ਬੈਤੁੱਲਾ ਮਹਿਸੂਦ ਦੇ 5 ਸਾਥੀ ਹਲਾਕ

ਕਰਾਚੀ,27 ਜੂਨ  :ਪਾਕਿਸਤਾਨ ਦੀ ਦੱਖਣੀ ਬੰਦਰਗਾਹ ਸ਼ਹਿਰ 'ਚ ਹੋਏ ਪੁਲਿਸ ਮੁਕਾਬਲੇ ਦੌਰਾਨ ਬੈਤੁੱਲਾ ਮਹਿਸੂਦ ਦੇ 5 ਅਤਿ ਨਜ਼ਦੀਕੀ ਸਾਥੀ ਉਸ ਸਮੇਂ ਮਾਰੇ ਗਏ ਜਦੋਂ ਪੁਲਿਸ ਨੇ ਉਨ੍ਹਾਂ ਦੇ ਇਕ ਟਿਕਾਣੇ 'ਤੇ ਛਾਪਾ ਮਾਰਿਆ। ਸ਼ਹਿਰ ਦੇ ਪੁਲਿਸ ਪ੍ਰਮੁੱਖ ਨਸੀਮ ਅਹਿਮਦ ਨੇ ਬੀਤੀ ਰਾਤ ਦੱਸਿਆ ਕਿ ਪੁਲਿਸ ਨੇ ਨੈਸ਼ਨਲ ਹਾਈਵੇ ਨਾਲ ਲੱਗਦੇ ਗਾਦਪ ਨਗਰ ਦੇ ਨਜ਼ਦੀਕ ਅੱਤਵਾਦੀ ਟਿਕਾਣੇ 'ਤੇ ਛਾਪਾ ਮਾਰਿਆ। ਅੱਤਵਾਦੀਆਂ ਨੇ ਆਤਮ ਸਮਰਪਣ ਤੋਂ ਇਨਕਾਰ ਕਰ ਦਿੱਤਾ ਤੇ ਪੁਲਿਸ ਨਾਲ ਉਨ੍ਹਾਂ ਦੀ ਮੁੱਠਭੇੜ ਸ਼ੁਰੂ ਹੋ ਗਈ। ਦੱਸਿਆ ਗਿਆ ਕਿ ਇਸ ਮੌਕੇ 5 ਅੱਤਵਾਦੀ ਭੱਜਣ 'ਚ ਸਫ਼ਲ ਰਹੇ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਦੱਸਿਆ ਗਿਆ ਕਿ ਮਾਰੇ ਗਏ ਪੰਜ ਅੱਤਵਾਦੀ ਤਹਿਰੀਕ-ਏ-ਤਾਲਿਬਾਨ ਦੇ ਪ੍ਰਮੁੱਖ ਬੈਤੁੱਲਾ ਮਹਿਸੂਦ ਦੇ ਕਰੀਬੀ ਸਾਥੀ ਸਨ, ਜੋ ਪਾਕਿਸਤਾਨ ਤੇ ਅਮਰੀਕਾ ਨੂੰ ਲੋੜੀਂਦੇ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਸਨ।