‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼
2022_1image_10_15_290528106madras-ll.jpgਚੇਨਈ --08ਜਨਵਰੀ21-(ਮੀਡੀਦੇਪੰਜਾਬ)-- ਮਦਰਾਸ ਹਾਈ ਕੋਰਟ ਨੇ ਇਸ ਗੱਲ ’ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿ ਕੀ ਕੋਈ ਅਦਾਲਤ ਭਗਵਾਨ ਨੂੰ ਨਿਰੀਖਣ ਲਈ ਪੇਸ਼ ਕਰਨ ਦਾ ਹੁਕਮ ਦੇ ਸਕਦੀ ਹੈ? ਇਸਦੇ ਨਾਲ ਹੀ ਹਾਈ ਕੋਰਟ ਨੇ ਤਿਰੂਪੁਰ ਜ਼ਿਲੇ ਦੇ ਇਕ ਮੰਦਿਰ ਦੇ ਅਧਿਕਾਰੀਆਂ ਨੂੰ ‘ਮੂਲਵਰ’ (ਮੁੱਖ ਦੇਵਤਾ) ਦੀ ਮੂਰਤੀ ਨੂੰ ਗਵਾਹੀ ਲਈ ਪੇਸ਼ ਕਰਨ ਦਾ ਹੁਕਮ ਦੇਣ ’ਤੇ ਇਕ ਹੇਠਲੀ ਅਦਾਲਤ ਦੀ ਖਿਚਾਈ ਕੀਤੀ ਹੈ।

ਮਦਰਾਸ ਹਾਈ ਕੋਰਟ ਦੇ ਮਾਣਯੋਗ ਜੱਜ ਆਰ. ਸੁਰੇਸ਼ ਕੁਮਾਰ ਨੇ ਕਿਹਾ ਕਿ ਅਜਿਹਾ ਕਰਨ ਦੀ ਬਜਾਏ ਹੇਠਲੀ ਅਦਾਲਤ ਦੇ ਮਾਣਯੋਗ ਜੱਜ ਇਸ ਮੂਰਤੀ ਦੀ ਮੌਜੂਦਗੀ ਦਾ ਨਿਰੀਖਣ/ਪੁਸ਼ਟੀ ਕਰਨ ਲਈ ਕਿਸੇ ਵਕੀਲ ਜਾਂ ਕਮਿਸ਼ਨਰ ਨੂੰ ਨਿਯੁਕਤ ਕਰ ਸਕਦੇ ਸਨ ਅਤੇ ਆਪਣਾ ਸਿੱਟਾ ਕੱਢ ਸਕਦੇ ਸਨ। ਮੂਰਤੀ ਨੂੰ ਹਟਾਉਣ ਅਤੇ ਸਬੰਧਤ ਅਦਾਲਤ ਵਿਚ ਪੇਸ਼ ਕਰਨ ਦੀ ਲੋੜ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਭਗਤਾਂ ਦੀ ਮਾਨਤਾ ਮੁਤਾਬਕ ਇਹ ਭਗਵਾਨ ਹੈ,ਭਗਵਾਨ ਨੂੰ ਅਦਾਲਤ ਵੱਲੋਂ ਸਿਰਫ਼ ਨਿਰੀਖਣ ਜਾਂ ਪੁਸ਼ਟੀ ਕਰਨ ਦੇ ਮੰਤਵਾਂ ਲਈ ਪੇਸ਼ ਕਰਨ ਹਿੱਤ ਨਹੀਂ ਸੱਦਿਆ ਜਾ ਸਕਦਾ ਜਿਵੇਂ ਕਿ ਇਹ ਇਕ ਅਪਰਾਧਿਕ ਮਾਮਲੇ ਵਿਚ ਭੌਤਿਕ ਵਸਤੂ ਹੋਵੇ। ਜੁਡੀਸ਼ੀਅਲ ਅਧਿਕਾਰੀ ਮੂਰਤੀ ਦੀ ਦਿਵਿਅਤਾ ਨੂੰ ਪ੍ਰਭਾਵਿਤ ਕੀਤੇ ਬਿਨਾਂ ਜਾਂ ਵੱਡੀ ਗਿਣਤੀ ਵਿਚ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ ਬਿਨਾਂ ਉਸਦਾ ਨਿਰੀਖਣ ਕਰਨ ਲਈ ਇਕ ਵਕੀਲ ਜਾਂ ਕਮਿਸ਼ਨਰ ਨੂੰ ਨਿਯੁਕਤ ਕਰ ਸਕਦੇ ਸਨ। ਮਾਣਯੋਗ ਜੱਜ ਨੇ ਮੂਰਤੀ ਚੋਰੀ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਕੁੰਭਕੋਨਮ ਦੀ ਹੇਠਲੀ ਅਦਾਲਤ ’ਤੇ ਇਹ ਟਿੱਪਣੀ ਕੀਤੀ, ਜਿਸ ਨੇ ਅਧਿਕਾਰੀਆਂ ਨੂੰ ਤਿਰੂਪੁਰ ਜ਼ਿਲੇ ਦੇ ਸਿਵਰਪਲੀਅਮ ਸਵਾਮੀ ਮੰਦਿਰ ਨਾਲ ਸਬੰਧਤ ਉਕਤ ਮੂਰਤੀ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਸੀ।