--- ਸੱਦਾਮ ਹੂਸੈਨ --- |
![]() ਇਹ ਉਹ ਸਮਾਂ ਸੀ ਜਦੋਂ ਇਰਾਕ ਦੀ ਫ਼ੌਜ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਫ਼ੌਜ ਸੀ। ਇੱਕ ਘੰਟੇ ਦੇ ਅੰਦਰ-ਅੰਦਰ ਉਹ ਕੁਵੈਤ ਸਿਟੀ ਪਹੁੰਚ ਗਏ ਅਤੇ ਦੁਪਹਿਰ ਤੱਕ ਇਰਾਕੀ ਟੈਂਕਾਂ ਨੇ ਕੁਵੈਤ ਦੇ ਰਾਜਮਹਿਲ ਦਸਮਾਨ ਪੈਲੇਸ ਨੂੰ ਘੇਰਾ ਪਾ ਲਿਆ ਸੀ। ਉਦੋਂ ਤੱਕ ਕੁਵੈਤ ਦੇ ਅਮੀਰ ਲੋਕ ਸਾਊਦੀ ਅਰਬ ਵੱਲ ਨੂੰ ਭੱਜ ਗਏ ਸਨ ਅਤੇ ਆਪਣੇ ਪਿੱਛੇ ਉਹ ਆਪਣੇ ਮਤਰੇਏ ਭਰਾ ਸ਼ੇਖ ਫ਼ਾਹਦ ਅਲ ਅਹਿਮਦ ਅਲ ਸਬਾਹ ਨੂੰ ਛੱਡ ਗਏ ਸਨ। ਇਰਾਕੀ ਫੌਜ ਨੇ ਸ਼ੇਖ ਨੂੰ ਵੇਖਦਿਆਂ ਹੀ ਗੋਲੀ ਮਾਰ ਦਿੱਤੀ ਸੀ। ਇੱਕ ਚਸ਼ਮਦੀਦ ਇਰਾਕੀ ਫ਼ੌਜੀ ਮੁਤਾਬਕ, ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਕ ਟੈਂਕ ਦੇ ਸਾਹਮਣੇ ਰੱਖ ਕੇ ਉਸ ’ਤੇ ਟੈਂਕ ਚੜ੍ਹਾ ਦਿੱਤਾ ਗਿਆ ਸੀ। ਕੁਵੈਤ ’ਤੇ ਹਮਲਾ ਕਰਨ ਤੋਂ ਪਹਿਲਾਂ ਬਾਥ ਕ੍ਰਾਂਤੀ ਦੀ 22ਵੀਂ ਵਰ੍ਹੇਗੰਢ ਮੌਕੇ, ਸੱਦਾਮ ਹੁਸੈਨ ਨੇ ਕੁਵੈਤ ਸਾਹਮਣੇ ਆਪਣੀਆਂ ਮੰਗਾਂ ਦੀ ਇੱਕ ਲਿਸਟ ਰੱਖੀ ਸੀ। ਇਨ੍ਹਾਂ ਮੰਗਾ ’ਚ ਅੰਤਰਰਾਸ਼ਟਰੀ ਬਾਜ਼ਾਰ ’ਚ ਤੇਲ ਦੀਆ ਕੀਮਤਾਂ ਨੂੰ ਸਥਿਰ ਕਰਨਾ, ਖਾੜੀ ਯੁੱਧ ਦੌਰਾਨ ਕੁਵੈਤ ਤੋਂ ਲਏ ਗਏ ਕਰਜ਼ੇ ਨੂੰ ਮਾਫ਼ ਕਰਨਾ ਅਤੇ ਮਾਰਸ਼ਲ ਯੋਜਨਾ ਦੀ ਤਰ੍ਹਾਂ ਹੀ ਇੱਕ ਅਰਬ ਯੋਜਨਾ ਬਣਾਉਣਾ, ਜੋ ਕਿ ਇਰਾਕ ਦੇ ਪੁਨਰ ਨਿਰਮਾਣ ’ਚ ਮਦਦ ਕਰਨ ਵਰਗੇ ਨੁਕਤੇ ਸ਼ਾਮਲ ਸਨ। ਰਾਸ਼ਟਰਪਤੀ ਸੱਦਾਮ ਹੁਸੈਨ ਨੇ ਇੱਕ ਇਰਾਕੀ ਟੀਵੀ ’ਤੇ ਧਮਕੀ ਭਰੇ ਸੁਰ ’ਚ ਐਲਾਨ ਕੀਤਾ, “ਜੇਕਰ ਕੁਵੈਤੀਆਂ ਨੇ ਸਾਡੀ ਗੱਲ ਨਾ ਮੰਨੀ ਤਾਂ ਸਾਡੇ ਕੋਲ ਚੀਜ਼ਾਂ ਨੂੰ ਸੁਧਾਰਨ ਅਤੇ ਆਪਣੇ ਅਧਿਕਾਰਾਂ ਨੂੰ ਬਹਾਲ ਕਰਨ ਲਈ ਜ਼ਰੂਰੀ ਕਦਮ ਚੁੱਕਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੋਵੇਗਾ।” ![]() ਸੱਦਾਮ ਨੂੰ ਮਨਾਉਣ ਦੇ ਯਤਨ ਰਹੇ ਨਾਕਾਮਸਾਊਦੀ ਡਿਪਲੋਮੈਟ ਅਤੇ ਸ਼ਾਹ ਫ਼ਾਹਦ ਦੇ ਨਜ਼ਦੀਕੀ ਸਲਾਹਕਾਰ ਡਾਕਟਰ ਗਾਜ਼ੀ ਅਲਗੋਸੈਬੀ ਨੇ ਇੱਕ ਇੰਟਰਵਿਊ ’ਚ ਦੱਸਿਆ ਸੀ, “ਅਸਲ ’ਚ, ਸਾਊਦੀ ਅਰਬ ਅਤੇ ਕੁਵੈਤ ਦੋਵੇਂ ਹੀ ਇਹ ਉਮੀਦ ਛੱਡ ਚੁੱਕੇ ਸਨ ਕਿ ਖਾੜੀ ਯੁੱਧ ਦੌਰਾਨ ਇਰਾਕ ਨੂੰ ਦਿੱਤਾ ਕਰਜ਼ਾ, ਉਨ੍ਹਾਂ ਨੂੰ ਮੁੜ ਵਾਪਸ ਮਿਲ ਸਕੇਗਾ।” “ਪਰ ਦੋਵਾਂ ਦੇਸ਼ਾਂ ਨੇ ਸੋਚਿਆ ਕਿ ਜੇ ਉਨ੍ਹਾਂ ਨੇ ਜਨਤਕ ਤੌਰ ’ਤੇ ਐਲਾਨ ਕੀਤਾ ਕਿ ਉਨ੍ਹਾਂ ਨੇ ਕਰਜ਼ਾ ਮਾਫ਼ ਕਰ ਦਿੱਤਾ ਹੈ ਤਾਂ ਇਸ ਦਾ ਗ਼ਲਤ ਅਰਥ ਕੱਢਿਆ ਜਾਵੇਗਾ।” “ਸ਼ਾਹ ਫ਼ਾਹਦ ਨੇ ਸੱਦਾਮ ਹੁਸੈਨ ਨੂੰ ਕਰਜ਼ਾ ਮਾਫ਼ੀ ਦੀ ਜਾਣਕਾਰੀ ਦਿੱਤੀ, ਪਰ ਸੱਦਾਮ ਨੇ ਇੰਝ ਇਜ਼ਹਾਰ ਕੀਤਾ ਜਿਵੇਂ ਕਿ ਉਹ ਸਾਊਦੀ ਅਰਬ ਦੀ ਇਸ ਪਹਿਲ ਤੋਂ ਖੁਸ਼ ਨਹੀਂ ਸਨ। ਉਸੇ ਸਮੇਂ ਸ਼ਾਹ ਫ਼ਾਹਦ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਹੁਣ ਕੁਵੈਤ ਦੇ ਮਾੜੇ ਦਿਨ ਆ ਗਏ ਹਨ।” ਪਰ ਕੁਵੈਤ ਅੱਗੇ ਮੰਗਾਂ ਦੀ ਸੂਚੀ ਰੱਖਣ ਤੋਂ ਪਹਿਲਾਂ ਹੀ ਸੱਦਾਮ ਹੂਸੈਨ ਹਮਲਾ ਕਰਨ ਦਾ ਮਨ ਬਣਾ ਚੁੱਕੇ ਸਨ। 21 ਜੁਲਾਈ ਤੱਕ ਤਕਰੀਬਨ 30 ਹਜ਼ਾਰ ਇਰਾਕੀ ਫ਼ੌਜੀਆਂ ਨੇ ਕੁਵੈਤ ਦੀ ਸਰਹੱਦ ਵੱਲ ਵੱਧਣਾ ਸ਼ੁਰੂ ਕੀਤਾ। 25 ਜੁਲਾਈ ਨੂੰ ਦੁਪਹਿਰ ਦੇ 1 ਵਜੇ ਸੱਦਾਮ ਹੂਸੈਨ ਨੇ ਬਗ਼ਦਾਦ ’ਚ ਅਮਰੀਕੀ ਸਫ਼ੀਰ ਐਪ੍ਰਿਲ ਗਿਲੇਸਪੀ ਨੂੰ ਤਲਬ ਕੀਤਾ। ਸੱਦਾਮ ਕੁਵੈਤ ’ਚ ਆਪਣੀ ਮੁਹਿੰਮ ਬਾਰੇ ਉਨ੍ਹਾਂ ਦੀ ਪ੍ਰਤੀਕਿਰਿਆ ਜਾਣਨੀ ਚਾਹੁੰਦੇ ਸਨ। ਇਸ ਤੋਂ ਪਹਿਲਾਂ ਫ਼ਰਵਰੀ ਮਹੀਨੇ ਅਮਰੀਕੀ ਰਾਜਦੂਤ ਦਾ ਸੱਦਾਮ ਹੁਸੈਨ ਨਾਲ ਵੌਇਸ ਆਫ਼ ਅਮਰੀਕਾ ਦੇ ਇੱਕ ਪ੍ਰਸਾਰਣ ਦੇ ਸਬੰਧ ’ਚ ਕੂਟਨੀਤਕ ਟਕਰਾਅ ਹੋ ਚੁੱਕਾ ਸੀ, ਜਿਸ ’ਚ ਸੱਦਾਮ ਦੇ ਇਰਾਕ ਦੀ ਤੁਲਨਾ ਸੇਉਸੇਸਕੂ ਦੇ ਰੋਮਾਨੀਆ ਨਾਲ ਕੀਤੀ ਗਈ ਸੀ। ਗਿਲੇਸਪੀ ਨੇ ਸੱਦਾਮ ਤੋਂ ਉਸ ਪ੍ਰਸਾਰਣ ਲਈ ਮੁਆਫ਼ੀ ਮੰਗਦਿਆਂ ਕਿਹਾ ਸੀ ਕਿ ਅਮਰੀਕਾ ਦਾ ਇਰਾਕੀ ਸਰਕਾਰ ਦੇ ਘਰੇਲੂ ਮਾਮਲਿਆਂ ’ਚ ਦਖ਼ਲ ਦੇਣ ਦਾ ਕੋਈ ਇਰਾਦਾ ਨਹੀਂ ਸੀ। ਸੱਦਾਮ ਨੇ ਉਸ ਬੈਠਕ ਦਾ ਅੰਤ ਇਹ ਕਹਿ ਕੇ ਕੀਤਾ ਸੀ ਕਿ ਜੇਕਰ ਕੁਵੈਤ ਨਾਲ ਸਮਝੌਤਾ ਨਾ ਹੋ ਸਕਿਆ ਤਾਂ ਲਾਜ਼ਮੀ ਤੌਰ ’ਤੇ ਇਰਾਕ ਮੌਤ ਤਾਂ ਸਵੀਕਾਰ ਨਹੀਂ ਕਰੇਗਾ। ![]() ਸੱਦਾਮ ਦੇ ਇਰਾਦਿਆਂ ਬਾਰੇ ਗ਼ਲਤ ਅੰਦਾਜ਼ਾਸੱਦਾਮ ਦੇ ਜੀਵਨੀਕਾਰ ਕੋਨ ਕਫ਼ਲਿਨ ਸੱਦਾਮ ਦੀ ਜੀਵਨੀ ‘ਸੱਦਾਮ- ਦਿ ਸੀਕ੍ਰੇਟ ਲਾਈਫ਼’ ’ਚ ਲਿਖਦੇ ਹਨ, “ਉਸ ਬੈਠਕ ’ਚੋਂ ਗਿਲੇਸਪੀ ਇਹ ਸੋਚ ਕੇ ਬਾਹਰ ਨਿਕਲੇ ਸਨ ਕਿ ਸੱਦਾਮ ਮਹਿਜ਼ ਕੋਰੀਆਂ ਧਮਕੀਆਂ ਦੇ ਰਹੇ ਹਨ ਅਤੇ ਉਨ੍ਹਾਂ ਦਾ ਕੁਵੈਤ ’ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ।” “ਪੰਜ ਦਿਨਾਂ ਬਾਅਦ ਉਹ ਰਾਸ਼ਟਰਪਤੀ ਬੁਸ਼ ਨਾਲ ਸਲਾਹ ਮਸ਼ਵਰਾ ਕਰਨ ਲਈ ਵਾਸ਼ਿੰਗਟਨ ਚਲੇ ਗਏ ਸਨ। ਜਦੋਂ ਕੁਝ ਦਿਨਾਂ ਬਾਅਦ ਗਿਲੇਸਪੀ-ਸੱਦਾਮ ਦੀ ਮਿਲਣੀ ਦੇ ਵੇਰਵੇ ਬਗ਼ਦਾਦ ’ਚ ਪ੍ਰਕਾਸ਼ਿਤ ਹੋਏ ਤਾਂ ਅਰਬ ਮਾਮਲਿਆਂ ’ਚ ਖ਼ਾਸਾ ਤਜਰਬਾ ਰੱਖਣ ਵਾਲੇ 48 ਸਾਲਾ ਡਿਪਲੋਮੈਟ ’ਤੇ ਨਾਦਾਨ ਹੋਣ ਦੇ ਇਲਜ਼ਾਮ ਲੱਗੇ।” “ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਨੇ ਸੱਦਾਮ ਹੁਸੈਨ ਦੀ ਕੁਵੈਤ ਮੁਹਿੰਮ ਨੂੰ ਹਰੀ ਝੰਡੀ ਦੇ ਦਿੱਤੀ ਸੀ।” ਗਿਲੇਸਪੀ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਨਕਾਰਿਆ। 90ਵੇਂ ਦਹਾਕੇ ’ਚ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ’ਚ ਉਨ੍ਹਾਂ ਨੇ ਸਪੱਸ਼ਟ ਕੀਤਾ, “ਨਾ ਤਾਂ ਮੈਂ ਅਤੇ ਨਾ ਹੀ ਕਿਸੇ ਹੋਰ ਨੇ ਸੋਚਿਆ ਸੀ ਕਿ ਇਰਾਕ ਪੂਰੇ ਕੁਵੈਤ ’ਤੇ ਕਬਜ਼ਾ ਕਰਨ ਦਾ ਇਰਾਦਾ ਰੱਖਦਾ ਹੈ।” ਇਸ ਮਾਮਲੇ ’ਚ ਹਰ ਕੁਵੈਤੀ, ਸਾਊਦੀ ਅਤੇ ਪੱਛਮੀ ਜਗਤ ਦੀ ਸੋਚ ਪੂਰੀ ਤਰ੍ਹਾਂ ਨਾਲ ਗ਼ਲਤ ਨਿਕਲੀ। ਮਿਸਰ ਦੇ ਰਾਸ਼ਟਰਪਤੀ ਹੋਸਨੇ ਮੁਬਾਰਕ ਨੇ ਨਿੱਜੀ ਤੌਰ ’ਤੇ ਵਾਸ਼ਿੰਗਟਨ ਅਤੇ ਲੰਡਨ ਨੂੰ ਭਰੋਸਾ ਦਵਾਇਆ ਸੀ ਕਿ ਸੱਦਾਮ ਦਾ ਕੁਵੈਤ ’ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਅਰਬ ਕੂਟਨੀਤੀ ਨਾਲ ਇਸ ਸੰਕਟ ਦਾ ਹੱਲ ਕੱਢ ਲਿਆ ਜਾਵੇਗਾ। ![]() ਇਰਾਕੀ ਫੌਜ ਬਿਨਾਂ ਵਿਰੋਧ ਦੇ ਕੁਵੈਤ ’ਚ ਦਾਖ਼ਲ ਹੋਈ2 ਅਗਸਤ, 1990 ਨੂੰ ਰਾਤ ਦੇ 2 ਵਜੇ, ਇੱਕ ਲੱਖ ਇਰਾਕੀ ਫ਼ੌਜੀਆਂ ਨੇ 300 ਟੈਂਕਾਂ ਦੇ ਨਾਲ ਕੁਵੈਤ ਦੀ ਸਰਹੱਦ ਪਾਰ ਕੀਤੀ। ਕੁਵੈਤ ਦੇ ਕੋਲ ਮਹਿਜ਼ 16 ਹਜ਼ਾਰ ਫ਼ੌਜੀ ਸਨ। ਜਿਸ ਦੇ ਚਲਦਿਆਂ ਉਹ ਇਰਾਕ ਦੀ ਫ਼ੌਜ ਦਾ ਮੁਕਾਬਲਾ ਨਾ ਕਰ ਸਕੀ। ਇਸ ਤਰ੍ਹਾਂ ਇਰਾਕੀ ਫ਼ੌਜ ਨੂੰ ਕੁਵੈਤ ਦੀ ਸਰਹੱਦ ’ਤੇ ਕਿਸੇ ਕਿਸਮ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਿਆ। ਹਾਂ ਉਨ੍ਹਾਂ ਨੂੰ ਰਾਜਧਾਨੀ ਕੁਵੈਤ ਵਿੱਚ ਪਹੁੰਚਣ ਸਮੇਂ ਮਾਮੂਲੀ ਵਿਰੋਧ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਸੀ, ਪਰ ਇਰਾਕੀ ਫ਼ੌਜ ਨੇ ਉਨ੍ਹਾਂ ’ਤੇ ਜਲਦੀ ਹੀ ਕਾਬੂ ਪਾ ਲਿਆ ਸੀ। ਕੁਵੈਤ ਦੇ ਲੜਾਕੂ ਜਹਾਜ਼ਾਂ ਨੇ ਉਡਾਣ ਤਾਂ ਜ਼ਰੂਰ ਭਰੀ ਪਰ ਇਰਾਕੀ ਫ਼ੌਜ ’ਤੇ ਬੰਬਾਰੀ ਕਰਨ ਲਈ ਨਹੀਂ ਬਲਕਿ ਸਾਊਦੀ ਅਰਬ ’ਚ ਸ਼ਰਨ ਲੈਣ ਲਈ। ਕੁਵੈਤ ਦੀ ਜਲ ਸੈਨਾ ਵੀ ਆਪਣੀ ਥਾਂ ’ਤੇ ਖੜ੍ਹੀ ਸਾਰਾ ਤਮਾਸ਼ਾ ਵੇਖਦੀ ਰਹੀ। ਸੱਦਾਮ ਦੇ ਲਈ ਇੱਕੋ ਇੱਕ ਸਭ ਤੋਂ ਵੱਡਾ ਧੱਕਾ ਸੀ ਕਿ ਕੁਵੈਤ ਦੇ ਅਮੀਰ ਅਤੇ ਉਨ੍ਹਾਂ ਦੇ ਮੰਤਰੀ ਸੁਰੱਖਿਅਤ ਸਾਊਦੀ ਅਰਬ ਭੱਜ ਗਏ ਸਨ। ਰਿਪਬਲਿਕ ਗਾਰਡ ਦੀ ਇੱਕ ਇਕਾਈ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਕੁਵੈਤ ਸਿਟੀ ’ਚ ਦਾਖਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਦਸਮਾਨ ਰਾਜਮਹਿਲ ਜਾ ਕੇ ਸ਼ਾਹੀ ਪਰਿਵਾਰ ਨੂੰ ਬੰਦੀ ਬਣਾਉਣ। ਕਫ਼ਲਿਨ ਲਿਖਦੇ ਹਨ, “ਸ਼ਾਹੀ ਪਰਿਵਾਰ ਦੇ ਸਿਰਫ਼ ਇੱਕ ਹੀ ਮੈਂਬਰ ਸ਼ੇਖ ਫ਼ਾਹਦ ਨੇ ਸਾਉਦੀ ਅਰਬ ਨਾ ਜਾਣ ਦਾ ਫ਼ੈਸਲਾ ਲਿਆ ਸੀ।'''' ''''ਜਦੋਂ ਇਰਾਕੀ ਫ਼ੌਜ ਰਾਜਮਹਿਲ ਪਹੁੰਚੀ ਤਾਂ ਉਹ ਕੁਝ ਕੁਵੈਤੀ ਫੌਜੀਆਂ ਦੇ ਨਾਲ ਰਾਜਮਹਿਲ ਦੀ ਛੱਤ ’ਤੇ ਪਿਸਤੌਲ ਲੈ ਕੇ ਖੜ੍ਹੇ ਸਨ। ਉੱਥੇ ਹੀ ਇੱਕ ਇਰਾਕੀ ਫ਼ੌਜੀ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ।” ![]() ਬਰਤਾਨਵੀ ਜਹਾਜ਼ ’ਚ ਸਵਾਰ ਲੋਕਾਂ ਨੂੰ ਬੰਧਕ ਬਣਾਇਆ7 ਘੰਟਿਆਂ ਦੇ ਅੰਦਰ-ਅੰਦਰ ਇਰਾਕੀ ਫ਼ੌਜ ਦਾ ਸਾਰੇ ਕੁਵੈਤ ’ਤੇ ਕਬਜ਼ਾ ਹੋ ਗਿਆ ਸੀ। ਸਰਕਾਰ ਦੇ ਨਾਲ-ਨਾਲ ਕੁਵੈਤ ਦੇ ਕਰੀਬ 3 ਲੱਖ ਨਾਗਰਿਕ ਵੀ ਦੇਸ਼ ਛੱਡ ਕੇ ਭੱਜ ਗਏ ਸਨ। ਉਸੇ ਸਮੇਂ ਸੱਦਾਮ ਨੂੰ ਅਚਾਨਕ ਬ੍ਰਿਟਿਸ਼ ਏਅਰਵੇਜ਼ ਦੇ ਇੱਕ ਜਹਾਜ਼ ’ਤੇ ਕਬਜ਼ਾ ਕਰਨ ਦਾ ਮੌਕਾ ਮਿਲਿਆ। ਹੋਇਆ ਕੁਝ ਇੰਝ ਕਿ ਜਿਵੇਂ ਹੀ ਕੁਵੈਤ ’ਤੇ ਹਮਲਾ ਸ਼ੁਰੂ ਹੋਇਆ, ਇਸ ਤੋਂ ਬੇਖ਼ਬਰ ਲੰਡਨ ਤੋਂ ਦਿੱਲੀ ਜਾ ਰਿਹਾ ਬ੍ਰਿਟਿਸ਼ ਏਅਰਵੇਜ਼ ਦਾ ਇੱਕ ਜਹਾਜ਼ ਤੇਲ ਵਾਸਤੇ ਕੁਵੈਤ ਹਵਾਈ ਅੱਡੇ ’ਤੇ ਉਤਰਿਆ। ਪੱਛਮੀ ਖੁਫ਼ੀਆ ਏਜੰਸੀਆਂ ਨੂੰ ਅੰਦਾਜ਼ਾ ਲੱਗ ਗਿਆ ਸੀ ਕਿ ਇਰਾਕ ਨੇ ਕੁਵੈਤ ’ਤੇ ਹਮਲਾ ਕਰ ਦਿੱਤਾ ਹੈ ਪਰ ਕਿਸੇ ਨੇ ਵੀ ਜਹਾਜ਼ ਨੂੰ ਸੁਚੇਤ ਕਰਨ ਦੀ ਲੋੜ ਨਾ ਸਮਝੀ। ਜਿਵੇਂ ਹੀ ਜਹਾਜ਼ ਨੇ ਕੁਵੈਤ ’ਚ ਉੱਤਰਿਆ ਉਸ ਦੇ ਸਾਰੇ ਅਮਲੇ ਅਤੇ ਯਾਤਰੀਆਂ ਨੂੰ ਬੰਦੀ ਬਣਾ ਲਿਆ ਗਿਆ। ਉਨ੍ਹਾਂ ਨੂੰ ਬਗ਼ਦਾਦ ਲਿਜਾਇਆ ਗਿਆ ਤਾਂ ਜੋ ਮਹੱਤਵਪੂਰਨ ਥਾਵਾਂ ’ਤੇ ਹਮਲਿਆ ਤੋਂ ਬਚਣ ਲਈ ਉਨ੍ਹਾਂ ਨੂੰ ਮਨੁੱਖੀ ਢਾਲ ਵੱਜੋਂ ਵਰਤਿਆ ਜਾ ਸਕੇ। ਹਮਲੇ ਤੋਂ ਕੁਝ ਘੰਟੇ ਬਾਅਦ ਹੀ ਰਾਸ਼ਟਰਪਤੀ ਜਾਰਜ ਬੁਸ਼ ਨੇ ਇਰਾਕ ’ਤੇ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ ਸੀ ਅਤੇ ਏਅਰਕ੍ਰਾਫਟ ਕੈਰੀਅਰ ‘ਇੰਡੀਪੈਂਡੇਸ’ ਨੂੰ ਹਿੰਦ ਮਹਾਸਾਗਰ ਤੋਂ ਫਾਰਸ ਦੀ ਖਾੜੀ ’ਚ ਆਉਣ ਦਾ ਹੁਕਮ ਦਿੱਤਾ ਸੀ। ![]() ਅਮਰੀਕਾ ਨੇ ਇਰਾਕ ਦਾ ਸਾਰਾ ਪੈਸਾ ਕੀਤਾ ਜ਼ਬਤਅਮਰੀਕੀ ਬੈਂਕਾਂ ’ਚ ਜਮ੍ਹਾਂ ਇਰਾਕ ਦੇ ਸਾਰੇ ਪੈਸੇ ਨੂੰ ਜ਼ਬਤ ਕਰ ਲਿਆ ਗਿਆ ਸੀ। ਉਸ ਸਮੇਂ ਬਰਤਾਨੀਆ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਅਮਰੀਕਾ ਦੇ ਦੌਰੇ ’ਤੇ ਸਨ। ਉਨ੍ਹਾਂ ਨੇ ਕੁਵੈਤ ’ਤੇ ਇਰਾਕੀ ਹਮਲੇ ਦੀ ਤੁਲਨਾ 1930 ਦੇ ਦਹਾਕੇ ’ਚ ਚੈਕੋਸਲੋਵਾਕੀਆ ’ਤੇ ਹੋਏ ਜਰਮਨ ਹਮਲੇ ਨਾਲ ਕੀਤੀ ਸੀ। ਇੱਕ ਦੂਜੇ ਦੇ ਖ਼ਿਲਾਫ਼ ਵਿਰੋਧੀ ਲਾਈਨ ਲੈਣ ਵਾਲੇ ਅਮਰੀਕਾ ਅਤੇ ਸੋਵੀਅਤ ਸੰਘ ਦੋਵਾਂ ਨੇ ਸੰਯੁਕਤ ਬਿਆਨ ਜਾਰੀ ਕਰਕੇ ਇਰਾਕ ਦੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ। ਸੰਯੁਕਤ ਰਾਸ਼ਟਰ ਅਤੇ ਅਰਬ ਲੀਗ਼ ਨੇ ਵੀ ਇਰਾਕ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਇਰਾਕ ’ਤੇ ਪੂਰੀ ਤਰ੍ਹਾਂ ਨਾਲ ਆਰਥਿਕ ਅਤੇ ਵਪਾਰਕ ਪਾਬੰਦੀਆਂ ਲਗਾ ਦਿੱਤੀਆਂ ਸਨ। ਤੁਰਕੀ ਅਤੇ ਸਾਊਦੀ ਅਰਬ ’ਚੋਂ ਲੰਘਣ ਵਾਲੀ ਇਰਾਕ ਦੀ ਤੇਲ ਪਾਈਪ ਲਾਈਨ ਨੂੰ ਕੱਟ ਦਿੱਤਾ ਗਿਆ ਸੀ। ਸਾਊਦੀ ਸਰਹੱਦ ’ਤੇ ਇਰਾਕੀ ਫ਼ੌਜੀਆਂ ਦੇ ਇਕੱਠ ਨੂੰ ਵੇਖਦਿਆਂ ਸਾਊਦੀ ਅਰਬ ਨੇ ਅਮਰੀਕਾ ਤੋਂ ਫ਼ੌਜੀ ਮਦਦ ਦੀ ਮੰਗ ਕੀਤੀ ਸੀ। ਇਰਾਕ ਨੂੰ ਕੁਵੈਤ ’ਚੋਂ ਬਾਹਰ ਕਰਨ ਦੀ ਆਪਣੀ ਵਚਣਬੱਧਤਾ ਨੂੰ ਦੁਹਰਾਉਂਦੇ ਹੋਏ ਅਮਰੀਕਾ ਨੇ ਅਗਲੇ 6 ਮਹੀਨਿਆਂ ’ਚ ਤਕਰੀਬਨ 60 ਹਜ਼ਾਰ ਫੌਜੀਆਂ ਨੂੰ ਏਅਰਲਿਫ਼ਟ ਕਰਕੇ ਸਾਉਦੀ ਅਰਬ ਦੀ ਧਰਤੀ ’ਤੇ ਪਹੁੰਚਾਇਆ ਸੀ। 7 ਅਗਸਤ ਨੂੰ ਰਾਸ਼ਟਰਪਤੀ ਬੁਸ਼ ਨੇ ਦੇਸ਼ ਦੇ ਨਾਮ ਇੱਕ ਟੀਵੀ ਪ੍ਰਸਾਰਣ ’ਚ ਕਿਹਾ ਕਿ ਉਹ 82ਵੀਂ ਏਅਰਬੋਰਨ ਡਿਵੀਜ਼ਨ ਨੂੰ ਸਾਊਦੀ ਅਰਬ ਭੇਜ ਰਹੇ ਹਨ। ਇਹ ਆਪ੍ਰੇਸ਼ਨ ‘ਡੇਜ਼ਰਟ ਸਟੋਰਮ’ ਦੀ ਸ਼ੁਰੂਆਤ ਸੀ ਅਤੇ ਵਿਅਤਨਾਮ ਯੁੱਧ ਤੋਂ ਬਾਅਦ ਵਿਦੇਸ਼ੀ ਧਰਤੀ ’ਤੇ ਅਮਰੀਕੀ ਸੈਨਿਕਾਂ ਦੀ ਸਭ ਤੋਂ ਵੱਡੀ ਤੈਨਾਤੀ ਸੀ। ![]() ਸੱਦਾਮ ਹੂਸੈਨ ਦਾ ਕੁਵੈਤ ’ਤੇ ਹਮਲਾ
![]() ![]() ਸੱਦਾਮ ਹੁਸੈਨ ਨੂੰ ਅਰਾਫ਼ਾਤ ਅਤੇ ਦੌਸਤਾਂ ਦਾ ਸਮਰਥਨਇਸ ਦੌਰਾਨ ਸੱਦਾਮ ਹੁਸੈਨ ਨੇ ਆਪਣੇ ਚਚੇਰੇ ਭਰਾ ਅਲ ਹਸਨ ਅਲ ਮਾਜਿਦ ਨੂੰ ਕੁਵੈਤ ਦਾ ਗਵਰਨਰ ਨਿਯੁਕਤ ਕਰ ਦਿੱਤਾ ਸੀ। ਇਹ ਉਹੀ ਮਾਜਿਦ ਸਨ, ਜਿਨ੍ਹਾਂ ਨੇ 1988 ’ਚ ਹਲਾਬਜਾ ’ਚ ਗੈਸ ਛੱਡ ਕੇ ਹਜ਼ਾਰਾਂ ਕੁਰਦਾਂ ਨੂੰ ਮਰਵਾ ਦਿੱਤਾ ਸੀ। ਸੱਦਾਮ ਦਾ ਸਮਰਥਨ ਕਰਨ ਵਾਲੇ ਇੱਕਾ-ਦੁੱਕਾ ਲੋਕਾਂ ’ਚ ਫ਼ਿਲਸਤੀਨੀ ਆਗੂ ਯਾਸਿਰ ਅਰਾਫ਼ਾਤ ਵੀ ਸ਼ਾਮਿਲ ਸਨ। ਉਨ੍ਹਾਂ ਵੱਲੋਂ ਸੱਦਾਮ ਦੀ ਹਮਾਇਤ ਕਰਨ ’ਤੇ ਵਿਸ਼ਲੇਸ਼ਕਾਂ ਨੂੰ ਹੈਰਾਨੀ ਵੀ ਹੋਈ ਸੀ ਕਿਉਂਕਿ ਇਕ ਸਮੇਂ ਸੱਦਾਮ ਨੇ ਅਰਾਫ਼ਾਤ ਦੇ ਸ਼ਕਤੀ ਕੇਂਦਰ ਨੂੰ ਕੁਚਲਣ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ ਸੀ। ਸਤੰਬਰ ਮਹੀਨੇ ਸੱਦਾਮ ਨੂੰ ਇਕ ਹੋਰ ਪਾਸੇ ਤੋਂ ਅਸਿੱਧੇ ਤੌਰ ’ਤੇ ਸਮਰਥਨ ਹਾਸਲ ਹੋਇਆ। ਫਰਾਂਸ ਦੇ ਰਾਸ਼ਟਰਪਤੀ ਫ੍ਰਾਂਸਵਾ ਮਿਤਰਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਦਿੱਤੇ ਆਪਣੇ ਭਾਸ਼ਣ ’ਚ ਕਿਹਾ ਕਿ ਉਹ ਕੁਵੈਤ ’ਚ ਇਰਾਕ ਦੇ ਕੁਝ ਜ਼ਮੀਨ ਸਬੰਧੀ ਦਾਅਵਿਆਂ ਨੂੰ ਜਾਇਜ਼ ਮੰਨਦੇ ਹਨ। ਕੁਝ ਮਹੀਨੇ ਪਹਿਲਾਂ ਹੀ ਸੱਦਾਮ ਹੁਸੈਨ ਨੇ ਕੁਵੈਤ ’ਚ ਕੰਮ ਕਰ ਰਹੇ ਫਰਾਂਸ ਦੇ 327 ਮਜ਼ਦੂਰਾਂ ਨੂੰ ਰਿਹਾਅ ਕਰਕੇ ਫਰਾਂਸ ਦੀ ਹਮਦਰਦੀ ਹਾਸਲ ਕਰ ਲਈ ਸੀ। ਉਨ੍ਹਾਂ ਮਜ਼ਦੂਰਾਂ ਨੂੰ ਠੀਕ ਉਸੇ ਦਿਨ ਰਿਹਾਅ ਕੀਤਾ ਗਿਆ ਸੀ ਜਿਸ ਦਿਨ ਅਮਰੀਕਾ ਦੇ ਵਿਦੇਸ਼ ਮੰਤਰੀ ਜੇਮਜ਼ ਬੇਕਰ ਇਰਾਕ ਖ਼ਿਲਾਫ਼ ਰਣਨੀਤੀ ਤਿਆਰ ਕਰਨ ਲਈ ਗੱਲਬਾਤ ਕਰਨ ਲਈ ਪੈਰਿਸ ਆਏ ਹੋਏ ਸਨ। ![]() ਸੱਦਾਮ ਦੀ ਬਰਤਾਨਵੀ ਬੰਧੀਆਂ ਨਾਲ ਮੁਲਾਕਾਤਅਮਰੀਕਾ ਤੋਂ ਬਾਅਦ ਇਸ ਮੁੱਦੇ ’ਤੇ ਇਰਾਕ ਦਾ ਸਭ ਤੋਂ ਵੱਡਾ ਵਿਰੋਧੀ ਬ੍ਰਿਟੇਨ ਸੀ। ਇਸ ਦੌਰਾਨ ਸੱਦਾਮ ਨੇ ਇਰਾਕ ’ਚ ਬੰਧੀ ਬਣਾਏ ਗਏ ਬਰਤਾਨਵੀ ਲੋਕਾਂ ਨੂੰ ਮਿਲਣ ਦਾ ਫ਼ੈਸਲਾ ਕੀਤਾ। ਕਫ਼ਲਿਨ ਲਿਖਦੇ ਹਨ, “ਸੱਦਾਮ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੁਹਰਾਇਆ ਕਿ ਇਰਾਕ ’ਚ ਇਨ੍ਹਾਂ ਬੰਧੀਆਂ ਦੀ ਮੌਜੂਦਗੀ ਸ਼ਾਂਤੀ ਕਾਇਮ ਰੱਖਣ ਲਈ ਜ਼ਰੂਰੀ ਹੈ।” “ਉਨ੍ਹਾਂ ਦਾ ਮੰਨਣਾ ਸੀ ਕਿ ਉਹ ਜਦੋਂ ਤੱਕ ਉੱਥੇ ਰਹਿਣਗੇ, ਮਿੱਤਰ ਦੇਸ਼ ਇਰਾਕ ’ਤੇ ਬੰਬਾਰੀ ਕਰਨ ਬਾਰੇ ਨਹੀਂ ਸੋਚਣਗੇ।” “ਉਨ੍ਹਾਂ ਨਾਲ ਮਿਲਣ ਦੌਰਾਨ ,ਜਿਸ ਦਾ ਸਿੱਧਾ ਪ੍ਰਸਾਰਣ ਪੂਰੀ ਦੁਨੀਆਂ ’ਚ ਟੀਵੀ ਜ਼ਰੀਏ ਹੋ ਰਿਹਾ ਸੀ, ਸੱਦਾਮ ਨੇ ਇੱਕ 7 ਸਾਲ ਦੇ ਬਰਤਾਨਵੀ ਬੱਚੇ ਸਟੂਅਰਟ ਲਾਕਵੁੱਡ ਨੂੰ ਅਰਬੀ ’ਚ ਪੁੱਛਿਆ, ‘ਕੀ ਸਟੂਅਰਟ ਨੂੰ ਅੱਜ ਪੀਣ ਲਈ ਦੁੱਧ ਮਿਲਿਆ?” ਬੱਚੇ ਦੇ ਚਿਹਰੇ ’ਤੇ ਡਰ ਦੇ ਹਾਵ-ਭਾਵ ਨੇ ਉਨ੍ਹਾਂ ਸਾਰੇ ਲੋਕਾਂ ਦੀ ਸਥਿਤੀ ਨੂੰ ਬਿਆਨ ਕਰ ਦਿੱਤਾ ਸੀ ਜੋ ਕਿ ਉਸ ਸਮੇਂ ਸੱਦਾਮ ਦੇ ਕਬਜ਼ੇ ’ਚ ਸਨ। ਇਸ ਦੌਰਾਨ ਸੱਦਾਮ ਨੂੰ ਮਨਾਉਣ ਲਈ ਸਾਬਕਾ ਵਿਸ਼ਵ ਹੈਵੀਵੇਟ ਮੁੱਕੇਬਾਜ਼ ਮੁਹੰਮਦ ਅਲੀ ਅਤੇ ਜਰਮਨੀ ਦੇ ਸਾਬਕਾ ਪ੍ਰਧਾਨ ਮੰਤਰੀ ਵਿਲੀ ਬ੍ਰਾਂਡ ਅਤੇ ਬਰਤਾਨੀਆਂ ਦੇ ਸਾਬਕਾ ਪ੍ਰਧਾਨ ਮੰਤਰੀ ਐਡਵਰਡ ਹੀਥ ਵੀ ਬਗ਼ਦਾਦ ਪਹੁੰਚੇ, ਪਰ ਸੱਦਾਮ ’ਤੇ ਉਨ੍ਹਾਂ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ![]() ਕੁਵੈਤ ’ਚ ਨਵੇਂ ਪਛਾਣ-ਪੱਤਰ ਹੋਏ ਜਾਰੀਕੁਵੈਤ ਦੇ 3 ਲੱਖ ਲੋਕਾਂ ਯਾਨੀ ਕਿ ਦੇਸ਼ ਦੀ ਇੱਕ ਤਿਹਾਈ ਆਬਾਦੀ ਨੇ ਦੇਸ਼ ਛੱਡ ਦਿੱਤਾ ਸੀ। ਇਕਨਾਮਿਸਟ ਮੈਗਜ਼ੀਨ ਨੇ ਆਪਣੇ 22 ਦਸੰਬਰ, 1990 ਦੇ ਅੰਕ ’ਚ ਲਿਖਿਆ , “ ਸੱਦਾਮ ਦੇ ਖੁਫ਼ੀਆ ਏਜੰਟਾਂ ਨੇ ਖ਼ਾਲੀ ਕੀਤੇ ਰਾਜਮਹਿਲਾਂ ਦੇ ਤਹਿਖ਼ਾਨਿਆਂ ਨੂੰ ਵਿਰੋਧੀਆਂ ਨੂੰ ਤਸ਼ੱਦਦ ਦੇਣ ਦੇ ਚੈਂਬਰਾਂ ’ਚ ਤਬਦੀਲ ਕਰ ਦਿੱਤਾ ਸੀ।” “ਕਈ ਸੜਕਾਂ ਦੇ ਨਾਮ ਬਦਲ ਦਿੱਤੇ ਗਏ ਅਤੇ ਨਾਗਰਿਕਾਂ ਨੂੰ ਨਵੇਂ ਪਛਾਣ-ਪੱਤਰ ਅਤੇ ਲਾਇਸੈਂਸ ਪਲੇਟਾਂ ਲੈਣ ਲਈ ਕਿਹਾ ਗਿਆ ਸੀ।” ਬਗ਼ਦਾਦ ਅਤੇ ਕੁਵੈਤ ਦਰਮਿਆਨ ਸਮੇਂ ਦੇ ਫ਼ਰਕ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਇੱਕ ਹੁਕਮ ਜਾਰੀ ਕਰਕੇ ਕੁਵੈਤ ਦੇ ਲੋਕਾਂ ’ਤੇ ਦਾੜੀ ਰੱਖਣ ’ਤੇ ਪਾਬੰਦੀ ਦਾ ਐਲਾਨ ਵੀ ਕੀਤਾ ਗਿਆ ਅਤੇ ਇਸ ਹੁਕਮ ਦਾ ਵਿਰੋਧ ਕਰਨ ਵਾਲਿਆਂ ਦੀ ਦਾੜੀ ਖਿੱਚ ਦਿੱਤੀ ਗਈ ਸੀ। ਕੁਵੈਤ ਮੁਹਿੰਮ ਦੇ ਸਮੇਂ ਸੱਦਾਮ ਹੁਸੈਨ ਦੀ ਮਨੋਦਸ਼ਾ ਦਾ ਵਰਣਨ ਉਨ੍ਹਾਂ ਦੇ ਇੱਕ ਜਨਰਲ ਵਾਫ਼ਿਕ ਅਲ ਸਮੁਰਾਈ ਨੇ ਕੀਤਾ ਹੈ। ਸਮੁਰਾਈ ਕਹਿੰਦੇ ਹਨ, “ਸੱਦਾਮ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਅਮਰੀਕੀ ਸੈਨਿਕਾਂ ਨੂੰ ਹਿਰਾਸਤ ’ਚ ਲੈ ਲਈਏ ਤਾਂ ਜੋ ਉਨ੍ਹਾਂ ਨੂੰ ਇਰਾਕੀ ਟੈਂਕਾਂ ਦੇ ਨਜ਼ਦੀਕ ਖੜ੍ਹਾ ਕਰਕੇ ਮਨੁੱਖੀ ਢਾਲ ਵੱਜੋਂ ਵਰਤਿਆ ਜਾ ਸਕੇ।” “ਉਨ੍ਹਾਂ ਨੂੰ ਇਹ ਗ਼ਲਤਫਹਿਮੀ ਸੀ ਕਿ ਇਸ ਤਰ੍ਹਾਂ ਨਾਲ ਅਮਰੀਕੀ ਸੈਨਿਕਾਂ ਨੂੰ ਫੜ੍ਹ ਕੇ ਮਨੁੱਖੀ ਢਾਲ ਵੱਜੋਂ ਵਰਤਿਆ ਜਾ ਸਕਦਾ ਹੈ। ਮੈਨੂੰ ਅਤੇ ਦੂਜੇ ਜਰਨੈਲਾਂ ਨੂੰ ਸੱਦਾਮ ਦੀ ਇਸ ਮੂਰਖਤਾ ’ਤੇ ਤਰਸ ਵੀ ਆਇਆ ਅਤੇ ਹੈਰਾਨੀ ਵੀ ਹੋਈ।” ![]() ਅਮਰੀਕੀਆਂ ਦੇ ਲੰਮੇ ਸਮੇਂ ਤੱਕ ਡੱਟੇ ਰਹਿਣ ’ਤੇ ਸ਼ੱਕਅਟਲਾਂਟਿਕ ਮੈਗਜ਼ੀਨ ਦੇ ਮਈ 2002 ਦੇ ਅੰਕ ’ਚ ਦਿੱਤੇ ਗਏ ਇੱਕ ਇੰਟਰਵਿਊ ’ਚ ਸਮੁਰਾਈ ਨੇ ਕਿਹਾ ਸੀ, “ਜਦੋਂ ਮੈਂ ਸੱਦਾਮ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤਬਾਹੀ ਵੱਲ ਵੱਧ ਰਹੇ ਹਾਂ ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਇਹ ਤੁਹਾਡੇ ਨਿੱਜੀ ਵਿਚਾਰ ਹਨ ਜਾਂ ਅਸਲੀਅਤ ਹੈ?” “ਮੈਂ ਜਵਾਬ ਦਿੱਤਾ ਕਿ ਮੈਂ ਆਪਣੇ ਸਾਹਮਣੇ ਮੌਜੂਦ ਤੱਥਾਂ ਦੇ ਆਧਾਰ ’ਤੇ ਇਹ ਰਾਇ ਕਾਇਮ ਕੀਤੀ ਹੈ।” ਇਸ ’ਤੇ ਸੱਦਾਮ ਨੇ ਕਿਹਾ, “ਹੁਣ ਤੁਸੀਂ ਮੇਰੀ ਰਾਇ ਸੁਣੋ। ਇਸ ਲੜਾਈ ’ਚ ਇਰਾਨ ਦ਼ਖਲ ਨਹੀਂ ਦੇਵੇਗਾ। ਸਾਡੀਆਂ ਫੌਜਾਂ ਤੁਹਾਡੀ ਸੋਚ ਤੋਂ ਕਿਤੇ ਵੱਧ ਮੁਕਾਬਲਾ ਕਰਨਗੀਆਂ। ਉਹ ਅਮਰੀਕੀ ਹਵਾਈ ਹਮਲਿਆਂ ਤੋਂ ਬਚਣ ਲਈ ਬੰਕਰ ਪੁੱਟ ਸਕਦੇ ਹਨ।” “ਉਹ ਲੰਮੇ ਸਮੇਂ ਤੱਕ ਲੜਣਗੇ ਅਤੇ ਦੋਵਾਂ ਪਾਸਿਆਂ ਤੋਂ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਵੇਗਾ। ਅਸੀਂ ਇਸ ਨੁਕਸਾਨ ਨੂੰ ਝੱਲਣ ਲਈ ਤਿਆਰ ਬਰ ਤਿਆਰ ਹਾਂ, ਪਰ ਅਮਰੀਕੀ ਨਹੀਂ। ਉਹ ਲੋਕ ਵੱਡੀ ਗਿਣਤੀ ’ਚ ਆਪਣੇ ਸੈਨਿਕਾਂ ਦੇ ਜਾਨੀ ਨੁਕਸਾਨ ਨੂੰ ਝੱਲ ਨਹੀਂ ਪਾਉਣਗੇ।” ![]() ਹਵਾਈ ਹਮਲਿਆਂ ਕਰਕੇ ਇਰਾਕ ’ਚ ਹੋਈ ਭਾਰੀ ਤਬਾਹੀਰਾਸ਼ਟਰਪਤੀ ਬੁਸ਼ ਨੇ 16 ਜਨਵਰੀ, 1991 ਨੂੰ ਇਰਾਕ ’ਤੇ ਹਵਾਈ ਹਮਲੇ ਦਾ ਹੁਕਮ ਦਿੱਤਾ। ਇਸ ਨਾਲ ਪੂਰੇ ਇਰਾਕ ’ਚ ਭਾਰੀ ਤਬਾਹੀ ਹੋਈ ਅਤੇ ਨਾਲ ਹੀ ਚਾਰ ਹਫ਼ਤਿਆਂ ਦੇ ਅੰਦਰ ਇਰਾਕ ਦੇ ਚਾਰ ਪਰਮਾਣੂ ਖੋਜ ਪਲਾਂਟਾਂ ਦਾ ਨਾਮੋ-ਨਿਸ਼ਾਨ ਤੱਕ ਮਿਟਾ ਦਿੱਤਾ ਗਿਆ ਸੀ। ਇਰਾਕ ਦੇ ਸਾਰੇ ਰਣਨੀਤਕ ਅਤੇ ਆਰਥਿਕ ਮਹੱਤਵ ਦੇ ਠਿਕਾਣੇ, ਜਿਵੇਂ ਕਿ ਸੜਕਾਂ, ਪੁੱਲ, ਬਿਜਲੀਘਰ ਅਤੇ ਤੇਲ ਭੰਡਾਰ ਤਬਾਹ ਹੋ ਗਏ ਸਨ। ਇਰਾਕ ਦੀ ਹਵਾਈ ਫ਼ੌਜ ਦੇ ਮਨੋਬਲ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਿਆ ਜਦੋਂ ਉਸ ਦੇ 100 ਤੋਂ ਵੱਧ ਲੜਾਕੂ ਜਹਾਜ਼ਾਂ ਨੇ ਉੱਡ ਕੇ ਈਰਾਨ ’ਚ ਸਰਨ ਲੈ ਲਈ ਸੀ। ਅਜਿਹੀਆਂ ਖ਼ਬਰਾਂ ਸਨ ਕਿ ਇਰਾਕੀ ਹਵਾਈ ਫ਼ੌਜ ਨੇ ਸੱਦਾਮ ਖ਼ਿਲਾਫ਼ ਅਸਫ਼ਲ ਤਖਤਾਪਲਟ ਤੋਂ ਬਾਅਦ ਇਹ ਕਦਮ ਚੁੱਕਿਆ ਸੀ। ਇਹ ਵਿਦਰੋਹ ਉਸ ਸਮੇਂ ਕੀਤਾ ਗਿਆ ਸੀ ਜਦੋਂ ਅਮਰੀਕੀ ਹਵਾਈ ਹਮਲਿਆਂ ਨੂੰ ਰੋਕਣ ’ਚ ਅਸਮਰੱਥ ਰਹਿਣ ਕਰਕੇ ਸੱਦਾਮ ਨੇ ਹਵਾਈ ਫ਼ੌਜ ਦੇ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ। ਸੱਦਾਮ ਦੇ ਫ਼ੌਜੀਆਂ ਨੇ ਸਾਊਦੀ ਸਰਹੱਦ ਦੇ 12 ਕਿਲੋਮੀਟਰ ਅੰਦਰ ਖਾਫ਼ਜੀ ਕਸਬੇ ’ਤੇ ਕਬਜ਼ਾ ਕਰ ਲਿਆ ਸੀ, ਪਰ ਕੁ ਹੀ ਦਿਨਾਂ ਦੇ ਅੰਦਰ ਮਿੱਤਰ ਦੇਸ਼ਾਂ ਨੇ ਉਹ ਕਸਬਾ ਇਰਾਕੀ ਫ਼ੌਜ ਦੇ ਕਬਜ਼ੇ ’ਚੋਂ ਮੁੜ ਹਾਸਲ ਕਰ ਲਿਆ ਸੀ। ![]() 58,000 ਇਰਾਕੀ ਫ਼ੌਜੀ ਜੰਗੀ ਕੈਦੀ ਬਣੇਇਸ ਦੌਰਾਨ ਜਦੋਂ ਸੋਵੀਅਤ ਆਗੂ ਮਿਖਇਲ ਗੋਰਬਾਚੇਵ ਦੇ ਵਿਸ਼ੇਸ਼ ਦੂਤ ਯੇਵਗਨੀ ਪ੍ਰਾਈਮਾਕੋਵ ਸੱਦਾਮ ਨੂੰ ਮਿਲਣ ਲਈ ਬਗ਼ਦਾਦ ਆਏ ਤਾਂ ਉਹ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਉਨ੍ਹਾਂ ਦਾ ਭਾਰ ਕਰੀਬ 15 ਕਿਲੋ ਘੱਟ ਗਿਆ ਸੀ। 18 ਫ਼ਰਵਰੀ ਨੂੰ ਇਰਾਕ ਦੇ ਵਿਦੇਸ਼ ਮੰਤਰੀ ਤਾਰਿਕ ਅਜ਼ੀਜ਼ ਮਾਸਕੋ ਗਏ ਅਤੇ ਉਨ੍ਹਾਂ ਨੇ ਸੋਵੀਅਤ ਸੰਘ ਦਾ ਕੁਵੈਤ ’ਚੋਂ ਬਿਨ੍ਹਾਂ ਸ਼ਰਤ ਇਰਾਕ ਦੇ ਪਿੱਛੇ ਹੱਟਣ ਦਾ ਪ੍ਰਸਤਾਵ ਸਵੀਕਾਰ ਕਰ ਲਿਆ। ਪਰ ਉਦੋਂ ਤੱਕ ਆਲਮੀ ਆਗੂਆਂ ’ਚ ਸੱਦਾਮ ਦੀ ਭਰੋਸੇਯੋਗਤਾ ਇੰਨੀ ਘੱਟ ਗਈ ਸੀ ਕਿ ਮਹਿਜ਼ ਭਰੋਸੇ ਨਾਲ ਕੰਮ ਨਹੀਂ ਸੀ ਚੱਲ ਸਕਣਾ। ਇਰਾਕ ’ਤੇ ਜ਼ਮੀਨੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਸੱਦਾਮ ਹੁਸੈਨ ਨੇ ਹੁਕਮ ਜਾਰੀ ਕੀਤਾ ਕਿ ਕੁਵੈਤ ਦੇ ਸਾਰੇ ਤੇਲ ਦੇ ਖੂਹਾਂ ਨੂੰ ਅੱਗ ਲਗਾ ਦਿੱਤੀ ਜਾਵੇ। ਆਖ਼ਰਕਾਰ ਰਾਸ਼ਟਰਪਤੀ ਜਾਰਜ ਬੁਸ਼ ਨੇ ਫ਼ੌਜੀ ਕਮਾਂਡਰ ਜਨਰਲ ਨੌਰਮਨ ਸ਼ਵਾਰਜ਼ਕੋਪਫ਼ ਨੂੰ ਹੁਕਮ ਦਿੱਤਾ ਕਿ ਜੇਕਰ 24 ਫ਼ਰਵਰੀ ਤੱਕ ਇਰਾਕੀ ਸੈਨਾ ਕੁਵੈਤ ਤੋਂ ਬਾਹਰ ਨਹੀਂ ਹੁੰਦੀ ਹੈ ਤਾਂ ਉਸ ਨੂੰ ਜ਼ਬਰਦਸਤੀ ਉੱਥੋਂ ਬਾਹਰ ਕਰ ਦਿੱਤਾ ਜਾਵੇ। ![]() ਅਮਰੀਕੀ ਹਮਲੇ ਤੋਂ 48 ਘੰਟਿਆਂ ਦੇ ਅੰਦਰ ਹੀ ਇਰਾਕੀ ਫ਼ੌਜ ਨੇ ਹਾਰ ਮੰਨ ਲਈ। 6 ਹਫ਼ਤਿਆਂ ਤੱਕ ਲਗਾਤਾਰ ਚੱਲੀ ਬੰਬਾਰੀ ਤੋਂ ਬਾਅਦ ਇਰਾਕੀ ਫ਼ੌਜ ਲੜਨ ਦੇ ਮੂਡ ’ਚ ਨਹੀਂ ਸੀ। ਹਮਲੇ ਦੇ ਦੂਜੇ ਦਿਨ ਦੇ ਅੰਤ ਤੱਕ ਇਰਾਕ ਦੇ 20 ਹਜ਼ਾਰ ਸੈਨਿਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਅਤੇ 370 ਇਰਾਕੀ ਟੈਂਕ ਤਬਾਹ ਕਰ ਦਿੱਤੇ ਗਏ ਸਨ। ਆਖ਼ਰਕਾਰ ਸੱਦਾਮ ਹੁਸੈਨ ਨੂੰ ਆਪਣੇ ਫ਼ੌਜੀਾਂ ਨੂੰ ਹੁਕਮ ਦੇਣਾ ਪਿਆ ਕਿ ਉਹ 1 ਅਗਸਤ, 1990 ਨੂੰ ਜਿਸ ਥਾਂ ’ਤੇ ਸਨ, ਉੱਥੋਂ ਹੀ ਵਾਪਸ ਪਰਤ ਜਾਣ। 26 ਫ਼ਰਵਰੀ ਨੂੰ ਕੁਵੈਤ ’ਚ ਇਰਾਕ ਦਾ ਇੱਕ ਵੀ ਫ਼ੌਜੀ ਮੌਜੂਦ ਨਹੀਂ ਸੀ। ਉਹ ਜਾਂ ਤਾਂ ਜੰਗੀ ਕੈਦੀ ਬਣ ਚੁੱਕੇ ਸਨ ਜਾਂ ਫ਼ਿਰ ਇਰਾਕ ਵਾਪਸ ਪਰਤ ਚੁੱਕੇ ਸਨ। ਇਰਾਕ ਦੇ ਜੰਗੀ ਕੈਦੀਆਂ ਦੀ ਗਿਣਤੀ ਵੱਧ ਕੇ 58 ਹਜ਼ਾਰ ਹੋ ਗਈ ਸੀ ਅਤੇ ਇਸ ਯੁੱਧ ’ਚ ਤਕਰੀਬਨ ਡੇਢ ਲੱਖ ਇਰਾਕੀ ਫ਼ੌਜੀ ਜਾਂ ਤਾਂ ਜ਼ਖਮੀ ਹੋ ਗਏ ਸਨ ਜਾਂ ਫਿਰ ਮਾਰੇ ਗਏ ਸਨ। ਇਰਾਕੀ ਫ਼ੌਜੀ ਅਧਿਕਾਰੀਆਂ ਨੇ ਮਹਿਜ਼ ਇੱਕ ਗੁਜ਼ਾਰਿਸ਼ ਕੀਤੀ ਸੀ ਕਿ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਅਮਰੀਕੀ ਬੰਬਾਰੀ ’ਚ ਇਰਾਕ ਦੀਆਂ ਸਾਰੀਆਂ ਸੜਕਾਂ ਅਤੇ ਪੁਲ ਤਬਾਹ ਹੋ ਚੁੱਕੇ ਸਨ। ਅਮਰੀਕੀ ਜਨਰਲ ਸ਼ਵਾਰਜ਼ਕੋਪਫ਼ ਨੇ ਉਨ੍ਹਾਂ ਦੀ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਸੀ। |