ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ: ਸੋਨੀਆ ਗਾਂਧੀ ਨੂੰ ਮਿਲੇ ਅਸ਼ੋਕ ਗਹਿਲੋਤ |
 ਨਵੀਂ ਦਿੱਲੀ- --21ਸਤੰਬਰ-(MDP)-- ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲੜਨ ਦਾ ਸਪੱਸ਼ਟ ਸੰਕੇਤ ਦੇਣ ਮਗਰੋਂ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੁੱਧਵਾਰ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ
ਕੀਤੀ। ਮੰਨਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਦੌਰਾਨ
ਪ੍ਰਧਾਨ ਅਹੁਦੇ ਦੀ ਚੋਣ ਨਾਲ ਜੁੜੇ ਵਿਸ਼ਿਆਂ ’ਤੇ ਚਰਚਾ ਹੋਈ ਹੈ। ਮੁਲਾਕਾਤ ਤੋਂ ਪਹਿਲਾਂ
ਗਹਿਲੋਤ ਨੇ ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲੜਨ ਦਾ ਸਪੱਸ਼ਟ ਸੰਕੇਤ ਦਿੱਤਾ ਅਤੇ ਕਿਹਾ
ਕਿ ਪਾਰਟੀ ਦੇ ਲੋਕਾਂ ਦਾ ਜੋ ਫ਼ੈਸਲਾ ਹੋਵੇਗਾ, ਉਸ ਨੂੰ ਉਹ ਮੰਨਣਗੇ।
ਗਹਿਲੋਤ ਨੇ ਇਹ ਵੀ ਕਿਹਾ ਕਿ ਉਹ ਕੋਚੀ ਜਾ ਕੇ ਰਾਹੁਲ ਗਾਂਧੀ ਨੂੰ ਇਸ ਗੱਲ ਲਈ ਮਨਾਉਣ
ਦੀ ਆਖਰੀ ਕੋਸ਼ਿਸ਼ ਕਰਨਗੇ ਕਿ ਉਹ ਪਾਰਟੀ ਪ੍ਰਧਾਨ ਅਹੁਦੇ ਦਾ ਅਹੁਦਾ ਸੰਭਾਲਣ। ਉਨ੍ਹਾਂ ਦਾ
ਕਹਿਣਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਗੱਲਬਾਤ ਮਗਰੋਂ ਹੀ ਤੈਅ ਕਰਨਗੇ ਕਿ ਅੱਗੇ ਕੀ
ਕਰਨਾ ਹੈ। ਗਹਿਲੋਤ ਦਿੱਲੀ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਮਗਰੋਂ ਅੱਜ
ਸ਼ਾਮ ਮੁੰਬਈ ਜਾਣਗੇ ਅਤੇ ਵੀਰਵਾਰ ਨੂੰ ਕੇਰਲ ਜਾਣਗੇ, ਜਿੱਥੇ ਰਾਹੁਲ ਗਾਂਧੀ ਨਾਲ
ਮੁਲਾਕਾਤ ਕਰਨਗੇ ਅਤੇ ‘ਭਾਰਤ ਜੋੜੋ ਯਾਤਰਾ’ ’ਚ ਸ਼ਾਮਲ ਹੋਣਗੇ। ਓਧਰ ਕਾਂਗਰਸ ਦੇ ਸੀਨੀਅਰ
ਨੇਤਾ ਸ਼ਸ਼ੀ ਥਰੂਰ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਉਹ ਪ੍ਰਧਾਨ ਅਹੁਦੇ ਦੀ ਚੋਣ
ਲੜਨਗੇ।
|