PM ਮੋਦੀ ਨੇ ਪੀਐੱਮ ਕੇਅਰਸ ਫੰਡ ’ਚ ਯੋਗਦਾਨ ਲਈ ਦੇਸ਼ ਵਾਸੀਆਂ ਦੀ ਕੀਤੀ ਸ਼ਲਾਘਾ
2022_9image_15_59_498818133pmmodi-ll.jpgਨਵੀਂ ਦਿੱਲੀ---21ਸਤੰਬਰ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐੱਮ. ‘ਕੇਅਰਸ ਫੰਡ’ ’ਚ ਦਿਲ ਖੋਲ੍ਹ ਕੇ ਯੋਗਦਾਨ ਦੇਣ ਲਈ ਦੇਸ਼ ਵਾਸੀਆਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਇੱਥੇ ਪੀਐੱਮ ਕੇਅਰਸ ਫੰਡ ਦੇ ਟਰੱਸਟ ਬੋਰਡ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਫੰਡ ’ਚ ਯੋਗਦਾਨ ਦੇਣ ਲਈ ਦੇਸ਼ ਵਾਸੀਆਂ ਦੀ ਸ਼ਲਾਘਾ ਕੀਤੀ। ਬੈਠਕ ਵਿਚ ਫੰਡ ਦੀ ਮਦਦ ਨਾਲ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਤਰਜੀਹਾਂ ਬਾਰੇ ਗੱਲ ਕੀਤੀ ਗਈ, ਜਿਸ ’ਚ ‘ਪੀਐੱਮ ਕੇਅਰਸ ਫਾਰ ਚਿਲਡਰਨ ਯੋਜਨਾ’ ਵੀ ਸ਼ਾਮਲ ਹੈ, ਜੋ 4,345 ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ।

ਓਧਰ ਟਰੱਸਟ ਬੋਰਡ ਦੇ ਮੈਂਬਰਾਂ ਨੇ ਮੁਸ਼ਕਲ ਸਮੇਂ ’ਚ ਫੰਡ ਜ਼ਰੀਏ ਦਿੱਤੀ ਗਈ ਸਹਾਇਤਾ ਦੀ ਸ਼ਲਾਘਾ ਕੀਤੀ। ਬੋਰਡ ਦੇ ਮੈਂਬਰਾਂ ਨੇ ਕਿਹਾ ਕਿ ਪੀਐੱਮ ਕੇਅਰਸ ਫੰਡ ਨਾ ਸਿਰਫ ਰਾਹਤ ਸਹਾਇਤਾ ਸਗੋਂ ਵੱਖ-ਵੱਖ ਉਪਾਵਾਂ ਅਤੇ ਸਮਰੱਥਾ ਦੇ ਨਿਰਮਾਣ ਜ਼ਰੀਏ ਐਮਰਜੈਂਸੀ ਹਾਲਾਤ ਅਤੇ ਸੰਕਟ ਦੇ ਹਾਲਾਤਾਂ ਤੋਂ ਪ੍ਰਭਾਵੀ ਢੰਗ ਨਾਲ ਨਜਿੱਠਣ ਦੀ ਦਿਸ਼ਾ ’ਚ ਕੰਮ ਕਰਦਾ ਰਹੇਗਾ। ਪ੍ਰਧਾਨ ਮੰਤਰੀ ਨੇ ਪੀਐੱਮ ਕੇਅਰਸ ਫੰਡ ਦੇ ਵੱਖ-ਵੱਖ ਅੰਗ ਬਣਨ ਲਈ ਟਰੱਸਟ ਬੋਰਡ ਦੇ ਮੈਂਬਰਾਂ ਦਾ ਸਵਾਗਤ ਕੀਤਾ। ਇਸ ਬੈਠਕ ਵਿਚ ਪੀਐੱਮ ਕੇਅਰਸ ਫੰਡ ਦੇ ਟਰੱਸਟ ਬੋਰਡ ਦੇ ਮੈਂਬਰਾਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਲ-ਨਾਲ ਨਾਮਜ਼ਦ ਮੈਂਬਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕੇ. ਟੀ. ਥਾਮਸ, ਲੋਕ ਸਭਾ ਦੇ ਸਾਬਕਾ ਸਪੀਕਰ ਕਰੀਆ ਮੁੰਡਾ ਅਤੇ ਟਾਟਾ ਸਨਜ਼ ਦੇ ਪ੍ਰਧਾਨ ਰਤਨ ਟਾਟਾ ਨੇ ਵੀ ਹਿੱਸਾ ਲਿਆ।