ਬੇਈਮਾਨ ਸਿਆਸਤ ਦਾ ਸ਼ਿਕਾਰ ‘ਰੰਗਲਾ ਪੰਜਾਬ’

ਲਖਵਿੰਦਰ ਸਿੰਘ
punjab-map

ਪੰਜਾਬ ਜੋ ਕਿਸੇ ਵੇਲੇ ਹਿੰਦੋਸਤਾਨ ਦੀ ਖੜਗਭੁਜਾ ਰਿਹਾ ਹੈ, ਦਿੱਲੀ ਦੇ ਲਾਲ ਕਿਲ੍ਹੇ ’ਤੇ ਆਪਣਾ ਪਰਚਮ ਝੁਲਾਉਣ ਲਈ ਜਿੰਨੇ ਹਮਲਾਵਰ ਭਾਰਤ ਵਿੱਚ ਆਏ ਸਭ ਦਾ ਪ੍ਰਵੇਸ਼ ਦੁਆਰ ਪੰਜਾਬ ਹੀ ਰਿਹਾ ਹੈ। ਹਰੇਕ ਹਮਲਾਵਰ ਨੂੰ ਸਭ ਤੋਂ ਪਹਿਲਾਂ ਪੰਜਾਬੀਆਂ ਨਾਲ ਦੋ ਹੱਥ ਕਰਨੇ ਪਏ। ਕਈ ਵਾਰ ਪੰਜਾਬੀਆਂ ਤੋਂ ਛਿੱਤਰ ਖਾ ਕੇ ਧਾੜ੍ਹਵੀ ਆਪਣੇ ਘੁਰਨੇ ਵਿੱਚ ਜਾ ਵੜ੍ਹਿਆ, ਜਿਸ ਨੇ ਹੱਥ ਜੋੜ ਮੁਆਫ਼ੀ ਮੰਗੀ, ਉਸ ਨੂੰ ਖੁੱਲ੍ਹ ਦਿਲੀ ਨਾਲ ਮੁਆਫ਼ ਵੀ ਕੀਤਾ।

ਪੰਜਾਬ ਵਾਸੀ ਖ਼ੁੱਲਾ-ਡੁਲਾ ਖਾਣ ਪਹਿਨਣ ਦੇ ਸ਼ੌਕੀਨ ਅਤੇ ਦਿਲ ਦਰਿਆ ਸੁਭਾਅ ਦੇ ਮਾਲਕ ਹੋਣ ਕਾਰਨ ਵਿਸ਼ਵ ਭਰ ਵਿੱਚ ਪ੍ਰਸਿੱਧ ਹਨ। ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ। ਦੇਸ਼ ਦੇ ਅੰਨ ਭੰੇਡਾਰ ਵਿੱਚ ਸਭ ਤੋਂ ਵੱਧ ਹਿੱਸਾ ਪੰਜਾਬੀ ਕਿਰਸਾਨੀ ਨੇ ਪਾਇਆ, ਸਰਹੱਦੀ ਸੂਬਾ ਹੋਣ ਕਾਰਨ ਹਰੇਕ ਵਿਦੇਸ਼ੀ ਸੰਤਾਪ ਵੀ ਪੰਜਾਬੀਆਂ ਨੇ ਹੰਡਾਇਆ ਹੈ, ਜੇਕਰ ਅੱਜ ਵੀ ਭਾਰਤ ਜੰਗ ਕਰਨਾ ਚਾਹੇ ਤਾਂ ਸਭ ਖ਼ਤਰੇ ਪੰਜਾਬੀ ਹੀ ਸਹਿਣ ਕਰਨਗੇ। ਜਿਸ ਵੇਲੇ ਪੰਜਾਬੀ ਵਿਦੇਸ਼ੀ ਧਾੜਵੀਆਂ ਦੇ ਹਮਲੇ ਦਾ ਸੰਤਾਪ ਹੰਡਾ ਰਹੇ ਹੋਣਗੇ, ਉਸ ਵੇਲੇ ਸਾਰਾ ਮੁਲਕ ਆਰਾਮ ਦੀ ਨੀਂਦ ਸੁੱਤਾ ਪਿਆ ਹੋਵੇਗਾ। ਐਨੀਆਂ ਬਹਾਦਰੀ ਭਰੀਆਂ ਪ੍ਰਸੰਸਾਵਾਂ ਦਾ ਮਾਲਕ ਪੰਜਾਬ ਅੱਜ ਉਹ ਪੰਜਾਬ ਨਹੀਂ² ਰਿਹਾ, ਨਾ ਹੀ ਉਹ ਪੰਜਾਬੀ ਸੂਰਮਾ ਰਿਹੈ, ਜਿਸ ਦੇ ਪਰਬਤ ਵਰਗੇ  ਹੌਸਲਿਆਂ ਅੱਗੇ ਧਾੜਵੀਆਂ ਦੀਆਂ ਚੀਕਾਂ ਨਿਕਲ ਗਈਆਂ ਸਨ, ਅੱਜ ਉਹੀ ਪੰਜਾਬੀ ਯੋਧਾ ਭੁੱਖ-ਮਰੀ, ਬਿਮਾਰੀਆਂ, ਨਸ਼ਿਆਂ, ਬੇਰੋਜ਼ਗਾਰੀ, ਬੇਇਨਸਾਫ਼ੀ, ਅੱਤਿਆਚਾਰਾਂ, ਰਿਸ਼ਵਤਖੋਰੀ ਆਦਿ ਵਰਗੀਆਂ ਬੁਰੀਆਂ ਬਲਾਵਾਂ ਅੱਗੇ ਬਲ ਹਾਰ ਗਿਆ ਹੈ, ਭਿਅੰਕਰ ਤੋਂ ਭਿਅੰਕਰ ਸਮੱਸਿਆਵਾਂ ਨੂੰ ਟਿੱਚ ਜਾਨਣ ਵਾਲਾ ਪੰਜਾਬੀ ਆਤਮ-ਹੱਤਿਆ ਦੇ ਰਾਹ ਪੈ ਗਿਆ ਹੈ। ਜੰਗ-ਏ-ਮੈਦਾਨ ਵਿੱਚ ਵੈਰੀ ਨੂੰ ਨਾਨੀ ਚੇਤੇ ਕਰਾਉਣ ਵਾਲਾ ਪੰਜਾਬੀ ਅੱਜ ਆਪਣਿਆਂ ਹੱਥੋ ਹਾਰ ਗਿਆ। ਪੰਜਾਬ ਨੂੰ ਤਰਸਯੋਗ ਹਾਲਤ ਤੱਕ ਪਹੁੰਚਾਉਣ ਵਾਲੀਆਂ ਕਿਸ ਸ਼ਾਤਰ ਦਿਮਾਗ ਦੀਆਂ ਯੋਜਨਾਵਾਂ ਕਾਰਜਸ਼ੀਲ ਹਨ, ਪੰਜਾਬ ਨੂੰ ਗੁਰਬਤ ਦੀ ਦਲਦਲ ਵਿੱਚ ਧਕੇਲਣ ਵਾਲੀਆਂ ਕਿਹੜੀਆਂ ਅਜਿਹੀਆਂ ਵਿਰੋਧੀ ਤਾਕਤਾਂ ਹਨ ਜਿੰਨਾਂ ਨੂੰ ਪੰਜਾਬ ਦੇ ਬਹਾਦਰ ਸਪੂਤ ਅੱਖੀਂ ਰੜਕਦੇ ਹਨ। ਇਨ੍ਹਾਂ ਦਾ ਲੇਖਾ-ਜੋਖਾ ਕਰਨਾ ਸਮੇਂ² ਦੀ ਸਖ਼ਤ ਜ਼ਰੂਰਤ ਹੈ ਅਤੇ ਇਸ ਸਭ ਲਈ ਜ਼ਿੰਮੇਵਾਰ ਲੋਕਾਂ ਨੂੰ ਚੌਰਾਹੇ ਵਿੱਚ ਲਿਆ ਕੇ ਲੋਕ ਕਚਿਹਰੀ ਸਾਹਮਣੇ ਲਿਆਉਣਾ ਅਤੇ ਪੰਜਾਬੀ ਢੰਗ ਨਾਲ ਬਣਦੀ ਸਜ਼ਾ ਦੇਣਾ ਮੁੱਢਲਾ ਫ਼ਰਜ਼ ਬਣਦਾ ਜਾ ਰਿਹਾ ਹੈ।
ਅਖ਼ਬਾਰੀ ਰਿਪੋਰਟਾਂ ਪੜ੍ਹ ਕੇ ਮਨ ਬਹੁਤ ਦੁੱਖੀ ਹੋਇਆ ਜਦ ਪਤਾ ਲੱਗਾ ਕਿ ਦਿੱਲੀ ਦੇ ਲੇਡੀ ਸ੍ਰੀ ਰਾਮ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਦੀ 9 ਮੈਂਬਰੀ ਟੀਮ ਆਪਣੇ ਇੰਚਾਰਜ ਪ੍ਰੋ. ਵਿਨੋਦ ਰਾਜਨ ਦੀ ਅਗਵਾਈ ਵਿੱਚ ਮਾਨਸਾ ਜ਼ਿਲੇ ਦੇ ਮਜ਼ਦੂਰ ਅੰਦੋਲਨ ਦੇ ਅਧਿਐਨ ਲਈ ਪਹੁੰਚੀ। ਇਸ ਟੀਮ ਨੇ ਮਾਨਸਾ ਜ਼ਿਲੇ ਦੇ ਅਨੇਕਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੇ ਜੀਵਨ ਪੱਧਰ ਦੀ ਬਾਰੀਕੀ ਨਾਲ ਘੋਖ ਕੀਤੀ। ਟੀਮ ਨੇ ਲਿਤਾੜੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਨੇੜਿਓ ਅਧਿਐਨ ਕਰਕੇ ਜਿਸ ਸੰਵੇਦਨਸ਼ੀਲ ਨਤੀਜੇ ’ਤੇ ਪਹੁੰਚੇ, ਪੰਜਾਬ ਦਾ ਜੋ ਪ੍ਰਭਾਵ ਟੀਮ ’ਤੇ ਪਿਆ, ਉਹ ਅੰਤਾਂ ਦਾ ਦੁੱਖਦਾਈ ਸੀ। ਲੜਕੀ ਸ਼ਵੇਤਾ ਨੇ ਕਿਹਾ ਕਿ ਦੇਸ਼ ਦੇ ਖੁਸ਼ਹਾਲ ਸੂਬੇ ਵਿੱਚ ਰਹਿੰਦੇ ਗਰੀਬਾਂ ਦੀ ਹਾਲਤ ਕਿਸੇ ਵੀ ਪਖੋਂ (ਇਲਾਜ਼, ਪੜ੍ਹਾਈ, ਸਫ਼ਾਈ, ਰਿਹਾਇਸ਼, ਸਾਫ਼ ਪਾਣੀ ਆਦਿ ਪੱਖੋਂ) ਤਸੱਲੀਬਖ਼ਸ਼ ਤਾਂ ਦੂਰ ਦੀ ਗੱਲ ਗੁਜ਼ਾਰੇ ਲਾਇਕ ਵੀ ਨਹੀਂ। ਟੀਮ ਦੀ ਮੈਂਬਰ ਹਿਮਾਨੀ ਨੂੰ ਬਹਾਦਰ ਪੰਜਾਬਣਾਂ ਨੇ ਰੋ-ਰੋ ਕੇ ਦੱਸਿਆ ਕਿ ਉਹਨਾਂ ਕੋਲ ਫ਼ਸਲੀ ਮੌਸਮ ਦੌਰਾਨ 20-21 ਦਿਨਾਂ ਤੋਂ ਬਿਨਾਂ ਬੱਝਵਾਂ ਰੁਜ਼ਗਾਰ ਨਹੀਂ। ਸਾਜੀਆਂ ਨੇ ਕਿਹਾ ਕਿ ਨਰੇਗਾ ਅਧੀਨ ਸਿਰਫ਼ ਪੰਜ ਦਿਨ ਹੀ ਕੰਮ ਮਿਲਿਆ ਅਕੇ ਕਈਆਂ ਨੂੰ ਇਸ ਤੋਂ ਵੀ ਘੱਟ, ਕਿਸੇ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲਿਆ, ਜੋ ਮਜ਼ਦੂਰ ਔਰਤਾਂ ਪੈਸੇ ਦੀ ਘਾਟ ਕਾਰਨ ਖਾਤੇ ਨਹੀਂ ਖੁੱਲ੍ਹਵਾ ਸਕੀਆਂ। ਉਨ੍ਹਾਂ ਦੇ ਚੈੱਕਾਂ ਦੀ ਮਿਆਦ ਪੁੱਗ ਗਈ। ਰਾਧਿਕਾ ਨੇ ਸ਼ੁੱਧ ਪਾਣੀ ਦੀ ਹਕੀਕਤ ਬਿਆਨ ਕਰਦਿਆਂ ਕਿਹਾ ਕਿ ਆਰ.ਓ ਸਿਸਟਮ ਰਾਹੀ ਪਾਣੀ ਲੈਣਾ ਗਰੀਬ ਪੰਜਾਬੀਆਂ ਦੇ ਵੱਸ ਨਹੀਂ ਕਿਉਂਕਿ ਉਹ 200 ਰੁਪਏ ਦੇ ਪਾਣੀ ਪ੍ਰਾਪਤ ਕਰਨ ਵਾਲੇ ਕਾਰਡ ਨਹੀਂ ਖਰੀਦ ਸਕਦੇ। ਰੋਜ਼ਾਨਾ ਦੇ 20 ਲੀਟਰ ਪਾਣੀ ਲਈ ਮਹੀਨੇ ਦੇ 80 ਰੁਪਏ ਭਰਨ ਦੇ ਸਮਰੱਥ ਨਹੀਂ, ਪਾਣੀ ਪ੍ਰਾਪਤੀ ਲਈ ਲੰਮੀਆਂ ਕਤਾਰਾਂ ਵਿੱਚ ਲੱਗ ਦਿਹਾੜੀ ਖਰਾਬ ਕਰਨਾ ਵੱਖਰਾ । ਇਸ ਦਾ ਭਾਵ ਹੈ ਕਿ ਸਰਕਾਰ ਭਾਵੇਂ ਸ਼ੁੱਧ ਅਤੇ ਸਾਫ਼ ਪਾਣੀ ਮੁਹੱਈਆ ਕਰਾਉਣ ਦੇ ਉਪਰਾਲੇ ਕਰ ਚੁੱਕੀ ਹੈ, ਪਰ ਖੁਸ਼ਹਾਲ ਪੰਜਾਬ ਦੀਆਂ ਬੜ੍ਹਕਾਂ ਮਾਰਨ ਵਾਲੀ ਮੌਜੂਦਾ ਅਕਾਲੀ ਸਰਕਾਰ ਇਹ ਨਹੀਂ ਵੇਖਦੀ ਕਿ ਇਸ ਦਾ ਫਾਇਦਾ ਦੱਬੇ-ਕੁਚਲੇ, ਲਿਤਾੜੇ, ਗਰੀਬ, ਮਿਹਨਤਕਸ਼, ਸਾਰਾ ਦਿਨ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਅਤੇ ਸਰਕਾਰਾਂ ਤੋਂ ਸਸਤੀ ਆਟਾ-ਦਾਲ ਪ੍ਰਾਪਤ ਕਰਨ ਵਾਲੇ ਨਹੀਂ ਉਠਾਉਂਦੇ, ਸਗੋਂ ਇਹ ਤਾਂ ਸਰਮਾਏਦਾਰ, ਅਮੀਰਜਾਦਿਆਂ ਅਤੇ ਨੇਤਾਵਾਂ ਦੀ ਚਾਪਲੂਸੀ ,ਚਮਚਾਗਿਰੀ ਅਤੇ ਸੁਆਰਥੀ ਆਓ ਭਗਤ ਕਰਨ ਵਾਲੇ, ਧਨਾਢ ਵਰਗ ਦੇ ਲੋਕਾਂ ਦੀ ਹੀ ਸਿਹਤ ਸੰਭਾਲ ਦਾ ਜਰੀਆ ਹੈ। ਇਸ ਟੀਮ ਦੀ ਮੈਂਬਰ ਕੀਰਤੀ ਹੈਰਾਨ ਹੋਈ ਕਿ ਇਥੇ ਛੋਟੇ-ਛੋਟੇ ਘਰਾਂ ਵਿੱਚ ਕਿੰਨੇ-ਕਿੰਨੇ ਜੀਅ ਰਹਿਣ ਵਸੇਰਾ ਕਰਦੇ ਹਨ ਅਤੇ ਮਜ਼ਦੂਰਾਂ ਦੇ ਘਰਾਂ ਨੂੰ ਨਰਕਾਂ ਦਾ ਨਮੂਨਾ ਐਲਾਨਦਿਆਂ ਕਿਹਾ ਕਿ ਉਥੇ ਹੀ ਡੰਗਰ, ਉੱਥੇ ਹੀ ਰੋਟੀ, ਪਖਾਨੇ ਆਦਿ ਵੇਖ ਕੇ ਪੰਜਾਬ ’ਤੇ ਤਰਸ ਆਉਂਦਾ ਹੈ। ਸਰਲਾ ਨਾਮ ਦੀ ਵਿਦਿਆਰਥਣ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਦਿੱਲੀ ਦੇ ਗੁਆਂਢੀ ਸੂਬੇ ਪੰਜਾਬ ਵਿੱਚ ਲੱਖਾਂ ਕਰੋੜਾਂ ਸਖ਼ਤ ਮਿਹਨਤੀ ਅਤੇ ਗਰੀਬ ਲੋਕ ਵੱਸਦੇ ਹਨ, ਜਿਨ੍ਹਾਂ ਬਾਰੇ ਕਦੇ ਕਿਆਸ ਵੀ ਨਹੀਂ ਕੀਤਾ ਸੀ। ਸਵਾਤੀ ਨੇ ਤਾਂ ਪੰਜਾਬ ਦੇ ਹੁਕਮਰਾਨਾਂ ਦੇ ਨੱਕ ’ਤੇ ਹੀ ਮਾਰੀ, ਜਦੋਂ ਉਸ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਜਿਹੜਾ ਪੰਜਾਬ ਉਸ ਨੇ ਚਿਤਵਿਆ ਸੀ, ਉਹ ਤਾਂ ਇੱਕ ਪਾਈ ਵੀ ਨਹੀਂ, ਬਾਹਰ ਐਵੇਂ ਪੰਜਾਬ ਪੰਜਾਬ ਹੋ ਰਹੀ ਐ–ਅਤੇ ਐਥੇ ਹਕੀਕਤਾਂ ਕੁੱਝ ਹੋਰ ਹੀ ਹਨ। ਪੰਜਾਬ ਵਿੱਚ ਅਧਿਐਨ ਸਮੱਗਰੀ ਇਕੱਤਰ ਕਰਨ ਆਈ ਇਹ ਨੌਂ ਮੈਂਬਰੀ ਟੀਮ ਨੂੰ ਅਸਲ ਵਿੱਚ ਅਖਬਾਰਾਂ ਅਤੇ ਫਿਲਮਾਂ ਨੇ ਗੁੰਮਰਾਹ ਕਰ ਦਿੱਤਾ ਸੀ ਕਿ ਪਤਾ ਨਹੀਂ ਪੰਜਾਬ ਉਹੀ ਪੰਜਾਬ ਹੈ, ਜੋ ਕਦੇ ਪੁਰਾਤਨ ਭਾਰਤ ਦਾ ਪੰਜਾਬ ਸੀ। ਉਨ੍ਹਾਂ ਨੂੰ ਇਸ ਹਕੀਕਤ ਦਾ ਨਹੀਂ ਪਤਾ ਸੀ ਕਿ ਪੰਜਾਬ ਨੂੰ ਤਾਂ ਪਰਿਵਾਰਵਾਦ ਦੀ ਸਿਆਸਤ ਛੱਕ ਗਈ, ਵੱਖੋ-ਵੱਖ ਹੁਕਮਰਾਨਾਂ ਨੇ ਇਸ ਨੂੰ ਜੀਅ ਭਰ ਕੇ ਲੁਟਿਆ ਹੈ, ਪੰਜਾਬੀਆਂ ਨੂੰ ਸ਼ੇਰਾਂ ਤੋਂ ਲੇਲੇ ਬਣਾ ਕੇ ਰੱਖ ਦਿੱਤਾ–ਫਿੱਟ ਲਾਹਨਤ ਇਹੋ ਜਿਹੀਆਂ ਹਕੂਮਤਾਂ ਦੇ—-।
ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰ ਕੇ ਇੱਥੋਂ ਦਾ ਪੰਜਾਬੀ ਕਿਸਾਨ ਭਾਰਤੀ ਅੰਨ-ਭੰਡਾਰ ਵਿੱਚ ਸਭ ਤੋਂ ਵੱਧ ਅਨਾਜ ਜਮ੍ਹਾਂ ਕਰਵਾ ਰਿਹਾ ਹੈ। ਆਪਣੀ ਹੱਡ ਭੰਨਵੀਂ ਮਿਹਨਤ ਨਾਲ ਬੰਜਰ ਜ਼ਮੀਨਾਂ ਉਪਜਾਊ ਕੀਤੀਆਂ ਪਰ ਦੇਸ਼ ਦਾ ਅੰਨਦਾਤਾ ਆਪਣੀ ਮਿਹਨਤ ਦਾ ਮੁੱਲ ਪ੍ਰਾਪਤ ਨਹੀਂ ਕਰ ਰਿਹਾ। ਫ਼ਸਲ ਕਿਸੇ ਦੀ ਕੀਮਤ ਕੋਈ ਹੋਰ ਨਿਰਧਾਰਿਤ ਕਰੇ, ਇਸ ਤੋਂ ਵੱਧ ਧੱਕੇਸ਼ਾਹੀ ਕੀ ਹੋ ਸਕਦੀ ਹੈ, ਦੂਜੇ ਪਾਸੇ ਵੱਡੇ-ਛੋਟੇ ਉਦਯੋਗਪਤੀ ਆਪਣੇ ਉਤਪਾਦਨ ਦੀ ਲਾਗਤ ਸਮੇਤ ਸਾਰੇ ਖਰਚੇ ਜੋੜ ਕੇ ਮੁਨਾਫਾਯੁਕਤ ਕੀਮਤ ਆਪ ਨਿਰਧਾਰਤ ਕਰਦੇ ਹਨ। ਦੇਸ਼ ਨੂੰ ਭਿਖਾਰੀ ਤੋਂ ਅੰਨਦਾਤਾ ਬਣਾਉਣ ਵਾਲਾ ਪੰਜਾਬੀ ਕਿਸਾਨ ਅੱਜ ਠੂਠਾ ਫੜ੍ਹੀ ਫਿਰਦੈ, ਕਰਜ਼ੇ ਦਾ ਸਤਾਇਆ ਆਤਮ-ਹੱਤਿਆ ਕਰ ਰਿਹਾ ਹੈ। 1991 ਵਿੱਚ ਆਂਧਰਾ ਪ੍ਰਦੇਸ਼ ਦੇ ਵਾਰੰਗਲ ਜ਼ਿਲ੍ਹੇ ਦੇ ਪਿੰਡ ਈਨਾਬਾਬੀ ਵਿੱਚ ਦੇਸ਼ ਦੇ ਪਹਿਲੇ ਕਰਜਈ ਕਿਸਾਨ ਨੇ ਆਤਮ-ਹੱਤਿਆ ਕੀਤੀ ਸੀ। ਉਸ ਵੇਲੇ ਪੰਜਾਬੀ ਕਿਸਾਨ ਹੌਂਸਲੇ ਵਿੱਚ ਹੋਣ ਕਰ ਕੇ ਉਨ੍ਹਾਂ ਨੂੰ ਸੰਘਰਸ਼ ਕਰਨ ਦੀ ਪ੍ਰੇਰਨਾ ਦੇ ਰਿਹਾ ਸੀ, ਪਰ ਅੱਜ ਉਹੀ ਬੱਬਰ ਸ਼ੇਰ ਕਿਸਾਨ ਖ਼ੁਦਕੁਸ਼ੀਆਂ ਕਰ ਰਿਹੈ, ਕਿੱਧਰੇ ਟੱਬਰ ਦਾ ਟੱਬਰ ਹੀ ਕੁਮੌਤ ਮਰ ਰਿਹਾ ਆਖਿਰ ਕਿਉਂ?
1967 ਵਿੱਚ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਵੇਲੇ ਸੱਤਪਾਲ ਡਾਂਗ ਖੁਰਾਕ ਮੰਤਰੀ ਸਨ। ਕੇਂਦਰ ਨੇ ਕਣਕ ਦਾ ਮੁੱਲ 70 ਕੁਇੰਟਲ ਨਿਰਧਾਰਤ ਕੀਤਾ, ਉਸ ਵੇਲੇ 45 ਹਾਰਸ ਪਾਵਰ ਦਾ ਟਰੈਕਟਰ 20 ਹਜ਼ਾਰ ਕੀਮਤ ਦਾ ਸੀ, ਪਰ ਅੱਜ ਕਣਕ 1100 ਕੁਇੰਟਲ ਹੈ ਅਤੇ ਟਰੈਕਟਰ 8 ਲੱਖ ਰੁਪਏ ਦਾ ਹੈ। ਇਸ ਤਰ੍ਹਾਂ ਪੈਦਾਵਾਰ ਦਾ ਭਾਅ 14 ਗੁਣਾਂ ਵਧਿਆ ਹੈ ਅਤੇ ਮਸ਼ੀਨਰੀ 40 ਗੁਣਾਂ ਮਹਿੰਗੀ ਹੋ ਗਈ। ਇਸ ਤਰ੍ਹਾਂ ਪੈਦਾਵਾਰ ਦੀਆਂ ਕੀਮਤਾਂ ਅਤੇ ਮਸ਼ੀਨਰੀ ਦੀਆਂ ਕੀਮਤਾਂ ਡਾਢ੍ਹੇ ਅੰਤਰ ਨੇ ਕਿਸਾਨਾਂ ਨੂੰ ਡਾਹਢਾ ਦੁੱਖੀ ਅਤੇ ਪ੍ਰੇਸ਼ਾਨ ਕੀਤਾ ਹੈ। ਇਹੋ ਹਾਲ ਡੀਜ਼ਲ, ਬੀਜ, ਖਾਦ ਅਤੇ ਕੀਟਨਾਸ਼ਕਾਂ ਦਾ ਹੈ, ਜੋ ਮਹਿੰਗੀਆਂ ਹੋਣ ਦੇ ਨਾਲ-ਨਾਲ ਨਕਲੀ ਮਿਆਦ ਪੁੱਗਾ ਚੁੱਕੀਆਂ ਅਤੇ ਉਚਿਤ ਗੁਣਾਂ ਵਾਲੀਆਂ ਨਹੀਂ ਹਨ। ਜੇਕਰ ਸਰਕਾਰ ਕਿਸਾਨ ਪੱਖੀ ਨੀਤੀਆਂ ਅਪਣਾਉਂਦੀ ਹੈ, ਉਹ ਠੋਸ ਪ੍ਰੋਗ੍ਰਾਮ ਤਹਿਤ ਨਹੀਂ ਅਪਣਾਈਆਂ ਜਾਂਦੀਆਂ, ਸਗੋਂ ਵੋਟਾਂ ਭਟੋਰਨ ਲਈ ਢੌਂਗ ਟਪਾਊ ਹੀ ਹੁੰਦੀਆਂ ਹਨ। ਮਹਾਂਰਾਸ਼ਟਰ ਦੇ ਕੁਦਰਤੀ ਖੇਤੀ ਦੇ ਮੋਢੀ ਸ਼ੁਭਾਸ਼ ਪਾਲੇਕਰ ਨੇ ਤਾਂ ਕਿਸਾਨਾਂ ਦੀ ਮਿਹਨਤ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਆਪਣੇ ਨਹੀਂ, ਸਗੋਂ ਵਿਦੇਸ਼ੀ ਬਹੁ-ਕੌਮੀ ਕੰਪਨੀਆਂ ਦੇ ਕਰਜ਼ੇ ਉਤਾਰਨ ਲਈ ਮਿਹਨਤ ਕਰਦੇ ਹਨ। ਅੱਜ ਕਿਸਾਨ ਦੀ ਸੰਤਾਨ ਪੜ੍ਹ-ਲਿਖ ਚੁੱਕੀ ਹੈ, ਰਾਜਸੀ ਚੇਤਨਤਾ ਆਉਣੀ ਵੀ ਜ਼ਰੂਰੀ ਹੈ। ਇਸ ਕਰ ਕੇ ਪੇਂਡੂ ਲੋਕ ਧਰਮ ਦੇ ਆਧਾਰ ’ਤੇ ਵੋਟਾਂ ਮੰਗਣ ਵਾਲਿਆਂ ਦੀ ਬਿਜਾਏ, ਉੱਚੇ-ਸੁੱਚੇ ਕਿਰਦਾਰ ਵਾਲਿਆਂ ਨੂੰ ਵਿਧਾਨ ਸਭਾ-ਲੋੇਕ ਸਭਾ ਵਿੱਚ ਭੇਜਣ। ਪਰ ਅਫ਼ਸੋਸ ਹੈ ਕਿ ਬਹੁਤੇ ਪੇਂਡੂ ਤਾਸ਼ਕਾਰ ਤਕੜੀ ਦਾ ਚਿੰਨ ਵੇਖ ਕੇ ਠਾਹ-ਠਾਹ ਮੋਹਰਾਂ ਲਾ ਦਿੰਦੇ ਹਨ, ਕਿਉਂਕਿ ਤੱਕੜੀ ਦਾ ਸੰਘ ਸ੍ਰੀ ਗੁਰੂ ਨਾਨਕ ਦੇਵ ਨਾਲ ਜਾ ਜੁੜਦਾ ਹੈ ਪਰ ਧਾਰਮਿਕ ਸ਼ਰਧਾ ਵਿੱਚ ਅੰਨੇ ਗਿਆਨ ਵਿਹੂਣੇ ਭੋਲੇ-ਭਾਲੇ ਨਹੀਂ ਜਾਣਦੇ ਕਿ ਤੱਕੜੀਆਂ ਅਤੇ ਖੂਨੀ ਪੰਜਿਆਂ ਦੇ ਨਿਸ਼ਾਨਾ ਵਾਲੀਆਂ ਹਕੂਮਤਾਂ ਦੀਆਂ ਪੰਜਾਬ ਡੋਬੂ ਅਤੇ ਕਿਸਾਨ ਮਾਰੂ ਨੀਤੀਆਂ ਕੀ ਹਨ? ਲੋਕ ਇਹ ਨਹੀਂ ਸੋਚਦੇ ਕਿ ਉਹ ਤੱਕੜੀ ਇਨਸਾਫ਼ ਦਾ ਤਰਾਜੂ ਸੀ, ਜੋ ਤੇਰਾ-ਤੇਰਾ ਤੋਲਦਾ ਸੀ। ‘‘ਆਹ ਤੱਕੜੀ’’ ਸੁਆਰਥਾਂ, ਲਾਲਚਾਂ, ਲੁੱਟ-ਖਸੁੱਟਾਂ ਨਾਲ ਭਰਪੂਰ ਤੱਕੜੀ ਹੈ, ਇਸ ਤੱਕੜੀ ਵਿੱਚ ਮੇਰਾ-ਤੇਰਾ ਤੋਲਿਆ ਜਾਂਦਾ ਹੈ, ਮੇਰਾ-ਮੇਰਾ ਕਰ ਕੇ ਹੀ ਸੜਕਾਂ ਦੇ ਮਹਿਲਨੁਮਾ ਐਸੀ ਵਾਤਾਨਕੂਲਬੱਸਾਂ ਭੱਜੀਆਂ ਫਿਰਦੀਆਂ ਹਨ, ਇਹ ਬੱਸਾਂ ਲੋਕਾਂ ਦੀ ਖਾਸ ਕਰ ਪੰਜਾਬੀਆਂ ਦੀ ਅਸਿੱਧੀ ਲੁੱਟ-ਖਸੁੱਟ ਕਰ ਕੇ ਬਣਾਈਆਂ ਹਨ। ਇਨ੍ਹਾਂ ਵਿੱਚ ਡੀਜ਼ਲ ਨਹੀਂ, ਸਗੋਂ ਪੰਜਾਬੀ ਲੋਕਾਂ ਦਾ ਖੂਨ ਮੱਚ ਰਿਹੈ, ਜੋ ਅਦਿੱਖ ਹੈ-ਇਨ੍ਹਾਂ ਦੇ ਪ੍ਰੈਸ਼ਰ ਹਾਰਨ ਪੰਜਾਬ ਦੇ ਮਿਹਨਤਕਸ਼, ਬੇ-ਰੋਜ਼ਗਾਰ, ਕਰਜਈ ਕਿਸਾਨ ਅਤੇ ਹੋਰ ਸਥਾਪਤੀ ਦੇ ਸਤਾਏ ਲੋਕਾਂ ਦੀਆਂ ਚੀਕਾਂ ਧਾਹਾਂ, ਹਾਉਕੇ-ਹਾਵੇ ਰੋਣੇ-ਧੋਣਿਆਂ ਦੀਆਂ ਅਵਾਜ਼ਾਂ ਕੱਢਦੇ ਹਨ।
ਨੌਜਵਾਨ ਵਰਗ ਜੋ ਕਿਸੇ ਵੀ ਸੂਬੇ ਜਾਂ ਮੁਲਕ ਦੀ ਜਿੰਦਜਾਨ ਹੁੰਦਾ ਹੈ, ਜਿਸ ਮੁਲਕ ਦਾ ਗੱਭਰੂ ਡਾਂਗ ਵਰਗਾ ਹੁੰਦਾ ਹੈ, ਉਸ ਮੁਲਕ ਜਾਂ ਸੂਬੇ ਦੀ ਆਨ-ਸ਼ਾਨ ਵੱਲ ਕੋਈ ਕੈਰੀ ਅੱਖ ਨਹੀਂ ਝਾਕ ਸਕਦਾ, ਦੇਸ਼ ਦਾ ਗੱਭਰੂ ਹੀ ਬੁਰੇ ਵਕਤ ਆਪਣੀ ਕੁਰਬਾਨੀ ਦਿੰਦਾ ਹੈ। ਪੰਜਾਬ ਦਾ ਗੱਭਰੂ ਜੋ ਕਦੇ ਦੁਸ਼ਮਣਾਂ ਨੂੰ ਧੂਹ ਕੇ ਗਲੀਆਂ ਵਿੱਚ ਲੈ ਆਉਂਦਾ ਸੀ। ਅੱਜ ਉਹ ਆਪਣੇ ਹੱਡਾਂ ਦਾ ਭਾਰ ਨਹੀਂ ਚੁੱਕ ਸਕਦਾ, ਜੋ ਗੱਭਰੂ ਕਦੇ ਦੁੱਧ, ਲੱਸੀਆਂ ਅਤੇ ਦੇਸੀ ਖੁਰਾਕਾਂ ਖਾਦਾਂ ਅਤੇ ਮਿਹਨਤ ਕਰ ਕੇ ਸਿਹਤ ਨੂੰ ਨਵਾਂ ਨਰੋਆ ਰੱਖਣ ਲਈ ਡੰਡ ਬੈਠਕਾਂ ਮਾਰਦਾ ਅਤੇ ਪਹਿਲਵਾਨੀਆਂ ਕਰਦਾ ਸੀ। ਅੱਜ ਉਹੀ ਗੱਭਰੂ ਆਪਣੀ ਛਾਤੀ ਵਿੱਚ ਪਤਾ ਨਹੀਂ ਕੀ-ਕੀ ਦਰਦ ਸਮੋਈ ਬੈਠਾ ਹੈ, ਜਿਹੜਾ ਦਰਦ ਭੁਲਾਉਣ ਲਈ ਨਸ਼ਿਆਂ ਵਿੱਚ ਡੁੱਬ ਗਿਐ, ਪੰਜਾਬ ਦੀ ਰੰਗਲੀ ਜਵਾਨੀ ਨਸ਼ਿਆਂ ਵਿੱਚ ਡੁੱਬੀ ਕੁਰਾਹੇ ਪੈ ਗਈ। ਮਾਨਸਿਕ ਰੋਗੀ ਬਣ ਗਈ। ਸਰੀਰਕ ਕਮਜੋਰੀਆਂ ਦੇ ਨਾਲ-ਨਾਲ ਹੋਰ ਗੰਭੀਰ ਕਮਜ਼ੋਰੀਆਂ ਪੈਦਾ ਹੋ ਗਈਆਂ-ਇਨ੍ਹਾਂ ਕਮਜੋਰੀਆਂ ਨੇ ਤਲਾਕ ਦਰ ਵਧਾ ਦਿੱਤੀ ਅਖਬਾਰਾਂ ਵਿੱਚ ਵਿਆਹ ਦੇ ਇਸ਼ਤਿਹਾਰ ਜਿਸ ਵਿੱਚ ਲਿਖਿਆ ਹੁੰਦਾ ਹੈ ਵਿਆਹ ਤੋਂ ਤਿੰਨ ਦਿਨਾਂ, ਹਫ਼ਤੇ ਜਾਂ ਮਹੀਨੇ ਬਾਅਦ ਤਲਾਕ ‘‘ਇਸ ਦਾ ਪ੍ਰਤੱਖ ਸਬੂਤ ਹਨ। ਬਠਿੰਡਾ ਵਿਖੇ ਫੌਜ ਦੀ ਭਰਤੀ ਵੇਲੇ ਫੌਜ ਨੂੰ ਫੌਜੀ ਮਾਪਦੰਡਾਂ ਦੇ ਖਰੇ ਅਤੇ ਪੂਰੇ ਉਤਰਨ ਵਾਲੇ ਰਿਸ਼ਟ-ਪੁਸ਼ਟ ਨੌਜਵਾਨ ਨਹੀਂ ਮਿਲੇ ਕਿਉਂਕਿ ਚਿੰਤਾਗ੍ਰਸਤ ਜਵਾਨੀ ਸਰੀਰਕ ਤਰੁੱਟੀਆਂ ਦਾ ਸ਼ਿਕਾਰ ਹੋ ਚੁੱਕੀ ਹੈ,ਡਰੱਗ ਮਾਫੀਆ ਧੜੱਲੇ ਨਾਲ ਨਸ਼ੇ ਵੇਚ ਰਿਹੈ–ਕਾਨੂੰਨਨ 21 ਸਾਲ ਤੋਂ ਘੱਟ ਉਮਰ ਦੇ ਮੁੰਡੇ ਭਾਵੇਂ ਨਸ਼ਾ ਯੁਕਤ ਪਦਾਰਥ ਨਹੀਂ ਖਰੀਦ ਸਕਦੇ ਪਰ ਪੰਜਾਬ ਵਿੱਚ 15-16 ਸਾਲ ਦੇ ਅੱਲੜ੍ਹ, ਸ਼ਰੇਆਮ ਨਸ਼ੀਲੀਆਂ ਵਸਤੂਆਂ ਵਰਤ ਰਹੇ ਹਨ। ਸਰਕਾਰਾਂ ਇਸ ਤੋਂ ਅੱਖਾਂ ਮੁੰਦੀ ਬੈਠੀਆਂ ਹਨ-ਨੌਜਵਾਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਵਿੱਚ ਦਿਲਚਸਪੀ ਨਹੀਂ- ਕਿਸੇ ਨੂੰ ਕੋਈ ਰੁਜ਼ਗਾਰ ਨਹੀਂ ਦੇਣਾ-ਪੰਜਾਬ ਦੇ ਲੱਖਾਂ ਪ੍ਰੋਫੈਸ਼ਨ ਸਿੱਖਿਆ ਪ੍ਰਾਪਤ ਅਤੇ ਹੁਨਰਮੰਦ ਗੱਭਰੂ ਫਾਕੇ ਕੱਟ ਰਹੇ ਹਨ। ਦੂਜੇ ਪਾਸੇ ਪੰਜਾਬ ਯੂਥ ਬੋਰਡ ਪਤਾ ਨਹੀਂ ਕਿਹੜੀਆਂ ਗਰਜਾਂ ਨੂੰ ਧਿਆਨ ਵਿੱਚ ਰੱਖ ਕੇ ਸਥਾਪਿਤ ਕੀਤਾ ਹੈ। ਮੁੱਕਦੀ ਗੱਲ ਪੰਜਾਬ ਦੀ ਜਵਾਨੀ ਨੂੰ ਅਣਕਿਆਸੇ ਰਾਹਾਂ ’ਤੇ ਤੁਰਨ ਲਈ ਸਰਕਾਰ ਹੀ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੈ। ਅੱਜ ਇਨ੍ਹਾਂ ਗੱਭਰੂਆਂ ਨੂੰ ਵੇਖ ਕੇ ਕਿੰਝ ਆਖੀਏ—-
‘‘ਸਾਡੇ ਪਿੰਡ ਦੇ ਮੁੰਡੇ ਵੇਖ ਲੋ, ਜਿਉ ਹਾਰਾਂ ਦੀਆਂ ਲੜੀਆਂ—।’’
ਪੰਜਾਬ ਵਿੱਚ ਸਿਹਤ, ਸਿੱਖਿਆ ਅਤੇ ਸਫਾਈ ਦਾ ਮੰਦੜਾ ਹਾਲ ਹੈ, ਜਿੱਥੇ ਸਿਹਤ ਨਹੀਂ, ਉਥੇ ਨਵੇਂ ਨਰੋਏ ਸਮਾਜ ਦੀ ਆਸ ਰੱਖਣੀ ਮਾਇਨੇ ਨਹੀਂ ਰੱਖਦੀ, ਤੰਦਰੁਸਤ ਸਰੀਰ ਤੰਦਰੁਸਤ ਮਨ, ਸੋਚ ਅਤੇ ਵਿਚਾਰਾ ਦਾ ਘਰ ਹੁੰਦਾ ਹੈ। ਅੱਜ ਪੰਜਾਬ , ਗੰਦੇ ਪਾਣੀਆਂ, ਘਟੀਆ ਖੁਰਾਕਾਂ, ਮਾੜੀਆਂ ਸਿਹਤ ਸਹੂਲਤਾਂ ਅਤੇ ਘਟੀਆ ਦਵਾਈਆਂ ਕਾਰਨ ਕੈਂਸਰ, ਅਧਰੰਗ, ਤਪਦਿਕ ਆਦਿ ਵਰਗੇ ਮਾਰੂ ਰੋਗਾਂ ਦਾ ਸ਼ਿਕਾਰ ਹੋ ਰਿਹੈ— ੇ। ਹਰੇਕ ਪਿੰਡ ਵਿੱਚ ਦੰਦਾਂ ਅਤੇ ਹੱਡੀਆਂ ਦੇ ਰੋਗੀ ਮਿਲ ਜਾਣਗੇ ਦਸਤ ਅਤੇ ਹੈਜੇ ਨਾਲ ਬੱਚਿਆਂ ਦੀ ਮੌਤ ਹੋ ਰਹੀ ਹੈ। ਇਲਾਜ ਲਈ ਹਸਪਤਾਲਾਂ ਵਿੱਚ ਯੋਗ ਪ੍ਰਬੰਧ ਨਹੀਂ, ਦਵਾਈਆਂ ਨਹੀਂ, ਮੈਡੀਕਲ ਸਟਾਫ ਨਹੀਂ, ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣਾ ਗਰੀਬ ਦੀ ਪਹੁੰਚ ਤੋਂ ਬਾਹਰ ਹੈ। ਮਹਿੰਗੀਆਂ ਦਵਾਈਆਂ ਦਾ ਨਾਮ ਸੁਣਦਿਆਂ ਗਰੀਬ ਬੰਦਾ ਤਾਂ ਮੌਤ ਨੂੰ ਸਸਤੀ ਸਮਝਦਾ ਹੈ ਅਤੇ ਜ਼ਿੰਦਗੀ ਨੂੰ ਬੋਝ।
ਸਿੱਖਿਆ ਪੱਖੋਂ ਪੰਜਾਬ ਭਾਰਤ ਦੇ ਪੱਛੜੇ ਸੂਬਿਆਂ ਤੋਂ ਵੀ ਪੱਛੜ ਗਿਐ। ਅੱਜ ਪੰਜਾਬ ਸਿੱਖਿਆ ਪੱਖੋਂ ਭਾਰਤ ਦੇ 35ਵੇਂ ਨੰਬਰ ’ਤੇ ਹੈ। ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਜ਼ਿੰਦਰੇ ਲੱਗ ਰਹੇ ਹਨ। ਸੇਵਾ ਮੁਕਤੀ ਦੀ ਖਾਲੀ ਥਾਂ ਭਰਨ ਦਾ ਕੋਈ ਉਪਰਾਲਾ ਨਹੀਂ, ਗਿਆਨ ਭੰਡਾਰ ਲਾਇਬ੍ਰੇਰੀਆਂ ਨਹੀਂ, ਵਿਦਿਆਰਥੀ ਨੂੰ ਵਿਗਿਆਨਿਕ ਲੀਹਾਂ ’ਤੇ ਤੋਰਨ ਅਤੇ ਸੋਚ ਨੂੰ ਵਿਗਿਆਨਿਕ ਅਤੇ ਤਰਕਸ਼ੀਲ ਬਣਾਉਣ ਵਾਲੀਆਂ ਪ੍ਰਯੋਗਸ਼ਾਲਾਵਾਂ ਨਹੀਂ ਜਾਂ ਉਨ੍ਹਾਂ ਵਿੱਚ ਸਾਮਾਨ ਪੂਰਾ ਨਹੀਂ। ਮਿਆਰੀ ਸਿੱਖਿਆ ਦੀ ਘਾਟ ਕਾਰਨ ਬੱਚੇ ਆਪਣੇ ਵਿਰਸੇ ਨਾਲੋਂ ਟੁੱਟ ਚੁੱਕੇ ਹਨ, ਕਿਸੇ ਨੂੰ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਦੀ ਜਾਣਕਾਰੀ ਨਹੀਂ। ਬਹੁਤੀ ਗੱਲ ਤਾਂ ਕੀ ਬੱਚੇ ਦੱਸ ਗੁਰੂਆਂ ਦੇ ਨਾਮ ਤੱਕ ਨਹੀਂ ਜਾਣਦੇ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਗੁਰੂਆਂ ਵਿੱਚੋਂ ਕਿਸ ਗੁਰੂ ਦੇ ਬੱਚਿਆਂ ਨੂੰ ਸਾਹਿਬਜਾਦੇ ਕਿਹਾ ਗਿਆ ਹੈ? ਹੁਣ ਪਾਠਕ ਜਨ ਆਪੇ ਹੀ ਹਿਸਾਬ ਲਗਾਉਣ ਕਿ ਅੱਜ ਦੀ ਪੰਥਕ ਸਰਕਾਰ, ਪੰਥਕ ਵਿਰੋਧੀਆਂ ਨਾਲ ਗੱਲਵੱਕੜੀ ਪਾ ਕੇ ਨਵੀਂ ਪੀੜ੍ਹੀ ਨੂੰ ਧਾਰਮਿਕ ਤੌਰ ’ਤੇ ਵੀ ਅੰਗਹੀਣ ਬਣਾ ਰਹੀ ਹੈ। ਮੈਂ ਅਧਿਆਪਨ ਕਿੱਤੇ ਨਾਲ ਜੁੜਿਆ ਹੋਣ ਕਰ ਕੇ ਇੱਕ+2 ਦੇ ਬੱਚੇ ਨੂੰ ਵਿਸਾਖੀ ਦੀ ਮਹੱਤਤਾ ਬਾਰੇ ਸਪੀਚ ਬੋਲਣ ਲਈ ਕਿਹਾ, ਉਸ ਬੱਚੇ ਨੇ ਵਿਸਾਖੀ ਬਾਰੇ ਕਾਫ਼ੀ ਲੰਮੀ ਚੌੜੀ ਸਪੀਚ ਬੋਲੀ ਪਰ ਦੱਸਵੇਂ ਪਾਤਸ਼ਾਹ ਦਾ ਖ²ਾਲਸਾ ਸਾਜਣਾ ਦਿਵਸ ਮਹੱਤਤਾ ਵਿੱਚ ਨਹੀਂ ਬੋਲਿਆ। ਇਹ ਦੋਸ਼ ਬੱਚੇ ਦਾ ਨਹੀਂ, ਸਗੋਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਸਰਕਾਰ ਦਾ, ਜੋ ਸਕੂਲਾਂ ਵਿੱਚ ਧਾਰਮਿਕ ਸਿੱਖਿਆ ਦੇਣ ਵਾਲੇ ਡਿਵਨਟੀ ਅਧਿਆਪਕ ਨਹੀਂ ਭੇਜ ਰਹੀ, ਸ਼ਾਇਦ ਗੂੰਗੀਆਂ-ਬੋਲੀਆਂ ਅੱਖਾਂ ਹੁੰਦੇ ਹੋਏ ਵੀ ਅੰਨ੍ਹੀਆਂ ਹਕੂਮਤਾਂ ਧਰਮ ਦੀ ਅਹਿਮੀਅਤ ਵੋਟਾਂ ਵੇਲੇ ਹੀ ਯਾਦ ਕਰਦੀਆਂ ਹਨ, ਜਦ ਕਿ ਵਿਦਿਆਰਥੀਆਂ ਜਾਂ ਮਨੁੱਖ ਦਾ ਨੈਤਿਕ ਉੱਨਤੀ ਲਈ ਧਾਰਮਿਕ ਹੋਣਾ ਜ਼ਰੂਰੀ ਹੈ। ਦੂਜੇ ਵਿਸ਼ਿਆਂ ਦੇ ਅਧਿਆਪਕਾਂ ਦੀ ਘਾਟ ਜਾਣ-ਬੁੱਝ ਕੇ ਰੱਖਣੀ ਸਰਕਾਰ ਦੀਆਂ ਕੋਝੀਆਂ ਅਤੇ ਪੰਜਾਬ ਵਿਰੋਧੀ ਯੋਜਨਾਵਾਂ ਦਾ ਹੀ ਭਾਗ ਹਨ। ਸ਼ਾਇਦ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਲੋਕ ਪੜ੍ਹ ਕੇ ਬੁੱਧੀਜੀਵੀ ਬਣਨ, ਸਰਕਾਰ ਦੀਆਂ ਅਲੋਚਨਾਵਾਂ ਕਰਨ, ਵਿਰੋਧੀ ਸੁਰ ਅਲਾਪਣ, ਸਗੋਂ ਸਰਕਾਰ ਤਾਂ ਸਕੂਲੀ ਬੱਚਿਆਂ ਨੂੰ ਮਿਡ-ਡੇ-ਮੀਲ ਦੇ ਨਜ਼ਾਰਿਆਂ ਤੱਕ ਹੀ ਸੀਮਤ ਰੱਖਣਾ ਚਾਹੁੰਦੀ ਹੈ। ਸਰਕਾਰ ਚਾਹੁੰਦੀ ਹੈ ਕਿ ਇਹ ਲੋਕ ਗੂੰਗੇ ਬੋਲੇ, ਭੇਡਾਂ ਸਮਾਨ ਅਤੇ ਸਰਕਾਰੀ ਅੰਨ ’ਤੇ ਪਲਣ ਵਾਲੇ ਕੀੜੇ ਮਕੌੜੇ ਬਣ ਜਾਣ—ਜਾਗੋ ਲੋਕੋ ਜਾਗੋ—ਜਾਗਣ ਦਾ ਵੇਲਾ—।
ਉਪਰੋਕਤ ਜ਼ਿਕਰ ਕੀਤੀਆਂ ਗੱਲਾਂ ਤਾਂ ਥੋੜੀਆਂ ਤੋਂ ਵੀ ਥੋੜੀਆਂ ਹਨ, ਜੇਕਰ ਪੂਰਾ ਵਿਸਤਾਰ ਦੇਣਾ ਹੋਵੇ ਤਾਂ ਪੂਰੇ ਦਾ ਪੂਰਾ ਅਖਬਾਰ ਕਾਫ਼ੀ ਨਹੀਂ। ਉੱਪਰ ਦੱਸੀਆਂ ਅਲਾਮਤਾਂ ਤੋਂ ਬਿਨਾਂ ਪੰਜਾਬ ਨੂੰ ਭ੍ਰਿਸ਼ਟਾਚਾਰ, ਜਮਾਂਖੋਰੀ, ਜਖੀਰੇਬਾਜੀ, ਬੇ-ਰੁਜ਼ਗਾਰੀ ਜਾਅਲਸਾਜੀਆਂ ਅਤੇ ਨੈਤਿਕ ਕਾਰਵਾਈਆਂ ਦਾ ਦੈਂਤ ਚਿੰਬੜਿਆ ਹੋਇਆ ਹੈ। ਜ਼ਖੀਰੇਬਾਜਾਂ ਨੇ ਲੋਕਾਂ ਦਾ ਲਹੂ ਜੋਕਾਂ ਨਾਲੋਂ ਵੱਧ ਚੂਸਿਆ ਹੈ। ਦਿਵਾਲੀ ਮੌਕੇ ਜ਼ਖੀਰੇਬਾਜਾਂ ਤੋਂ ਖੰਡ ਦੇ ਜ਼ਖੀਰੇ ਫੜ੍ਹੇ ਜਾਣੇ ਦੱਸਦੇ ਹਨ ਕਿ ਲਹੂ ਚੂਸ ਜਮਾਤ ਸਾਡੇ ਵਿੱਚ ਹੀ ਬੈਠੀ ਜੋਕ ਵਾਂਗ ਲਹੂ ਪੀ ਰਹੀ ਸੀ। ਨਕਲੀ ਖੋਆ, ਪਨੀਰ, ਘਿਉ, ਆਦਿ ਦਾ ਫੜ੍ਹਿਆ ਜਾਣਾ ਸਿੱਧ ਕਰਦਾ ਹੈ ਕਿ ਕਾਲੇ ਧੰਦੇ ਨਾਲ ਜੁੜੇ ਇਹ ਕਮੀਨੇ ਲੋਕ ਲੰਮੇ ਸਮੇਂ ਤੋਂ ‘‘ਪੰਜਾਬ ਵੱਸਦਾ ਗੁਰਾਂ ਦੇ ਨਾਂ ’’’ਤੇ ਦੇ ਵੈਰੀ ਬਣੇ ਹੋਏ ਸਨ। ਇਨ੍ਹਾਂ ਨੇ ਅੱਜ ਤੱਕ ਪਤਾ ਨਹੀਂ ਕਿੰਨੇ ਲੋਕਾਂ ਨੂੰ ਪਾਰ ਬੁਲਾ ਦਿੱਤਾ ਹੋਣੈ, ਇਨ੍ਹਾਂ ਦੀ ਭੂਮਿਕਾ ਆਈ.ਐੱਸ.ਆਈ. ਨਾਲੋਂ ਕਦਾਚਿਤ ਵੀ ਨੀਚ ਅਤੇ ਘਟੀਆ ਨਹੀਂ।
ਹੁਣ ਸਰਕਾਰਾਂ ਵਿਸ਼ੇਸ਼ ਕਰ ਕੇ ਮੌਜੂਦਾ ਅਕਾਲੀ ਸਰਕਾਰ ਦਾ ਨੈਤਿਕ ਅਤੇ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਸੱਚੇ ਦਿਲੋਂ ਅਤੇ ਗੰਭੀਰਤਾ ਨਾਲ ਇਨ੍ਹਾਂ ਦੁਸ਼ਟਾਂ (ਵਿੱਚੋਂ ਹੀ ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਅਧਿਆਪਕ ਲੱਗੇ ਅਨਸਰਾਂ ਨੂੰ ) ਸਜਾ ਦਿਵਾਵੇ ਅਤੇ ਤੇਜ਼ੀ ਨਾਲ ਠੋਸ, ਸਖ਼ਤ ਕਾਰਵਾਈ ਕਰੇ, ਤਾਂ ਜੋ ਅਗਾਂਹ ਤੋਂ ਕੋਈ ਰੰਗਲੇ ਪੰਜਾਬ ਦੇ ਰੰਗ ਵਿੱਚ ਭੰਗ  ਨਾ ਪਾ ਸਕੇ, ਜੋ ਕੁੱਝ ਪੰਜਾਬ ਦੇ ਰੰਗ ਵਿੱਚ ਭੰਗ ਪਿਆ ਹੈ, ਉਸ ਨੂੰ ਆਪਣੀਆਂ ਸੰਜੀਦਾ ਕੋਸ਼ਿਸ਼ਾਂ ਸਦਕਾ ਦੂਰ ਕਰੇ। ਅੱਜ ਜੇਕਰ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੈ, ਇਸ ਲਈ ਕੇਂਦਰ ਜਾਂ ਕਿਸੇ ਨੂੰ ਹੋਰ ਜ਼ਿੰਮੇਵਾਰ ਆਖਣਾ ਕਦਾਚਿਤ ਵੀ ਜਾਇਜ਼ ਨਹੀਂ, ਸਗੋਂ ਸਮੇਂ-ਸਮੇਂ ਦੇ ਸਤਾਧਾਰੀ ਹੀ ਇਸ ਸੱਤਿਆਨਾਸ ਲਈ ਜ਼ਿੰਮੇਵਾਰ ਹਨ, ਜੋ ਹਮੇਸ਼ਾਂ ਵਿੰਗੇ-ਟੇਡੇ ਢੰਗ ਨਾਲ ਆਪਣੀਆਂ ਜਾਇਦਾਦਾਂ , ਹੋਟਲ ਅਤੇ ਹੋਰ ਆਮਦਨੀ ਦੇ ਸਾਧਨ ਬਣਾਉਣ ਤੱਕ ਹੀ ਕੇਂਦਰਿਤ ਰਹੇ ਹਨ ਅਤੇ ਲੋਕ ਸਮੱਸਿਆਵਾਂ ਅਤੇ ਸਾਂਝੀਆਂ ਤਕਲੀਫਾਂ ਨੂੰ ਹਮੇਸ਼ਾਂ ਅੱਖੋਂ ਓਹਲੇ ਕਰੀ ਰੱਖਿਆ ਹੈ। ਅਜਿਹੇ ਹੰਭਲਾ ਨਹੀਂ ਮਾਰਿਆ ਜਿਸ ਨਾਲ ਪੰਜਾਬੀਆਂ ਦੇ ਸਿਰਾਂ ’ਤੇ ਚਲਦੇ ਬਦ-ਕਿਸਮਤੀ, ਬੇਇਨਸਾਫੀ ਅਤੇ ਅਤਿਆਚਾਰਾਂ ਦੇ ਆਰੇ ਸਦਾ-ਸਦਾ ਲਈ ਖੁੰਡੇ ਹੋ ਜਾਣ। ਇਹ ਲੇਖ ਲਿਖ ਕੇ ਦਾਸ ਨੇ ਪੰਜਾਬ ਪ੍ਰਤੀ ਜਾਂ ਕਿਸੇ ਵਿਸ਼ੇਸ਼ ਰਾਜਸੀ ਧਿਰ ਪ੍ਰਤੀ ਨਾਕਾਰਆਤਮਿਕ ਸੋਚ ਨਹੀਂ ਅਪਣਾਈ, ਬਲਕਿ ਪੰਜਾਬੀ ਰਈਅਤ ਅਤੇ ਹਕੂਮਤਾਂ ਨੂੰ ਤਲਖ ਹਕੀਕਤਾਂ ਦੇ ਰੂ-ਬ-ਰੂ ਕਰਵਾਇਆ ਹੈ।
ਖੁਸ਼ਹਾਲ ਪੰਜਾਬ ਦੀ ਗ਼ਲਤ-ਫਹਿਮੀ ਪਾਲੀ ਬੈਠੇ ਹੁਣ ਦੀ ਅਕਾਲੀ ਸਰਕਾਰ ਨੂੰ ਅਸਲੀਅਤ ਤੋਂ ਜਾਣੂੰ ਕਰਾਉਣਾ ਹੈ ਕਿ ਪੰਜਾਬ ਦੀ ਜੋ ਯਥਾਰਥ ਹਾਲਤ ਹੈ, ਉਹ ਬਦ ਤੋਂ ਬਦਤਰ ਹੈ ਅਤੇ ਇਸ ਦੇ ਜ਼ਿੰਮੇਵਾਰ ਸਤਾ ’ਤੇ ਕਾਬਜ਼ ਲੋਕ ਹਨ। ਅਖੀਰ ’ਤੇ ਬੇਨਤੀ ਕਰਾਂਗਾ ਕਿ ਪੰਜਾਬੀ ਸ਼ੇਰੋ, ਅਣਖੀਲਿਓ, ਹੱਕ-ਸੱਚ ਖਾਤਰ ਖ਼ੂਨ ਵਹਾਉਣ ਵਾਲਿਓ ਜੇਕਰ ਤੁਸੀਂ ਗ਼ੈਰ-ਜ਼ਿੰਮੇਵਾਰ ਰਾਜਨੀਤਕਾਂ ਤੋਂ ਖਹਿੜਾ ਛੁਡਾਉਣਾ ਹੈ ਤਾਂ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਸੱਤਰਾਂ :
ਹਾੜੀਆਂ ਦੇ ਗਾਣੀਓ ਵੇ, ਸੌਣੀਆਂ ਦੇ ਸਾਥੀਓ ਵੇ
ਕਰ ਲਵੋ ਦਾਤੀਆਂ ਤਿਆਰ,
ਚੁੱਕੋ ਵੇ ਹਥੋੜਿਆਂ ਨੂੰ, ਤੋੜੋ ਹਿੱਕ ਪੱਥਰਾਂ ਦੀ,
ਅੱਜ ਸਾਨੂੰ ਲੋੜੀਂਦੇ ਅੰਗਾਰ,ਅੱਜ ਸਾਨੂੰ ਲੋੜੀਂਦੇ ਅੰਗਾਰ
    ਯਾਦ ਰੱਖਿਓ।
    – ਟੀਚਰ ਕਲੋਨੀ, ਮੌੜ ਮੰਡੀ।