ਦੁੱਖ-ਸੁੱਖ ਵੇਲੇ ਧੀਆਂ ਭਾਲਦੀਆਂ ਜਿਹੜੀ ਸਾਡੇ ਸਿਰਾਂ ਤੇ ਤੂੰ ਮਾਏ ਸਾਏਬਾਨ ਨੀ ।
nilu_3.jpgਤਲ਼ੀਆਂ ‘ਤੇ ਚੋਗ ਮਾਏ ਧੀਆਂ ਨੂੰ ਚੁਗਾਵੇਂ
ਤੇਰੀ ਵਸਦੀ ਏ ਧੀਆਂ ਵਿੱਚ ਜਾਨ ਨੀ
ਦੁੱਧ ਨਾਲ ਮੁੱਖ ਧੋਵੇਂ ਦਹੀ ਨਾਲ ਕੇਸ
ਕਦੇ ਦੇਖਦੀ ਨਾ ਨਫ਼ੇ ਨੁਕਸਾਨ ਨੀ
ਤੇਰੇ ਸਾਕ ਨਾਲ਼ੋਂ ਸੁੱਚਾ ਜੱਗ ਤੇ ਨਾ ਸਾਕ
ਤੇਰੀ ਮਮਤਾ ਬੜੀ ਹੀ ਮੁੱਲਵਾਨ ਨੀ
ਦੁੱਖ-ਸੁੱਖ ਵੇਲੇ ਧੀਆਂ ਭਾਲਦੀਆਂ ਜਿਹੜੀ
ਸਾਡੇ ਸਿਰਾਂ ਤੇ ਤੂੰ ਮਾਏ ਸਾਏਬਾਨ ਨੀ ।
ਤੇਰਿਆ ਬਨੇਰਿਆਂ ਦੀ ਧੁੱਪ ਹੈ ਗੁਲਾਬੀ
ਸ਼ਾਮਾਂ ਜਾਪਦੀਆਂ ਸਖੀਆਂ ਸਮਾਨ ਨੀ
ਮੱਖਣੀਆਂ ਝੱਸ ਝੱਸ ਧੀਆਂ ਦੇ ਤੂੰ ਕੇਸੀਂ
ਵਾਹ ਕੇ ਪੱਟੀਆਂ ਬਣਾਵੇਂ ਧੀ ਰਕਾਨ ਨੀ
ਤਾਰੇ ਸਾਡੀ ਮੰਜੜੀ ਦੀ ਦੌਣ ‘ਚ ਪਰੋ ਕੇ
ਧਰੇਂ ਪੈਰਾਂ ਹੇਠ ਸਾਡੇ ਅਸਮਾਨ ਨੀ
ਦੁੱਖ-ਸੁੱਖ ਵੇਲੇ ਧੀਆਂ ਭਾਲਦੀਆਂ ਜਿਹੜੀ
ਸਾਡੇ ਸਿਰਾਂ ਤੇ ਤੂੰ ਮਾਏ ਸਾਏਬਾਨ ਨੀ ।
ਚਾਂਦੀ ਦੇ ਸੰਦੂਕਾਂ ਵਿੱਚ ਦਾਜ ਸਾਨੂੰ ਦੇਵੇਂ
ਨਾਲ ਮਹਿਕਾਂ ਵਾਲੇ ਬਾਗ਼ ਕਰੇਂ ਦਾਨ ਨੀ
ਚਿੱਟਿਆਂ ਮੋਰਾਂ ਦੀ ਡਾਰ ਦਿੱਤੀ ਸਾਨੂੰ ਜਿਹੜੀ
ਪਾ ਪਾ ਪੈਲਾਂ ਦੇਣ ਸਾਨੂੰ ਸਨਮਾਨ ਨੀ
ਅਕਲਾਂ ਦੀ ਪੂੰਜੀ ਦੇ ਕੇ ਤੋਰੇਂ ਧੀਆਂ ਸੁਹਰੇ
ਪਿੱਛੇ ਹਾਸਿਆਂ ਦੀ ਛੱਡ ਜਾਣ ਭਾਨ ਨੀ
ਦੁੱਖ-ਸੁੱਖ ਵੇਲੇ ਧੀਆਂ ਭਾਲਦੀਆਂ ਜਿਹੜੀ
ਸਾਡੇ ਸਿਰਾਂ ਤੇ ਤੂੰ ਮਾਏ ਸਾਏਬਾਨ ਨੀ ।
ਜੁੱਗ ਜੁੱਗ ਵਸਦੀਆਂ ਰਹਿਣ ਏਥੇ ਮਾਂਵਾਂ
ਮਾਂਵਾਂ ਨਾਲ ਇਹ ਜੱਗ ਧਨਵਾਨ ਨੀ
ਸੁੱਖਾਂ ਦਾ ਸਵੇਰਾ ਮਾਏ ਖੇਡੇ ਤੇਰੇ ਨੈਣੀਂ
ਖੇਡੇ ਬੁੱਲਾਂ ਉੱਤੇ ਸਦਾ ਮੁਸਕਾਨ ਨੀ
ਨਿੱਤ ਤੇਰੀ ਦੇਹਲ਼ੀ ਉੱਤੇ ਰੱਬ ਬੈਠਾਂ ਦੇਖਾਂ
ਬੈਠਾ ਹੋਵੇ ਜਿਵੇਂ ਕੋਈ ਦਰਬਾਨ ਨੀ
ਦੁੱਖ-ਸੁੱਖ ਵੇਲੇ ਧੀਆਂ ਭਾਲਦੀਆਂ ਜਿਹੜੀ
ਸਾਡੇ ਸਿਰਾਂ ਤੇ ਤੂੰ ਮਾਏ ਸਾਏਬਾਨ ਨੀ ।
nilu_2.jpg
 
 
 
   ਨੀਲੂ ਜਰਮਨੀ