.........ਕਹਾਣੀ- ਪੀੜਾ .....ਮਨਮੋਹਨ ਕੌਰ....
         --28,ਜੁਲਾਈ-(MDP-ਬਿਊਰੋ)-- manmohn_k.jpgਭੀੜ ਭੜੱਕੇ ਵਾਲੇ ਸ਼ਹਿਰ ਵਿੱਚੋਂ ਲੰਘਦਿਆਂ ਮੇਰਾ ਰੁੱਗ ਭਰ ਆਇਆ। ਜੀਅ ਕਰੇ ਕਿ ਇਸ ਸ਼ਹਿਰ ਦੀ ਤਮਾਮ ਟਰੈਫਿਕ ਨੂੰ ਰੋਕਣਾ ਮੇਰੇ ਵੱਸ ਹੁੰਦਾ, ਕੋਈ ਕੀ ਜਾਣੇ ਕਿਉਂ? ਕਿਉਂਕਿ ਇੱਥੇ ਮੇਰਾ ਬੱਚਾ ਸੌਂ ਰਿਹਾ ਹੈ, ਮੇਰੀ ਕੁੱਖ ਦੀ ਆਂਦਰ ਆਰਾਮ ਕਰ ਰਹੀ ਹੈ। ਸਮਝ ਨਹੀਂ ਪੈ ਰਹੀ ਕਿ ਮੈਂ ਇਸ ਸ਼ਹਿਰ ਨੂੰ ਨਫ਼ਰਤ ਕਰਾਂ ਜਾਂ ਮੋਹ... ਘ੍ਰਿਣਾ ਇਸ ਲਈ ਕਿ ਇਸ ਸ਼ਹਿਰ ਵਿੱਚ ਆ ਕੇ ਮੇਰੇ ਬੱਚੇ ਨੂੰ ਜ਼ਿੰਦਗੀ ਨਹੀਂ ਮਿਲੀ ਜਦੋਂ ਕਿ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਸ਼ਹਿਰ ਵਿੱਚ ਆ ਕੇ ਮੋਏ ਵੀ ਜਿਉਂਦੇ ਹੋ ਜਾਂਦੇ ਨੇ। ਇਸ ਸ਼ਹਿਰ ਨਾਲ ਮੇਰਾ ਮੋਹ ਇਸ ਲਈ ਹੈ ਕਿ ਮੇਰੇ ਜਿਸਮ ਦਾ ਟੁਕੜਾ ਇੱਥੇ ਆਰਾਮ ਕਰ ਰਿਹਾ ਹੈ। ਸ਼ਾਇਦ ਮੇਰੀ ਜ਼ਿੰਦਗੀ ਦੇ ਇਤਿਹਾਸ ਵਿੱਚ ਨਾ ਭੁੱਲਣ ਵਾਲੇ ਪਲ ਨਾ ਭੁੱਲਣ ਵਾਲੀ ਘਟਨਾ ਹੋਵੇ।
           ਕਹਿੰਦੇ ਹਨ ਜਦੋਂ ਇਨਸਾਨ ਕਿਸੇ ਵੀ ਦੁੱਖ ਜਾਂ ਬਿਪਤਾ ਵਿੱਚ ਹੋਵੇ, ਤਾਂ ਉਸ ਨੂੰ ਮਾਂ ਯਾਦ ਆਉਂਦੀ ਹੈ। ਮੈਨੂੰ ਵੀ ਅੱਜ ਆਪਣੀ ਮਾਂ ਦੀ ਗੋਦ ਅਤੇ ਬਚਪਨ ਯਾਦ ਆ ਰਿਹਾ ਹੈ। ਮੰਮੀ ਦੱਸਦੇ ਨੇ ਕਿ ਤੇਰੇ ਦਾਦਾ ਜੀ ਨੇ ਤੇਰੇ ਜੰਮਣ ਵਕਤ ਦੇਖ ਕੇ ਕਿਹਾ ਸੀ ਇਹ ਬੱਚੀ ਫੁੱਲਾਂ ਜਿੰਨੀ ਨਾਜ਼ੁਕ ਅਤੇ ਸੁੰਦਰ ਹੈ। ਇਵੇਂ ਜਾਪਦਾ ਹੈ ਜਿਵੇਂ ਫੁੱਲਾਂ ਦੀ ਰਾਣੀ ਹੋਵੇ.. ਤੇ ਉਹ ਮੈਨੂੰ ਫੁੱਲਾ ਰਾਣੀ ਕਹਿ ਕੇ ਹੀ ਬੁਲਾਉਂਦੇ ਸਨ। ਸੱਚ ਮੇਰਾ ਬਚਪਨ ਫੁੱਲਾਂ ਦੀ ਸੇਜ ਤੇ ਬੀਤਿਆ। ਮੰਮੀ, ਪਾਪਾ ਨੇ ਮੈਨੂੰ ਕੰਡੇ ਦੀ ਚੋਭ ਵੀ ਮਹਿਸੂਸ ਨਹੀਂ ਹੋਣ ਦਿੱਤੀ। ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਿਆ... ਮਨ ਪਸੰਦ ਮੀਤ ਮਿਲਿਆ... ਘਰ ਪਰਿਵਾਰ ਵੀ ਪਿਆਰ ਵਾਲੇ ਅਤੇ ਹੁਣ ਇੱਕ ਸੁੰਦਰ ਬੱਚੀ ਦੀ ਮਾਂ ਵੀ ਹਾਂ। ਅਜੇ ਤਾਂ ਮੇਰੇ ਸੁੰਦਰ ਭਵਿੱਖ ਦੀ ਸ਼ੁਰੂਆਤ ਹੈ। ਫੇਰ ਮੇਰੇ ਭਾਗਾਂ ਵਿੱਚ ਇਹ ਕੰਡੇ ਕਿਸ ਨੇ ਬੀਜ ਦਿੱਤੇ, ਜਿਨ੍ਹਾਂ ਤੋਂ ਮੈਂ ਬੇਖ਼ਬਰ ਸੀ। ਪੁੱਤਰ ਪ੍ਰਾਪਤੀ ਦਾ ਮੋਹ ਸ਼ਾਇਦ ਸਥਿਤੀਆਂ ਨੇ ਮੇਰੇ ਅੰਦਰ ਬੀਜ ਦਿੱਤਾ ਹੈ। ਇਹ ਸੱਚ ਹੈ ਕਿ ਮੈਂ ਲੜਕੀ ਹਾਂ.. ਅਤੇ ਇੱਕ ਬੱਚੀ ਦੀ ਮਾਂ ਵੀ... ਮੇਰੇ ਘਰ ਬੇਟੀ ਹੋਈ ਤਾਂ ਮੇਰੀਆਂ ਅੱਖਾਂ ਨੇ ਅੱਥਰੂਆਂ ਦੀ ਝੜੀ ਲਗਾ ਦਿੱਤੀ ਸੀ। ਕਿਉਂਕਿ ਮੈਨੂੰ ਬੇਟੇ ਦੀ ਮਾਂ ਬਣਨ ਦੀ ਲਲਕ ਸੀ ਅਤੇ ਆਸ ਵੀ ਸੀ ਕੀ ਇਹ ਬੱਚਾ ਲੜਕਾ ਹੀ ਹੋਵੇਗਾ। ਜਿਵੇਂ ਸਾਰੇ ਕਹਿੰਦੇ ਸਨ ਕਿ ਤੇਰੇ ਆਸਾਰ ਮੁੰਡੇ ਵਾਲੇ ਨੇ ਜਿਵੇਂ ਕਿ ਜ਼ਿਆਦਾ ਸਮੇਂ ਮਿੱਠਾ ਖਾਣ ਨੂੰ ਦਿਲ ਕਰਦਾ ਸੀ, ਕੰਮ ਕਰਨ ਵਿੱਚ ਸੁਸਤੀ ਨਹੀਂ ਆਉਂਦੀ ਸੀ। ਇਸ ਲਈ ਮੇਰਾ ਮਨ ਕਹਿੰਦਾ ਸੀ ਕਿ ਮੇਰੀ ਝੋਲੀ ਵਿੱਚ ਮੁੰਡੇ ਦੀ ਦਾਤ ਪ੍ਰਾਪਤ ਹੋਵੇਗੀ। ਪਰ ਮੇਰੇ ਭਾਗਾਂ ਵਿੱਚ ਕੰਨਿਆ ਦਾ ਹੀ ਹੋਣਾ ਲਿਖਿਆ ਸੀ ਤੇ ਉਹ ਹੋਇਆ। ਭਾਵੇਂ ਮੈਨੂੰ ਸਾਰੇ ਹੌਂਸਲਾ ਦਿੰਦੇ ਰਹੇ ਪਰ ਮੈਨੂੰ ਸਭ ਦੇ ਹਮਦਰਦੀ ਸ਼ਬਦ ਸੂਲਾਂ ਵਾਂਗੂੰ ਚੁਭ ਰਹੇ ਸਨ। ਮੰਮੀ ਮੈਨੂੰ ਕਹਿ ਰਹੇ ਸਨ ਕਿ ਜਦੋਂ ਤੂੰ ਹੋਈ ਸੀ, ਤੇਰੇ ਦਾਦਾ ਜੀ ਨੇ ਮੈਨੂੰ ਦੇਖ ਕੇ ਕਿਹਾ ਸੀ ਕਿ ‘ਉਹ ਨਾਰ ਸੁਲੱਖਣੀ ਜੋ ਜਾਏ ਪਹਿਲਾਂ ਲੱਛਮੀ’। ਬੇਟਾ ਤੇਰੇ ਪਾਪਾ ਨੇ ਤੇਰੇ ਜਨਮ ਤੇ ਕਿੰਨੀਆਂ ਖੁਸ਼ੀਆਂ ਮਨਾਈਆਂ ਸਨ। ਤੂੰ ਤਾਂ ਸੱਚਮੁੱਚ ਸਾਡੇ ਘਰ ਲਈ ਲੱਛਮੀ ਸਾਬਿਤ ਹੋਈ ਸੀ, ਤੇਰੇ ਹੱਥਾਂ ਦੀਆਂ ਛੇ ਛੇ ਉਂਗਲਾਂ ਦੇਖ ਕੇ ਸਭ ਨੇ ਕਿਹਾ ਕਿ ਮਾਈ ਭਾਗੋ ਆ ਗਈ ਹੈ ਤੇ ਤੂੰ ਸਚਮੁੱਚ ਪਰਿਵਾਰ ਲਈ ਲੱਛਮੀ ਸਾਬਿਤ ਹੋਈ। ਮੇਰੇ ਹੋਣ ਤੇ 40 ਦਿਨ ਬਾਅਦ ਹੀ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਸੀ। ਤੇਰੇ ਪੈਰਾਂ ਨਾਲ ਹੀ ਤਾਂ ਘਰ ਲੱਛਮੀ ਆਉਣੀ ਸ਼ੁਰੂ ਹੋਈ ਸੀ। ਉਧਰ ਮੇਰੀ ਸਾਸੂ ਮੰਮੀ ਨੇ ਵੀ ਹੌਂਸਲਾ ਦਿੱਤਾ ਸੀ ਕਿ ਤੂੰ ਲੜਕੀ ਦਾ ਫਿਕਰ ਕਿਉਂ ਕਰਦੀ ਏ, ਇਹ ਮੇਰੀ ਪੋਤੀ ਨਹੀਂ ਧੀ ਬਣ ਕੇ ਆਈ ਏ। ਪਹਿਲਾਂ ਦੋ ਪੁੱਤਰ ਸਨ, ਹੁਣ ਪੋਤੀ ਰੂਪੀ ਧੀ ਮਿਲ ਗਈ ਹੈ, ਪਰ ਮੈਨੂੰ ਕਿਸੇ ਦੇ ਸ਼ਬਦਾਂ ਨਾਲ ਦਿਲਾਸਾ ਨਹੀਂ ਮਿਲ ਰਿਹਾ ਸੀ। ਮੇਰੇ ਅੰਦਰ ਪੁੱਤਰ ਪ੍ਰਾਪਤੀ ਦੀ ਲਾਲਸਾ ਘਰ ਕਰ ਚੁੱਕੀ ਸੀ ਕਿ ਪੁੱਤਰ ਜ਼ਿਆਦਾ ਨਿਰਾਲੇ ਹੁੰਦੇ ਹਨ।
           ਭਾਵੇਂ ਕੁਆਰਿਆਂ ਮੈਂ ਉਲਟ ਸੋਚਦੀ ਸਾਂ ਕਿ ਲੋਕੀ ਧੀ ਦੀ ਸ਼ਾਇਦ ਜ਼ਿੰਮੇਵਾਰੀ ਤੋਂ ਘਬਰਾਉਂਦੇ ਹਨ। ਜਦੋਂ ਕਿ ਮਾਂ ਇੱਕ ਧੀ ਨੂੰ ਜਨਮ ਦੇ ਕੇ ਸੁੰਦਰਤਾ ਨੂੰ ਜਨਮ ਦਿੰਦੀ ਹੈ ਜਿਸਦਾ ਸਾਰਾ ਸੰਸਾਰ ਦੀਵਾਨਾ ਬਣ ਜਾਂਦਾ ਹੈ। ਜਦੋਂ ਕੋਈ ਕਿਸੇ ਜਵਾਨ ਧੀ ਨੂੰ ਸਲਾਹੁੰਦਾ ਹੈ ਤਾਂ ਮਾਂ ਨੂੰ ਧੀ ਦਾ ਜਨਮ ਦੇਣ ਤੇ ਮਾਣ ਮਹਿਸੂਸ ਹੁੰਦਾ ਹੈ। ਪਰ ਧੀਆਂ ਤਾਂ ਧਰੇਕ ਵਾਂਗੂੰ ਵਧਦੀਆਂ ਭਾਵੇਂ ਜਿਹੋ ਜਿਹਾ ਖਾਣ ਪੀਣ ਨੂੰ ਮਿਲੇ। ਉਹ ਆਪਣੀ ਹੋਂਦ ਕਾਇਮ ਕਰ ਲੈਂਦੀਆਂ ਹਨ। ਉਦੋਂ ਮੈਂ ਕਈ ਵਾਰੀ ਸੋਚਦੀ ਸਾਂ ਕਿ ਲੋਕੀ ਕਿਉਂ ਝੂਠਾ ਪੁੱਤਰ ਪ੍ਰਾਪਤੀ ਦਾ ਮੋਹ ਰੱਖਦੇ ਹਨ। ਸਾਧੂ ਸੰਤਾਂ ਕੋਲ ਜਾਂਦੇ ਹਨ, ਸੌ ਦਵਾ ਦਾਰੂ ਕਰਦੇ ਹਨ ਜਦੋਂ ਕਿ ਧੀਆਂ ਦੀ ਮਾਂ ਨੂੰ ਤਾਂ ਆਪਣੀ ਪਸੰਦ ਦਾ ਪੁੱਤਰ ਪਲਿਆ ਪਲਾਇਆ ਅਤੇ ਪੜ੍ਹਿਆ ਲਿਖਿਆ ਜਵਾਈ ਦੇ ਰੂਪ ਵਿੱਚ ਮਿਲ ਸਕਦਾ ਹੈ। ਪੁੱਤਰਾਂ ਨਾਲੋਂ ਜਵਾਈ ਤਾਂ ਜ਼ਿਆਦਾ ਖ਼ਿਆਲ ਕਰਦੇ ਹਨ, ਸੇਵਾ ਕਰਦੇ ਹਨ ਪਰ ਹੁਣ ਮੈਂ ਆਪਣੇ ਆਪ ਨੂੰ ਆਮ ਲੋਕਾਂ ਵਾਲੀ ਉਸੇ ਸਥਿਤੀ ਵਿੱਚ ਮਹਿਸੂਸ ਕਰ ਰਹੀ ਹਾਂ ਅਤੇ ਮੈਂ ਸੋਚ ਰਹੀ ਹਾਂ ਕਿ ਕੋਈ ਮੇਰੇ ਤੋਂ ਪੁੱਛੇ ਕਿ ਮੈਨੂੰ ਲੜਕੀ ਬਣਨਾ ਮਨਜ਼ੂਰ ਹੈ ਜਾਂ ਲੜਕਾ, ਤਾਂ ਮੇਰਾ ਜਵਾਬ ਹੋਵੇਗਾ... ਲੜਕਾ.. ਪਰ ਕਿਉਂ? ਇਸ ਦਾ ਕਾਰਨ ਸ਼ਾਇਦ ਇੱਕ ਇਹ ਵੀ ਹੋ ਸਕਦਾ ਹੈ ਕਿ ਹਮੇਸ਼ਾਂ ਹਰ ਸੈਕਸ ਦੇ ਇਨਸਾਨ ਨੂੰ ਵਿਰੋਧੀ ਸੈਕਸ ਦਾ ਆਕਰਸ਼ਣ ਹੁੰਦਾ ਹੈ ਜਿਵੇਂ ਕਿ ਮਾਂ ਨੂੰ ਬੇਟਾ ਅਤੇ ਪਿਉ ਨੂੰ ਪੁੱਤਰੀ ਜ਼ਿਆਦਾ ਪਿਆਰੀ ਲੱਗਦੀ ਹੈ। ਬਹੁਤ ਸਾਰੇ ਕਲਯੁਗੀ ਮਾਂ ਪਿਉ ਜਾਂ ਭੈਣ ਭਰਾ ਇਸ ਪ੍ਰਵਿਰਤੀ ਕਾਰਨ ਹੀ ਜਾਨਵਰਾਂ ਵਾਂਗੂੰ ਨਜਾਇਜ਼ ਰਿਸ਼ਤੇ ਬਣਾ ਇੱਕ ਦੂਸਰੇ ਨੂੰ ਭੋਗਦੇ ਹਨ। ਦੂਸਰਾ ਪ੍ਰਮਾਤਮਾ ਨੇ ਵੀ ਔਰਤ ਮਰਦ ਦੀ ਸਰੀਰਿਕ ਬਣਤਰ ਵਿੱਚ ਫਰਕ ਪਾਇਆ ਹੈ। ਜਿਸ ਕਾਰਨ ਮੈਨੂੰ ਲੜਕੀ ਹੋਣ ਕਾਰਨ ਹਿਫ਼ਾਜ਼ਤ ਦੀਆਂ ਚਾਰ ਦੀਵਾਰਾਂ ਵਿੱਚ ਰਹਿਣ ਤੇ ਮੈਨੂੰ ਸਖ਼ਤ ਨਫ਼ਰਤ ਹੈ। ਸ਼ਾਇਦ ਸੁੰਦਰਤਾ ਅਤੇ ਦੂਸਰਾ ਔਰਤ ਹੋਣਾ ਹੀ ਔਰਤ ਲਈ ਨਾਗਵਾਰ ਸਾਬਤ ਹੋ ਜਾਂਦਾ ਹੈ। ਲੜਕੀ ਨੂੰ ਜਨਮ ਤੋਂ ਜਵਾਨੀ ਤੱਕ ਪਹੁੰਚਣ ਲਈ ਇੰਨੇ ਕਸ਼ਟਾਂ ਚੋਂ ਲੰਘਣਾ ਪੈਂਦਾ ਹੈ। ਉਸ ਦੁੱਖ ਤੋਂ ਹੀ ਸ਼ਾਇਦ ਔਰਤ ਡਰ ਜਾਂਦੀ ਹੈ ਅਤੇ ਆਪਣੇ ਵਰਗੀ ਇੱਕ ਹੋਰ ਔਰਤ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਜਿਸਨੂੰ ਉਸ ਵਾਂਗੂੰ ਕਦਮ ਕਦਮ ਤੇ ਆਪਣੀ ਹੋਂਦ ਅਤੇ ਅਸਤਿਤੱਵ ਨੂੰ ਕਾਇਮ ਰੱਖਣ ਲਈ ਜੂਝਣਾ ਪਵੇ। ਇਸ ਲਈ ਔਰਤ ਮਰਦ ਨਾਲੋਂ ਵੱਖਰੀ ਸਰੀਰਿਕ ਬਣਤਰ ਅਤੇ ਸਰੀਰਿਕ ਪ੍ਰਕਿਰਿਆ ਕਾਰਨ ਹੀ ਹੀਣ-ਭਾਵਨਾ ਦਾ ਸ਼ਿਕਾਰ ਹੋ ਜਾਂਦੀ ਹੈ।
           ਜਿਵੇਂ ਮੇਰੇ ਲਈ ਮਾਸਿਕ ਧਰਮ ਦੀ ਪੀੜਾ ਹੀ ਅਸਹਿ ਹੁੰਦੀ ਹੈ। ਹਰ ਮਹੀਨੇ ਦੇ ਇਸ ਫਿਕਰ ਨਾਲ ਮੈਂ ਜੋ ਕੈਰੀਅਰ ਲੈਣਾ ਚਾਹੁੰਦੀ ਸਾਂ, ਨਾ ਲੈ ਸਕੀ ਅਤੇ ਨਾ ਹੀ ਆਪਣੀ ਮਨ ਪਸੰਦ ਖੇਡ ਅਪਣਾ ਸਕੀ। ਕਿਉਂਕਿ ਗੇਮਜ਼ ਲਈ ਮੈਚ ਖੇਡਣ ਦੂਰ ਦੁਰਾਡੇ ਸ਼ਹਿਰ ਵਿੱਚ ਜਾਣਾ ਪੈਂਦਾ ਸੀ ਅਤੇ ਮੈਂ ਆਪਣੇ ਆਪ ਦੀ ਹਿਫ਼ਾਜ਼ਤ ਲਈ ਆਪਣੇ ਆਪ ਨੂੰ ਮਾਪਿਆਂ ਤੋਂ ਦੂਰ ਰਹਿਣਾ ਠੀਕ ਨਹੀਂ ਸਮਝਿਆ। ਜੇ ਮੈਂ ਲੜਕਾ ਹੁੰਦੀ ਤਾਂ ਆਜ਼ਾਦੀ ਨਾਲ ਘੁੰਮ ਫਿਰ ਸਕਦੀ ਸਾਂ। ਆਪਣੀ ਮਰਜ਼ੀ ਮੁਤਾਬਿਕ ਕੈਰੀਅਰ ਬਣਾ ਸਕਦੀ ਸੀ।
           ਮੈਂ ਸਮਝਦੀ ਹਾਂ ਕਿ ਲੜਕੀ ਹਮੇਸ਼ਾ ਡਰ ਅਤੇ ਯਾਤਨਾ ਦੇ ਸਾਏ ਚ ਕਿਉਂ ਜਿਉਂਦੀ ਹੈ। ਲੜਕੀ ਦਾ ਸੋਹਣੇ ਹੋਣਾ ਅਤੇ ਗੁਣਾਂ ਨਾਲ ਭਰਪੂਰ ਹੋਣਾ ਵੀ ਕਈ ਵਾਰ ਸਰਾਪ ਸਾਬਿਤ ਹੁੰਦਾ ਹੈ। ਇਸ ਕਹਾਵਤ ਚ ਸੱਚਮੁੱਚ ਕਿੰਨੀ ਸੱਚਾਈ ਹੈ ਜਿਵੇਂ ਬਜ਼ੁਰਗ ਕਹਿੰਦੇ ਹਨ ਕੇ ਕੁੜੀ ਤਾਂ ਆਟੇ ਦੇ ਪੇੜੇ ਨਿਆਈ ਹੈ। ਬਾਹਰ ਰੱਖੋ ਤਾਂ ਕਾਵਾਂ ਚੀਲਾਂ ਦਾ ਡਰ, ਅੰਦਰ ਰੱਖੋ ਤਾਂ ਚੂਹੇ ਤੋਂ ਚੁਰਾਉਣ ਦਾ ਡਰ... ਤਾਹੀਉਂ ਤਾਂ ਪੁਰਾਣ ਲੋਕ ਭੈਣ ਭਰਾ ਜਾਂ ਪਿਉ ਦੀ ਦੇ ਇੱਕੋ ਜਗਾ ਸੌਣ ਤੋਂ ਰੋਕਦੇ ਸਨ ਕਿਉਂਕਿ ਦੁੱਧ ਅਤੇ ਬੁੱਧ ਭਰਿਸ਼ਟ ਹੁੰਦਿਆਂ ਨੂੰ ਸਮਾਂ ਨਹੀਂ ਲੱਗਦਾ, ਘਿਉ ਅਤੇ ਅੱਗ ਦਾ ਮੇਲ ਹਮੇਸ਼ਾਂ ਹੀ ਖ਼ਤਰਨਾਕ ਹੁੰਦਾ ਹੈ।
           ਯਾਦ ਹੈ ਜਦੋਂ ਮੈਂ ਪਹਿਲੀ ਵਾਰ ਕਾਲਜ ਵਿੱਚ ਪ੍ਰਵੇਸ਼ ਲਿਆ ਸੀ ਤਾਂ ਮੰਮੀ ਨੇ ਕਿਹਾ ਸੀ, “ਬੇਟਾ! ਭਵਿੱਖ ਤੁਹਾਡਾ ਹੈ ਬਣਾਉ ਜਾਂ ਸੰਵਾਰੋ, ਇਸ ਦਾ ਅਸਰ ਬੱਚੇ ਨੇ ਖ਼ੁਦ ਹੀ ਭੁਗਤਣਾ ਹੈ, ਜ਼ਿੰਦਗੀ ਵਿੱਚ ਭਾਵਾਤਮਕ ਅਤੇ ਰੋਮਾਂਟਿਕ ਹੋਣ ਦੇ ਲਈ ਕਾਫ਼ੀ ਸਮਾਂ ਹੈ। ਇਹ ਸਮਾਂ ਕੁਝ ਬਣਨ ਬਣਾਉਣ ਦਾ ਹੈ ਪਰ ਜੇ ਤੁਹਾਡਾ ਪੈਰ ਇੱਕ ਵਾਰੀ ਥਿੜਕ ਗਿਆ ਤਾਂ ਲੜਕੀ ਦਾ ਜੀਵਨ ਘੋਰ ਨਰਕ ਬਣ ਜਾਂਦਾ ਹੈ।” ਮਾਂ ਦੱਸਦੀ ਸੀ ਕਿ ਮਰਦਾਂ ਜਾਂ ਪੁੱਤਰਾਂ ਦਾ ਕੀ ਹੈ ਉਹ ਤਾਂ ਨਹਾਤੇ ਧੋਤੇ ਘੋੜੇ ਨੇ। ਉਨ੍ਹਾਂ ਦਾ ਹਰ ਪਾਪ ਮਰਦਾਨਗੀ ਵਿੱਚ ਛਿਪ ਜਾਂਦਾ ਹੈ ਪਰ ਜੇ ਲੜਕੀ ਕੁਕਰਮ ਕਰ ਬੈਠੇ ਤਾਂ ਉਸ ਦਾ ਢਿੱਡ ਬੋਲਦਾ ਹੈ। ਜੇ ਲੜਕੀ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਬਿਖੜੇ ਪੈਂਡਿਆਂ ਦੀ ਉਘਰ ਤੋਂ ਲੰਘ ਜਾਂਦੀ ਹੈ ਤਾਂ ਮਾਂ-ਬਾਪ ਵਾਸਤੇ ਉਸਦੇ ਵਿਆਹ ਚ ਦਹੇਜ਼ ਦੇਣ ਦੀ ਰਸਮ ਕਿਸੀ ਦੈਂਤ ਵਾਂਗੂੰ ਮੂੰਹ ਪਾੜ ਕੇ ਖੜੀ ਹੋ ਜਾਂਦੀ ਹੈ ਕਿਉਂਕਿ ਕਈ ਸਹੁਰਿਆਂ ਦੀ ਪੈਸੇ ਦੀ ਹਵਸ ਨਾ ਮੁੱਕਣ ਵਾਲੀ ਹੁੰਦੀ ਹੈ। ਸ਼ਾਇਦ ਇਸ ਲਈ ਔਰਤ ਲੜਕੀ ਦੀ ਮਾਂ ਬਣਨ ਤੋਂ ਡਰਦੀ ਹੈ। ਹਰ ਮਾਂ ਦੀ ਧੀ ਕਿਰਨ ਬੇਦੀ, ਰੁਪਨ ਦਿਉਲ, ਇੰਦਰਾ ਗਾਂਧੀ, ਕਲਪਨਾ ਚਾਵਲਾ, ਐਸ਼ਵਰਿਆ ਰਾਏ ਤਾਂ ਨਹੀਂ ਹੋ ਸਕਦੀ। ਇਸ ਲਈ ਲੜਕੇ ਦੀ ਮਾਂ ਬਣਨ ਲਈ ਬਜ਼ਿੱਦ ਔਰਤ ਭਰੂਣ ਹੱਤਿਆ ਲਈ ਵੀ ਆਪਣੀ ਜ਼ਿੰਦਗੀ ਦਾਅ ਤੇ ਲਗਾਉਂਦੀ ਹੈ। ਟੈਸਟ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਿਹੜੀ ਜ਼ਿੰਦਗੀ ਮੌਤ ਦੀ ਪ੍ਰਕਿਰਿਆ ਵਿੱਚੋਂ ਲੰਘਦੀ ਹੈ ਉਸ ਦੀ ਕਲਪਨਾ ਹੀ ਲੂੰਅ ਕੰਡੇ ਖੜੇ ਕਰਨ ਵਾਲੀ ਹੁੰਦੀ ਹੈ। ਭਾਵੇਂ ਭਰੂਣ ਹੱਤਿਆ ਅਪਰਾਧ ਹੈ, ਇਸ ਤੇ ਸਖ਼ਤ ਕਾਨੂੰਨ ਲਾਉਣੇ, ਭਾਸ਼ਨ ਦੇਣੇ ਸੌਖੇ ਹਨ, ਸੋਚੋ ਤਾਂ ਸਹੀ ਪਰ ਜਿਹੜੀ ਮਾਂ ਇਹ ਅਪਰਾਧ ਕਰਦੀ ਹੈ, ਉਸ ਲਈ ਆਪਣੇ ਜਿਗਰ ਦੇ ਟੁਕੜੇ ਨੂੰ ਕਤਲ ਕਰਨਾ ਸੌਖਾ ਤਾਂ ਨਹੀ...। ਉਹ ਸਿਰਫ਼ ਇਸ ਲਈ ਕਰਦੀ ਹੈ ਕਿ ਹਰ ਕਦਮ ਤੇ ਮਰਨ ਨਾਲੋਂ ਇੱਕ ਵਾਰੀ ਮਰਨਾ ਅੱਛਾ ਹੈ।
           ਹੁਣ ਮੈਂ ਜਦੋਂ ਫਿਰ ਉਮੀਦ ਵਿੱਚ ਹੋਈ ਤਾਂ ਮੇਰੇ ਮਨ ਵਿੱਚ ਇੱਕ ਅਜੀਬ ਜਿਹਾ ਡਰ ਛਾਇਆ ਹੋਇਆ ਸੀ ਕਿ ਕਿਧਰੇ ਮੇਰੇ ਫਿਰ ਲੜਕੀ ਨਾ ਹੋ ਜਾਏ। ਜੇ ਮੇਰਾ ਪਹਿਲਾ ਬੱਚਾ ਲੜਕਾ ਹੁੰਦਾ ਤਾਂ ਸ਼ਾਇਦ ਇਹੋ ਡਰ ਕਦੀ ਮੇਰੇ ਮਨ ਵਿੱਚ ਨਾ ਹੁੰਦਾ। ਪਤਾ ਨਹੀਂ ਕਿਉਂ ਮੈਨੂੰ ਹੀਣ ਭਾਵਨਾ ਜਿਹੀ ਮਹਿਸੂਸ ਹੋ ਰਹੀ ਹੈ ਕਿ ਮੈਂ ਕਦੇ ਪੁੱਤਰ ਦੀ ਮਾਂ ਬਣ ਸਕਾਂਗੀ ਜਾਂ ਨਹੀਂ। ਮੇਰਾ ਬਹਿਣਾ, ਉੱਠਣਾ, ਖਾਣਾ-ਪੀਣਾ ਪਹਿਲੇ ਬੱਚੇ ਵਾਂਗੂੰ ਸੀ। ਕਿਸੀ ਚੀਜ਼ ਵਸਤ ਨੂੰ ਉਚੇਚੇ ਤੌਰ ਤੇ ਖਾਣ ਨੂੰ ਦਿਲ ਨਹੀਂ ਕਰਦਾ ਸੀ।
           ਮਨ ’ਚ ਖੌਫ ਲੈ ਕੇ ਬੱਚੇ ਨੂੰ ਪੰਜ ਮਹੀਨੇ ਕੁੱਖ ਵਿੱਚ ਰੱਖਿਆ। ਜਦੋਂ ਮੈਂ ਡਾਕਟਰ ਕੋਲ ਟੈਸਟ ਕਰਾਉਣ ਪਹੁੰਚੀ ਤਾਂ ਉਨ੍ਹਾਂ ਨੇ ਟੈਸਟ ਤੋਂ ਸਾਫ਼ ਇਨਕਾਰ ਕਰ ਦਿੱਤਾ। “ਇਹ ਸਭ ਕੁਝ ਹੁਣ ਕਾਨੂੰਨੀ ਅਪਰਾਧ ਹੈ। ਮੈਂ ਕਿਸੀ ਝੰਜਟ ’ਚ ਫਸਣਾ ਨਹੀਂ ਚਾਹੁੰਦੀ। ਟੈਸਟ ਤਾਂ ਕਰਾਂ ਜੇ ਮੈਂ ਤੇਰੀ ਆਬਰਸ਼ਨ ਕਰ ਸਕਾਂ। ਫੇਰ ਕੀ ਫਾਇਦਾ ਇੰਨਾ ਚਿਰ ਪਹਿਲਾਂ ਕੁੜੀ ਮੁੰਡੇ ਦੀ ਟੈਨਸ਼ਨ ਲੈਣ ਦਾ..” ਡਾਕਟਰ ਨੇ ਮੈਨੂੰ ਚੇਤਾਵਨੀ ਭਰੀ ਸਲਾਹ ਦਿੱਤੀ।
           ਬੇਟਾ ਦੇਖ ਤੇਰੀ ਇੰਨੀ ਪਿਆਰੀ ਬੇਟੀ ਹੈ। ਤੂੰ ਕਿਉਂ ਘਬਰਾ ਰਹੀ ਹੈ, ਕੀ ਤੇਰੇ ਸਹੁਰੇ ਪਰੇਸ਼ਾਨ ਕਰਦੇ ਹਨ? ਪੁੱਤਰ ਧੀ ਵਿੱਚ ਕੋਈ ਫਰਕ ਨਹੀਂ.. ਰਾਜੇ! ਤੂੰ ਵੀ ਤਾਂ ਕਿਸੇ ਦੀ ਧੀ ਹੈ, ਕੀ ਤੇਰੀ ਮਾਂ ਤੈਨੂੰ ਜਨਮ ਦੇਣ ਵਿੱਚ, ਤੈਨੂੰ ਪਾਲਣ ਵਿੱਚ ਘਬਰਾਈ ਹੈ।
           “ਨਹੀਂ ਡਾਕਟਰ ਸਾਹਿਬ! ਇਹ ਡਰ ਮੇਰੇ ਖ਼ੁਦ ਦਾ ਹੈ। ਬਸ ਮੇਰੇ ਅੰਦਰ ਇੱਕ ਪੁੱਤਰ ਦੀ ਮਾਂ ਬਣਨ ਦੀ ਲਾਲਸਾ ਹੈ। ਸੱਚ ਜਾਣੋ! ਡਾਕਟਰ! ਇਹ ਬੱਚਾ ਮੇਰੇ ਅਣਜਾਣੇ ਅਤੇ ਅਨਭੋਲ ਸਥਿਤੀ ਵਿੱਚ ਕੁੱਖ ਵਿੱਚ ਆਇਆ ਹੈ ਜਦੋਂ ਕਿ ਮੇਰਾ ਪਹਿਲਾ ਅਜੇ ਬਹੁਤ ਛੋਟਾ ਹੈ। ਮੈਂ ਪਹਿਲਾਂ ਹੀ ਅਬੋਰਸ਼ਨ ਕਰਾਉਣਾ ਚਾਹੁੰਦੀ ਸਾਂ, ਪਰ ਇਹ ਸੋਚ ਕੇ ਟੈਸਟ ਕਰਾਉਣ ਤੋਂ ਬਾਅਦ ਕਨਫਰਮ ਹੋਣ ਤੇ ਇਹ ਕੰਮ ਕਰਾਂਗੀ।” ਡਾਕਟਰ ਨੇ ਮੈਨੂੰ ਫਿਰ ਹੌਂਸਲਾ ਦਿੱਤਾ ਕਿ ਪ੍ਰਮਾਤਮਾ ਤੈਨੂੰ ਉਹ ਹੀ ਜ਼ਰੂਰ ਫ਼ਲ ਦੇਵੇਗਾ ਜੋ ਤੂੰ ਚਾਹੁੰਦੀ ਹੈ। ਤੇਰੀ ਪਹਿਲੀ ਡਿਲੀਵਰੀ ਨੂੰ ਅਜੇ ਥੋੜ੍ਹਾ ਸਮਾਂ ਹੋਇਆ ਹੈ, ਟਾਂਕੇ ਕੱਚੇ ਹਨ, ਇਸ ਸਟੇਜ ਤੇ ਅਬੋਰਸ਼ਨ ਕਰਨ ਦਾ ਤੇਰੇ ਲਈ ਵੀ ਖ਼ਤਰਾ ਹੈ। ਮੈਂ ਉੱਥੋਂ ਉੱਠ ਕੇ ਕਈ ਡਾਕਟਰਾਂ ਦੇ ਦਰਵਾਜ਼ੇ ਤੇ ਗਈ ਪਰ ਸਭ ਕੋਲ ਇਨਕਾਰ ਦੀ ਪੱਟੀ ਲੱਗੀ ਮਿਲੀ।
           ਮੰਮੀ ਨੇ ਮੈਨੂੰ ਹੋਂਸਲਾ ਦਿੱਤਾ, ਘਬਰਾ ਨਾ ਬੇਟਾ, ਜਿਸ ਜੀਅ ਨੇ ਇਸ ਦੁਨੀਆਂ ਵਿੱਚ ਆਉਣਾ ਹੈ, ਉਸਨੇ ਜ਼ਰੂਰ ਆਉਣਾ ਹੈ। ਤੂੰ ਪਰਮਾਤਮਾ ਅੱਗੇ ਅਰਦਾਸ ਕਰ ਕਿ ਜੋ ਵੀ ਜੀਅ ਹੋਵੇ, ਭਾਗਾਂ ਵਾਲਾ ਹੋਵੇ, ਸਵਸੱਥ ਹੋਵੇ। ਕੁੜੀ ਜਾਂ ਮੁੰਡੇ ਦੇ ਭਰਮ ’ਚੋਂ ਨਿਕਲ, ਮੇਰੇ ਬੇਟੇ ਜੇ ਤੇਰੇ ਬੇਟੀ ਹੋਈ ਤਾਂ ਮੈਂ ਇਸ ਨੂੰ ਪਾਲਾਂਗੀ... ਮੈਨੂੰ ਜਾਪੇਗਾ ਜਿਵੇਂ ਤੂੰ ਅਤੇ ਤੇਰਾ ਬਚਪਨ ਮੇਰੀ ਗੋਦ ਵਿੱਚ ਫਿਰ ਆ ਗਿਆ ਹੈ।
           ਮੈਂ ਅਜੀਬ ਜਿਹੇ ਅਸੰਜਮ ’ਚ ਫਸ ਗਈ ਸਾਂ। ਖਾਣ ਪੀਣ ਨੂੰ ਦਿਲ ਨਹੀਂ ਕਰਦਾ ਸੀ ਅਤੇ ਰਾਤ ਨੂੰ ਨੀਂਦ ਨਹੀਂ ਪੈਂਦੀ ਸੀ। ਮੈਂ ਕਈ ਵਾਰੀ ਆਪਣੇ ਆਪ ਨਾਲ ਲੜਦੀ... ਮੈਂ ਤਾਂ ਜ਼ਿੰਦਗੀ ਵਿੱਚ ਬਹੁਤ ਕੁਝ ਕਰਨਾ ਹੈ, ਕਿਉਂ ਮੈਂ ਆਪਣੀ ਜ਼ਿੰਦਗੀ ਦਾ ਮਨੋਰਥ ਇੱਕ ਪੁੱਤਰ ਪ੍ਰਾਪਤੀ ਤੱਕ ਬਣਾ ਲਿਆ ਹੈ। ਪਰ ਫੇਰ ਮੇਰਾ ਮਨ ਹਨੇਰਿਆਂ ਵਿੱਚ ਡੁੱਬਣ ਲੱਗ ਜਾਂਦਾ ਹੈ। ਪੁੱਤਰ ਨਿਸ਼ਾਨ ਹੈ ਪੁੱਤਰ ਨਾਲ ਕੁਲ ਚਲਦੀ ਹੈ ਅਤੇ ਇਹ ਲਾਲਸਾ ਫੇਰ ਮੇਰੇ ਮਨ ਤੇ ਹਾਵੀ ਹੋ ਜਾਂਦੀ। ਮੈਂ ਸੋਚਦੀ ਹਾਂ ਕਿ ਧੰਨ ਉਹ ਮਾਵਾਂ ਹਨ ਜੋ ਪੁੱਤਰ ਜੰਮਦੀਆਂ ਹਨ।
           ਦਿਨ ਰਾਤ ਮੈਨੂੰ ਭੈੜੇ ਸੁਫ਼ਨੇ ਆਉਂਦੇ ਕਿ ਇਹ ਬੱਚਾ ਲੜਕੀ ਜਾਂ ਲੜਕਾ.. ਜੇ ਲੜਕਾ ਏ ਤਾਂ ਪੂਰਨ ਵਿੱਚ ਮਿਲੇਗਾ ਜਾਂ ਨਹੀਂ। ਤੇ ਮੇਰਾ ਭੈੜਾ ਸੁਫ਼ਨਾ ਸੱਚ ਹੋ ਗਿਆ। ਦਿਮਾਗੀ ਸੋਚ ਕਾਰਨ ਜਾਂ ਹੋਰ ਕਿਸੇ ਕਾਰਨ ਕਰਕੇ ਸੱਤਵੇਂ ਮਹੀਨੇ ਵਿੱਚ ਬੱਚੇਦਾਨੀ ’ਚ ਵਾਟਰ ਬੈਗ ਰਪਚਰ ਹੋ ਗਿਆ। ਦਰਿਆ ਰੂਪੀ ਪਾਣੀ ਅੰਦਰੋਂ ਨਿਕਲਣ ਲੱਗਾ। ਸਾਰਿਆਂ ਨੂੰ ਮੇਰੀ ਸੋਚ ਪੈ ਗਈ। ਬੱਚਾ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਮਾਂ ਦੀ ਜਾਨ ਬਚਾਈ ਜਾਵੇ। ਡਾਕਟਰ ਕੋਲ ਪਹੁੰਚਣ ਤੇ ਮੇਰਾ ਬੁਰਾ ਹਾਲ ਸੀ। ਡਾਕਟਰ ਨੇ ਅਲਟਰਾ ਸਾਊਂਡ ਕਰਨ ਤੋਂ ਬਾਅਦ ਕਿਹਾ ਕਿ ਬੱਚੇ ਦੇ ਬਚਣ ਦੇ ਚਾਂਸ ਫਿਫਟੀ ਫਿਫਟੀ ਹਨ। ਪਹਿਲਾਂ ਜੱਚਾ ਨੂੰ ਬਚਾਉਣਾ ਹੈ। 30 ਘੰਟਿਆਂ ਦੀ ਤਕਲੀਫ਼ ਨਾਲ ਪੁੱਤਰ ਨੂੰ ਜਨਮ ਦਿੱਤਾ ਸੀ। ਮੈਂ ਰੱਬ ਅੱਗੇ ਅਰਦਾਸ ਕਰ ਰਹੀ ਸਾਂ... ਹੇ ਪ੍ਰਭੂ ਤੂੰ ਹੀ ਮੈਨੂੰ ਪੁੱਤਰ ਦੀ ਮਾਂ ਬਣਾਇਆ ਹੈ ਤੂੰ ਹੀ ਉਸਨੂੰ ਜੀਵਨ ਦੇ.. ਬੱਚਾ ਸੱਤਵੇਂ ਮਹੀਨੇ ’ਚ ਹੋਣ ਕਰਕੇ ਸਵਸੱਥ ਸੀ, ਪਰ ਡਾਕਟਰ ਨੇ ਦੱਸਿਆ ਕਿ ਬੱਚੇ ਦੇ ਅੰਦਰ ਗੰਦਾ ਪਾਣੀ ਚਲਾ ਗਿਆ ਹੈ, ਜਿਸ ਕਾਰਨ ਬੱਚੇ ਦਾ ਜਿਊਂਦਾ ਰਹਿਣਾ ਥੋੜ੍ਹਾ ਮੁਸ਼ਕਿਲ ਜਾਪਦਾ ਹੈ। ਸਭ ਦੇ ਚਿਹਰਿਆਂ ਤੇ ਮੁਰਝਾਈ ਖੁਸ਼ੀ ਸੀ ਕਿ ਪਤਾ ਨਹੀਂ ਬੱਚਾ ਬੱਚਦਾ ਹੈ ਜਾਂ ਨਹੀਂ ਪਰ ਸਭ ਦੇ ਹੋਠਾਂ ਤੇ ਅਰਦਾਸ ਸੀ ਕਿ ਵਾਹਿਗੁਰੂ ਬੱਚੇ ਨੂੰ ਸਲਾਮਤ ਰੱਕੇ.. ਮਾਂ ਦੀ ਤਪੱਸਿਆ ਸੰਪੂਰਨ ਕਰੋ।
           ਕੋਈ ਵੀ ਮੈਨੂੰ ਮਿਲਣ ਆਉਂਦਾ ਤਾਂ ਮੁਬਾਰਕ ਕਹਿੰਦਾ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ। ਪਤਾ ਨਹੀਂ ਇਹ ਖੁਸ਼ੀ ਕਿੰਨੇ ਪਲ ਦੀ ਹੈ। ਸਭ ਮੈਨੂੰ ਆ ਕੇ ਹੌਂਸਲਾ ਦਿੰਦੇ ਕਿ ਸੱਤ ਮਹੀਨਿਆਂ ਦਾ ਬੱਚਾ ਬਚ ਜਾਂਦਾ ਹੈ ਪਰ ਅੱਠਵੇਂ ਮਹੀਨੇ ਦੇ ਬੱਚੇ ਹਮੇਸ਼ਾਂ ਲਈ ਖ਼ਤਰਾ ਬਣਿਆ ਰਹਿੰਦਾ ਹੈ ਜਿਵੇਂ ਅੱਠ ਦਿਨ, ਅੱਠ ਮਹੀਨੇ, ਅੱਠ ਸਾਲ, ਅਠਾਰਾਂ ਸਾਲ ਅਤੇ ਇਸ ਤੋਂ ਵੱਧ ਕੇ ਆਠੇ ਵਾਲੇ ਸਾਲ ਕਿਸੇ ਸਮੇਂ ਵੀ ਬੱਚੇ ਲਈ ਘਾਤਕ ਸਿੱਧ ਹੋ ਸਕਦੇ ਹਨ।
           ਇਕ ਨਰਸ ਮੇਰੇ ਕੋਲ ਆ ਕੇ ਮੇਰਾ ਸਿਰ ਪਲੋਸ ਕੇ ਕਹਿਣ ਲੱਗੀ, “ਬੱਚੀ ਤੂੰ ਘਬਰਾਉਣਾ ਨਹੀਂ। ਮੇਰਾ ਭਾਣਜਾ ਵੀ 6 ਮਹੀਨੇ ਅਤੇ ਇੱਕ ਦਿਨ ਦਾ ਸੀ ਕਿ ਉਸਦਾ ਜਨਮ ਹੋ ਗਿਆ, ਉਸ ਵਕਤ ਸਿਰਫ ਉਸ ਦੇ ਨੈਣ ਨਕਸ਼ਾਂ ਦੇ ਨਿਸ਼ਾਨ ਬਣੇ ਸਨ। ਮੇਰੀ ਮਾਂ ਨੇ ਦੋ ਮਹੀਨੇ ਤੱਕ ਉਸ ਨੂੰ ਰੂੰ ਵਿੱਚ ਲਪੇਟੀ ਰੱਖਿਆ ਤੇ ਉਹ ਬੱਚਾ ਬਚ ਗਿਆ, ਸੁੱਖ ਨਾਲ ਹੁਣ ਉਹ ਬੱਚਾ ਦਸ ਸਾਲ ਦਾ ਹੈ। ਗੱਲਾਂ ਵਿੱਚ ਤੇਜ਼ ਤਰਾਰ, ਪੜ੍ਹਾਈ ਵਿੱਚ ਜ਼ਹੀਨ ਸਭ ਬੱਚਿਆਂ ਨੂੰ ਮਾਤ ਪਾਉਣ ਵਾਲਾ ਬੱਚਾ ਹੈ ਭਾਵੇਂ ਸਿਹਤ ਪੱਖੋਂ ਕਮਜ਼ੋਰ ਹੈ, ਕਿਉਂਕਿ ਮਾਂ ਦੇ ਪੇਟ ਵਿੱਚ ਹੋਰ ਦੋ ਮਹੀਨੇ ਰਹਿ ਕੇ ਉਸਦੀ ਸਿਹਤ ਬਣਨੀ ਸੀ, ਉਹ ਤਾਂ ਨਾ ਬਣੀ। ਤੁਸੀਂ ਉਸ ਪ੍ਰਮਾਤਮਾ ਤੇ ਯਕੀਨ ਰੱਖੋ, ਪ੍ਰਮਾਤਮਾ ਨੇ ਉਸਨੂੰ ਜੀਵਨ ਦਿੱਤਾ ਹੈ ਤਾਂ ਉਸਦੇ ਪ੍ਰਾਣਾਂ ਦਾ ਰਖਸ਼ਕ ਵੀ ਆਪ ਹੈ।”
           ਡਾਕਟਰ ਨੇ ਕਿਹਾ ਕਿ ਜੇ ਬੱਚਾ 24 ਘੰਟੇ ਜਿਉਂਦਾ ਰਹਿੰਦਾ ਹੈ ਤਾਂ ਉਹ ਖ਼ਤਰੇ ਤੋਂ ਬਾਹਰ ਹੈ ਤੇ ਮੇਰੇ ਬੱਚੇ ਨੇ ਉਹ ਸੰਘਰਸ਼ ਦਾ ਰਾਹ ਵੀ ਪਾਰ ਕਰ ਲਿਆ ਸੀ। ਪਰ ਪੱਚੀਵੇਂ ਘੰਟੇ ਉਸ ਦੀ ਜਿਊਣ ਦੀ ਤਾਂਘ ਪੂਰੀ ਨਾ ਹੋਈ। ਮੇਰੀਆਂ ਅਰਦਾਸਾਂ ਬਿਫ਼ਲ ਗਈਆਂ। ਬੱਚੇ ਨੂੰ ਬਚਾਉਣ ਲਈ ਦੋ ਦਿਨ ਸੀ.ਐਮ.ਸੀ.  ਲੁਧਿਆਣਾ ਵਿੱਚ ਰੱਖਿਆ ਗਿਆ ਪਰ ਉੱਥੇ ਵੀ ਡਾਕਟਰ ਅਸਫ਼ਲ ਰਹੇ। ਮੈਂ ਬੱਚੇ ਤੋਂ ਦੂਰ ਸਾਂ.. ਜੇ ਬੱਚੇ ਦੇ ਕੋਲ ਹੁੰਦੀ ਤਾਂ ਮੈਂ ਆਪਣੇ ਬੱਚੇ ਨੂੰ ਬੁੱਕਲ ਵਿੱਚ ਲੁਕਾ ਲੈਂਦੀ। ਮੇਰੇ ਜਿਸਮ ਦਾ ਹਿੱਸਾ ਮੇਰੇ ਨਾਲ ਇਨ੍ਹਾਂ ਸੱਤ ਮਹੀਨਿਆਂ ਵਿੱਚ ਇਕ ਮੋਹ ਦਾ ਰਿਸ਼ਤਾ ਜੋੜ ਗਿਆ ਸੀ। ਮੇਰੇ ਹੀ ਤਨ ਦੀ ਮਿੱਟੀ ਨੇ ਬਿਗਾਨੇ ਸ਼ਹਿਰ ਦੀਆਂ ਕਬਰਾਂ ’ਚ ਪਨਾਹ ਲੈ ਲਈ। ਕਾਲੇ ਸੰਘਣੇ ਵਾਲ, ਮੋਟੀਆਂ ਅੱਖਾਂ ਵਾਲਾ ਬੱਚਾ ਪਤਾ ਨਹੀਂ ਕਿਹੜਾ ਮਾਂ ਦਾ ਸੰਕਟ ਆਪਣੇ ਉੱਪਰ ਲੈ ਕੇ ਮੈਥੋਂ ਦੂਰ ਚਲਾ ਗਿਆ। ਪੁੱਤਰ ਲਾਲਸਾ ਨੇ ਮੈਨੂੰ ਬਹੁਤ ਪੀੜਾ ਦਿੱਤੀ ਹੈ, ਪਰ ਪੁੱਤਰ... ਤੇਰੀ ਮਾਂ ਤੇਰਾ ਅਜੇ ਵੀ ਇੰਤਜ਼ਾਰ ਕਰ ਰਹੀ ਹੈ ਤੂੰ ਕਦੋਂ ਵਾਪਸ ਆ ਅਭਾਗੀ ਮਾਂ ਦੀ ਗੋਦ ਹਰੀ ਕਰੇਂਗਾ।
ਮਨਮੋਹਨ ਕੌਰ
ਟਾਈਪ  ਵਲੋਂ  ਰਾਜਵਿੰਦਰ ਕੌਰ   ਧੰਨਵਾਦ  ਸਹਿਤ