ਦੁਨੀਆ ਦੀਆਂ ਸਭ ਤੋਂ ਮਜ਼ਬੂਤ ਫੌਜਾਂ ’ਚੋਂ ਇਕ ਹੋਵੇਗੀ ਭਾਰਤੀ ਫੌਜ : ਰਾਜਨਾਥ
2023_1image_16_21_48020810505012-20230105407l-ll.jpgਨਵੀਂ ਦਿੱਲੀ--06ਜਨਵਰੀ-(MDP)-- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਨੇ ਰੱਖਿਆ ਦੇ ਖੇਤਰ ’ਚ ਆਤਮਨਿਰਭਰਤਾ ਲਈ ਮਜ਼ਬੂਤ ਕਦਮ ਚੁੱਕੇ ਹਨ ਅਤੇ ਜਲਦੀ ਹੀ ਸਾਡੀ ਹਥਿਆਰਬੰਦ ਫੌਜ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਫੌਜਾਂ ਵਿਚੋਂ ਇਕ ਹੋਵੇਗੀ। ਰੱਖਿਆ ਮੰਤਰਾਲਾ ਦੀ ਰਿਲੀਜ਼ ਮੁਤਾਬਕ ਰਾਜਨਾਥ ਨੇ ਪੋਰਟ ਬਲੇਅਰ ’ਚ ਅੰਡੇਮਾਨ-ਨਿਕੋਬਾਰ ਕਮਾਨ ਦੀਆਂ ਆਪ੍ਰੇਸ਼ਨਲ ਤਿਆਰੀਆਂ ਅਤੇ ਆਪ੍ਰੇਸ਼ਨਲ ਖੇਤਰਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਸਮੀਖਿਆ ਕੀਤੀ। ਇਹ ਦੇਸ਼ ਦੀ ਇਕੋ-ਇਕ ਆਪ੍ਰੇਸ਼ਨਲ ਸਾਂਝੀ ਫੌਜ ਕਮਾਨ ਹੈ, ਜਿਸ ਦਾ ਹੈੱਡਕੁਆਰਟਰ ਪੋਰਟ ਬਲੇਅਰ ’ਚ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਹਥਿਆਰਬੰਦ ਫੋਰਸਾਂ ਦੀ ਮੁਹਾਰਤ ਤੇ ਤਾਕਤ ਵਧਾਉਣ ਲਈ ਯਤਨ ਕਰ ਰਹੀ ਹੈ। ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਹੇਠ ਅਸੀਂ ਆਤਮਨਿਰਭਰਤਾ ਦੀ ਦਿਸ਼ਾ ’ਚ ਮਜ਼ਬੂਤ ਕਦਮ ਚੁੱਕੇ ਹਨ। ਅਸੀਂ ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ’ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਵੱਡੇ ਕਦਮ ਚੁੱਕੇ ਹਨ। ਰੱਖਿਆ ਮੰਤਰੀ ਨੇ ਇਸ ਮੌਕੇ ਅਰੁਣਾਚਲ ’ਚ ਕੰਟਰੋਲ ਲਾਈਨ ’ਤੇ ਚੀਨ ਨਾਲ ਝੜਪ ਵੱਲ ਇਸ਼ਾਰਾ ਕਰਦਿਆਂ ਉਸ ਬਹਾਦਰੀ ਤੇ ਮੁਸਤੈਦੀ ਦਾ ਵਿਸ਼ੇਸ਼ ਵਰਣਨ ਕੀਤਾ, ਜਿਸ ਦੇ ਨਾਲ ਹਥਿਆਰਬੰਦ ਫੋਰਸਾਂ ਨੇ ਉੱਤਰੀ ਖੇਤਰ ’ਚ ਹੁਣੇ ਜਿਹੇ ਦੀਆਂ ਸਥਿਤੀਆਂ ਦਾ ਸਾਹਮਣਾ ਕੀਤਾ।