ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ
kes_10_1_22.jpgਚੰਡੀਗੜ੍ਹ/ਨਵੀਂ ਦਿੱਲੀ --10ਜਨਵਰੀ21-(ਮੀਡੀਦੇਪੰਜਾਬ)--  ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਵਰਕਰ ਕੱਟੜ ਦੇਸ਼ਭਗਤ ਹੈ ਅਤੇ ਉਨ੍ਹਾਂ ਨੂੰ ਆਪਣੇ ਹਰ ਵਰਕਰ 'ਤੇ ਮਾਣ ਹੈ। ‘ਆਪ’ ਦਾ ਹਰ ਵਰਕਰ ਦੇਸ਼ ਅਤੇ ਸਮਾਜ ਵਿੱਚ ਬਦਲਾਅ ਲਿਆਉਣ ਲਈ ਉਨ੍ਹਾਂ ਨਾਲ ਜੁੜਿਆ ਹੋਇਆ ਹੈ।

ਕੇਰਜੀਵਾਲ ਨੇ ਇਹ ਗੱਲਾਂ ਐਤਵਾਰ ਨੂੰ ਪਾਰਟੀ ਵਰਕਰਾਂ ਨੂੰ ਕੀਤੇ ਆਪਣੇ ਵਰਚੁਅਲ ਸੰਬੋਧਨ ਦੌਰਾਨ ਕਹੀ। ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੀਟਿੰਗ ਦੌਰਾਨ ਸਮੂਹ ਪਾਰਟੀ ਵਰਕਰਾਂ ਨੂੰ ਵਧਾਈ ਦੇਣ ਤੋਂ ਬਾਅਦ ਆਪਣੇ ਸੰਬੋਧਨ ਵਿਚ ਕੇਜਰੀਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਦੇਸ਼ ਦੇ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲਈ ਚੋਣਾਂ ਸੱਤਾ ਹਾਸਲ ਕਰਨ ਦਾ ਜ਼ਰੀਆ ਨਹੀਂ, ਸਾਡੇ ਲਈ ਚੋਣਾਂ ਇਕ ਪਾਰਟੀ ਦੀ ਥਾਂ ਦੂਜੀ ਪਾਰਟੀ ਨੂੰ ਸੱਤਾ ਵਿਚ ਲਿਆਉਣ ਦਾ ਜ਼ਰੀਆ ਨਹੀਂ ਹਨ। ਪਾਰਟੀਆਂ ਬਦਲਣ ਨਾਲ ਕੁਝ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ 70 ਸਾਲ ਹੋ ਗਏ ਹਨ, ਪਾਰਟੀਆਂ ਬਦਲਦੇ ਬਦਲਦੇ, ਕੁਝ ਨਹੀਂ ਬਦਲਿਆ, ਸਭ ਕੁਝ ਉਂਝ ਹੀ ਹੈ। ਉਨ੍ਹਾਂ ਆਪਣੇ ਸੰਬੋਧਨ ’ਚ ਵਰਕਰਾਂ ਨੂੰ ਕਿਹਾ ਕਿ ਅਸੀਂ ਸਿਸਟਮ ਬਦਲਣਾ ਹੈ, ਪੂਰੇ ਦਾ ਪੂਰਾ ਸਿਸਟਮ ਬਦਲਣਾ ਹੋਵੇਗਾ। 'ਆਪ' ਲਈ ਚੋਣਾਂ ਦੇਸ਼ ਅਤੇ ਸਮਾਜ ’ਚ ਬਦਲਾਅ ਲਿਆਉਣ ਦਾ ਜ਼ਰੀਆ ਹਨ। ਇਹ ਸਾਡੇ ਲਈ ਇਕ ਬਦਲਾਅ ਲਿਆਉਣ ਦਾ ਮੌਕਾ ਹੈ। ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਜਦੋਂ ਉਹ ਚੋਣ ਪ੍ਰਚਾਰ ਲਈ ਨਿਕਲਣ ਤਾਂ ਉਹ ਸਿਰਫ਼ ਇਕ ਇਰਾਦੇ ਨਾਲ ਨਿਕਲਣ ਕਿ ਉਹ ਦੇਸ਼ ਵਿਚ ਵੱਡੇ ਬਦਲਾਅ ਲਈ ਕੰਮ ਕਰ ਰਹੇ ਹਨ, ਉਹ ਪ੍ਰਚਾਰ ਨਹੀਂ ਕਰ ਰਹੇ, ਸਗੋਂ ਦੇਸ਼ ਭਗਤੀ ਦਾ ਕੰਮ ਕਰ ਰਹੇ ਹਨ। ਇਨ੍ਹਾਂ ਚੋਣਾਂ ਦਾ ਮਕਸਦ ਇਕ ਪਾਰਟੀ ਨੂੰ ਬਦਲ ਕੇ ਦੂਜੀ ਪਾਰਟੀ  ਲਿਆਉਣਾ ਨਹੀਂ ਸਗੋਂ ਭ੍ਰਿਸ਼ਟ ਸਿਸਟਮ ਨੂੰ ਜੜ੍ਹੋਂ ਪੁੱਟ ਕੇ ਇਕ ਇਮਾਨਦਾਰ ਸਿਸਟਮ ਲਿਆਉਣਾ ਹੈ। ਦਿੱਲੀ ਦੀ 'ਆਪ' ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਪਰਿਵਰਤਨ ਸੰਭਵ ਹੈ। ਬਦਲਾਅ ਹੋ ਸਕਦਾ ਹੈ।

ਅੱਜ ਤੱਕ ਇਹ ਪਾਰਟੀਆਂ ਦੱਸਦੀਆਂ ਰਹੀਆਂ ਹਨ ਕਿ ਸਰਕਾਰ ਚਲਾਉਣਾ ਬਹੁਤ ਔਖਾ ਕੰਮ ਹੈ, ਸਰਕਾਰ ਚਲਾਉਣ ਲਈ ਥੋੜ੍ਹੀ ਬਹੁਤ ਬੇਈਮਾਨੀ ਤਾਂ ਕਰਨੀ ਹੀ ਪੈਂਦੀ ਹੈ ਪਰ ‘ਆਪ’ ਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਈਮਾਨਦਾਰੀ ਨਾਲ ਵੀ ਸਰਕਾਰਾਂ ਚਲਾਈਆਂ ਜਾ ਸਕਦੀਆਂ ਹਨ। ਇਨ੍ਹਾਂ ਪਾਰਟੀਆਂ ਨੇ ਅੱਜ ਤੱਕ ਸਾਨੂੰ ਇਹੋ ਦੱਸਿਆ ਹੈ ਕਿ ਚੋਣਾਂ ਲੜਨ ਲਈ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ ਅਤੇ ਚੋਣ ਜਿੱਤਣ ਲਈ ਬੇਈਮਾਨ ਹੋਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ‘ਆਪ’ ਨੇ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਈਮਾਨਦਾਰੀ ਨਾਲ ਵੀ ਲੜੀਆਂ ਜਾ ਸਕਦੀਆਂ ਹਨ ਅਤੇ ਜਿੱਤੀਆਂ ਵੀ ਜਾ ਸਕਦੀਆਂ ਹਨ। ਹੁਣ ਤੱਕ ਸਾਨੂੰ ਕਿਹਾ ਗਿਆ ਹੈ ਕਿ ਸਰਕਾਰੀ ਸਕੂਲ ਸ਼ਾਨਦਾਰ ਨਹੀਂ ਹੋ ਸਕਦੇ, ਸਰਕਾਰੀ ਸਕੂਲ ਕਾਰਪੋਰੇਟ ਸੈਕਟਰ ਨੂੰ ਦੇ ਦੇਣੇ ਚਾਹੀਦੇ ਹਨ। ਹੁਣ ਤੱਕ ਕਿਹਾ ਜਾਂਦਾ ਸੀ ਕਿ ਗਰੀਬਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਨਹੀਂ ਦਿੱਤੀ ਜਾ ਸਕਦੀ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੀ ਦਿੱਲੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਵੀ ਸ਼ਾਨਦਾਰ ਹੋ ਸਕਦੇ ਹਨ ਅਤੇ ਗਰੀਬਾਂ ਦੇ ਬੱਚਿਆਂ ਨੂੰ ਵੀ ਅਮੀਰਾਂ ਦੇ ਬੱਚਿਆਂ ਵਾਂਗ ਮਿਆਰੀ ਸਿੱਖਿਆ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ 75 ਸਾਲਾਂ ’ਚ ਵੀ ਸਰਕਾਰੀ ਹਸਪਤਾਲ ਠੀਕ ਨਹੀਂ ਕਰ ਸਕੀਆਂ, ਅਸੀਂ ਪੰਜ ਸਾਲਾਂ ਵਿੱਚ ਕਰ ਦਿੱਤੇ।

ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਅਜਿਹਾ ਹੋ ਤਾਂ ਸਕਦਾ ਹੈ, ਪਰਿਵਰਤਨ ਸੰਭਵ ਹੈ, ਦੇਸ਼ ਬਦਲ ਸਕਦਾ ਹੈ। 'ਆਪ' ਦੀ ਦਿੱਲੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਇੱਕ ਵੱਡੀ ਉਮੀਦ ਦਿੱਤੀ ਹੈ, ਸਭ ਕੁਝ ਸੰਭਵ ਹੈ ਪਰ ਆਸਾਨ ਨਹੀਂ, ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਇਹ ਆਜ਼ਾਦੀ ਦੀ ਲੜਾਈ ਵਾਂਗ ਹੈ, ਉਸ ਸਮੇਂ ਅਸੀਂ ਅੰਗਰੇਜ਼ਾਂ ਨਾਲ ਲੜ ਰਹੇ ਸੀ, ਅੱਜ ਸਾਡੇ ਸਾਹਮਣੇ ਪੂਰਾ ਭ੍ਰਿਸ਼ਟ ਸਿਸਟਮ ਹੈ, ਵੱਡੀਆਂ ਵੱਡੀਆਂ ਪਾਰਟੀਆਂ ਹਨ, ਉਨ੍ਹਾਂ ਪਾਰਟੀਆਂ ਕੋਲ ਬਹੁਤ ਪੈਸਾ ਹੈ, ਸਾਡੇ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜਨੂੰਨ ਹੈ, ਸਾਡੇ ਕੋਲ ਦੇਸ਼ਭਗਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਹਰ ਵਰਕਰ ਨੂੰ ਇਹ ਸਹੁੰ ਚੁੱਕਣੀ ਚਾਹੀਦੀ ਹੈ ਕਿ ਉਹ ਉਦੋਂ ਤੱਕ ਚੈਨ ਦੀ ਨੀਂਦ ਨਹੀਂ ਸੌਂਣਗੇ ਜਦੋਂ ਤੱਕ ਇਸ ਦੇਸ਼ ਵਿੱਚੋਂ ਭ੍ਰਿਸ਼ਟ ਸਿਸਟਮ ਨੂੰ ਜੜ੍ਹ ਤੋਂ ਉਖਾੜ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਬੀਤੇ ਕੱਲ੍ਹ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਕਾਰਨ ਚੋਣ ਪ੍ਰਚਾਰ 'ਤੇ ਕਈ ਪਾਬੰਦੀਆਂ ਹਨ, ਪਰ  ਡੋਰ ਟੂ ਡੋਰ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅੱਜ ਤੋਂ ਅਤੇ ਹੁਣ ਤੋਂ ਹੀ ਘਰ-ਘਰ ਚੋਣ ਪ੍ਰਚਾਰ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦੇ ਘਰ ਡੋਰ ਟੂ ਡੋਰ ਪ੍ਰਚਾਰ ਕਰਨ ਲਈ ਜਾਣ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਹਾਲ ਪੁੱਛਿਆ ਜਾਵੇ, ਜੇਕਰ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਸ ਦੀ ਮਦਦ ਕੀਤੀ ਜਾਵੇ। ਇਸ ਤੋਂ ਬਾਅਦ ਦੱਸੋ ਕਿ ਦਿੱਲੀ 'ਚ 'ਆਪ' ਸਰਕਾਰ ਨੇ ਕਿਹੜੇ-ਕਿਹੜੇ ਕੰਮ ਕੀਤੇ ਹਨ।