ਕੈਥਲ ਦੇ ਸਿੱਖ ਹਰਵਿੰਦਰ ਸਿੰਘ ਨੂੰ ਮਿਲਿਆ ਟੋਕੀਓ ਪੈਰਾਲੰਪਿਕ ਦਾ ਟਿਕਟ, ਤੀਰਅੰਦਾਜ਼ੀ ’ਚ ਕਰਨਗੇ ਦੇਸ਼ ਦਾ ਨਾਂ ਰੌਸ਼ਨ
harvinder singh tokyo paralympic games archery target
ਸਪੋਰਟਸ ਡੈਸਕ--17ਜੁਲਾਈ-(MDP-ਬਿਊਰੋ)-- ਇਸ ਵਾਰ 23 ਅਗਸਤ ਤੋਂ ਪੰਜ ਸਤੰਬਰ ਤਕ ਟੋਕੀਓ ’ਚ ਪੈਰਾਲੰਪਿਕ ਖੇਡ ਹੋਣੇ ਹਨ। ਪੈਰਾਲੰਪਿਕ ਦੀ ਤੀਰਅੰਦਾਜ਼ੀ ਪ੍ਰਤੀਯੋਗਿਤਾ ਲਈ ਭਾਰਤ ਦੇ ਪੰਜ ਖਿਡਾਰੀਆਂ ਦੀ ਚੋਣ ਹੋਈ ਹੈ। ਇਨ੍ਹਾਂ ’ਚੋਂ ਇਕ ਪਿੰਡ ਅਜੀਤਨਗਰ ਕਸਬਾ ਗੁਹਲਾ ਜ਼ਿਲਾ ਕੈਥਲ ਵਸਨੀਕ ਹਰਵਿੰਦਰ ਸਿੰਘ ਦਾ ਨਾਂ ਵੀ ਸ਼ਾਮਲ ਹੈ। ਹਰਵਿੰਦਰ ਸਿੰਘ ਇਸ ਸਮੇਂ ਸੋਨੀਪਤ ਕੈਂਪ ’ਚ ਪੈਰਾਲੰਪਿਕ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 17 ਜੂਨ ਨੂੰ ਸੋਨੀਪਤ ’ਚ ਟੋਕੀਓ ਪੈਰਾਲੰਪਿਕ ’ਚ ਚੋਣ ਨੂੰ ਲੈ ਕੇ ਟ੍ਰਾਇਲ ਹੋਏ ਸਨ। ਇਸ ਤੋਂ ਪਹਿਲਾਂ 25 ਜਨਵਰੀ ਨੂੰ ਸੋਨੀਪਤ ’ਚ ਦੁਬਈ ’ਚ ਹੋਣ ਵਾਲੇ ਵਿਸ਼ਵ ਰੈਂਕਿੰਗ ਦੇ ਟ੍ਰਾਇਲ ਹੋਏ ਸਨ। ਇਸ ਦੇ ਲਈ ਅੱਠ ਖਿਡਾਰੀਆਂ ਦੀ ਚੋਣ ਹੋਈ ਸੀ। 21 ਤੋਂ 27 ਫ਼ਰਵਰੀ ਤਕ ਦੁਬਈ ’ਚ ਇਸ ਵਿਸ਼ਵ ਰੈਂਕਿੰਗ ਪ੍ਰਤੀਯੋਗਿਤਾ ’ਚ ਹਰਵਿੰਦਰ ਨੇ ਟੀਮ ਇਵੈਂਟ ’ਚ ਸੋਨ ਤਮਗ਼ਾ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ 2019 ’ਚ ਉਨ੍ਹਾਂ ਨੇ ਨੀਦਰਲੈਂਡ ’ਚ ਪ੍ਰਤੀਯੋਗਿਤਾ ’ਚ ਪੈਰਾਲੰਪਿਕ ਦਾ ਕੋਟਾ ਜਿੱਤ ਲਿਆ ਸੀ। ਦਸ ਦਈਏ ਕਿ ਕੰਪਾਊਂਡ ਈਵੈਂਟ ’ਚ 50 ਮੀਟਰ ਤੇ ਰਿਕਰਵ ਈਵੈਂਟ ’ਚ 70 ਮੀਟਰ ’ਤੇ ਨਿਸ਼ਾਨਾ ਲਾਉਣਾ ਹੁੰਦਾ ਹੈ।

ਸੋਨ ਤਮਗ਼ਾ ਲਿਆਉਣਾ ਹੈ ਟੀਚਾ
ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਹੁਣ ਇਕੋ ਟੀਚਾ ਹੈ ਕਿ ਉਹ ਪੈਰਾਲੰਪਿਕ ’ਚ ਦੇਸ਼ ਲਈ ਸੋਨ ਤਮਗ਼ਾ ਹਾਸਲ ਕਰਨਾ ਹੈ। ਇਸ ਦੇ ਲਈ ਉਹ ਸੋਨੀਪਤ ਕੈਂਪ ’ਚ ਸਖ਼ਤ ਅਭਿਆਸ ਕਰ ਰਹੇ ਹਨ। ਪ੍ਰਤੀਯੋਗਿਤਾ ਹੋਣ ਤਕ ਉਹ ਇੱਥੇ ਰਹਿਣਗੇ ਤੇ ਇਸ ਦੌਰਾਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਮਿਲਣਗੇ। ਕੋਰੋਨਾ ਦੇ ਸਮੇਂ ਵੀ ਉਨ੍ਹਾਂ ਨੇ ਆਪਣੇ ਘਰ ਤੋਂ ਹੀ ਆਰਚਰੀ ਦਾ ਅਭਿਆਸ ਕੀਤਾ ਸੀ।

ਹਰਵਿੰਦਰ ਸਿੰਘ ਦੀਆਂ ਉਪਲਬਧੀਆਂ

PunjabKesari
ਹਰਵਿੰਦਰ ਸਿੰਘ ਦੇਸ਼ ਦੇ ਪਹਿਲੇ ਤੀਰਅੰਦਾਜ਼ ਹਨ, ਜਿਨ੍ਹਾਂ ਨੇ 2018 ’ਚ ਇੰਡੋਨੇਸ਼ੀਆ ’ਚ ਹੋਈ ਏਸ਼ੀਅਨ ਪੈਰਾ ਗੇਮਸ ’ਚ ਭਾਰਤ ਲਈ ਰਿਕਰਵ ਈਵੈਂਟ ’ਚ ਸੋਨ ਤਮਗ਼ਾ ਹਾਸਲ ਕੀਤਾ ਸੀ। ਉਹ 6 ਵਾਰ ਦੇਸ਼ ਦੀ ਕੌਮਾਂਤਰੀ ਪੱਧਰ ’ਤੇ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਨੇ ਏਸ਼ੀਅਨ ਪੈਰਾ ਚੈਂਪੀਅਨਸ਼ਿਪ 2019 ’ਚ ਕਾਂਸੀ ਤਮਗਾ ਹਾਸਲ ਕੀਤਾ ਸੀ। ਜੂਨ 2019 ’ਚ ਉਨ੍ਹਾਂ ਨੇ ਨੀਦਰਲੈਂਡ ’ਚ ਆਯੋਜਿਤ ਵਰਲਡ ਪੈਰਾ ਆਰਚਰੀ ਚੈਂਪੀਅਨਸ਼ਿਪ ’ਚ ਪੈਰਾਲਪਿਕ 2020 ਲਈ ਕੋਟਾ ਹਾਸਲ ਕੀਤਾ ਸੀ। ਕੋਰੋਨਾ ਕਾਰਨ ਪੈਰਾਲੰਪਿਕ 2020 ਦੀ ਬਜਾਏ 2021 ’ਚ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬੀਜਿੰਗ ’ਚ 2017 ’ਚ ਹੋਈ ਵਰਲਡ ਪੈਰਾ ਆਰਚਰੀ ’ਚ ਉਨ੍ਹਾਂ ਨੇ ਸਤਵਾਂ ਸਥਾਨ ਹਾਸਲ ਕੀਤਾ। ਥਾਈਲੈਂਡ 2019 ’ਚ ਹੋਈ ਤੀਜੀ ਏਸ਼ੀਅਨ ਪੈਰਾ ਆਰਚਰੀ ਦੇ ਟੀਮ ਈਵੈਂਟ ’ਚ ਕਾਂਸੀ ਤਮਗਾ ਹਾਸਲ ਕੀਤਾ। ਰੋਹਤਕ ’ਚ 2016 ’ਚ ਉਨ੍ਹਾਂ ਨੇ ਪਹਿਲੀ ਵਾਰ ਪੈਰਾ ਆਰਚਰੀ ਨੈਸ਼ਨਲ ਪ੍ਰਤੀਯੋਗਿਤਾ ’ਚ ਕਾਂਸੀ ਤਮਗਾ ਹਾਸਲ ਕੀਤਾ। ਤੇਲੰਗਾਨਾ ’ਚ 2017 ’ਚ ਦੂਜੀ ਪੈਰਾ ਆਰਚਰੀ ਨੈਸ਼ਨਲ ਪ੍ਰਤੀਯੋਗਿਤਾ ’ਚ ਉਨ੍ਹਾਂ ਨੇ ਚਾਂਦੀ ਦਾ ਤਮਗਾ ਜਿੱਤਿਆ। ਉਨ੍ਹਾਂ ਨੇ ਰੋਹਤਕ ’ਚ 2019 ’ਚ ਤੀਜੀ ਪੈਰਾ ਆਰਚਰੀ ਨੈਸ਼ਨਲ ਪ੍ਰਤੀਯੋਗਿਤਾ ’ਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਸੀ।