ਅਹੁਦੇ, ਟਿਕਟ ਦੀ ਇੱਛਾ ਨਾ ਪਾਲੋ, ਦੇਸ਼ ਲਈ ਕੰਮ ਕਰ ਸਾਬਿਤ ਕਰੋ ਯੋਗਤਾ : ਕੇਜਰੀਵਾਲ
11921_kes.jpgਨਵੀਂ ਦਿੱਲੀ---11ਸਤੰਬਰ21-(ਮੀਡੀਦੇਪੰਜਾਬ)-- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਤੋਂ ਚੋਣ ਲੜਨ ਲਈ ਟਿਕਟ ਅਤੇ ਅਹੁਦੇ ਮਿਲਣ ਦੀ ਇੱਛਾ ਨਹੀਂ ਰੱਖਣ ਅਤੇ ਇਸ ਦੀ ਬਜਾਏ ਦੇਸ਼ ਅਤੇ ਸਮਾਜ ਲਈ ਕੰਮ ਕਰ ਆਪਣੀ ਯੋਗਤਾ ਸਾਬਤ ਕਰਨ ਨੂੰ ਕਿਹਾ।

ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ’ਚ ਆਪਣੇ ਆਨਲਾਈਨ ਸੰਬੋਧਨ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਲੋਕ ਉਨ੍ਹਾਂ ਦੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਰਗੀ ਪਾਰਟੀ ਦੇ ਰੂਪ ’ਚ ਪਛਾਣਨ। ਉਨ੍ਹਾਂ ਨੇ ‘ਆਪ’ ਦੇ ਲੋਕਾਂ ਨੂੰ ਅਹੁਦੇ ਅਤੇ ਟਿਕਟ ਦੀਆਂ ਆਪਣੀਆਂ ਇੱਛਾਵਾਂ ਦਾ ਤਿਆਗ ਕਰਨ ਲਈ ਕਿਹਾ। ਕੇਜਰੀਵਾਲ ਨੇ ਕਿਹਾ,‘ਜੇਕਰ ਤੁਸੀਂ ਮੇਰੇ ਕੋਲ ਅਹੁਦੇ ਮੰਗਣ ਆਉਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਇਸ ਦੇ ਲਾਇਕ ਨਹੀਂ ਹੋ ਅਤੇ ਤੁਹਾਨੂੰ ਇਸ ਨੂੰ ਮੰਗਣਾ ਪੈ ਰਿਹਾ ਹੈ। ਤੁਹਾਨੂੰ ਇਸ ਤਰ੍ਹਾਂ ਨਾਲ ਕੰਮ ਕਰਨਾ ਚਾਹੀਦਾ ਹੈ ਕਿ ਮੈਨੂੰ ਕਹਿਣਾ ਪਵੇ ਕਿ ਇਹ ਅਹੁਦਾ ਤੁਹਾਨੂੰ ਸੰਭਾਲਣਾ ਚਾਹੀਦਾ।’’ ਆਮ ਆਦਮੀ ਪਾਰਟੀ ਰਾਸ਼ਟਰੀ ਪੱਧਰ ’ਤੇ ਪਾਰਟੀ ਨੂੰ ਵਿਸਥਾਰ ਦੇਣ ਦੀ ਯੋਜਨਾ ਦੇ ਅਧੀਨ ਪੰਜਾਬ, ਗੋਆ, ਉਤਰਾਖੰਡ ਅਤੇ ਗੁਜਰਾਤ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿੱਥੇ ਚੋਣਾਂ ਹੋਣੀਆਂ ਹਨ। ਕੇਜਰੀਵਾਲ ਨੇ ਕਿਹਾ,‘‘ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਸਾਡੀ ਪਾਰਟੀ ਦੇ 2 ਸੀਨੀਅਰ ਆਦਰਸ਼ ਹਨ। ਸਾਡੇ ਹਰੇਕ ਵਰਕਰ ਨੂੰ ਉਨ੍ਹਾਂ ਦੀ ਤਰ੍ਹਾਂ ਬਲੀਦਾਨ ਦੇਣ ਲਈ ਤਿਆਰ ਰਹਿਣਾ ਹੋਵੇਗਾ।’’ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ 10ਵੀਂ ਬੈਠਕ ਗਲੋਬਲ ਮਹਾਮਾਰੀ ਕਾਰਨ ਆਨਲਾਈਨ ਹੋਈ।