ਅੰਮ੍ਰਿਤਪਾਲ ਪਾਕਿ ਜਾਂ ਨੇਪਾਲ ਭੱਜ ਗਿਆ ਤਾਂ ਉਸ ਨੂੰ ਫੜਨਾ ਹੋ ਜਾਵੇਗਾ ਔਖਾ
2023_3image_11_59_438178989amritpalsingh-ll.jpgਨਵੀਂ ਦਿੱਲੀ --22ਮਾਰਚ-(MDP)--  ਖਾਲਿਸਤਾਨ ਸਮਰਥਕ ਅਤੇ ਕੱਟੜਪੰਥੀ ਨੇਤਾ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਸ ਲਈ ਸਿਰਦਰਦ ਬਣਿਆ ਹੋਇਆ ਹੈ। ਪੰਜਾਬ ਪੁਲਸ ਦੀਆਂ ਕਈ ਟੀਮਾਂ ਦੀ ਲਗਾਤਾਰ ਛਾਪੇਮਾਰੀ ਨਾਲ ਉਸ ਦਾ ਪਰਛਾਵਾਂ ਤੱਕ ਨਹੀਂ ਮਿਲਿਆ ਹੈ। ਅਜਿਹੇ ’ਚ ਸਵਾਲ ਉੱਠਣ ਲੱਗਾ ਹੈ ਕਿ ਕਿਤੇ ਅੰਮ੍ਰਿਤਪਾਲ ਸਿੰਘ ਨੇ ਦੇਸ਼ ਦੀ ਸਰਹੱਦ ਪਾਰ ਕਰ ਕੇ ਵਿਦੇਸ਼ ’ਚ ਤਾਂ ਨਹੀਂ ਸ਼ਰਣ ਲੈ ਲਈ।

ਅੰਮ੍ਰਿਤਪਾਲ ਖ਼ਿਲਾਫ਼ 6 ਐੱਫ. ਆਈ. ਆਰ. ਦਰਜ ਹਨ ਅਤੇ ਨੈਸ਼ਨਲ ਸਕਿਓਰਿਟੀ ਐਕਟ (ਐੱਨ. ਐੱਸ. ਏ.) ਲਾ ਦਿੱਤਾ ਗਿਆ ਹੈ। ਹੁਣ ਜੇ ਉਹ ਕਿਸੇ ਦੂਜੇ ਦੇਸ਼ ’ਚ ਲੁਕ ਗਿਆ ਤਾਂ ਉਸ ਨੂੰ ਭਾਰਤ ਵਾਪਸ ਲਿਆਉਣਾ ਮੁਸ਼ਕਲ ਵੀ ਹੋ ਸਕਦਾ ਹੈ ਕਿਉਂਕਿ ਸਾਡੀ ਕਈ ਦੇਸ਼ਾਂ ਨਾਲ ਹਵਾਲਗੀ ਸੰਧੀ ਹੀ ਨਹੀਂ ਹੈ। ਵਿਦੇਸ਼ ਭੱਜਣਾ ਕਈ ਵਾਰ ਅਪਰਾਧੀਆਂ ਦਾ ਬਚ ਨਿਕਲਣ ਦਾ ਵੱਡਾ ਰਾਹ ਬਣ ਜਾਂਦਾ ਹੈ। 4 ਦਿਨਾਂ ਤੋਂ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਸ ਦਾ ਕੋਈ ਸੁਰਾਗ ਨਹੀਂ ਹੈ। ਉਸ ਦੇ ਪਾਕਿਸਤਾਨ ਜਾਂ ਨੇਪਾਲ ’ਚ ਦਾਖਲ ਹੋਣ ਦੀਆਂ ਵੀ ਅਟਲਕਾਂ ਲਾਈਆਂ ਜਾ ਰਹੀਆਂ ਹਨ। ਇਸੇ ਖਦਸ਼ੇ ਨਾਲ ਬਾਰਡਰ ’ਤੇ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। ਜੇ ਉਹ ਪਾਕਿਸਤਾਨ ਪਹੁੰਚ ਗਿਆ ਤਾਂ ਮੁੜ ਉਸ ਨੂੰ ਲਿਆਉਣ ਬੇਹੱਦ ਔਖਾ ਹੋ ਸਕਦਾ ਹੈ। ਨੇਪਾਲ ’ਚ ਵੀ ਉਸ ਦੇ ਪਹੁੰਚਣ ਤੋਂ ਬਾਅਦ ਉਸ ਦਾ ਪਤਾ ਲਗਾਉਣਾ ਸੌਖਾਲਾ ਨਹੀਂ ਹੋਵੇਗਾ।

ਕਿਨ੍ਹਾਂ-ਕਿਨ੍ਹਾਂ ਦੇਸ਼ਾਂ ਨਾਲ ਹੈ ਸਾਡੀ ਹਵਾਲਗੀ ਸੰਧੀ
ਭਾਰਤ ਦੀ 48 ਦੇਸ਼ਾਂ ਨਾਲ ਹਵਾਲਗੀ ਸੰਧੀ ਹੈ। ਇਨ੍ਹਾਂ ’ਚ ਅਮਰੀਕਾ, ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਆਸਟ੍ਰੇਲੀਆ, ਸਾਊਦੀ ਅਰਬ ਅਤੇ ਰੂਸ ਵਰਗੇ ਵੱਡੇ ਦੇਸ਼ ਵੀ ਸ਼ਾਮਲ ਹਨ। ਉੱਥੇ ਹੀ 12 ਦੇਸ਼ਾਂ ਨਾਲ ਸਾਡੀ ਹਵਾਲਗੀ ਵਿਵਸਥਾ ਹੈ। ਇਨ੍ਹਾਂ ਦੋਹਾਂ ’ਚ ਫਰਕ ਓਹੀ ਹੈ ਜੋ ਲਿਖਤੀ ਅਤੇ ਬੋਲੇ ਗਏ ਵਾਅਦੇ ’ਚ ਹੁੰਦਾ ਹੈ। ਵਿਵਸਥਾ ’ਚ ਇਹ ਵੀ ਹੋ ਸਕਦਾ ਹੈ ਕਿ ਕਿਸੇ ਕਾਨੂੰਨ ਦੀ ਆੜ ’ਚ ਅੱਗੇ ਚਲ ਕੇ ਦੇਸ਼ ਅਪਰਾਧੀ ਨੂੰ ਦੂਜੇ ਦੇਸ਼ ਨੂੰ ਨਾ ਸੌਂਪੇ।

ਇਨ੍ਹਾਂ ਦੇਸ਼ਾਂ ਦੇ ਨਾਲ ਨਹੀਂ ਹੈ ਸਮਝੌਤਾ
ਗੁਆਂਢੀ ਦੇਸ਼ਾਂ ਦੇ ਨਾਲ ਸਾਡੀ ਹਵਾਲਗੀ ਸੰਧੀ ਨਹੀਂ ਹੈ। ਇਨ੍ਹਾਂ ’ਚ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਚੀਨ, ਮਾਲਦੀਵ ਅਤੇ ਮਿਆਂਮਾਰ ਸ਼ਾਮਲ ਹਨ। ਨੇਪਾਲ ਨਾਲ ਵੀ ਇਹ ਸੰਧੀ ਬਹੁਤੀ ਪ੍ਰਭਾਵਸ਼ਾਲੀ ਨਹੀਂ ਹੈ। ਅਕਤੂਬਰ 1953 ਤੋਂ ਹੀ ਕੋਇਰਾਲਾ ਸਰਕਾਰ ਦੇ ਸਮੇਂ ਭਾਰਤ ਅਤੇ ਨੇਪਾਲ ਨੇ ਹਵਾਲਗੀ ਸੰਧੀ ਕੀਤੀ ਸੀ ਪਰ ਬਾਅਦ ’ਚ ਇਸ ’ਚ ਸੋਧ ਦੀ ਲੋੜ ਮਹਿਸੂਸ ਕੀਤੀ ਗਈ। 2006 ਤੋਂ ਬਾਅਦ ਕਈ ਵਾਰ ਦੋਵੇਂ ਦੇਸ਼ ਸਮਝੌਤਾ ਕਰਨ ਦੇ ਨੇੜੇ ਪਹੁੰਚੇ ਪਰ ਕਿਸੇ ਨਾਲ ਕਿਸੇ ਕਾਰਣ ਰੁਕ ਗਏ। ਇਸ ਦੇ ਪਿੱਛੇ ਚੀਨ ਦੀ ਇੱਛਾ ਵੀ ਮੰਨੀ ਜਾਂਦੀ ਹੈ।