ਬਿਜਲੀ ਬੋਰਡ ਦੇ ਸਪਾਈਡਰਮੈਨ ਅਤੇ ਸੇਫ਼ਟੀ ਬੈਲਟ
screenshot_2021-08-07_at_11-23-39_mediadespunjab_punjabi_newspaper_-__.pngਵਾਕਿਆ ਬਟਾਲਾ ਸ਼ਹਿਰ ਦੇ ਉਮਰਪੁਰਾ ਦਾ ਹੈ। ਮੈਂ ਸੜਕ ’ਤੇ ਤੁਰਿਆ ਜਾ ਰਿਹਾ ਸੀ ਕਿ ਸਾਹਮਣੇ ਬਿਜਲੀ ਦੇ ਖੰਬੇ ’ਤੇ ਚੜਿਆ ਇੱਕ ਮੁਲਾਜ਼ਮ ਜ਼ੋਰ ਦੇ ਝਟਕੇ ਨਾਲ ਧੜੰਮ ਕਰਕੇ ਥੱਲੇ ਆ ਡਿੱਗਾ। ਮੇਰੇ ਸਮੇਤ ਕਿਨੇ ਹੋਰ ਰਾਹਗੀਰ ਭੱਜ ਕੇ ਉਸਦੀ ਮਦਦ ਲਈ ਪਹੁੰਚੇ। ਰੱਬ ਦਾ ਸ਼ੁਕਰ ਸੀ ਕਿ ਜਿਥੇ ਉਹ ਬਿਜਲੀ ਮੁਲਾਜ਼ਮ ਡਿੱਗਾ ਸੀ ਓਥੇ ਕੂੜੇ ਦਾ ਢੇਰ ਸੀ ਅਤੇ ਥਾਂ ਪੱਕਾ ਨਾ ਹੋਣ ਕਾਰਨ ਉਹ ਸੱਟੋਂ ਬਚ ਗਿਆ।
ਬਿਜਲੀ ਮੁਲਾਜ਼ਮ ਦੀਆਂ ਤਲੀਆਂ ਝੱਸਦਿਆਂ ਜਦੋਂ ਮੈਂ ਉਸਦਾ ਹਾਲ ਪੁੱਛਿਆ ਤਾਂ ਕਹਿੰਦਾ ‘ਭਾਅ ਜੀ ਮੈਂ ਠੀਕ ਹਾਂ... ਇਹ ਕੋਈ ਨਵੀਂ ਗੱਲ ਨਹੀਂ.... ਸਾਡੇ ਨਾਲ ਤਾਂ ਰੋਜ਼ ਹੀ ਇਵੇਂ ਵਾਪਰਦਾ... ਪਰ ਵਾਹਿਗੁਰੂ ਦਾ ਸ਼ੁਕਰ ਹੈ ਕਿ ਉਹ ਹੱਥ ਦੇ ਕੇ ਰੱਖ ਲੈਂਦਾ’। ਪਰ ਅੱਜ ਦਾ ਬਿਜਲੀ ਝਟਕਾ ਕੁਝ ਜਿਆਦਾ ਸੀ... ਪਰ ਚਲੋਂ ਫਿਰ ਵੀ ਬਚਾਅ ਹੋ ਗਿਆ। ਉਹ ਬਿਜਲੀ ਮੁਲਾਜ਼ਮ ਆਪਣੇ ਕੱਪੜੇ ਝਾੜਦਾ ਹੋਇਆ ਉੱਠਿਆ ਤੇ ਫਿਰ ਬਿਜਲੀ ਦੇ ਪੋਲ ’ਤੇ ਚੜਨ ਲੱਗਾ ਤਾਂ ਮੈਂ ਪੁੱਛਿਆ ਭਾਈ ਸਾਹਬ ਹੱਥਾਂ ਨੂੰ ਸੇਫਟੀ ਦਸਤਾਨੇ ਅਤੇ ਸੇਫਟੀ ਬੈਲਟ ਲਗਾ ਕੇ ਚੜੋ। ਤਾਂ ਅੱਗੋਂ ਉਹ ਬਿਜਲੀ ਮੁਲਾਜ਼ਮ ਕਹਿੰਦਾ ਭਾਅ ਜੀ ਉਹ ਤਾਂ ਹੈ ਨਹੀਂ ਪਰ ਫਾਲਟ ਤਾਂ ਠੀਕ ਕਰਨਾ ਹੈ.... ਨਾਲੇ ਇਸਤੋਂ ਬਾਅਦ ਹੋਰ ਥਾਂ ਵੀ ਤਾਂ ਬਿਜਲੀ ਠੀਕ ਕਰਨ ਜਾਣਾ ਹੈ... ਓਥੋਂ ਵੀ ਲੇਟ ਹੋ ਰਹੇ ਹਾਂ...ਉਪਰੋਂ ਵੱਡੇ ਸਾਹਬ ਫੋਨ ’ਤੇ ਝਿੜਕਾਂ ਮਾਰ ਰਹੇ ਹਨ।
ਇਸਤੋਂ ਪਹਿਲਾਂ ਕਿ ਉਹ ਬਿਜਲੀ ਮੁਲਾਜ਼ਮ ਖੰਬੇ ’ਤੇ ਚੜਦਾ ਮੈਂ ਉਸਨੂੰ ਇੱਕ ਹੋਰ ਸਵਾਲ ਦਾਗ ਦਿੱਤਾ। ਮੈਂ ਕਿਹਾ ‘ਕੀ ਸਰਕਾਰ ਤੁਹਾਨੂੰ ਸੇਫਟੀ ਦਸਤਾਨੇ ਅਤੇ ਸੇਫਟੀ ਬੈਲਟਾਂ ਨਹੀਂ ਦਿੰਦੀ। ਲੰਮਾ ਜਿਹਾ ਹੌਕਾ ਲੈ ਕੇ ਉਹ ਮੁਲਾਜ਼ਮ ਕਹਿਣ ਲੱਗਾ ‘ਭਾਅ ਜੀ ਸਰਕਾਰ ਤਾਂ ਸਭ ਕੁਝ ਦਿੰਦੀ ਪਰ ਸਾਡੇ ਤੱਕ ਨਹੀਂ ਪਹੁੰਚਦਾ’। ਸਰਕਾਰ ਤੋਂ ਇਲਾਵਾ ਸਾਡੇ ਐੱਸ.ਡੀ.ਓ. ਤੇ ਐਕਸੀਅਨ ਵੀ ਇਹ ਸਾਰਾ ਸੇਫਟੀ ਸਮਾਨ ਅਕਸਰ ਹੀ ਖਰੀਦ ਦੇ ਰਹਿੰਦੇ ਹਨ ਪਰ ਸਾਨੂੰ ਕਦੀ ਨਹੀਂ ਦਿੰਦੇ। ਜਦੋਂ ਅਸੀਂ ਐੱਸ.ਡੀ.ਓ. ਕੋਲੋਂ ਸੇਫ਼ਟੀ ਸਮਾਨ ਦੀ ਮੰਗ ਕਰੀਦੇ ਹਾਂ ਤਾਂ ਉਹ ਅੱਗੋਂ ਕਹਿ ਦਿੰਦੇ ਹਨ ਕਿ ਤੁਸੀਂ ਤਾਂ ‘ਸਪਾਈਡਰਮੈਨ’ ਹੋ ਤੁਹਾਨੂੰ ਸੇਫਟੀ ਬੈਲਟਾਂ ਤੇ ਦਸਤਾਨਿਆਂ ਦੀ ਕੀ ਲੋੜ...।
ਮੈਂ ਪੁੱਛਿਆ ਕਿ ਫਿਰ ਤੁਹਾਡੇ ਅਧਿਕਾਰੀ ਉਨ੍ਹਾਂ ਸੇਫਟੀ ਬੈਲਟਾਂ ਅਤੇ ਦਸਤਾਨਿਆਂ ਦਾ ਕਰਦੇ ਕੀ ਹਨ...। ਤਾਂ ਉਹ ਬਿਜਲੀ ਮੁਲਾਜ਼ਮ ਕਹਿਣ ਲੱਗਾ ਭਾਅ ਜੀ ਉਹ ਸੇਫਟੀ ਬੈਲਟਾਂ ਅਧਿਕਾਰੀ ਆਪਣੀ ਕੁਰਸੀ ’ਤੇ ਬੈਠਣ ਸਮੇਂ ਲਗਾਉਂਦੇ ਹਨ... ਕਿ ਮਤੇ ਕੁਰਸੀ ਤੋਂ ਡਿੱਗ ਉਨ੍ਹਾਂ ਨੂੰ ਕੋਈ ਸੱਟ ਫੇਟ ਨਾ ਲੱਗ ਜਾਵੇ ਅਤੇ ਸੇਫਟੀ ਦਸਤਾਨੇ ਤਾਂ ਉਹ ਪਤਾ ਨਹੀਂ ਕਿਸ ਕਰੰਟ ਤੋਂ ਡਰਦੇ ਪਾਉਂਦੇ ਹਨ, ਉਸਦਾ ਸਾਨੂੰ ਵੀ ਨਹੀਂ ਪਤਾ। ਏਨੀ ਗੱਲ ਕਹਿ ਕੇ ਉਹ ਬਿਜਲੀ ਮੁਲਾਜ਼ਮ ਨੰਗੇ ਹੱਥੀਂ ਬਿਨਾਂ ਸੇਫ਼ਟੀ ਬੈਲਟ ਤੋਂ ਮੌਤ ਨਾਲ ਮੱਥਾ ਲਗਾਉਣ ਲਈ ਫਿਰ ਉਸੇ ਬਿਜਲੀ ਦੇ ਖੰਬੇ ’ਤੇ ਜਾ ਚੜਿਆ।
ਉਹ ਬਿਜਲੀ ਮੁਲਾਜ਼ਮ ਆਪਣੇ ਜੁਆਬਾਂ ਦਿੰਦਿਆਂ ਰਮਜ਼-ਰਮਜ਼ ਵਿੱਚ ਬਹੁਤ ਡੂੰਘੀ ਗੱਲ ਕਰ ਗਿਆ ਸੀ। ਮੈਂ ਹੁਣ ਕਦੀ ਖੰਬੇ ’ਤੇ ਚੜ੍ਹੇ ਮੌਤ ਨਾਲ ਜੂਝ ਰਹੇ ਉਸ ਮੁਲਾਜ਼ਮ ਵੱਲ ਦੇਖ ਰਿਹਾ ਸੀ ਅਤੇ ਕਦੀ ਮੇਰੇ ਮਨ ਵਿੱਚ ਵੱਡੇ ਅਧਿਕਾਰੀ ਦੀ ਸੇਫ਼ਟੀ ਬੈਲਟ ਲਗਾ, ਦਸਤਾਨੇ ਪਾ ਕੇ ਕੁਰਸੀ ’ਤੇ ਬੈਠੇ ਦੀ ਤਸਵੀਰ ਅੱਖਾਂ ਅੱਗੇ ਘੁੰਮ ਰਹੀ ਸੀ।
- ਇੰਦਰਜੀਤ ਸਿੰਘ ਹਰਪੁਰਾ।
ਬਟਾਲਾ।