ਕਮਿਊਨਿਸਟਾਂ ਦਾ ਮੁੱਖ ਕਾਰਜ

ਕਮਿਊਨਿਸਟ ਚੇਤਨਾ ਦੇਣੀ ਜਾਂ ਸਰਮਾਏਦਾਰੀ ਦਾ ਵਿਕਾਸ ਕਰਨਾ
ਗੁਰਬਚਨ ਸਿੰਘ
ਸੰਪਾਦਕ
ਦੇਸ਼ ਪੰਜਾਬ, ਜਲੰਧਰ
‘ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ’ ਦੀ ਸ਼ੁਰੂਆਤ ਇਨ੍ਹਾਂ ਸ਼ਬਦਾਂ ਨਾਲ ਹੁੰਦੀ ਹੈ,
‘‘ਯੂਰਪ ਨੂੰ ਇੱਕ ਪ੍ਰੇਤ ਡਰਾ ਰਿਹਾ ਹੈ ਅਤੇ ਇਹ ਪ੍ਰੇਤ ਕਮਿਊਨਿਜ਼ਮ ਦਾ ਹੈ। ਪੁਰਾਣੇ ਯੂਰਪ ਦੀਆਂ ਸਾਰੀਆਂ ਤਾਕਤਾਂ-ਪੋਪ ਅਤੇ ਜਾਰ, ਮੈਟਰਨਿਖ ਅਤੇ ਗੁਜੋਂ, ਫਰਾਂਸੀਸੀ ਤੱਤੇ ਅਤੇ ਜਰਮਨ ਖੁਫੀਆ ਪੁਲਿਸ-ਸਾਰਿਆਂ ਨੇ ਇਸ ਪ੍ਰੇਤ ਨੂੰ ਖਤਮ ਕਰਨ ਲਈ ਇੱਕ ਗੱਠਜੋੜ ਬਣਾ ਲਿਆ ਹੈ।
ਕਿਹੜੀ ਵਿਰੋਧੀ ਪਾਰਟੀ ਹੈ, ਜਿਸ ’ਤੇ ਸਰਕਾਰੀ ਧਿਰਾਂ ਨੇ ਕਮਿਊਨਿਸਟ ਹੋਣ ਦਾ ਠੱਪਾ ਨਾ ਲਾਇਆ ਹੋਵੇ? ਕਿਹੜੀ ਵਿਰੋਧੀ ਪਾਰਟੀ ਹੈ ਜਿਸ ਨੇ ਮੋੜਵੇਂ ਰੂਪ ’ਚ ਆਪਣੇ ਤੋਂ ਵੱਧ ਅਗਾਂਹਵਧੂ ਪਾਰਟੀਆਂ ਅਤੇ ਆਪਣੇ ਪਿਛਾਖੜੀ ਵਿਰੋਧੀਆਂ ਨੂੰ ਕਮਿਊਨਿਜ਼ਮ ਦਾ ਮਿਹਣਾ ਨਾ ਮਾਰਿਆ ਹੋਵੇ?
ਇਸ ਤੱਥ ਤੋਂ ਦੋ ਸਿੱਟੇ ਨਿਕਲਦੇ ਹਨ :


1. ਸਾਰੀਆਂ ਯੂਰਪੀ ਤਾਕਤਾਂ ਵ¤à¨²à©‹à¨‚ ਪਹਿਲਾਂ ਹੀ ਮਾਨਤਾ

ਪ੍ਰਾਪਤ ਕਰ ਚੁੱਕਾ ਕਮਿਊਨਿਜ਼ਮ ਵਿਚਾਰ ਆਪਣੇ-ਆਪ ਵਿੱਚ

ਇੱਕ ਤਾਕਤ ਹੈ।

2. ਇਹੀ ਯੋਗ ਸਮਾਂ ਹੈ ਕਿ ਕਮਿਊਨਿਸਟ ਸਾਰੇ ਸੰਸਾਰ ਸਾਹਮਣੇ ਸ਼ਰੇਆਮ ਆਪਣੇ ਦ੍ਰਿਸ਼ਟੀਕੋਣ, ਆਪਣੇ ਨਿਸ਼ਾਨਿਆਂ, ਆਪਣੇ ਝੁਕਾਵਾਂ (ਦਿਸ਼ਾ) ਦਾ ਐਲਾਨ ਕਰਨ ਤੇ ਇਸ ਕਮਿਊਨਿਜ਼ਮ ਦੇ ਪ੍ਰੇਤ ਬਾਰੇ ਫੈਲਾਈਆਂ ਜਾ ਰਹੀਆਂ ਪਰੀ (ਕਾਲਪਨਿਕ) ਕਹਾਣੀਆਂ ਦਾ ਜੁਆਬ ਆਪਣੀ ਪਾਰਟੀ ਦੇ ਮੈਨੀਫੈਸਟੋ ਨਾਲ ਦੇਣ।’’
ਅੱਜ ਜਦੋਂ ਅਸੀਂ 161 ਸਾਲ ਬਾਅਦ ਇਸ ਮੈਨੀਫੈਸਟੋ ਨੂੰ ਪੜ੍ਹਦੇ ਹਾਂ ਅਤੇ ਆਲਮੀ ਕਮਿਊਨਿਸਟ ਲਹਿਰ ਦੇ ਇਤਿਹਾਸ ’ਤੇ ਇਕ ਮੋੜਵੀਂ ਝਾਤ ਮਾਰਦੇ ਹਾਂ ਤਾਂ ਮਨ ਵਿਚ ਸ਼ੰਕਾ ਪੈਦਾ ਹੁੰਦਾ ਹੈ ਕਿ ਸ਼ਾਇਦ ਮਾਰਕਸ-ਏਂਗਲਜ ਨੇ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਲਿਖਣ ਵੇਲੇ, ਜਾਂ ਆਪਣੇ ਸਮਿਆਂ ਵਿਚ, ਕਮਿਊਨਿਸਟ ਲਹਿਰ ਦੀ ਬਾਹਰਮੁਖੀ ਹਾਲਤ ਨੂੰ ਹਕੀਕਤ ਨਾਲੋਂ ਵਧਾ ਕੇ ਅੰਗਿਆ ਹੈ। ਪਰ ਇਹ ਧਾਰਨਾ ਸਹੀ ਨਹੀਂ ਜਾਪਦੀ। ਕਿਉਂਕਿ 20 ਜਨਵਰੀ 1845 ਨੂੰ ਪੈਰਿਸ ਅੰਦਰ ਰਹਿੰਦੇ ਮਾਰਕਸ ਨੂੰ ਲਿਖੀ ਆਪਣੀ ਇਕ ਚਿੱਠੀ ਵਿਚ ਏਂਗਲਜ਼ ਦਾ ਜਰਮਨੀ ਅੰਦਰ ਬੜੀ ਤੇਜ਼ੀ ਨਾਲ ਫੈਲ ਰਹੀ ਕਮਿਊਨਿਸਟ ਲਹਿਰ ਦਾ ਦਿੱਤਾ ਹਵਾਲਾ ‘ਕਮਿਊਨਿਸਟ ਮੈਨੀਫੈਸਟੋ’ ਦੇ ਇਨ੍ਹਾਂ ਸ਼ਬਦਾਂ ਦੀ ਪੁਸ਼ਟੀ ਕਰਦਾ ਹੈ।
ਏਂਗਲਜ਼ ਅਨੁਸਾਰ, ‘‘ਜਿਸ ਗੱਲ ਨੇ ਮੈਨੂੰ ਖਾਸ ਤੌਰ ’ਤੇ ਪ੍ਰਸੰਨ ਕੀਤਾ ਹੈ, ਉਹ ਜਰਮਨੀ ਵਿਚ ਕਮਿਊਨਿਸਟ ਸਾਹਿਤ ਦਾ ਹੋ ਰਿਹਾ ਆਮ ਪਸਾਰਾ ਹੈ, ਜਿਹੜਾ ਕਿ ਹੁਣ ਇਕ ਹਕੀਕਤ ਬਣ ਚੁੱਕਾ ਹੈ। ਇਕ ਸਾਲ ਪਹਿਲਾਂ ਇਹ ਸਾਹਿਤ ਜਰਮਨ ਤੋਂ ਬਾਹਰ ਪੈਰਿਸ ਵਿਚ ਫੈਲਣਾ ਜਾਂ ਹੋਂਦ ਵਿਚ ਆਉਣਾ ਸ਼ੁਰੂ ਹੋਇਆ ਸੀ ਅਤੇ ਹੁਣ ਇਸ ਨੇ ਆਮ ਜਰਮਨਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ ਹੈ। ਅਖ਼ਬਾਰਾਂ, ਹਫਤਾਵਾਰੀ, ਮਾਸਿਕ, ਤ੍ਰੈਮਾਸਿਕ ਅਤੇ ਭਾਰੀ ਪ੍ਰਚਾਰ ਤੋਪਾਂ ਦੇ ਅੱਗੇ ਵਧ ਰਹੇ ਕਾਫਲੇ, ਸਾਰਾ ਕੁਝ ਆਪਣੇ ਸਭ ਤੋਂ ਚੰਗੇ ਥਾਂ ਉ¤à¨¤à©‡ ਹੈ। ਇਹ ਸਾਰਾ ਕੁਝ ਹੈਰਾਨੀਜਨਕ ਫੁਰਤੀ ਨਾਲ ਅੱਗੇ ਆਇਆ ਹੈ। ਪ੍ਰਾਪੇਗੰਡੇ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਰ ਸਮੇਂ ਜਦੋਂ ਮੈਂ ਕੋਲੋਗਨ ਆਉਂਦਾ ਹਾਂ ਜਾਂ ਪੱਬ ਵਿਚ ਜਾਂਦਾ ਹਾਂ ਤਾਂ ਨਵੇਂ ਬਣੇ ਕਮਿਊਨਿਸਟ ਮਿਲਦੇ ਹਨ। ਕੋਲੋਗਨ ਮੀਟਿੰਗ ਨੇ ਕਰਾਮਾਤ ਕਰ ਵਿਖਾਈ ਹੈ। ਹੌਲੀ-ਹੌਲੀ ਵੱਖ-ਵੱਖ ਕਮਿਊਨਿਸਟ ਗਰੁੱਪ ਹੋਂਦ ਵਿਚ ਆ ਰਹੇ ਹਨ, ਜਿਹੜੇ ਸਾਡੇ ਵੱਲੋਂ ਮਿਲੀ ਸਿੱਧੀ ਸਹਾਇਤਾ ਤੋਂ ਬਗੈਰ ਹੀ ਹੋਂਦ ਵਿਚ ਆਏ ਹਨ।’’ (ਚੋਣਵਾਂ ਚਿੱਠੀ ਪੱਤਰ, ਸਫਾ 22)
ਮਾਰਕਸ-ਏਂਗਲਜ ਨੇ ਲੱਗਭੱਗ 60 ਸਾਲ (1937 ਤੋਂ ਲੈ ਕੇ 1995 ਤੱਕ) ਆਪਣੇ ਤੋਂ ਪਹਿਲੀ ਅਤੇ ਆਪਣੇ ਦੌਰ ਦੀ ਸਾਰੀ ਫਿਲਾਸਫੀ ਨੂੰ ਘੋਖਿਆ ਅਤੇ ਮਨੁੱਖ ਜਾਤੀ ਤੇ ਕੁਦਰਤ ਦੇ ਰਿਸ਼ਤੇ ਨੂੰ ਸਪੱਸ਼ਟ ਕਰਦਿਆਂ ਮਨੁੱਖ ਦੇ ਅਨੁਭਵੀ ਵਿਕਾਸ ਦੀ ਨਿਸ਼ਾਨਦੇਹੀ ਕੀਤੀ। ਆਪਣੀ ਇਸ ਪਰਖ ਵਾਸਤੇ ਉਨ੍ਹਾ ਨੇ ਦੋ ਸੰਦ ਵਰਤੇ, (1) ਦਵੰਦਾਤਮਕ ਭੌਤਿਕਵਾਦ ਤੇ  (2) ਇਤਿਹਾਸਕ ਭੌਤਿਕਵਾਦ। ਇਹ ਦੋਵੇਂ ਸੰਦ ਮਨੁੱਖੀ ਚੇਤਨਾ ’ਚ ਵਿਕਸਿਤ ਹੋਏ ਕੁਦਰਤੀ ਤੇ ਸਮਾਜੀ ਨੇਮਾਂ ਨੂੰ ਪ੍ਰਗਟ ਕਰਦੇ ਹਨ। ਇਹ ਦੋਵੇਂ ਨੇਮ ਹੁਣ ਤੱਕ ਦੀ ਫਿਲਾਸਫੀ ਦਾ ਤੱਤ ਨਿਚੋੜ ਹਨ।
ਇਨ੍ਹਾਂ ਦੇ ਅਧਾਰ ’ਤੇ ਹੀ ਮਾਰਕਸ ਨੇ ਕੁਦਰਤ ਤੇ ਮਨੁੱਖ ਦੇ ਰਿਸ਼ਤੇ ਅਤੇ ਮਨੁੱਖ ਦੇ ਸਮਾਜੀ ਤੇ ਮਨੁੱਖੀ ਵਿਕਾਸ ਨੂੰ ਕਲਮਬੰਦ ਕੀਤਾ। ਇਸੇ ਅਧਾਰ ’ਤੇ ਮਾਰਕਸ-ਏਂਗਲਜ ਇਸ ਸਿੱਟੇ ’ਤੇ ਪਹੁੰਚੇ ਕਿ ਮਨੁੱਖ ਜਾਤੀ ਦੀ ਹੋਣੀ ਸਿਰਫ ਤੇ ਸਿਰਫ ਕਮਿਊਨਿਸਟ ਸਮਾਜ ਵਿੱਚ ਹੀ ਪ੍ਰਫੁੱਲਤ ਹੋ ਸਕਦੀ ਹੈ। ਕਿਉਂਕਿ ਇਹ ਕੁਦਰਤ ਤੇ ਮਨੁੱਖ ਦੇ ਹਕੀਕੀ ਰਿਸ਼ਤੇ ਨੂੰ ਆਪਣਾ ਅਧਾਰ ਬਣਾਉਂਦਾ ਹੈ ਅਤੇ ਇਹ ਮਨੁੱਖ ਦੇ ਪਦਾਰਥਕ ਤੇ ਜਜ਼ਬਾਤੀ (ਰੂਹਾਨੀ, ਸਮਾਜੀ ਤੇ ਮਨੁੱਖੀ), ਦੋਹਾਂ ਤਰ੍ਹਾਂ ਦੇ, ਵਿਕਾਸ ਨੂੰ ਯਕੀਨੀ ਬਣਾਉਂਦਾ ਹੈ। ਇਸ ਤੋਂ ਬਿਨਾਂ ਮਨੁੱਖ ਜਾਤੀ ਸਾਹਮਣੇ ਵਿਕਾਸ ਦਾ ਹੋਰ ਕੋਈ ਰਾਹ ਨਹੀਂ।
ਸੁਆਲ ਪੈਦਾ ਹੁੰਦਾ ਹੈ ਕਿ 19ਵੀਂ ਸਦੀ ਦੇ ਪਹਿਲੇ ਅੱਧ (1848) ਤੱਕ ਯੂਰਪ ਦੀਆਂ ਸਾਰੀਆਂ ਸਰਮਾਏਦਾਰ ਹਕੂਮਤਾਂ ਤੇ ਪਾਰਟੀਆਂ ਨੂੰ ਡਰਾ ਰਿਹਾ ਕਮਿਊਨਿਜ਼ਮ ਦਾ ‘ਪ੍ਰੇਤ’ 19ਵੀਂ ਸਦੀ ਦੇ ਆਉਂਦਿਆਂ-ਆਉਂਦਿਆਂ ਕਿੱਥੇ ਅਲੋਪ ਹੋ ਗਿਆ? ਕਮਿਊਨਿਸਟ ਲਹਿਰ ਦੇ ਮਹਾਨ ਆਗੂ ਮਾਰਕਸ ਤੇ ਏਂਗਲਜ਼ ਆਪਣੇ ਅੰਤ ਸਮੇਂ ਤੱਕ ਯੂਰਪ ਦੇ ਤਿੰਨ ਵੱਡੇ ਮੁਲਕਾਂ ਇੰਗਲੈਂਡ, ਫਰਾਂਸ ਅਤੇ ਜਰਮਨੀ  ਵਿੱਚ ਕਮਿਊਨਿਸਟ ਇਨਕਲਾਬ ਆਉਣ ਦੇ ਹਕੀਕੀ ਸੁਪਨੇ ਲੈਂਦੇ ਚੱਲ ਵਸੇ ਪਰ ਇਹ ਇਨਕਲਾਬ ਨਾ ਆਏ ਅਤੇ ਮਨੁੱਖ ਜਾਤੀ ਸਰਮਾਏਦਾਰੀ ਦੇ ਅਗਲੇ ਪੜਾਅ ਭਾਵ ਸਾਮਰਾਜੀ ਦੌਰ ਵਿੱਚ ਦਾਖ਼ਲ ਹੋ ਗਈ। ਯੂਰਪ ਦੇ ਤਿੰਨ ਵੱਡੇ ਮੁਲਕਾਂ ਵਿੱਚ ਕਮਿਊਨਿਸਟ ਇਨਕਲਾਬ ਕਿਉਂ ਨਾ ਆਏ, ਮਾਰਕਸ ਤੇ ਏਂਗਲਜ਼ ਨੇ ਇਸ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕੌਮਾਂਤਰੀ ਕਮਿਊਨਿਸਟ ਲਹਿਰ ਦੇ ਆਗੂ ਕਾਮਰੇਡ ਲੈਨਿਨ ਨੇ ਵੀ ਇਨ੍ਹਾਂ ਕਾਰਨਾਂ ਦੀ ਪੁਸ਼ਟੀ ਕੀਤੀ ਹੈ।  ਬਾਦ ਵਿਚ ਕਾਮਰੇਡ ਲੈਨਿਨ ਦੀ ਅਗਵਾਈ ਹੇਠ ਰੂਸ ਵਿਚ ਅਤੇ ਕਾਮਰੇਡ ਮਾਓ-ਜੇ-ਤੁੰਗ ਦੀ ਅਗਵਾਈ ਹੇਠ ਚੀਨ ਵਿਚ ਕਮਿਊਨਿਸਟ ਪਾਰਟੀਆਂ ਨੇ ਇਨਕਲਾਬ ਕਰਕੇ ਰਾਜਨੀਤਕ ਸੱਤਾ ਉ¤à¨¤à©‡ ਕਬਜ਼ਾ ਵੀ ਕੀਤਾ। ਪਰ ਇਹ ਦੋਵੇਂ ਇਨਕਲਾਬ ਵੀ ਕਮਿਊਨਿਸਟ ਸਮਾਜ ਦੀ ਸਿਰਜਣਾ ਕਰਨ ਵਿਚ ਸਫਲ ਨਾ ਹੋਏ। ਇਹ ਦੋਵੇਂ ਮਹਾਨ ਇਨਕਲਾਬ ਕਮਿਊਨਿਸਟ ਸਮਾਜ ਦੀ ਸਿਰਜਣਾ ਕਿਉਂ ਨਾ ਕਰ ਸਕੇ, ਇਸ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨੀ ਅੱਜ ਦੀ ਹਾਲਤ ਵਿਚ ਆਲਮੀ ਕਮਿਊਨਿਸਟ ਲਹਿਰ ਨੂੰ ਅੱਗੇ ਵਧਾਉਣ ਵਾਸਤੇ ਬਹੁਤ ਜ਼ਰੂਰੀ ਹੈ।
ਏਥੇ ਸਾਨੂੰ ਇਕ ਇਨਕਲਾਬੀ ਕਮਿਊਨਿਸਟ ਗਰੁੱਪ ਵੱਲੋਂ ਮਾਰਕਸਵਾਦ ਬਾਰੇ ਲਈ ਇਕ ਪੁਜੀਸ਼ਨ ਚੇਤੇ ਆਉਂਦੀ ਹੈ। ਕੇਂਦਰੀ ਮੁੜ ਜਥੇਬੰਦਕ ਕਮੇਟੀ ਸੀ ਪੀ ਆਈ (ਮ.ਲ.) ਦੇ ਸਿਧਾਂਤਕ ਪਰਚੇ ‘ਲਿਬਰੇਸ਼ਨ’ ਦੇ ਅਪ੍ਰੈਲ 1983 ਦੇ ਅੰਕ ਵਿਚ ਇਹ ਪਹੁੰਚ ਅਪਨਾਈ ਗਈ ਸੀ ਕਿ,
‘‘ਕੌਮਾਂਤਰੀ ਕਮਿਊਨਿਸਟ ਲਹਿਰ ਨੂੰ ਦਰਪੇਸ਼ ਬੇਮਿਸਾਲ ਸੰਕਟ ਕਾਰਨ ਸਿਧਾਂਤ ਅਤੇ ਅਮਲ ਦੇ ਖੇਤਰ ਵਿਚ ਕੀਤੇ ਅਧਿਅਨ ਅਤੇ ਖੋਜ ਨੇ ਸਾਨੂੰ ਮਾਰਕਸ ਨੂੰ ਫਿਰ ਤੋਂ ਪੜ੍ਹਨ ਲਈ ਮਜਬੂਰ ਕੀਤਾ ਹੈ। ਉਸ ਨੂੰ ਫਿਰ ਤੋਂ ਪੜ੍ਹਨ ਦਾ ਭਾਵ ਹੈ, ਉਸ ਦੀ ਤਰਕ-ਵਿਧੀ ਅਤੇ ਸੰਕਲਪਾਂ ਦੇ ਅਧਾਰ ’ਤੇ, ਉਸ ਨੂੰ  ਹੋਰ ਗਹਿਰਾਈ ਨਾਲ ਸਮਝਿਆ ਜਾਵੇ। ਜੇ ਕੋਈ ਇਸ ਪ੍ਰਤੀ ਗੰਭੀਰ ਹੈ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਮਾਰਕਸ ਨੂੰ ਮੁੜ ਖੋਜਣ ਦੀ ਕਿਰਿਆ ਹੋਵੇਗੀ। ਕਿਉਂਕਿ ਉਸ ਦੇ ਪੈਰੋਕਾਰਾਂ ਵੱਲੋਂ ਉਸ ਦੀ ਤਰਕ-ਵਿਧੀ ਅਤੇ ਸੰਕਲਪਾਂ ਦੇ ਪਸਾਰ ਅਤੇ ਗਹਿਰਾਈ ਕਾਰਨ, ਉਨ੍ਹਾਂ ਨੂੰ ਅਮਲ ਵਿਚ ਲਿਆਉਣਾ ਤਾਂ ਇਕ ਪਾਸੇ ਰਿਹਾ, ਉਨ੍ਹਾਂ ਨੂੰ ਅਜੇ ਤੱਕ ਪੂਰੀ ਤਰ੍ਹਾਂ ਸਮਝਿਆ ਜਾਂ ਆਤਮਸਾਤ ਹੀ ਨਹੀਂ ਕੀਤਾ ਗਿਆ। ਕੌਮਾਂਤਰੀ ਕਮਿਊਨਿਸਟ ਲਹਿਰ ਦਾ ਸਮੁੱਚਾ ਇਤਿਹਾਸ ਦੱਸਦਾ ਹੈ ਕਿ ਮਾਰਕਸ ਦੇ ਬਹੁਤੇ ਪੈਰੋਕਾਰਾਂ ਨੇ ਉਸ ਨੂੰ ਅਧੂਰੇ ਤੌਰ ’ਤੇ ਅਤੇ ਮਸ਼ੀਨੀ ਢੰਗ ਨਾਲ ਸਮਝਿਆ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਇਹ ਉਨ੍ਹਾਂ ਨੂੰ ਬੜੇ ਖਤਰਨਾਕ ਅਤੇ ਮਾਰਕਸਵਾਦ ਵਿਰੋਧੀ ਵਿਚਾਰਧਾਰਕ ਸਿੱਟਿਆਂ ਅਤੇ ਅਮਲ ਵੱਲ ਲੈ ਗਿਆ।’’
ਅਸਲ ਵਿਚ ਇਥੋਂ ਤੁਰ ਕੇ ਹੀ ਅਸੀਂ ਆਪਣੀ ਮਾਰਕਸਵਾਦੀ ਦਿਸ਼ਾ ਅਤੇ ਤੱਤ ਤੋਂ ਭਟਕੀ ਕਮਿਊਨਿਸਟ ਲਹਿਰ ਨੂੰ ਸਹੀ ਦਿਸ਼ਾ ਵੱਲ ਤੋਰ ਸਕਦੇ ਹਾਂ। ਇਹ ਬੜਾ ਕਠਿਨ ਸੰਘਰਸ਼ ਹੈ। ਇਸ ਦੇ ਸਿੱਟੇ ਭਾਵੇਂ ਇਨਕਲਾਬੀ ਅਮਲ ਦੀ ਸਾਣ ’ਤੇ ਲੱਗ ਕੇ ਹੀ ਨਿਕਲਣੇ ਹਨ ਪਰ ਇਸ ਤੋਂ ਬਿਨਾਂ ਇਨਕਲਾਬੀ ਅਮਲ ਦਿਸ਼ਾਹੀਣ ਹੀ ਰਹੇਗਾ। ਇਸ ਕਠਿਨ ਰਸਤੇ ’ਤੇ ਚੱਲਦਿਆਂ ਅਨੇਕਾਂ ਸਥਾਪਤ ਗਲਤ ਕਮਿਊਨਿਸਟ ਧਾਰਨਾਵਾਂ ਨੂੰ ਬੜੀ ਦ੍ਰਿੜ੍ਹਤਾ ਨਾਲ ਤਿਆਗਣਾ ਪੈਣਾ ਹੈ।
ਮਿਸਾਲ ਦੇ ਤੌਰ ’ਤੇ ਸੀ ਪੀ ਆਈ (ਮਾਓਵਾਦੀ) ਦੇ ਭਾਰਤ ਅੰਦਰ ਲੋਕ ਜਮਹੂਰੀ ਰਾਜ ਦੇ ਪ੍ਰੋਗਰਾਮ ਵਿਚ ਦਰਜ ਕੀਤਾ ਗਿਆ ਹੈ ਕਿ ‘‘ਨਵਜਮਹੂਰੀ ਰਾਜ (ਸਾਮਰਾਜੀਆਂ, ਦਲਾਲ-ਨੌਕਰਸ਼ਾਹ ਸਰਮਾਏਦਾਰ ਵਰਗ ਤੇ ਜਗੀਰਦਾਰਾਂ ਤੋਂ ਬਿਨਾਂ) ਹੋਰ ਕਿਸੇ ਦੀ ਨਿੱਜੀ ਜਾਇਦਾਦ ਨੂੰ ਹੱਥ ਨਹੀਂ ਲਾਏਗਾ ਅਤੇ ਐਸੇ ਸਰਮਾਏਦਾਰੀ ਵਿਕਾਸ ਵਿਚ ਰੁਕਾਵਟ ਨਹੀਂ ਬਣੇਗਾ, ਜਿਨ੍ਹਾਂ ਦੇ ਕੋਲ ਜਨਤਕ ਜੀਵਨ ਨੂੰ ਕੰਟਰੋਲ ਕਰਨ ਦੀ ਸ਼ਕਤੀ ਨਹੀਂ ਹੋਵੇਗੀ।’’
ਇਹੀ ਗੱਲ ਨੇਪਾਲ ਦੀ ਮਾਓਵਾਦੀ ਕਮਿਊਨਿਸਟ ਪਾਰਟੀ ਦੇ ਮੁਖੀ ਪ੍ਰਚੰਡ ਕਹਿੰਦੇ ਹਨ। ਉਨ੍ਹਾ ਦੇ ਕਥਨ ਅਨੁਸਾਰ, ‘‘ਸਾਡਾ ਮੁੱਖ ਨਿਸ਼ਾਨਾ ਜਗੀਰਦਾਰੀ ਪ੍ਰਬੰਧ ਤੋਂ ਖਹਿੜਾ ਛੁਡਾਉਣਾ ਅਤੇ ਇਸ ਦੀ ਥਾਂ ਸਰਮਾਏਦਾਰੀ ਪੈਦਾਵਾਰੀ ਢੰਗ ਨੂੰ ਸਥਾਪਤ ਕਰਨ ਹੈ।’’
ਅਸਲ ਵਿਚ ਅੱਜ ਦੇ ਸਾਮਰਾਜੀ ਦੌਰ ਵਿਚ ਇਨਕਲਾਬੀ ਕਮਿਊਨਿਸਟਾਂ ਦੇ ਸਾਹਮਣੇ ਸਭ ਤੋਂ ਵੱਡਾ ਦਰਪੇਸ਼ ਸਵਾਲ ਇਹੀ ਹੈ ਕਿ ਜਿਸ ਸਰਮਾਏਦਾਰੀ ਪ੍ਰਬੰਧ ਨੂੰ ਮਾਰਕਸ ਨੇ ਆਦਮਖੋਰ ਕਿਹਾ ਹੈ ਕੀ ਉਸ ਨੂੰ ਕਾਇਮ ਰੱਖਣਾ ਜਾਂ ਸਥਾਪਤ ਕਰਨਾ ਕਮਿਊਨਿਸਟਾਂ ਦਾ ਕੰਮ ਹੈ?
ਅਸਲ ਵਿਚ ਲੈਨਿਨ ਦੇ ਵੇਲੇ ਤੋਂ ਲੈ ਕੇ ਹੀ ਇਕ ਅਸਲੋਂ ਗਲਤ ਧਾਰਨਾ ਕਮਿਊਨਿਸਟਾਂ ਦੀ ਚੇਤਨਾ ਵਿਚ ਫਸੀ ਹੋਈ ਹੈ ਜਾਂ ਫਸਾ ਦਿੱਤੀ ਗਈ ਹੈ ਕਿ ਜਗੀਰਦਾਰੀ ਤੋਂ ਬਾਅਦ ਸਰਮਾਏਦਾਰੀ ਦਾ ਦੌਰ ਸ਼ੁਰੂ ਹੁੰਦਾ ਹੈ ਅਤੇ ਸਰਮਾਏਦਾਰੀ ਨੇ ਸਾਮਰਾਜ ਵਿਚ ਵਿਕਸਿਤ ਹੋਣਾ ਹੈ ਅਤੇ ਇਸ ਤੋਂ ਬਾਅਦ ਹੀ ਕਿਰਤੀ ਇਨਕਲਾਬ ਜਾਂ ਸਮਾਜਵਾਦੀ ਕਾਇਆ ਪਲਟੀ ਲਈ ਹਾਲਤਾਂ ਵਿਕਸਿਤ ਹੋਣੀਆਂ ਹਨ। ਇਸ ਲਈ ਸਾਰੇ ਪੱਛੜੇ ਮੁਲਕਾਂ ਵਿਚ ਜਗੀਰਦਾਰੀ ਤੋਂ ਬਾਅਦ ਸਰਮਾਏਦਾਰੀ ਪ੍ਰਬੰਧ ਨੇ ਕਾਇਮ ਹੋਣਾ ਹੀ ਹੋਣਾ ਹੈ ਅਤੇ ਇਸ ਵਾਸਤੇ ਸਰਮਾਏ ਦੀ ਲੋੜ ਪੈਣੀ ਹੀ ਪੈਣੀ ਹੈ। ਏਸੇ ਧਾਰਨਾ ਨੇ ਕਮਿਊਨਿਸਟਾਂ ਨੂੰ ਸਰਮਾਏਦਾਰੀ ਅਤੇ ਅੱਜ ਦੇ ਯੁੱਗ ਵਿਚ ਇਸ ਦੇ ਵਿਰਾਟ ਰੂਪ ਸਾਮਰਾਜੀ ਸਰਮਾਏ ਦੇ ਪ੍ਰਸੰਸਕ ਜਾਂ ਭੁੱਖੇ ਬਣਾ ਦਿੱਤਾ ਹੈ ਅਤੇ ਉਹ ਲੈ-ਦੇ ਕੇ  ਸਾਮਰਾਜੀ ਪ੍ਰਬੰਧ ਦੇ ਏਜੰਟ ਬਣੇ ਹੋਏ ਹਨ। ਉਨ੍ਹਾਂ ਦੇ ਦਿਮਾਗਾਂ ਜਾਂ ਚੇਤਨਾ ਵਿਚ ਇਹ ਗੱਲ ਫਸੀ ਹੋਈ ਹੈ ਕਿ ਬਿਨਾਂ ਹੋਰ ਸਰਮਾਏਦਾਰੀ ਵਿਕਾਸ ਦੇ ਕਮਿਊਨਿਸਟ ਇਨਕਲਾਬ ਲਈ ਹਾਲਤਾਂ ਪੈਦਾ ਨਹੀਂ ਕੀਤੀਆਂ ਜਾ ਸਕਦੀਆਂ। ਕਹਿਣ ਨੂੰ ਉਹ ਭਾਵੇਂ ਜੋ ਮਰਜ਼ੀ ਕਹੀ ਜਾਣ ਪਰ ਉਨ੍ਹਾਂ ਦੇ ਸਾਰੇ ਅਮਲੀ ਕਾਰਜ ਏਧਰੇ ਹੀ ਸੇਧਤ ਹਨ। ਪੱਛਮੀ ਬੰਗਾਲ ਦੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਦਾ ਸਾਮਰਾਜੀ ਸਰਮਾਏ ਲਈ ਭੋਖੜਾ ਅਤੇ ‘ਸਿੰਗੂਰ’ ਦੇ ਕਿਸਾਨਾਂ ਦੀ ਉਪਜਾਊ ਜ਼ਮੀਨ ‘ਟਾਟਾ’ ਦੇ ਹਵਾਲੇ ਕਰਨ ਦੇ ਮਸਲੇ ਬਾਰੇ ਲਈ ਪੁਜੀਸ਼ਨ ਏਸੇ ਹੀ ਪ੍ਰਸੰਗ ਵਿਚ ਸਮਝੀ ਜਾ ਸਕਦੀ ਹੈ। ਏਸੇ ਧਾਰਨਾ ਨੇ ਹੀ ਨੇਪਾਲੀ ਮਾਓਵਾਦੀ ਕਮਿਊਨਿਸਟ ਪਾਰਟੀ ਨੂੰ ਹੁਣ ਦੀ ਹਾਲਤ ਵਿਚ ਪਹੁੰਚਾਇਆ ਹੈ। ਕਿਉਂਕਿ ਜੇ ਉਨ੍ਹਾਂ ਨੇ ਨੇਪਾਲ ਵਿਚ ਸਰਮਾਏਦਾਰੀ ਪੈਦਾਵਾਰੀ ਢੰਗ ਵਿਕਸਿਤ ਕਰਨਾ ਹੈ ਤਾਂ ਇਸ ਵਾਸਤੇ ਲੋੜੀਂਦਾ ਸਰਮਾਇਆ ਜੇ ਅਮਰੀਕਾ ਜਾਂ ਯੂਰਪ ਕੋਲੋਂ ਨਹੀਂ ਲੈਣਾ ਤਾਂ ਫਿਰ ਉਹ ਭਾਰਤ ਜਾਂ ਚੀਨ ਕੋਲੋਂ ਹੀ ਮਿਲ ਸਕਦਾ ਹੈ? ਏਸੇ ਲਈ ਪ੍ਰਚੰਡ ਹੋਰੀਂ ਬਾਰ-ਬਾਰ ਇਹ ਵਿਚਾਰ ਪ੍ਰਗਟਾਅ ਰਹੇ ਹਨ ਕਿ ਸਾਨੂੰ ਭਾਰਤ ਅਤੇ ਚੀਨ ਦੀ ਮਦਦ ਦੀ ਬਹੁਤ ਲੋੜ ਹੈ।
ਮਾਰਕਸ ਤੇ ਏਂਗਲਜ ਆਪਣੀ ਸਾਰੀ ਉਮਰ ਕਿਰਤੀ ਜਮਾਤ ਦੇ ਸੰਘਰਸ਼ਾਂ, ਜਿਹੜੇ ਬਾਹਰਮੁਖੀ ਹਾਲਤਾਂ ਦੀ ਉਪਜ ਸਨ (ਭਾਵ ਸਰਮਾਏ ਤੇ ਕਿਰਤ ਦੇ ਵਿਰੋਧ ਵਿਚੋਂ ਪੈਦਾ ਹੋ ਰਹੇ ਸਨ। ਨਾਲ ਬਾਹਰੋਂ ਕਮਿਊਨਿਸਟ ਚੇਤਨਾ ਦਾ ਸੁਮੇਲ ਕਰਨ ਦੀਆਂ  ਨਿਰੰਤਰ ਕੋਸ਼ਿਸ਼ਾਂ ਕਰਦੇ ਰਹੇ। ਲੈਨਿਨ ਨੇ ਇਨ੍ਹਾਂ ਕੋਸ਼ਿਸ਼ਾਂ ਨੂੰ ਜਥੇਬੰਦ ਰੂਪ ਦਿੱਤਾ ਅਤੇ ਕਮਿਊਨਿਸਟ ਚੇਤਨਾ ਨਾਲ ਲੈਸ ਕਮਿਊਨਿਸਟ ਪਾਰਟੀ ਜਥੇਬੰਦ ਕੀਤੀ, ਜਿਹੜੀ ਕਿਰਤੀ ਜਮਾਤ ਤੇ ਹੋਰਨਾਂ ਅੱਡ-ਅੱਡ ਤਬਕਿਆਂ ਦੇ ਸੰਘਰਸ਼ਾਂ ਨੂੰ ਜਥੇਬੰਦ ਕਰਕੇ, ਰੂਸੀ ਇਨਕਲਾਬ ਤੱਕ ਪਹੁੰਚੀ। ਇਨਕਲਾਬ ਤੋਂ ਪਹਿਲੀ ਆਪਣੀ ਇਕ ਬੜੀ ਅਹਿਮ ਸਿਧਾਂਤਕ ਲਿਖਤ ‘ਕੀ ਕਰਨਾ ਲੋੜੀਐ’ ਵਿਚ ਲੈਨਿਨ ਨੇ ਇਹ ਮੰਨਿਆ ਹੈ ਕਿਰਤੀ ਜਮਾਤ ਨੂੰ ਬਾਹਰੋਂ ਕਮਿਊਨਿਸਟ ਚੇਤਨਾ ਦੇਣ ਦੀ ਲੋੜ ਹੈ। ਪਰ ਜਦੋਂ ਰੂਸੀ ਕਮਿਊਨਿਸਟਾਂ ਦੇ ਹੱਥ ਹਕੂਮਤ ਆਈ ਤਾਂ ਇਹ ਕਾਰਜ ਵਿਸਰ ਗਿਆ। ਇਹੀ ਰੂਸੀ ਇਨਕਲਾਬ ਤੋਂ ਬਾਅਦ ਸਭ ਤੋਂ ਵੱਡੀ ਘਾਟ ਰਹੀ। ਇਥੋਂ ਹੀ ਆਪ ਮੁਹਾਰਤਾ ਤੇ ਸੁਚੇਤ ਅਗਵਾਈ ’ਚ ਪਾੜਾ ਪੈ ਗਿਆ। ਲੋਕ ਆਪ ਮੁਹਾਰੇ ਤਾਂ ਰੂਹਾਨੀਅਤ ਵਿਹੂਣੇ ਉਜੱਡ ਪਦਾਰਥਵਾਦ ਤੱਕ ਹੀ ਪਹੁੰਚ ਸਕਦੇ ਹਨ, ਕਮਿਊਨਿਸਟ ਚੇਤਨਾ ਤੱਕ ਨਹੀਂ, ਖਾਸ ਕਰਕੇ ਉਦੋਂ ਜਦੋਂ ਧਰਮ ਦਾ ਕੱਟੜ ਵਿਰੋਧ ਧਰਮ ਨੂੰ ਸਮਝਣ ਤੋਂ ਬਗੈਰ (ਭਾਵ ਮਨੁੱਖੀ ਚੇਤਨਾ ਵਿਚ ਕਿਸੇ ਕਾਲਪਨਿਕ ਰੱਬ ਦੀ ਥਾਂ ਕੁਦਰਤ ਨੂੰ ਦਿੱਤੇ ਬਿਨਾਂ) ਹੋ ਰਿਹਾ ਹੋਵੇ। ਇਹੀ ਘਾਟ ਚੀਨੀ ਕਮਿਊਨਿਸਟ ਪਾਰਟੀ ਦੀ ਰਹੀ। ਮਾਓ-ਜੇ-ਤੁੰਗ ਨੇ ਭਾਵੇਂ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਰੂਪ ’ਚ ਇਸ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।  ਕਮਿਊਨਿਸਟ ਸਮਾਜ ਦੀ ਸਥਾਪਤੀ ਤੱਕ ਭਾਵ ਕਮਿਊਨਿਜ਼ਮ ਦੀ ਮੁੱਢਲੀ ਪੱਧਰ ਤੱਕ ਕਮਿਊਨਿਸਟ ਚੇਤਨਾ ਲੋਕਾਂ ’ਚ ਲੈ ਕੇ ਜਾਣੀ ਕਮਿਊਨਿਸਟ ਪਾਰਟੀ ਦਾ ਸੁਚੇਤ ਕਾਰਜ ਹੈ। ਮਨੁੱਖੀ ਵਿਕਾਸ ਦੀ ਇਕਹਿਰੀ ਧਾਰਨਾ ਕਾਰਨ ਇਹ ਕਾਰਜ ਵਿਸਰਿਆ ਰਿਹਾ।