ਡੇਢ ਮਹੀਨਾ ਪਹਿਲਾਂ ਲਾਪਤਾ ਹੋਏ ਪਰਿਵਾਰ ਦੀਆਂ ਲਾਸ਼ਾਂ ਨਹਿਰ ’ਚੋਂ ਮਿਲੀਆਂ, ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ
cnal_22722.jpgਫਰੀਦਕੋਟ --22ਜੁਲਾਈ-(MDP)-- ਲਗਭਗ ਡੇਢ ਮਹੀਨਾਂ ਪਹਿਲਾਂ ਲਾਪਤਾ ਹੋਏ ਫਰੀਦਕੋਟ ਦੇ ਪਰਿਵਾਰ ਦੀਆਂ ਲਾਸ਼ਾਂ ਕਾਰ ਸਣੇ ਨਹਿਰ ’ਚੋਂ ਬਰਾਮਦ ਹੋਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਲਾਸ਼ਾਂ ਕਾਫੀ ਨੁਕਸਾਨੀਆਂ ਗਈਆਂ ਹਨ। ਪੁਲਸ ਨੇ ਲਾਸ਼ਾਂ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਫ਼ਰੀਦਕੋਟ ਦੀ ਭਾਨ ਸਿੰਘ ਕਲੋਨੀ ਤੋਂ ਲਗਭਗ ਡੇਢ ਮਹੀਨਾ ਪਹਿਲਾਂ ਇਕ ਸਿੱਖ ਪਰਿਵਾਰ

ਜਿਸ ਵਿਚ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਛੋਟੇ ਬੱਚੇ ਘਰੋਂ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਨਿਕਲੇ ਸਨ ਪਰ ਬਾਅਦ ਵਿਚ ਇਹ ਪਰਿਵਾਰ ਸ਼ੱਕੀ ਹਾਲਾਤ ’ਚ ਲਾਪਤਾ  ਹੋ ਗਿਆ ਸੀ ਜਿਸ ਦੀ ਤਲਾਸ਼ ਪੁਲਸ ਅਤੇ ਪਰਿਵਾਰਕ ਮੈਂਬਰ ਵਲੋਂ ਲਗਾਤਾਰ ਕੀਤੀ ਜਾ ਰਹੀ ਸੀ। 

ਅੱਜ ਫਰੀਦਕੋਟ ਦੀ ਸਰਹੰਦ ਨਹਿਰ ਦੇ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਪਾਣੀ ’ਚ ਇਕ ਕਾਰ ਡੁੱਬੀ ਦਿਖਾਈ ਦਿੱਤੀ, ਜਿਸ ਦੀ ਸੂਚਨਾਂ ਤੁਰੰਤ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕਢਵਾਇਆ ਜਿਸ ਦੇ ਨੰਬਰ ਤੋਂ ਪਹਿਚਾਣ ਹੋਈ ਕਿ ਇਹ ਉਸੇ ਪਰਿਵਾਰ ਦੀ ਕਾਰ ਹੈ ਜੋ ਪਿਛਲੇ ਡੇਢ ਮਹੀਨੇ ਤੋਂ ਲਾਪਤਾ ਹੈ। ਜਦੋਂ ਕਾਰ ਨੂੰ ਬਾਹਰ ਕੱਢਿਆ ਗਿਆ ਤਾਂ ਉਕਤ ਪਰਿਵਾਰ ਦੇ ਚਾਰੇ ਮੈਂਬਰਾਂ ਦੀਆਂ ਲਾਸ਼ਾਂ ਵੀ ਕਾਰ ’ਚੋ ਬਰਾਮਦ ਕੀਤੀਆਂ ਗਈਆਂ ਜੋ ਬੁਰੀ ਤਰ੍ਹਾਂ ਨਾਲ ਗਲ-ਸੜ ਚੁੱਕੀਆਂ ਸਨ।ਫਿਲਹਾਲ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਚ ਲੇੱਕੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮਹਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਨ੍ਹਾਂ ਦਾ ਜਵਾਈ ਪਰਮਜੀਤ ਸਿੰਘ, ਉਨ੍ਹਾਂ ਦੀ ਧੀ ਰੁਪਿੰਦਰ ਕੌਰ, 14 ਸਾਲ ਦੀ ਦੋਹਤੀ ਰੁਪਿੰਦਰ ਅਤੇ ਦੋਹਤਾ ਰਾਜਦੀਪ ਸਿੰਘ ਚਾਰੇ ਲਗਭਗ 2 ਵਜੇ ਘਰੋਂ ਆਪਣੀ ਕਾਰ ’ਤੇ ਨਿਕਲੇ ਸਨ, ਜਿਨ੍ਹਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਸੀ। ਉਨ੍ਹਾਂ ਸ਼ੰਕਾ ਜਤਾਈ ਕਿ ਇਹ ਆਤਮਹੱਤਿਆ ਨਹੀਂ ਬਲਕਿ ਕਿਸੇ ਵੱਲੋਂ ਸਾਜ਼ਿਸ਼ ਨਾਲ ਇਸ ਹਾਦਸੇ ਨੂੰ ਅੰਜਾਮ ਦਿੱਤਾ ਹੈ।

ਕੀ ਕਹਿਣਾ ਹੈ ਪੁਲਸ ਦਾ

ਇਸ ਮੌਕੇ ਜਾਂਚ ਅਧਿਕਾਰੀ ਜਸਕਰਨ ਸਿੰਘ ਨੇ ਕਿਹਾ ਕਿ ਅੱਜ ਸੂਚਨਾਂ ਮਿਲਣ ਤੋਂ ਬਾਅਦ ਕਾਰ ਨੂੰ ਨਹਿਰ ’ਚੋਂ ਕੱਢਿਆ ਗਿਆ ਹੈ ਜਿਸ ’ਚੋਂ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜਿਆ ਜਾ ਰਿਹਾ ਹੈ। ਇਸ ਹਾਦਸੇ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।