ਅਮਰੀਕਾ: ਇੱਕ ਦਰਜਨ ਤੋਂ ਜ਼ਿਆਦਾ ਸੂਬਿਆਂ ਨੇ ਕੋਵਿਡ ਵੈਕਸੀਨ ਨਿਯਮਾਂ ਨੂੰ ਲੈ ਕੇ ਬਾਈਡੇਨ ਪ੍ਰਸ਼ਾਸਨ 'ਤੇ ਕੀਤਾ ਮੁਕੱਦਮਾ
job_301021.jpg
ਫਰਿਜ਼ਨੋ --30ਅਕਤੂਬਰ21-(ਮੀਡੀਦੇਪੰਜਾਬ)-- ਗੁਰਿੰਦਰਜੀਤ ਨੀਟਾ ਮਾਛੀਕੇ-ਅਮਰੀਕਾ 'ਚ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਜੋਅ ਬਾਈਡੇਨ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਨੂੰ ਲਗਵਾਉਣ ਦੀ ਜ਼ਰੂਰਤ

 ਲਾਗੂ ਕੀਤੀ ਗਈ ਹੈ। ਇਸ ਜ਼ਰੂਰਤ ਦੇ ਵਿਰੋਧ 'ਚ ਇੱਕ ਦਰਜਨ ਤੋਂ ਜ਼ਿਆਦਾ ਸਟੇਟਾਂ ਵੱਲੋਂ ਬਾਈਡੇਨ ਪ੍ਰਸ਼ਾਸਨ 'ਤੇ ਮੁਕੱਦਮਾ ਕੀਤਾ ਗਿਆ ਹੈ। ਵੈਕਸੀਨ ਜ਼ਰੂਰਤ ਨੂੰ ਰੋਕਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੀਆਂ ਸਟੇਟਾਂ ਦੀ ਗਿਣਤੀ ਤਕਰੀਬਨ 19 ਹੋ ਗਈ ਹੈ।18 ਸੂਬਿਆਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਦੇ ਕੋਵਿਡ -19 ਵੈਕਸੀਨ ਦੇ ਆਦੇਸ਼ ਨੂੰ ਰੋਕਣ ਲਈ ਤਿੰਨ ਵੱਖਰੇ ਮੁਕੱਦਮੇ ਦਾਇਰ ਕੀਤੇ ਅਤੇ ਇਹ ਦਲੀਲ ਦਿੱਤੀ ਕਿ ਇਹ ਜ਼ਰੂਰਤ ਫੈਡਰਲ ਕਾਨੂੰਨ ਦੀ ਉਲੰਘਣਾ ਕਰਦੀ ਹੈ। ਇਸ ਤਹਿਤ ਅਲਾਸਕਾ, ਅਰਕਨਸਾਸ, ਆਇਓਵਾ, ਮਿਸੂਰੀ, ਮੋਂਟਾਨਾ, ਨੇਬਰਾਸਕਾ, ਨਿਊ ਹੈਂਪਸ਼ਾਇਰ, ਨੌਰਥ ਡਕੋਟਾ, ਸਾਊਥ ਡਕੋਟਾ ਅਤੇ ਵਾਇਮਿੰਗ ਦੇ ਅਟਾਰਨੀ ਜਨਰਲਾਂ ਨੇ ਇੱਕ ਮੁਕੱਦਮੇ 'ਤੇ ਹਸਤਾਖਰ ਕੀਤੇ ਜੋ ਕਿ ਮਿਸੂਰੀ ਦੀ ਇੱਕ ਫੈਡਰਲ ਜ਼ਿਲ੍ਹਾ ਅਦਾਲਤ 'ਚ ਦਾਇਰ ਕੀਤਾ ਗਿਆ।

ਇਸ ਦੇ ਇਲਾਵਾ ਜਾਰਜੀਆ, ਅਲਾਬਾਮਾ, ਆਈਡਾਹੋ, ਕੰਸਾਸ, ਦੱਖਣੀ ਕੈਰੋਲਿਨਾ, ਯੂਟਾ ਅਤੇ ਪੱਛਮੀ ਵਰਜੀਨੀਆ ਸਮੇਤ ਰਾਜਾਂ ਦੇ ਇੱਕ ਹੋਰ ਸਮੂਹ ਨੇ ਜਾਰਜੀਆ 'ਚ ਫੈਡਰਲ ਜ਼ਿਲ੍ਹਾ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ। ਟੈਕਸਾਸ ਨੇ ਵੀ ਸ਼ੁੱਕਰਵਾਰ ਨੂੰ ਵਿਅਕਤੀਗਤ ਤੌਰ 'ਤੇ ਮੁਕੱਦਮਾ ਕੀਤਾ ਹੈ। ਇਨ੍ਹਾਂ ਸੂਬਿਆਂ ਨੇ ਅਦਾਲਤ ਨੂੰ ਬਾਈਡੇਨ ਪ੍ਰਸ਼ਾਸਨ ਦੀ ਇਸ ਵੈਕਸੀਨ ਜ਼ਰੂਰਤ ਨੂੰ ਰੋਕਣ ਲਈ ਕਿਹਾ ਹੈ।