‘ਇਮਰਾਨ ਖ਼ਾਨ ਆਪ ਇੱਕ ਨਸ਼ਾ ਹੈ, ਇਹ ਛੁੜਾ ਕੇ ਦਿਖਾਓ’- ਮੁਹੰਮਦ ਹਨੀਫ਼ ਦਾ ਵਲੌਗ

8d2836b0-f2c7-11ed-b416-d1f0f3d23668.jpgਇਮਰਾਨ ਖ਼ਾਨ ਨਾ ਹੋਇਆ ਭਾਰਤੀ ਫ਼ਿਲਮ ਵਾਲਾ ਡੌਨ ਹੋ ਗਿਆ, ‘ਜਿਸ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ’।

ਇਮਰਾਨ ਖ਼ਾਨ ਨੇ ਸਾਲ ਪਹਿਲਾਂ ਹੀ ਕਿਹਾ ਸੀ ਕਿ ਜੇ ਮੈਨੂੰ ਹਕੂਕ ਤੋਂ ਕੱਢ ਦਿੱਤਾ, ਤੇ ਮੈਂ ਸੜਕਾਂ ’ਤੇ ਆ ਗਿਆ ਤਾਂ ‘ਮੈਂ ਇਹਨਾਂ ਲਈ ਹੋਰ ਖ਼ਤਰੇਨਾਕ ਹੋ ਜਾਵਾਂਗਾ’।

ਦੁਸ਼ਮਣ ਹੱਸੇ ਕਿ ਵੀ ਇਮਰਾਨ ਖ਼ਾਨ ਨੂੰ ਤਾਂ ਖ਼ਤਰਨਾਕ ਵੀ ਕਹਿਣਾ ਨਹੀਂ ਆਉਂਦਾ।

ਹੁਣ ਪਤਾ ਲੱਗਾ ਕਿ ਖ਼ਤਰਨਾਕ ਤੇ ਖ਼ਤਰੇਨਾਕ ਵਿੱਚ ਕੀ ਫ਼ਰਕ ਹੁੰਦਾ ਹੈ?

ਜਦੋਂ ਦੀ ਖ਼ਾਨ ਸਾਹਿਬ ਦੀ ਹਕੂਮਤ ਗਈ ਹੈ, ਉਹਨਾਂ ਦੇ ਸਾਰੇ ਦੁਸ਼ਮਣ ਇਹ ਕਹਿੰਦੇ ਰਹੇ ਹਨ ਕਿ ਇਹਨਾਂ ਨੂੰ ਫੜਦੇ ਕਿਉਂ ਨਹੀਂ ?

ਕੇਸ ਏਨੇ ਤਿਆਰ ਨੇ, ਇਹ ਪੱਪੂ ਜਿਹਾ ਸਿਆਸਤਦਾਨ ਏ, ਕਦੀ ਜੇਲ੍ਹ ਨਹੀਂ ਗਿਆ। ਦੋ ਦਿਨ ਪੁਲਿਸ ਦੀ ਹਵਾਲਤ ਵਿੱਚ ਰੱਖੋ, ਇਹਦੇ ਘਰ ਦੀ ਰੋਟੀ, ਦੇਸੀ ਮੁਰਗੀ-ਸੁਰਗੀ ਬੰਦ ਕਰੋ। ਇਹਨੂੰ ਨਸ਼ਾ ਪਾਣੀ ਨਹੀਂ ਮਿਲੇਗਾ ਤਾਂ ਇਹਦਾ ਤਰਾਅ ਨਿੱਕਲ ਜਾਵੇਗਾ।

ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੇ ਮਰਸਿਡੀ ’ਚ ਵਾਪਸੀ

ਪਹਿਲੇ ਤਾਂ ਖ਼ਾਨ ਫੜਿਆ ਹੀ ਨਹੀਂ ਗਿਆ ਪਰ ਫਿਰ ਆਖ਼ਰ ਰੇਂਜ਼ਰਾਂ ਦੇ ਜਥੇ ਨੇ ਧੂਹ ਕੇ ਵੱਡੀ ਅਦਾਲਤ ਵਿੱਚੋਂ ਕੱਢਿਆ ਤੇ ਡਾਲੇ ਵਿੱਚ ਪਾ ਕੇ ਲੈ ਗਏ।

ਪਰ ਖ਼ਾਨ ਨੇ ਸਾਬਿਤ ਕਰ ਛੱਡਿਆ ਹੈ ਕਿ ਪਾਕਿਸਤਾਨ ਵਿੱਚ ਅਜਿਹੀ ਕੋਈ ਹਵਾਲਾਤ ਬਣੀ ਹੀ ਨਹੀਂ ਜਿਹੜੀ ਉਸ ਨੂੰ ਕੈਦ ਕਰ ਸਕੇ।

ਫੌਜ ਦਾ ਕੈਦੀ ਬਣ ਕੇ, ਡਾਲੇ ਵਿੱਚ ਬੈਠ ਕੇ ਗਿਆ ਸੀ, ਅਗਲੇ ਹੀ ਦਿਨ ਕਾਲੀ ਮਰਸਿਡੀ ਵਿੱਚ ਲਾੜੇ ਦੀ ਤਰ੍ਹਾਂ ਵਾਪਸ ਆਇਆ।

ਸੁਪਰੀਮ ਕੋਰਟ ਨੇ ਵੀ ਇੰਝ ‘ਜੀ ਆਇਆ ਨੂੰ’ ਆਖਿਆ ਜਿਵੇਂ ਕਿਸੇ ਸੋਹਣੇ ਜਵਾਈ ਨੂੰ ਆਖੀਦਾ ਹੈ। ਮਿੰਟਾਂ ਵਿੱਚ ਹੀ ਸੇਹਰੇ, ਗਾਨੇ ਬੰਨ ਕੇ ਆਜ਼ਾਦ ਕਰ ਛੱਡਿਆ। ਨਾਲ ਇਹ ਵੀ ਕਿਹਾ ਕਿ ਸਾਡੇ ਸੋਹਣੇ ’ਤੇ ਕੋਈ ਮੈਲੀ ਨਜ਼ਰ ਨਾ ਪਾਵੇ ਅਤੇ ਨਾ ਕੋਈ ਉਸ ਨੂੰ ਫੜਨ ਦੀ ਸੋਚੇ।

ਇਮਰਾਨ ਖ਼ਾਨ
ਇਮਰਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਲਕ ਭਰ ਵਿੱਚ ਹਿੰਸਕ ਰੋਸ ਮੁਜ਼ਾਹਰੇ ਹੋਏ

ਵਜ਼ੀਰੇਆਜ਼ਮ ਖਿਲਾਫ਼ ਪਹਿਲੀ ਕਾਰਵਾਈ ਨਹੀਂ

ਖ਼ਾਨ ਕੋਈ ਪਹਿਲਾ ਵਜ਼ੀਰੇਆਜ਼ਮ ਨਹੀਂ ਹੈ, ਜਿਸ ਨੂੰ ਫੌਜ ਨੇ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਇੱਕ ਵਜ਼ੀਰੇਆਜ਼ਮ ਜੁਲਫ਼ਿਕਾਰ ਅਲੀ ਭੁੱਟੋ ਹੁੰਦਾ ਸੀ, ਉਸ ਨੂੰ ਵੀ ਜੇਲ੍ਹ ਪਾਇਆ, ਉਸ ਨੇ ਵੀ ਖ਼ਤਰਨਾਕ ਹੋਣ ਦੀ ਧਮਕੀ ਦਿੱਤੀ ਸੀ।

ਜੇਲ੍ਹ ਵਿੱਚੋਂ ਬੈਠ ਕੇ ਕਿਤਾਬ ਲਿਖ ਛੱਡੀ, ‘ਇਫ ਆਈ ਐੱਮ ਅਸੈਸੀਨੇਟਿਡ’।

ਅੱਗਾਂ ਉਦੋਂ ਵੀ ਲੱਗੀਆਂ, ਉਦੋਂ ਆਲਿਆਂ ਨੇ ਭੁੱਟੋ ਦੀ ਜਾਨ ਬਚਾਉਣ ਲਈ ਆਪਣੇ ਆਪ ਨੂੰ ਅੱਗਾਂ ਲਗਾ ਲਈਆਂ। ਪਰ ਭੁੱਟੋ ਫਿਰ ਵੀ ਫਾਹੇ ਲੱਗਾ।

ਫੌਜ ਰਾਤੋਂ ਰਾਤ ਦਫਨਾ ਕੇ, ਵਰਦੀਆਂ ਝਾੜ ਕੇ ਰਾਜ ਕਰਨ ਲੱਗ ਪਈ।

ਖ਼ਾਨ ਕੋਈ ਡੇਢ ਦਿਨ ਹਵਾਲਾਤ ਵਿੱਚ ਰਿਹਾ ਹੋਵੇਗਾ। ਉਸ ਦੇ ਪਿਆਰਿਆਂ ਨੇ ਤਖ਼ਤ ਲਾਹੌਰ ਦੇ ਅਸਲੀ ਵਾਰਿਸ ਯਾਨੀ ਫੌਜ ਦੇ ਕੋਰ ਕਮਾਂਡਰ ਦੇ ਘਰ ਵੜ ਕੇ ਇੰਝ ਅੱਗਾਂ ਲਾਈਆਂ ਜਿਵੇਂ ਅਸੀਂ ਟੀਵੀ ਉਪਰ ਦੂਸਰੇ ਮੁਲਕਾਂ ਵਿੱਚ ਇਨਕਲਾਬ ਆਉਂਦਿਆਂ ਲੱਗਦੀਆਂ ਦੇਖਦੀਆਂ ਨੇ।

ਉਹ ਨਾਲੇ ਕੋਰ ਕਮਾਂਡਰ ਦਾ ਮੋਰ ਵੀ ਲੈ ਆਉਂਦੇ ਨੇ।

ਇਹ ਅੱਗਾਂ ਉਹਨਾਂ ਲਾਹੌਰੀਆਂ ਨੇ ਲਗਾਈਆਂ ਜਿੰਨਾਂ ਬਾਰੇ ਲੋਕ ਕਹਿੰਦੇ ਸਨ ਕਿ ਜੇ ਇਹ ਦੂਰੋਂ ਫੌਜੀ ਬੂਟ ਆਉਂਦਾ ਵੀ ਦੇਖਦੇ ਹਨ ਤਾਂ ਆਪਸ ਵਿੱਚ ਲੜ ਪੈਂਦੇ ਹਨ ਕਿ ਪਹਿਲਾਂ ਪਾਲਿਸ਼ ਕਿਸ ਨੇ ਕਰਨੀ ਹੈ।

ਇੰਡੀਆ ਅਤੇ ਪਾਕਿਸਤਾਨ ਜਦੋਂ ਜੰਗ ਦੇ ਮੂਡ ਵਿੱਚ ਹੁੰਦੇ ਨੇ, ਇੱਕ ਦੂਸਰੇ ਨੂੰ ਧਮਕੀਆਂ ਲਗਾਉਂਦੇ ਨੇ ਕਿ ‘ਮੈਂ ਘਰ ਮੇਂ ਘੁਸ ਕੇ ਮਾਂਰੂਗਾ’।

ਖ਼ਾਨ ਸਾਹਿਬ ਨੇ ਦਿਖਾ ਦਿੱਤਾ ਹੈ ਕਿ ਘਰ ਵਿੱਚ ਵੜੀ ਦਾ ਕਿਵੇਂ ਹੈ ਤੇ ਘਰ ਨੂੰ ਸਾੜ ਕੇ ਸਵਾਹ ਕਿਵੇਂ ਕਰੀਦੈ।

ਇਮਰਾਨ ਖਾਨ
ਗ੍ਰਿਫ਼ਤਾਰੀ ਤੋਂ ਡੇਢ ਦਿਨ ਬਾਅਦ ਹੀ ਅਦਾਲਤ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ

‘ਸ਼ਹਿਜ਼ਾਦੇ ਤਾਂ ਰਾਜ ਕਰਨ ਲਈ ਪੈਦਾ ਹੁੰਦੇ ਨੇ’

ਹੁਣ ਖ਼ਾਨ ਬਾਹਰ ਆ ਗਿਆ ਅਤੇ ਉਂਗਲੀ ਹਿਲਾ ਕੇ ਫੌਜ ਦੇ ਸਰਵਰਾਂ ਨੂੰ ਕਹਿੰਦਾ ਹੈ ਕਿ ਤੁਸੀਂ ਉਦੋਂ ਜੰਮੇ ਵੀ ਨਹੀਂ ਸੀ ਜਦੋਂ ਦਾ ਮੈਂ ਇਸ ਮੁਲਕ ਦਾ ਸ਼ਹਿਜ਼ਾਦਾ ਹਾਂ।

ਇਹ ਗੱਲ ਉਸ ਦੀ ਸਹੀ ਹੈ। ਖ਼ਾਨ ਹੈ ਸ਼ਹਿਜ਼ਾਦਾ ਤੇ ਸ਼ਹਿਜ਼ਾਦੇ ਤਾਂ ਰਾਜ ਕਰਨ ਲਈ ਪੈਦਾ ਹੁੰਦੇ ਨੇ।

ਅਗਰ ਰਾਜ ਦੇ ਰਸਤੇ ਵਿੱਚ ਉਹਨਾਂ ਦਾ ਪਿਓ ਯਾਨੀ ਬਾਦਸ਼ਾਹ ਵੀ ਆਵੇਗਾ ਤਾਂ ਕਦੀ-ਕਦੀ ਉਸ ਨੂੰ ਵੀ ਕੋਹ ਛੱਡਦਾ ਹੈ।

ਇਮਰਾਨ ਖ਼ਾਨ
ਇਮਰਾਨ ਨੇ ਦਿਖਾ ਦਿੱਤੇ ਕਿ ਉਹ ਕੀ ਕਰ ਸਕਦੇ ਹਨ

ਖ਼ਾਨ ’ਤੇ ਦੁਸ਼ਮਣਾਂ ਦੇ ਇਲਜ਼ਾਮ ਉੱਤੇ ਜਵਾਬ

ਮੈਨੂੰ ਤਾਂ ਹਾਸਾ ਖ਼ਾਨ ਦੇ ਸਿਆਸੀ ਦੁਸ਼ਮਣਾ ’ਤੇ ਆਉਂਦਾ ਹੈ। ਜਿਹੜਾ ਇਲਜ਼ਾਮ ਵੀ ਉਹ ਖ਼ਾਨ ’ਤੇ ਲਗਾਉਂਦੇ ਹਨ, ਉਹ ਪੁੱਠਾ ਪੈ ਜਾਂਦਾ ਹੈ।

ਚੋਰੀ ਚਕਾਰੀ ਦਾ ਇਲਜ਼ਾਮ ਤਾਂ ਖ਼ਾਨ ਉਪਰ ਲੱਗ ਹੀ ਨਹੀਂ ਸਕਦਾ ਕਿਉਂਕਿ ਖ਼ਾਨ ਕਹਿੰਦਾ ਹੈ ਕਿ ਮੈਂ ਸਿਆਸਤ ਵਿੱਚ ਆਇਆ ਹੀ ਇਸ ਲਈ ਹਾਂ ਕਿ ਚੋਰਾਂ ਤੇ ਡਾਕੂਆਂ ਦਾ ਮੱਕੂ ਠੱਪਾਂਗਾ।

ਉਸ ਤੋਂ ਇਲਾਵਾ ਘਟੀਆਂ ਇਲਜ਼ਾਮ ਵੀ ਲਗਾਉਂਦੇ ਨੇ ਕਿ ਇਸ ਨੇ ਵਿਆਹ ਤੋਂ ਵਗੈਰ ਹੀ ਕੁੜੀ ਪੈਦਾ ਕੀਤੀ ਹੋਈ ਹੈ।

ਉਸ ਦੇ ਸਮਰਥਕ ਕਹਿੰਦੇ ਨੇ ਕਿ ਦੇਖੋ ਸਾਡੇ ਖ਼ਾਨ ਨੂੰ ਤਾਂ ਗੋਰੀਆਂ ਵੀ ਪਿਆਰ ਕਰਦੀਆਂ ਨੇ, ਅਸੀਂ ਕਿਉਂ ਨਾ ਕਰੀਏ।

ਖ਼ਾਨ ਦੀਆਂ ਕਿੰਨੀਆਂ ਹੀ ਗੱਲਾਂ ਕੱਢ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਡਾ ਖ਼ਾਨ ਕੁੜੀਆਂ ਨਾਲ ਗੰਦੀਆਂ- ਗੰਦੀਆਂ ਗੱਲਾਂ ਕਰਦਾ।

ਅਗੋਂ ਜਵਾਬ ਆਉਂਦਾ ਹੈ ਕਿ ਇਸ ਉਮਰ ਵਿੱਚ ਐਡਾ ਫਿੱਟ ਬੰਦਾ ਦੇਖਿਆ ਜੇ? ਅੱਗੋਂ ਕੁੜੀਆਂ ਵੀ ’ਤੇ ਇਹੋ ਜਿਹੀਆਂ ਗੱਲਾਂ ਕਰਦੀਆਂ ਨੇ। ਹੋ ਸਕਦਾ ਕੋਈ ਸਾਡੇ ਨਾਲ ਵੀ ਕਰਨ।

ਫਿਰ ਇਲਜ਼ਾਮ ਇਹ ਲਗਾਉਂਦੇ ਨੇ ਕਿ ਇਮਰਾਨ ਖ਼ਾਨ ਨਸ਼ਾ ਕਰਦਾ।

ਅੱਗੋਂ ਬੜੇ ਹੀ ਪਿਆਰ ਨਾਲ ਜਵਾਬ ਆਉਂਦਾ ਕਿ ਸਾਨੂੰ ਨਹੀਂ ਪਤਾ ਕਿ ਨਸ਼ਾ ਕਰਦਾ ਹੈ ਜਾਂ ਨਹੀਂ ਕਰਦਾ ਲੇਕਿਨ ਇਮਰਾਨ ਖ਼ਾਨ ਆਪ ਇੱਕ ਨਸ਼ਾ ਹੈ, ਇਹ ਛੁੜਾ ਕੇ ਦਿਖਾਓ।

ਇਰਮਾਨ ਖ਼ਾਨ
ਇਮਰਾਨ ਖ਼ਾਨ ਦੇ ਵਿਰੋਧੀ ਉਨ੍ਹਾਂ ਉੱਤੇ ਕਈ ਇਲਜ਼ਾਮ ਲਾਉਂਦੇ ਹਨ, ਜਿਨ੍ਹਾਂ ਦੇ ਅੱਗੋ ਕਾਫ਼ੀ ਰੋਚਕ ਜਵਾਬ ਆਉਂਦੇ ਹਨ

ਤਖ਼ਤ ਨਾ ਮਿਲਦੇ ਮੰਗੇ

ਕੋਈ 400 ਕੁ ਸਾਲ ਪਹਿਲਾਂ ਤਖਤ ਲਾਹੌਰ ਵਿੱਚ ਇੱਕ ਹੋਰ ਬਾਗੀ ਮੁੰਡਾ ਹੁੰਦਾ ਸੀ, ਮਾਦੂ ਲਾਲ ਹੁਸੈਨ ਜਿਸ ਨੂੰ ਅਸੀਂ ਸ਼ਾਹ ਹੁਸੈਨ ਕਹਿੰਦੇ ਹਾਂ।

ਉਸ ਨੇ ਕਿਹਾ ਸੀ ਕਿ ਤਖ਼ਤ ਨਾ ਮਿਲਦੇ ਮੰਗੇ ਅਤੇ ਇਮਰਾਨ ਖ਼ਾਨ ਹੁਣ ਤਖ਼ਤ ਮੰਗਦਾ ਨਹੀਂ।

ਉਹ ਕਹਿੰਦਾ ਹੈ ਕਿ ਇਹ ਤਖ਼ਤ ਹੈ ਹੀ ਮੇਰਾ। ਜਿਹੜਾ ਮੇਰੇ ਰਾਹ ਵਿੱਚ ਆਵੇਗਾ, ਉਸ ਨੂੰ ਸਾੜ ਕੇ ਸਵਾਹ ਕਰ ਦੇਵਾਂਗਾ।

ਅੱਲਾ ਪਾਕਿਸਤਾਨ ਦੇ ਕੋਰ ਕਮਾਂਡਰਾਂ ਅਤੇ ਉਹਨਾਂ ਦੇ ਮੋਰਾਂ ਨੂੰ ਖ਼ਾਨ ਦੇ ਕਹਿਰਾਂ ਤੋਂ ਮਹਿਫੂਜ ਰੱਖੇ।

ਰੱਬ ਰਾਖਾ।