ਤਾਲਿਬਾਨ ਸਰਕਾਰ ਦਾ ਫਰਮਾਨ, ਕਿਹਾ-ਸ਼ਰੀਆ ਕਾਨੂੰਨ ਨਾਲ ਚੱਲੇਗਾ ਦੇਸ਼, ਹੁਣ ਕੋਈ ਦੇਸ਼ ਨਾ ਛੱਡੇ
tal_08921.jpgਕਾਬੁਲ --08ਸਤੰਬਰ21-(ਮੀਡੀਦੇਪੰਜਾਬ)-- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਕਬਜ਼ੇ ਦੇ 22 ਦਿਨ ਬਾਅਦ ਤਾਲਿਬਾਨ ਨੇ ਮੰਗਲਵਾਰ ਰਾਤ ਆਪਣੀ ਅੰਤਰਿਮ ਸਰਕਾਰ ਦਾ ਐਲਾਨ ਕਰ ਦਿੱਤਾ। ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਸ ਸੰਬਧੀ ਜਾਣਕਾਰੀ ਦਿੱਤੀ। ਨਵੀਂ ਸਰਕਾਰ ਵਿਚ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਅਫਗਾਨਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ ਜਦਕਿ ਮੁੱਲਾ ਅਬਦੁੱਲ ਗਨੀ ਬਰਾਦਰ, ਮੌਲਵੀ ਅਬਦੁੱਲ ਸਲਾਮ ਹਨਫੀ ਉਪ ਪ੍ਰਧਾਨ ਮੰਤਰੀ ਬਣੇ ਹਨ। ਤਾਲਿਬਾਨ ਪ੍ਰਮੁੱਖ ਸੇਖ ਹੇਬਦੁੱਲਾਹ ਅਖੁੰਦਜਾਦਾ ਨੂੰ ਸਰਬ ਉੱਚ ਨੇਤਾ ਬਣਾਇਆ ਗਿਆ ਹੈ। ਉਸ ਨੂੰ ਅਮੀਰ-ਉਲ-ਅਫਗਾਨਿਸਤਾਨ ਕਿਹਾ ਜਾਵੇਗਾ।

ਸ਼ਰੀਆ ਕਾਨੂੰਨ ਤਹਿਤ ਚੱਲੇਗਾ ਦੇਸ਼
ਨਵੀਂ ਕੈਬਨਿਟ ਵਿਚ ਕਈ ਚਿਹਰੇ ਅਜਿਹੇ ਹਨ ਜਿਹਨਾਂ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਨੇ ਗਲੋਬਲ ਅੱਤਵਾਦੀ ਐਲਾਨਿਆ ਹੋਇਆ ਹੈ। ਕੈਬਨਿਟ ਦੇ ਐਲਾਨ ਦੇ ਨਾਲ ਹੀ ਤਾਲਿਬਾਨ ਨੇ ਆਪਣੀਆਂ ਨਵੀਂ ਨੀਤੀਆਂ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਹੁਣ ਸ਼ਰੀਆ ਕਾਨੂੰਨ ਦੇ ਤਹਿਤ ਸ਼ਾਸਨ ਚਲਾਇਆ ਜਾਵੇਗਾ। ਤਾਲਿਬਾਨ ਨੇ ਆਪਣੀਆਂ ਨਵੀਆਂ ਨੀਤੀਆਂ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਕਿਸੇ ਨੂੰ ਵੀ ਭਵਿੱਖ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਸਾਡੀ ਪਹਿਲੀ ਕੋਸ਼ਿਸ਼ ਹੈ ਕਿ ਦੇਸ਼ ਦੀਆਂ ਮੁਸ਼ਕਲਾਂ ਨੂੰ ਕਾਨੂੰਨੀ ਢੰਗ ਨਾਲ ਹੱਲ ਕੀਤਾ ਜਾਵੇ। ਤਾਲਿਬਾਨ ਨੇ ਕਿਹਾ ਹੈ ਕਿ ਬੀਤੇ ਦੋ ਦਹਾਕਿਆਂ ਵਿਚ ਅਸੀਂ ਜਿਹੜਾ ਸੰਘਰਸ਼ ਕੀਤਾ ਹੈ ਉਸ ਦੇ ਦੋ ਹੀ ਉਦੇਸ਼ ਸਨ। 

ਲੋਕਾਂ ਨੂੰ ਦੇਸ਼ ਨਾ ਛੱਡਣ ਦੀ ਅਪੀਲ
ਤਾਲਿਬਾਨ ਮੁਤਾਬਕ ਸਭ ਤੋਂ ਪਹਿਲਾਂ ਵਿਦੇਸ਼ੀ ਤਾਕਤਾਂ ਨੂੰ ਦੇਸ਼ ਤੋਂ ਬਾਹਰ ਕੱਢਣਾ ਅਤੇ ਫਿਰ ਆਪਣਾ ਇਕ ਇਸਲਾਮਿਕ ਸਿਸਟਮ ਲਾਗੂ ਕਰਨਾ। ਇਸ ਦੇ ਤਹਿਤ ਭਵਿੱਖ ਵਿਚ ਅਫਗਾਨਿਸਤਾਨ ਵਿਚ ਸਰਕਾਰ ਅਤੇ ਆਮ ਲੋਕਾਂ ਦੀ ਜ਼ਿੰਦਗੀ ਸ਼ਰੀਆ ਕਾਨੂੰਨ ਦੇ ਤਹਿਤ ਚੱਲੇਗੀ। ਤਾਲਿਬਾਨ ਨੇ ਕਿਹਾ ਹੈ ਕਿ ਨਵੀਂ ਸਰਕਾਰ ਦੀ ਕੋਸ਼ਿਸ਼ ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨਾ ਹੈ। ਅੱਗੇ ਮਹੌਲ ਠੀਕ ਹੁੰਦਾ ਜਾਵੇਗਾ। ਅਜਿਹੇ ਵਿਚ ਲੋਕਾਂ ਨੂੰ ਅਪੀਲ ਹੈ ਕਿ ਉਹ ਅਫਗਾਨਿਸਤਾਨ ਨਾ ਛੱਡਣ।ਇਸਲਾਮਿਕ ਦੇਸ਼ ਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਹੈ। ਬਾਹਰੀ ਦੇਸ਼ਾਂ ਨੂੰ ਵੀ ਅਫਗਾਨਿਸਤਾਨ ਵਿਚ ਆਪਣੇ ਦੂਤਾਵਾਸ ਮੁੜ ਸ਼ੁਰੂ ਕਰਨੇ ਚਾਹੀਦੇ ਹਨ। ਤਾਲਿਬਾਨ ਨੇ ਭਰੋਸਾ ਦਿਵਾਇਆ ਹੈ ਕਿ ਦੇਸ਼ ਦੇ ਜਿੰਨੇ ਵੀ ਸਕਾਲਰ, ਪ੍ਰੋਫੈਸਰ, ਡਾਕਟਰ ਅਤੇ ਹੋਰ ਪੇਸ਼ੇਵਰ ਲੋਕ ਹਨ ਉਹਨਾਂ ਸਾਰਿਆਂ ਦਾ ਧਿਆਨ ਰੱਖਿਆ ਜਾਵੇਗਾ। ਹਰ ਕਿਸੇ ਤੋਂ ਰਾਏ ਲਈ ਜਾਵੇਗੀ ਅਤੇ ਉਹਨਾਂ ਦੇ ਕੰਮ ਨੂੰ ਵਧਾਵਾ ਦਿੱਤਾ ਜਾਵੇਗਾ।