ਅਫਗਾਨ ਲੋਕਾਂ ਦੀ ਮਦਦ ਲਈ ਸੰਯੁਕਤ ਰਾਸ਼ਟਰ 60 ਕਰੋੜ ਡਾਲਰ ਕਰੇਗਾ ਇਕੱਠੇ
13921_uno.jpgਜਿਨੇਵਾ --13ਸਤੰਬਰ21-(ਮੀਡੀਦੇਪੰਜਾਬ)-- ਸੰਯੁਕਤ ਰਾਸ਼ਟਰ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਅਫਗਾਨਿਸਤਾਨ ਦੀ ਮਦਦ ਲਈ ਐਮਰਜੈਂਸੀ ਫੰਡ ਜੁਟਾਉਣ ਦੇ ਸੰਬੰਧ ਵਿਚ ਸੋਮਵਾਰ ਨੂੰ ਉੱਚ ਪੱਧਰੀ ਸੰਮੇਲਨ ਆਯੋਜਿਤ ਕਰ ਰਿਹਾ ਹੈ। ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਅਤੇ ਅਮਰੀਕੀ ਤੇ ਨਾਟੋ ਸੈਨਿਕਾਂ ਦੀ ਵਾਪਸੀ ਦੇ ਬਾਅਦ ਅਫਗਾਨ ਨਾਗਰਿਕਾਂ ਦੀ ਮਦਦ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਵਿਸ਼ਵ ਬੌਡੀ ਵੱਲੋਂ ਇਸ ਸਾਲ 60 ਕਰੋੜ ਡਾਲਰ ਤੋਂ ਵੱਧ ਰਾਸ਼ੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਜਿਹੀਆਂ ਚਿੰਤਾਵਾਂ ਵੀ ਹਨ ਕਿ ਅਸਥਿਰਤਾ ਅਤੇ ਮਨੁੱਖੀ ਕੋਸ਼ਿਸ਼ ਵਿਚ ਰੁਕਾਵਟ ਪੈਣ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ ਅਤੇ ਅਫਗਾਨਿਸਤਾਨ ਅਕਾਲ ਵੱਲ ਵੱਧ ਸਕਦਾ ਹੈ। ਇਹ ਸੰਮੇਲਨ ਤਾਲਿਬਾਨ ਨਾਲ ਡਿਪਲੋਮੈਟਿਕ ਸੰਬੰਧ ਬਣਾਏ ਬਿਨਾਂ ਪੱਛਮੀ ਦੇਸ਼ਾਂ ਨੂੰ ਅਫਗਾਨ ਨਾਗਰਿਕਾਂ ਦੀ ਮਦਦ ਕਰਨ ਦਾ ਮੌਕਾ ਵੀ ਦੇਵੇਗਾ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਹਾਲ ਹੀ ਦੇ ਘਟਨਾਕ੍ਰਮ ਨੇ ਅਫਗਾਨ ਨਾਗਰਿਕਾਂ ਦੇ ਸਾਹਮਣੇ ਖਤਰੇ ਨੂੰ ਹੋਰ ਵਧਾ ਦਿੱਤਾ ਹੈ ਜੋ ਪਹਿਲਾਂ ਹੀ ਕਈ ਦਹਾਕਿਆਂ ਤੋਂ ਹਿੰਸਾ ਅਤੇ ਸੋਕੇ ਸਮੇਤ ਕੁਝ ਹੋਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। 

ਸੰਯੁਕਤ ਰਾਸ਼ਟਰ ਆਪਣੇ ਭਾਗੀਦਾਰਾਂ ਨਾਲ 1.1 ਕਰੋੜ ਅਫਗਾਨ ਲੋਕਾਂ ਦੀ ਮਦਦ ਲਈ 60.6 ਕਰੋੜ ਡਾਲਰ ਰਾਸ਼ੀ ਜੁਟਾਉਣਾ ਚਾਹੁੰਦਾ ਹੈ। ਭਿਆਨਕ ਸੋਕੇ ਨੇ ਆਗਾਮੀ ਫਸਲ ਦੀ ਪੈਦਾਵਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ ਅਤੇ ਭੁੱਖਮਰੀ ਦੀ ਸਮੱਸਿਆ ਵੀ ਵੱਧ ਰਹੀ ਹੈ। ਸੋਮਵਾਰ ਨੂੰ ਸੰਮੇਲਨ ਵਿਚ ਇਕੱਠੀ ਰਾਸ਼ੀ ਦਾ ਵੱਡਾ ਹਿੱਸਾ ਸੰਯੁਕਤ ਰਾਸ਼ਟਰ ਵਿਸ਼ਵ ਖਾਧ ਪ੍ਰੋਗਰਾਮ ਨੂੰ ਮਿਲੇਗਾ। ਜਿਨੇਵਾ ਵਿਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਇਸ ਸੰਮੇਲਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਪ੍ਰਮੁੱਖ ਫਿਲਿਪੋ ਗ੍ਰਾਂਡੀ ਨੇ ਪਿਛਲੇ ਦਿਨੀਂ ਅਚਾਨਕ ਕਾਬੁਲ ਦੀ ਯਾਤਰਾ ਕੀਤੀ ਸੀ। 

ਉਹਨਾਂ ਨੇ ਟਵੀਟ ਕੀਤਾ ਕਿ ਉਹ ਮਨੁੱਖੀ ਲੋੜਾਂ ਅਤੇ 35 ਲੱਖ ਵਿਸਥਾਪਿਤ ਅਫਗਾਨ ਨਾਗਰਿਕਾਂ ਦੇ ਹਾਲਾਤ ਦਾ ਮੁਲਾਂਕਣ ਕਰਨਗੇ। ਇਸ ਵਿਚ 5 ਲੱਖ ਲੋਕਾਂ ਦੀ ਸਥਿਤੀ ਦਾ ਵੀ ਧਿਆਨ ਰੱਖਿਆ ਜਾਵੇਗਾ ਜੋ ਇਸ ਸਾਲ ਵਿਸਥਾਪਿਤ ਹੋਏ। ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਸੀ.ਆਰ.) ਦਫਤਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਕੁਝ ਲੋਕ ਪਾਕਿਸਤਾਨ ਅਤੇ ਈਰਾਨ ਵਿਚ ਸ਼ਰਨ ਲੈਣ ਦੀ ਕੋਸ਼ਿਸ਼ ਕਰ ਸਕਦੇ ਹਨ ਜਿੱਥੇ ਪਹਿਲਾਂ ਤੋਂ ਹੀ ਅਫਗਾਨਾਂ ਦੀ ਵੱਡੀ ਆਬਾਦੀ ਹੈ।