ਤੇ ਟੋਕੀਓ ਓਲੰਪਿਕਸ 2021 ਲਈ ਕੁਆਲੀਫਾਈ ਕਰ ਲਿਆ ਹੈ। ਗੁਰਪ੍ਰੀਤ
ਦੀ ਚੋਣ ਦੇ ਬਾਅਦ ਤੋਂ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਕੇਂਦਰੀ
ਮੰਤਰੀ ਕਿਰਨ ਰੀਜਿਜੂ ਨੇ ਟਵੀਟ ਕਰਕੇ ਉਨ੍ਹਾਂ ਦੀ ਚੋਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ
ਹੈ। ਗੁਰਪ੍ਰੀਤ ਨੇ ਆਪਣੇ ਇਸ ਸਫ਼ਰ ਦੀ ਸ਼ੁਰੂਆਤ ਆਰਮੀ ਵਿਚ ਭਰਤੀ ਹੋਣ ਦੇ ਬਾਅਦ ਕੀਤੀ।
ਪਹਿਲੀ ਸਫ਼ਲਤਾ ਉਨ੍ਹਾਂ ਨੂੰ ਆਰਮੀ ਦੇ ਡਿਵੀਜ਼ਨ ਪੱਧਰ ’ਤੇ ਟੂਰਨਾਮੈਂਟ ਵਿਚ ਹੀ ਮਿਲੀ,
ਜਿੱਥੇ ਉਨ੍ਹਾਂ ਨੇ ਪਹਿਲਾ ਕਾਂਸੀ ਦਾ ਤਗਮਾ ਜਿੱਤਿਆ। ਇਸ ਦੇ ਬਾਅਦ ਉਨ੍ਹਾਂ ਨੇ ਮੁੜ ਕੇ
ਨਹੀਂ ਦੇਖਿਆ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ 2 ਚਾਂਦੀ ਅਤੇ ਇਕ ਸੋਨੇ ਦਾ ਤਮਗਾ
ਜਿੱਤ ਚੁੱਕੇ ਹਨ।
50 ਕਿਲੋਮੀਟਰ ਪੈਦਲ ਚਾਲ ਵਿਚ ਗੁਰਪ੍ਰੀਤ ਦੇ ਹਿੱਸੇ 3 ਘੰਟੇ 50 ਮਿੰਟ ਦਾ ਰਿਕਾਰਡ
ਦਰਜ ਹੈ। ਅੰਤਰਰਾਸ਼ਟਰੀ ਪੱਧਰ ’ਤੇ ਗੁਰਪ੍ਰੀਤ ਸਿੰਘ ਦਾ 62ਵਾਂ ਰੈਂਕ ਹੈ। ਗੁਰਪ੍ਰੀਤ ਇਸ
ਸਮੇਂ ਆਰਮੀ ਦੀ 14 ਪੰਜਾਬ ਯੂਨਿਟ ਵਿਚ ਬਤੌਰ ਹੌਲਦਾਰ ਪੁਣੇ ਵਿਚ ਸੇਵਾ ਨਿਭਾਅ ਰਹੇ ਹਨ।
ਗੁਰਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਉਹ ਓਲੰਪਿਕਸ ਵਿਚ ਸੋਨ ਤਮਗਾ
ਹਾਸਲ ਕਰਕੇ ਦੇਸ਼ ਅਤੇ ਆਪਣਾ ਮਾਪਿਆਂ ਦਾ ਪੂਰੀ ਦੁਨੀਆ ਵਿਚ ਨਾਮ ਰੋਸ਼ਨ ਕਰਨ ਅਤੇ ਹੁਣ
ਉਨ੍ਹਾਂ ਨੂੰ ਆਪਣਾ ਸੁਫ਼ਨਾ ਪੂਰਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਉਹ ਗੁਆਉਣਗੇ ਨਹੀਂ
ਅਤੇ ਪੂਰੀ ਕੋਸ਼ਿਸ਼ ਕਰਨਗੇ ਕਿ ਉਹ 50 ਕਿਲੋਮੀਟਰ ਪੈਦਲ ਚਾਲ ਵਿਚ ਦੇਸ਼ ਲਈ ਸੋਨੇ ਦਾ ਤਮਗਾ
ਜਿੱਤ ਕੇ ਲਿਆਉਣ। ਗੁਰਪ੍ਰੀਤ ਨੇ ਕਿਹਾ ਕਿ ਉਹ ਭਾਰਤੀ ਫ਼ੌਜ ਦਾ ਹਮੇਸ਼ਾ ਕਰਜ਼ਦਾਰ ਰਹਿਣਗੇ,
ਜਿਨ੍ਹਾਂ ਨੇ ਉਸ ਨੂੰ ਰੋਜ਼ੀ-ਰੋਟੀ ਦਿੱਤੀ ਹੈ ਅਤੇ ਨਾਲ ਹੀ ਖੇਡ ਵਿਚ ਭਾਰਤ ਦੀ
ਨੁਮਾਇੰਦਗੀ ਕਰਨ ਦਾ ਮੌਕਾ ਵੀ ਦਿੱਤਾ ਹੈ।
|