ਭਾਜਪਾ ਇਕ ਦਿਨ ਤਿਰੰਗੇ ਦੀ ਥਾਂ ਲਹਿਰਾ ਦੇਵੇਗੀ ਭਗਵਾ : ਮਹਿਬੂਬਾ
2023_1image_11_36_06862081207012-20230107171l-ll.jpgਸ੍ਰੀਨਗਰ --08ਜਨਵਰੀ-(MDP)-- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ .ਡੀ. ਪੀ.) ਦੀ ਮੁਖੀ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ਨੀਵਾਰ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਸ ਨੇ ਵਿਸ਼ੇਸ਼ ਦਰਜਾ ਖ਼ਤਮ ਕੀਤਾ ਹੈ, ਉਸੇ ਤਰ੍ਹਾਂ ਇਹ ਦੇਸ਼ ਦੇ ਸੰਵਿਧਾਨ ਨੂੰ ਵੀ ਖ਼ਤਮ ਕਰ ਦੇਵੇਗੀ ਅਤੇ ਇੱਥੇ ਤਿਰੰਗੇ ਦੀ ਥਾਂ ‘ਭਗਵਾ ’ਝੰਡਾ ਲਹਿਰਾਏਗਾ।

ਉਹ ਅਨੰਤਨਾਗ ਜ਼ਿਲੇ ’ਚ ਆਪਣੇ ਪਿਤਾ ਅਤੇ ਪੀ. ਡੀ. ਪੀ. ਦੇ ਸੰਸਥਾਪਕ ਮੁਫਤੀ ਮੁਹੰਮਦ ਸਈਦ ਦੀ ਸੱਤਵੀਂ ਬਰਸੀ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੀ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਭਾਰਤ ਅਤੇ ਧਰਮ ਨਿਰਪੱਖਤਾ ਦੇ ਵਿਚਾਰ ਵਿੱਚ ਭਰੋਸਾ ਰੱਖਦੇ ਸਨ ਜੋ ਦੇਸ਼ ਦੀ ਨੀਂਹ ਸੀ। ਭਾਜਪਾ ਨੇ ਨਾ ਸਿਰਫ਼ ਜੰਮੂ-ਕਸ਼ਮੀਰ ਦੇ ਸੰਵਿਧਾਨ ਨੂੰ ਖ਼ਤਮ ਕੀਤਾ ਹੈ, ਸਗੋਂ ਦੇਸ਼ ਦੇ ਸੰਵਿਧਾਨ ਨੂੰ ਵੀ ਤਬਾਹ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਨੂੰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਅਬਦੁਲ ਕਲਾਮ ਆਜ਼ਾਦ ਦੇ ਭਾਰਤ ਵਿੱਚ ਸ਼ਾਮਲ ਕੀਤਾ ਗਿਆ ਹੈ ਨਾ ਕਿ ਨਾਥੂਰਾਮ ਗੋਡਸੇ ਦੇ ਭਾਰਤ ਵਿੱਚ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸ਼ਾਸਨ ਨੇ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਨੂੰ ਤਬਾਹ ਕਰ ਦਿੱਤਾ ਹੈ।

ਚੀਫ਼ ਜਸਟਿਸ ਦੀ ਟਿੱਪਣੀ ਦਾ ਹਵਾਲਾ ਦਿੰਦਿਆਂ ਮੁਫ਼ਤੀ ਨੇ ਕਿਹਾ ਕਿ ਅੱਜਕੱਲ੍ਹ ਅਦਾਲਤਾਂ ਨਿਸ਼ਾਨਾ ਬਣਨ ਦੇ ਡਰੋਂ ਨਿਰਦੋਸ਼ਾਂ ਨੂੰ ਜ਼ਮਾਨਤ ਦੇਣ ਤੋਂ ਕੰਨੀ ਕਤਰਾਉਂਦੀਆਂ ਹਨ। ਇੱਕ ਸਮਾਂ ਸੀ ਜਦੋਂ ਅਦਾਲਤ ਨੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਖਿਲਾਫ ਫੈਸਲਾ ਸੁਣਾਇਆ ਸੀ। ਜੰਮੂ-ਕਸ਼ਮੀਰ ਨੂੰ ਫੌਜ ਦੀ ਛਾਉਣੀ ਬਣਾ ਦਿੱਤਾ ਗਿਆ ਹੈ।