ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮੁੱਚੇ ਸੰਸਾਰ ਲਈ ਚਾਨਣ ਮੁਨਾਰਾ

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਿਮਾਣੀ ਤੇ ਨਿਤਾਣੀ ਭਾਰਤੀ ਆਤਮਾ ਨੂੰ ਹਲੂਣਦਿਆਂ ਉਸ ਦੇ ਹੱਕ ਤੇ ਫ਼ਰਜ ਚੇਤੇ ਕਰਾਏ। ਗੁਰੂ ਜੀ ਦੀ ਸ਼ਹਾਦਤ ਸਿਰਫ ਭਾਰਤ ਲਈ ਹੀ ਨਹੀਂ, ਸਗੋਂ ਸਮੁੱਚੇ ਸੰਸਾਰ ਲਈ ਹੀ ਚਾਨਣ ਮੁਨਾਰਾ ਹੈ। ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਗੁਰੂ ਜੀ ਦੀ ਸ਼ਹਾਦਤ ਦੇ ਸੁਨੇਹੇ ਨੂੰ ਸਮਝਦਿਆਂ ਧਰਮ ਦੀ ਰੌਸ਼ਨੀ ’ਚ ਹੱਕ-ਸੱਚ ’ਤੇ ਪਹਿਰਾ ਦਿੱਤਾ ਜਾਵੇ ਤਾਂ ਜੋ ਅਧਰਮ ਤੇ ਅਨਿਆਂ ਦਾ ਖਾਤਮਾ ਹੋ ਸਕੇ। ਇਹ ਵੀ ਸੱਚ ਹੈ ਕਿ ਅੱਜ ਅੰਤਰਰਾਸ਼ਟਰੀ ਪੱਧਰ ’ਤੇ ਧਰਮਾਂ ਦੀ ਆਪਸੀ ਖਿਚੋਤਾਣ, ਵੈਰ ਵਿਰੋਧ, ਮਨੁੱਖਤਾ ਨੂੰ ਮਲੀਆਮੇਟ ਕਰਨ ਦਾ ਵਾਤਾਵਰਣ ਬਣਿਆ ਹੋਇਆ ਹੈ, ਅਜਿਹੇ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੰਦੇਸ਼ ਸੰਸਾਰ ’ਚ ਸ਼ਾਂਤੀ ਸਥਾਪਿਤ ਕਰਨ ’ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਸੋ ਆਓ, ਪਾਤਸ਼ਾਹ ਜੀ ਦੀ ਯਾਦ ’ਚ ਜੁੜ ਕੇ ਆਪਾ ਪੜਚੋਲ ਕਰਦਿਆਂ ਗੁਰੂ ਜੀ ਵਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ ਕਰੀਏ।

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਦੇ ਘਰ 1621 ਈ. ਨੂੰ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਨੂੰ ਲਗਭਗ 43 ਕੁ ਸਾਲ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਪਾਸੋਂ ਗੁਰਗੱਦੀ ਦੀ ਬਖਸ਼ਿਸ਼ ਹੋਈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ-ਆਦਰਸ਼ ਦੀ ਸੁਰੱਖਿਆ ਤੇ ਸਥਾਪਤੀ ਦੇ ਜਜ਼ਬੇ ਨੂੰ ਮੂਰਤੀਮਾਨ ਕਰਨ ਦਾ ਸੰਦੇਸ਼ ਦਿੱਤਾ। ਆਪਣਾ ਸਾਰਾ ਜੀਵਨ ਸਬਰ ਤੇ ਸਿਦਕ, ਨਿਰਭਉ ਤੇ ਨਿਰਵੈਰ, ਸੱਚ ਤੇ ਸਹਿਜ ਦੀ ਪ੍ਰਕਿਰਿਆ ’ਚ ਜੀਵਿਆ। ਗੁਰੂ ਸਾਹਿਬ ਦਾ ਪਰਿਵਾਰ ਸ੍ਰੀ ਆਨੰਦਪੁਰ ਸਾਹਿਬ ’ਚ ਬੜੀਆਂ ਖ਼ੁਸ਼ੀਆਂ ਨਾਲ ਰਹਿ ਰਿਹਾ ਸੀ। ਇਸ ਨੂੰ ਆਨੰਦਾਂ ਦੀ ਪੁਰੀ ਕਿਹਾ ਜਾਂਦਾ ਸੀ। ਉਸ ਸਮੇਂ ਔਰੰਗਜ਼ੇਬ ਨੇ ਦਿੱਲੀ ’ਚ ਧਰਮ ਪਰਿਵਰਤਨ ਦੀ ਅਤਿ ਮਚਾਈ ਹੋਈ ਸੀ। ਉਹ ਅਜਿਹਾ ਬਾਦਸ਼ਾਹ ਸੀ, ਜਿਸ ਨੇ ਰਾਜ ਗੱਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਤੇ ਭਰਾਵਾਂ ਨੂੰ ਵੀ ਨਹੀਂ ਬਖਸ਼ਿਆ। ਔਰੰਗਜ਼ੇਬ ਨੇ ਸਮੁੱਚੇ ਗੈਰ-ਇਸਲਾਮੀ ਲੋਕਾਂ ਨੂੰ ਮੁਸਲਮਾਨ ਬਣਾਉਣ ਦੀ ਠਾਣ ਰੱਖੀ ਸੀ। ਉਸ ਨੇ ਕਸ਼ਮੀਰ ਦੇ ਵਿਦਵਾਨ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਉਣ ਦਾ ਫਤਵਾ ਦਿੱਤਾ। ਕਸ਼ਮੀਰੀ ਬ੍ਰਾਹਮਣ ਔਖੀ ਸਥਿਤੀ ’ਚ ਫਸ ਗਏ ਸਨ, ਉਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਦਾ ਰਾਹ ਲੱਭਿਆ। ਦੁਖੀ ਪੰਡਿਤਾਂ ’ਚ ਪੰਡਿਤ ਕਿਰਪਾ ਰਾਮ ਗੁਰੂ ਦਰਬਾਰ ਦੀ ਸੁਹਿਰਦਤਾ ਤੇ ਲੋਕ-ਹਿਤਕਾਰੀ ਭਾਵਨਾ ਤੋਂ ਜਾਣੂ ਸੀ। ਇਸ ਲਈ ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ’ਚ ਆਪਣੀ ਫ਼ਰਿਆਦ ਲੈ ਕੇ ਹਾਜ਼ਰ ਹੋਏ ਕਸ਼ਮੀਰੀ ਪੰਡਿਤਾਂ ਦੇ ਦੁੱਖਾਂ ਨੂੰ ਗੁਰੂ ਜੀ ਨੇ ਬੜੀ ਹਮਦਰਦੀ ਨਾਲ ਸੁਣਿਆ ਤੇ ਉਪਦੇਸ਼ ਦਿੱਤਾ ਕਿ ਉਹ ਆਪਣੇ ਸਾਹਸ ਨੂੰ ਕਾਇਮ ਰੱਖਣ ਤੇ ਜਾ ਕੇ ਬਾਦਸ਼ਾਹ ਨੂੰ ਕਹਿਣ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਉਧਰ ਔਰੰਗਜ਼ੇਬ ਕੱਟੜ ਧਾਰਮਿਕ ਨੀਤੀ ਦਾ ਅਨੁਯਾਈ ਸੀ। ਉਸ ਨੇ ਇਸ ਗੱਲ ਨੂੰ ਚੰਗਾ ਸਮਝਿਆ ਕਿ ਜੇਕਰ ਇਕ ਵਿਅਕਤੀ ਦੇ ਮੁਸਲਮਾਨ ਬਣਨ ਨਾਲ ਸਾਰੇ ਹਿੰਦੂ ਮੁਸਲਮਾਨ ਬਣਦੇ ਹਨ ਤਾਂ ਇਸ ਤੋਂ ਵਧੀਆ ਹੋਰ ਕਿਹੜੀ ਗੱਲ ਹੈ।

ਔਰੰਗਜ਼ੇਬ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿੱਤੇ। ਗੁਰੂ ਜੀ ਆਪ ਚੱਲ ਕੇ ਦਿੱਲੀ ਗਏ। ਉਥੇ ਆਪ ਜੀ ਨੂੰ ਕਾਲ ਕੋਠੜੀ ’ਚ ਕੈਦ ਕਰਕੇ ਰੱਖਿਆ ਗਿਆ, ਕੁਝ ਸਿੱਖ ਵੀ ਆਪ ਦੇ ਨਾਲ ਕੈਦ ਕੀਤੇ ਗਏ। ਗੁਰੂ ਜੀ ਨੂੰ ਡਰਾਉਣ ਹਿੱਤ ਪਹਿਲਾਂ ਕੈਦ ਕੀਤੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਫਿਰ ਆਪ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ। ਪਹਿਲੀ ਕੋਈ ਕਰਾਮਾਤ ਦਿਖਾਓ, ਦੂਜੀ ਇਸਲਾਮ ਧਰਮ ਕਬੂਲ ਕਰੋ, ਤੀਜੀ ਦੋਵਾਂ ’ਚੋਂ ਇਕ ਵੀ ਨਾ ਮੰਨਣ ਕਰਕੇ ਮੌਤ ਲਈ ਤਿਆਰ ਹੋ ਜਾਓ। ਗੁਰੂ ਜੀ ਨੇ ਪਹਿਲੀਆਂ ਦੋਵੇਂ ਸ਼ਰਤਾਂ ਨੂੰ ਨਕਾਰਦਿਆਂ ਮੌਤ ਨੂੰ ਕਬੂਲ ਕਰਕੇ ਅਜਿਹੀ ਕਰਾਮਾਤ ਦਿਖਾਈ, ਜੋ ਅਜੇ ਤੱਕ ਕਿਸੇ ਵੀ ਧਰਮ ਦੇ ਪੈਗ਼ੰਬਰ ਨੇ ਦੁਨੀਆ ਦੇ ਇਤਿਹਾਸ ’ਚ ਨਹੀਂ ਦਿਖਾਈ ਸੀ। ਗੁਰੂ ਪਾਤਸ਼ਾਹ ਨੂੰ 11 ਨਵੰਬਰ, 1675 ਨੂੰ ਦਿੱਲੀ ਦੇ ਚਾਂਦਨੀ ਚੌਕ ’ਚ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਦੀ ਸ਼ਹਾਦਤ ਨਾਲ ਦੁਨੀਆ ’ਚ ਤਰਾਹ-ਤਰਾਹ ਹੋਣ ਲੱਗ ਪਈ। ਗੁਰੂ ਦਸ਼ਮੇਸ਼ ਜੀ ਬਚਿਤ੍ਰ ਨਾਟਕ ’ਚ ਲਿਖਦੇ ਹਨ–

ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥

ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥

ਇਸ ਕੁਰਬਾਨੀ ਨਾਲ ਸਮਾਜ ਨੂੰ ਨਵਾਂ ਦਿਸ਼ਾ-ਨਿਰਦੇਸ਼ ਮਿਲਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਲੋਕਾਂ ’ਚ ਜਬਰ-ਜ਼ੁਲਮ ਨਾਲ ਟੱਕਰ ਲੈਣ ਦਾ ਸਾਹਸ ਪੈਦਾ ਹੋਇਆ। ਸਿੱਖ ਧਰਮ ਦੀ ਨੀਂਹ ਕੁਰਬਾਨੀ ਦੇ ਉੱਪਰ ਰੱਖੀ ਗਈ ਹੈ, ਜਿਸ ’ਚ ਦੋ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਸ਼ਾਮਲ ਹਨ। ਸ਼ਹੀਦੀ ਪਰੰਪਰਾ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ ਹੈ ਕਿਉਂਕਿ ਦੁਨੀਆ ਦੇ ਇਤਿਹਾਸ ’ਚ ਕਿਧਰੇ ਵੀ ਵੇਖਣ ’ਚ ਨਹੀਂ ਆਇਆ ਕਿ ਕਿਸੇ ਸ਼ਖ਼ਸੀਅਤ ਨੇ ਦੂਜੇ ਧਰਮ ਦੀ ਰਾਖੀ ਲਈ ਜ਼ੁਲਮ ਵਿਰੁੱਧ ਟੱਕਰ ਲਈ ਹੋਵੇ। ਸਿੱਖ ਧਰਮ ਅਜਿਹਾ ਧਰਮ ਹੈ, ਜਿਸ ’ਚ ਦੂਸਰਿਆਂ ਦੇ ਦੁੱਖਾਂ ਦੀ ਨਵਿਰਤੀ ਹਿੱਤ ਗੁਰੂ ਸਾਹਿਬਾਨ ਤੇ ਗੁਰੂ ਦੇ ਸਿੱਖਾਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ। ਦੂਸਰੇ ਦੇ ਧਰਮ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਤਾਂ ਸਿਖਰ ਹੀ ਤੋੜ ਦਿੱਤਾ। 

ਇਸ ਸਥਿਤੀ ’ਚ ਪਰਉਪਕਾਰੀ ਤੇ ਕਲਿਆਣਕਾਰੀ ਸ਼ਹਾਦਤ ਕਰਕੇ ਨੋਵੇਂ ਪਾਤਸ਼ਾਹ ਜੀ ਦੇ ਸਮਕਾਲੀਆਂ ਤੇ ਇਤਿਹਾਸਕਾਰਾਂ ਨੇ ਉਨ੍ਹਾਂ ਦੀ ਸ਼ਖ਼ਸੀਅਤ ਤੇ ਅਦੁੱਤੀ ਦੇਣ ਬਾਰੇ ਬੜੇ ਮਾਣ ਤੇ ਸਤਿਕਾਰ ਨਾਲ ‘ਹਿੰਦ ਦੀ ਚਾਦਰ’, ‘ਧਰਮ ਦੀ ਚਾਦਰ’ ਤੇ ‘ਸ੍ਰਿਸ਼ਟੀ ਦੀ ਚਾਦਰ’ ਆਦਿ ਬੜੇ ਮਹੱਤਵਪੂਰਨ ਵਿਸ਼ੇਸ਼ਣਾਂ ਨਾਲ ਚਿਤਰਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਦਰਸ਼ ਮਾਨਵ-ਧਰਮ ਦੀ ਸੁਰੱਖਿਆ ਲਈ, ਸਮੂਹ ਮਨੁੱਖ ਜਾਤੀ ਦੇ ਵਿਚਾਰ-ਵਿਸ਼ਵਾਸ਼ ਦੀ ਸੁਤੰਤਰਤਾ ਤੇ ਉਸ ਦੀ ਜ਼ਮੀਰ ਦੀ ਅਜ਼ਾਦੀ ਵਾਲੇ ਬੁਨਿਆਦੀ ਹੱਕਾਂ ਤੇ ਅਧਿਕਾਰਾਂ ਲਈ ਸ਼ਹਾਦਤ ਦਿੱਤੀ। ਗੁਰੂ ਜੀ ਨੇ ਸਾਰੀ ਸ੍ਰਿਸ਼ਟੀ ’ਤੇ ਚਾਦਰ ਦਾ ਕੰਮ ਕੀਤਾ। ਕਵੀ ਸੈਨਾਪਤੀ ਸ੍ਰੀ ਗੁਰੂ ਸੋਭਾ ’ਚ ਲਿਖਦੇ ਹਨ–

ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟਿ ਪੈ ਢਾਪੀ ਚਾਦਰ॥

ਧਰਮ ਕਰਮ ਕੀ ਜਿਨਿ ਪਤਿ ਰਾਖੀ ਅਟੱਲ ਕਰੀ ਕਲਜੁਗ ਮੇਂ ਰਾਖੀ॥

ਦੁਨੀਆ ਦੇ ਇਤਿਹਾਸ ’ਚ ਗੁਰੂ ਜੀ ਦੀ ਸ਼ਹਾਦਤ ਬਹੁਤ ਵੱਡਾ ਸਾਕਾ ਹੋ ਨਿਬੜੀ। ਇਸ ਘਟਨਾ ਨੇ ਜਗਤ ’ਚ ਹੋਰ ਨਵੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਧਰਮ ਦੀ ਰਾਖੀ ਕਰਨ ਬਦਲੇ ਗੁਰੂ ਤੇਗ ਬਹਾਦਰ ਜੀ ਪ੍ਰਥਾਏ ਸ੍ਰੀ ਗੁਰੂ ਪੰਥ ਪ੍ਰਕਾਸ਼ ’ਚ ਜ਼ਿਕਰ ਮਿਲਦਾ ਹੈ ਕਿ–

ਤੇਗ ਬਹਾਦਰ ਫਿਰ ਗੁਰ ਭਯੋ ਪਰਸਵਾਰਥ ਹਿਤਿ ਜਿਨਿ ਸਿਰ ਦਯੋ॥

ਕਲਯੁਗ ਮੈ ਬਡ ਸਾਕਾ ਕੀਯਾ ਧਰਮ ਕਰਮ ਰਖ ਹਿੰਦੂ ਲੀਯਾ॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤ੍ਰ ਨਾਟਕ ’ਚ ਵਰਣਨ ਕੀਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਸ਼ਹਿਨਸ਼ਾਹ ਔਰੰਗਜ਼ੇਬ ਦੇ ਸਿਰ ’ਤੇ ਆਪਣੇ ਸਰੀਰ ਦਾ ਠੀਕਰਾ ਭੰਨ ਕੇ ਉਸ ਦੀਆਂ ਸਭ ਉਮੀਦਾਂ ਤੇ ਸਕੀਮਾਂ ’ਤੇ ਪਾਣੀ ਫੇਰ ਦਿੱਤਾ–

ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥

ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ॥