ਕਰਾਚੀ ਨੇੜੇ ਪਟਾਕਾ ਫੈਕਟਰੀ 'ਚ ਧਮਾਕਾ, 4 ਮਰੇ 28 ਜ਼ਖਮੀ
ਕਰਾਚੀ,27 ਜੂਨ : ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਗਰੀਬਾਬਾਦ ਖੇਤਰ 'ਚ ਸਥਿਤ ਇਕ ਪਟਾਕਾ ਫੈਕਟਰੀ 'ਚ ਜ਼ਬਰਦਸਤ ਵਿਸਫੋਟ ਹੋਣ ਨਾਲ ਇਕ ਔਰਤ ਸਮੇਤ 4 ਵਿਅਕਤੀ ਮਾਰੇ ਗਏ ਜਦੋਂ ਕਿ 26 ਵਿਅਕਤੀ ਜ਼ਖਮੀ ਹੋ ਗਏ। ਇਹ ਪਟਾਕਾ ਫੈਕਟਰੀ ਇਕ ਰਿਹਾਇਸ਼ੀ ਇਮਾਰਤ 'ਚ ਚਲਾਈ ਜਾ ਰਹੀ । ਵਿਸਫੋਟ 'ਚ ਪੂਰੀ ਫੈਕਟਰੀ ਤਬਾਹ ਹੋ ਗਈ ਅਤੇ ਨੇੜੇ ਲੱਗਦੇ ਇਕ ਦਰਜਨ ਤੋਂ ਵੱਧ ਮਕਾਨ ਵੀ ਇਸ ਧਮਾਕੇ ਦੀ ਲਪੇਟ ਵਿਚ ਆ ਗਏ। ਮਲਬੇ ਵਿਚ ਇਕ ਮਹਿਲਾ ਅਤੇ ਇਕ ਬੱਚੇ ਦੀ ਲਾਸ਼ ਬਰਾਮਦ ਹੋ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਇਸ ਧਮਾਕੇ 'ਚ ਇਸ ਇਲਾਕੇ ਨੇੜਿਉਂ ਗੁਜ਼ਰ ਰਹੀ ਇਕ ਗੈਸ ਪਾਈਪ ਲਾਈਨ ਵੀ ਲਪੇਟ 'ਚ ਆ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਹਤ ਕੰਮਾਂ ਲਈ ਭਾਰੀ ਮਸ਼ੀਨਾਂ ਨਹੀਂ ਭੇਜੀਆਂ ਗਈਆਂ ਕਿਉਂਕਿ ਗਰੀਬਾਬਾਦ ਖੇਤਰ ਦੀਆਂ ਗਲੀਆਂ ਕਾਫੀ ਤੰਗ ਹਨ। ਇਸ ਤੋਂ ਇਲਾਵਾ ਘਟਨਾ ਸਥਾਨ 'ਤੇ ਹਾਦਸੇ ਤੋਂ ਜਮ੍ਹਾਂ ਹੋਈ ਭੀੜ ਨੂੰ ਖਦੇੜਨ ਲਈ ਹਲਕਾ ਲਾਠੀਚਾਰਜ ਵੀ ਕੀਤਾ ਕਿਉਂਕਿ ਲੋਕਾਂ ਦੀ ਭੀੜ ਦੇ ਚਲਦਿਆਂ ਰਾਹਤ ਕਾਰਜਾਂ 'ਚ ਮੁਸ਼ਕਲ ਆ ਰਹੀ ਸੀ। ਅੱਬਾਸੀ ਸ਼ਹੀਦ ਹਸਪਤਾਲ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਜਿੱਥੇ ਜ਼ਿਅਦਾਤਰ ਜ਼ਖਮੀਆਂ ਨੂੰ ਭਰਤੀ ਕਰਾਇਆ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਰਿਹਾਇਸ਼ੀ ਖੇਤਰ 'ਚ ਪਟਾਕਾ ਫੈਕਟਰੀ ਲੱਗੀ ਹੋਣ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।