ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ
brf.jpgਨਵੀਂ ਦਿੱਲੀ/ਸ੍ਰੀਨਗਰ---08ਜਨਵਰੀ21-(ਮੀਡੀਦੇਪੰਜਾਬ)-- ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਜੰਮੂ-ਕਸ਼ਮੀਰ ਦੇ ਕਟੜਾ ਸਮੇਤ ਪਹਾੜੀ ਇਲਾਕਿਆਂ ’ਚ ਬਰਫਬਾਰੀ ਕਾਰਨ ਠੰਡ ਫਿਰ ਤੋਂ ਵਧ ਗਈ ਹੈ ਜਦਕਿ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿਚ 4 ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਦਿੱਲੀ, ਹਿਮਾਚਲ, ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਵੀ ਬਾਰਿਸ਼ ਜਾਰੀ ਹੈ । 9 ਤੱਕ ਮੀਂਹ ਅਤੇ ਗੜੇ ਪੈਣ ਬਾਰੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਵਿਦਰਭ ਅਤੇ ਛੱਤੀਸਗੜ੍ਹ ਵਿਚ 9 ਤੋਂ 11 ਦਰਮਿਆਨ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸ ਦੇ ਨਾਲ ਹੀ ਪੱਛਮੀ ਗੜਬੜ ਕਾਰਨ ਰਾਜਸਥਾਨ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਚੱਕਰਵਾਤ ਵਰਗੀ ਸਥਿਤੀ ਬਣੀ ਰਹੇਗੀ। ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਗੁਲਮਰਗ ਅਤੇ ਪਹਿਲਗਾਮ ਦੇ ਸੈਰ-ਸਪਾਟਾ ਵਾਲੀਆਂ ਥਾਵਾਂ 'ਤੇ ਬਾਰਿਸ਼ ਦੇ ਨਾਲ-ਨਾਲ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਕਸ਼ਮੀਰ ਵਾਦੀ 'ਚ ਆਰੇਂਜ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਭਾਰੀ ਬਰਫਬਾਰੀ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।