ਲੰਡਨ ’ਚ ਰਚੀ ਗਈ ਸੀ ਇਮਰਾਨ ਖ਼ਾਨ ’ਤੇ ਹਮਲੇ ਤੇ ਪੱਤਰਕਾਰ ਦੀ ਹੱਤਿਆ ਦੀ ਸਾਜਿਸ਼
2022_11image_11_13_035155037imrankhan-ll.jpgਇਸਲਾਮਾਬਾਦ --22ਨਵੰਬਰ-(MDP)-- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ. ਐੱਨ.) ਦੇ ਬੁਲਾਰੇ ਹੋਣ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਪੀ. ਟੀ. ਆਈ. ਦੇ ਪ੍ਰਧਾਨ ਇਮਰਾਨ ਖ਼ਾਨ ’ਤੇ ਹਮਲਾ ਕਰਨ ਤੇ ਪੱਤਰਕਾਰ ਅਰਸ਼ਦ ਸ਼ਰੀਫ ਦੀ ਹੱਤਿਆ ਦੀ ਸਾਜਿਸ਼ ਲੰਡਨ ’ਚ ਰਚੀ ਗਈ ਸੀ। ਇਹ ਗੱਲ ਮੀਡੀਆ ਰਿਪੋਰਟ ’ਚ ਕਹੀ ਗਈ ਹੈ।

ਇਕ ਨਿੱਜੀ ਟੀ. ਵੀ. ਚੈਨਲ ਮੁਤਾਬਕ 20 ਸਾਲਾਂ ਤੋਂ ਪੀ. ਐੱਮ. ਐੱਲ. ਐੱਨ. ਨਾਲ ਜੁੜੇ ਤਸਨੀਮ ਹੈਦਰ ਸ਼ਾਹ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੀ. ਐੱਮ. ਐੱਲ. ਐੱਨ. ਸੁਪਰੀਮੋ ਨਵਾਜ਼ ਸ਼ਰੀਫ ਨਾਲ ਉਨ੍ਹਾਂ ਦੇ ਪੁੱਤਰ ਹਸਨ ਨਵਾਜ਼ ਦੇ ਦਫਤਰ ’ਚ ਉਨ੍ਹਾਂ ਦੀਆਂ 3 ਮੀਟਿੰਗਾਂ ਹੋਈਆਂ। ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦੋਸ਼ ਲਗਾਇਆ ਗਿਆ ਕਿ ਉਸ ਨੂੰ ਪੱਤਰਕਾਰ ਤੇ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਲਈ ਬੁਲਾਇਆ ਗਿਆ ਸੀ।

ਸ਼ਾਹ ਮੁਤਾਬਕ ਪਹਿਲੀ ਮੀਟਿੰਗ 8 ਜੁਲਾਈ, ਦੂਜੀ 20 ਸਤੰਬਰ ਤੇ ਤੀਜੀ 29 ਅਕਤੂਬਰ ਨੂੰ ਹੋਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਨਵੇਂ ਫੌਜ ਮੁਖੀ ਦੀ ਨਿਯੁਕਤੀ ਤੋਂ ਪਹਿਲਾਂ ਅਰਸ਼ਦ ਸ਼ਰੀਫ ਤੇ ਖ਼ਾਨ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਵਾਜ਼ ਸ਼ਰੀਫ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਉਹ ਸ਼ੂਟਰ ਮੁਹੱਈਆ ਕਰਵਾ ਸਕਦੇ ਹਨ ਤਾਂ ਉਹ (ਪੀ. ਐੱਮ. ਐੱਲ. ਐੱਨ.) ਵਰੀਜਾਬਾਦ ’ਚ ਥਾਂ ਦੇਣਗੇ ਤੇ ਦੋਸ਼ ਪੰਜਾਬ ਸਰਕਾਰ ’ਤੇ ਆਏਗਾ।

ਸ਼ਾਹ ਨੇ ਕਿਹਾ ਕਿ ਉਸ ਨੇ ਨਵਾਜ਼ ਦੇ ਪ੍ਰਸਤਾਵ ਨੂੰ ਨਕਾਰ ਦਿੱਤਾ। ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼ਾਹ ਨੇ ਇਹ ਵੀ ਕਿਹਾ ਕਿ ਬ੍ਰਿਟਿਸ਼ ਪੁਲਸ ਨੂੰ ਸਾਜਿਸ਼ ਦੀ ਸੂਚਨਾ ਦਿੱਤੀ ਗਈ ਸੀ। ਹਾਲਾਂਕਿ ਪੀ. ਐੱਮ. ਐੱਲ. ਐੱਨ. ਦੇ ਬੁਲਾਰੇ ਤੇ ਸੂਚਨਾ ਮੰਤਰੀ ਮਰੀਅਨ ਔਰੰਗਜ਼ੇਬ ਦੇ ਦੋਸ਼ਾਂ ਦਾ ਖੰਡਨ ਕੀਤਾ ਤੇ ਕਿਹਾ ਕਿ ਸ਼ਾਹ ਦਾ ਉਨ੍ਹਾਂ ਦੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਜ਼ਬਰਦਸਤੀ ਪੀ. ਐੱਮ. ਐੱਲ. ਐੱਨ. ਦਾ ਬੁਲਾਰਾ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ।