ਸਿਫਤ ਕੌਰ ਸਮਰਾ ਨੇ ਜੂਨੀਅਰ ਸ਼ੂਟਿੰਗ ਵਿਸ਼ਵ ਕੱਪ ਚ ਭਾਰਤ ਲਈ ਜਿੱਤਿਆ ਸੋਨਾ |
ਨਵੀਂ ਦਿੱਲੀ --16ਮਈ-(MDP)-- ਸਿਫਤ ਕੌਰ ਸਮਰਾ ਨੇ ਜਰਮਨੀ ਦੇ ਸੁਹਲ
ਵਿੱਚ ਚੱਲ ਰਹੇ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈ.ਐੱਸ.ਐੱਸ.ਐਫ.) ਜੂਨੀਅਰ
ਵਿਸ਼ਵ ਕੱਪ ਵਿੱਚ ਔਰਤਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ (3ਪੀ) ਮੁਕਾਬਲੇ ਵਿੱਚ
ਭਾਰਤ ਲਈ 10ਵਾਂ ਸੋਨ ਤਮਗਾ ਜਿੱਤਿਆ ਹੈ। ਭਾਰਤੀ ਪੁਰਸ਼ 3ਪੀ ਟੀਮ ਨੇ ਚਾਂਦੀ ਦਾ ਤਮਗਾ
ਜਿੱਤਿਆ, ਜਦੋਂਕਿ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਅਨੀਸ਼ ਅਤੇ
ਵਿਜੇਵੀਰ ਸਿੱਧੂ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਮਗਾ ਜਿੱਤਿਆ।
ਮਹਿਲਾ 3ਪੀ ਟੀਮ ਕਾਂਸੀ ਦੇ ਲਈ ਲੜੇਗੀ। ਇਸ ਵਿਸ਼ਵ ਕੱਪ ਵਿੱਚ ਭਾਰਤ 10 ਸੋਨੇ , 12
ਚਾਂਦੀ ਅਤੇ ਤਿੰਨ ਕਾਂਸੀ ਦੇ ਕੁੱਲ 25 ਤਮਗਿਆਂ ਨਾਲ ਸੂਚੀ ਵਿੱਚ ਸਿਖ਼ਰ ’ਤੇ ਹੈ। ਦੂਜੇ
ਸਥਾਨ 'ਤੇ ਰਹੀ ਇਟਲੀ ਦੇ ਕੋਲ ਚਾਰ ਸੋਨੇ ਅਤੇ ਤਿੰਨ ਕਾਂਸੀ ਦੇ ਤਮਗੇ ਹਨ। ਸਿਫ਼ਟ ਨੇ
ਐਤਵਾਰ ਦੇਰ ਸ਼ਾਮ ਸੋਨ ਤਮਗੇ ਦੇ ਮੁਕਾਬਲੇ ਵਿੱਚ ਨਾਰਵੇ ਦੀ ਜੂਲੀ ਜੋਹਾਨਸਨ ਨੂੰ 17-9
ਨਾਲ ਹਰਾਇਆ। ਇਸ ਮੁਕਾਬਲੇ ਵਿੱਚ ਭਾਰਤ ਦੀ ਆਸ਼ੀ ਚੋਕਸੀ ਨੇ ਕਾਂਸੀ ਦਾ ਤਮਗਾ ਜਿੱਤਿਆ। ਪੁਰਸ਼ਾਂ ਦੀ 3ਪੀ ਟੀਮ ਨੇ ਸੋਮਵਾਰ ਨੂੰ ਇਟਲੀ ਤੋਂ 12-16 ਨਾਲ ਹਾਰ ਕੇ ਚਾਂਦੀ ਦਾ
ਤਮਗਾ ਜਿੱਤਿਆ। ਇਸ ਈਵੈਂਟ ਵਿੱਚ ਵਿਅਕਤੀਗਤ ਚਾਂਦੀ ਦਾ ਤਮਗਾ ਜਿੱਤਣ ਵਾਲੇ ਸ਼ਿਵਮ ਡਬਾਸ,
ਪੰਕਜ ਮੁਖੇਜਾ ਅਤੇ ਅਵਿਨਾਸ਼ ਯਾਦਵ ਦੀ ਭਾਰਤੀ ਟੀਮ ਨੇ 1315 ਅੰਕਾਂ ਨਾਲ
ਕੁਆਲੀਫਿਕੇਸ਼ਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਟੀਮ ਇਲੀਮੀਨੇਸ਼ਨ ਪੜਾਅ ਵਿੱਚ ਇਟਲੀ
ਤੋਂ ਬਾਅਦ ਦੂਜੇ ਸਥਾਨ 'ਤੇ ਰਹੀ। ਫਾਈਨਲ 'ਚ ਹਾਲਾਂਕਿ ਉਨ੍ਹਾਂ ਨੂੰ ਇਟਲੀ ਦੇ ਖ਼ਿਲਾਫ਼
ਹੀ ਹਾਰ ਦਾ ਸਾਹਮਣਾ ਕਰਨਾ ਪਿਆ।
|