ਕੀ ਹੈ ਅਰਟੀਫ਼ੀਸ਼ੀਅਲ ਇੰਟੈਲੀਜੈਂਸ, ਜਿਸ ਨੂੰ ਬਣਾਉਣ ਵਾਲੇ ਆਪ ਹੀ ਹੁਣ ਇਸ ਤੋਂ ਡਰੇ ਹੋਏ ਹਨ |
ਪਿਛਲੇ ਕੁਝ ਮਹੀਨਿਆਂ ਵਿੱਚ, ਬਾਜ਼ਾਰ ਵਿੱਚ ਕਈ ਏਆਈ ਮਾਡਲ ਪੈਰ ਧਰ ਚੁੱਕੇ ਹਨ ਅਤੇ ਹੁਣ ਇਨ੍ਹਾਂ ਨਾਲ ਸਬੰਧਿਤ ਲੋਕਾਂ ਜਾਂ ਨਿਰਮਾਤਾਵਾਂ ਨੇ ਹੀ ਏਆਈ ਨੂੰ ਲੈ ਕੇ ਖਦਸ਼ੇ ਜਤਾਉਣੇ ਸ਼ੁਰੂ ਕਰ ਦਿੱਤੇ ਹਨ। ਕਿਸੇ ਨੂੰ ਡਰ ਹੈ ਕਿ ਇਹ ਵੱਡੀ ਗਿਣਤੀ ਵਿੱਚ ਨੌਕਰੀਆਂ ਖਾ ਜਾਵੇਗਾ ਤਾਂ ਕਿਸੇ ਨੂੰ ਡਰ ਹੈ ਕਿ ਇਹ ਪੂਰੀ ਮਨੁੱਖਤਾ ਨੂੰ ਹੀ ਕੰਟਰੋਲ ਕਰ ਲਵੇਗਾ। ਪਿਛਲੇ ਮਹੀਨੇ, 1,000 ਮਾਹਰਾਂ ਨੇ ਏਆਈ ਡਿਵਲਪਮੈਂਟ ''ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਇਸ ਦੇ ਲਈ ਉਨ੍ਹਾਂ ਨੇ ਏਆਈ ਦੇ ਸੰਭਾਵੀ ਜੋਖ਼ਮਾਂ ਦਾ ਹਵਾਲਾ ਦਿੱਤਾ ਸੀ ਤੇ ਕਿਹਾ ਸੀ ਕਿ ਏਆਈ ਬਣਾਉਣ ਦੀ ਦੌੜ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਰਿਪੋਰਟ ਵਿੱਚ ਅਸੀਂ ਜਾਣਾਂਗੇ ਕਿ ਅਰਟੀਫ਼ੀਸ਼ੀਅਲ ਇੰਟੈਲੀਜੈਂਸ ਕੀ ਹੈ, ਇਸ ਕਿਵੇਂ ਕੰਮ ਕਰਦੀ ਹੈ ਤੇ ਇਹ ਕਿੱਥੋਂ ਆਈ। ਪਰ ਪਹਿਲਾਂ ਜਾਣ ਲੈਂਦੇ ਹਾਂ ਕਿ ਇਸ ''ਤੇ ਕੰਮ ਕਰਨ ਵਾਲੇ ਹੁਣ ਆਪ ਹੀ ਕਿਉਂ ਇਸ ਤੋਂ ਡਰੇ ਹੋਏ ਹਨ... ਚੈਟਜੀਪੀਟੀ ਦੇ ਨਿਰਮਾਤਾ ਬੋਲੇ – ‘ਏਆਈ ਨੂੰ ਨਿਯਮਤ ਕਰੋ’![]() ਹਾਲ ਹੀ ਵਿੱਚ, ਐਡਵਾਂਸਡ ਚੈਟਬੋਟ ਚੈਟਜੀਪੀਟੀ ਦੇ ਨਿਰਮਾਤਾ ਨੇ ਯੂਐਸ ਦੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਨਿਯਮਤ ਕਰਨ। ਓਪਨਏਆਈ, ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਹੈ ਅਤੇ ਇਸ ਦੇ ਸੀਈਓ ਸੈਮ ਆਲਟਮੈਨ ਨੇ ਮੰਗਲਵਾਰ ਨੂੰ ਇੱਕ ਯੂਐਸ ਸੀਨੇਟ ਕਮੇਟੀ ਅੱਗੇ ਇਸ ਨਵੀਂ ਤਕਨਾਲੋਜੀ ਦੀਆਂ ਸੰਭਾਵਨਾਵਾਂ ਅਤੇ ਕਮੀਆਂ ਬਾਰੇ ਜਾਣਕਾਰੀ ਦਿੱਤੀ। ਬੀਬੀਸੀ ਪੱਤਰਕਾਰ ਜੇਮਜ਼ ਕਲੇਟਨ ਮੁਤਾਬਕ, ਆਲਟਮੈਨ ਨੇ ਕਿਹਾ ਕਿ ਏਆਈ ਕੰਪਨੀਆਂ ਨੂੰ ਲਾਇਸੈਂਸ ਦੇਣ ਲਈ ਇੱਕ ਨਵੀਂ ਏਜੰਸੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੈਟਜੀਪੀਟੀ ਅਤੇ ਇਸ ਜਿਹੇ ਹੋਰ ਪ੍ਰੋਗਰਾਮ ਵੱਡੇ ਪੱਧਰ ''ਤੇ ਮਨੁੱਖਾਂ ਵਾਂਗ ਸਵਾਲਾਂ ਦੇ ਜਵਾਬ ਦੇ ਸਕਦੇ ਹਨ ਪਰ ਬਹੁਤ ਸੰਭਾਵਨਾ ਹਨ ਕਿ ਇਹ ਜਵਾਬ ਗਲਤ ਵੀ ਹੋਣ। ਆਪਣੇ ਅਜਿਹੇ ਹੀ ਖਦਸ਼ਿਆਂ ਨੂੰ ਜ਼ਾਹਿਰ ਕਰਦੇ ਹੋਏ ਉਨ੍ਹਾਂ ਇਸ ਪ੍ਰਤੀ ਹੋਰ ਨਿਯਮ ਬਣਾਏ ਜਾਣ ਦੀ ਗੱਲ ''ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਦੇ ਸੰਭਾਵੀ ਖ਼ਤਰਿਆਂ ਨੂੰ ਸਵੀਕਾਰ ਕਰਨਾ ਪਵੇਗਾ। ![]() ਇਸ ਦੇ ਨਾਲ ਹੀ ਉਨ੍ਹਾਂ ਨੇ ਏਆਈ ਦੇ ਆਰਥਿਕਤਾ ''ਤੇ ਪੈਣ ਵਾਲੇ ਅਸਰ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਇਸ ਦੇ ਨਾਲ ਕਈ ਨੌਕਰੀਆਂ ਖਤਮ ਹੋ ਜਾਣ, ਉਨ੍ਹਾਂ ''ਚ ਬਦਲਾਅ ਹੋ ਜਾਣ ਅਤੇ ਲੋਕਾਂ ਨੂੰ ਨੌਕਰੀਆਂ ਗਵਾਉਣੀਆਂ ਵੀ ਪੈਣ। ਉਨ੍ਹਾਂ ਕਿਹਾ, "ਨੌਕਰੀਆਂ ''ਤੇ ਅਸਰ ਪਵੇਗਾ। ਅਸੀਂ ਬਹੁਤ ਸਪਸ਼ਟ ਤੌਰ ''ਤੇ ਦੱਸ ਰਹੇ ਹਾਂ।'''' ਉਨ੍ਹਾਂ ਕਈ ਸੁਝਾਅ ਦਿੱਤੇ ਕਿ ਕਿਵੇਂ ਯੂਐਸ ਵਿੱਚ ਇੱਕ ਨਵੀਂ ਏਜੰਸੀ ਬਣਾਈ ਜਾ ਸਕਦੀ ਹੈ ਜੋ ਕਿ ਏਆਈ ''ਤੇ ਕੰਟਰੋਲ ਕਰ ਸਕੇ, ਇਸ ਵਿੱਚ ਏਆਈ ਕੰਪਨੀਆਂ ਲਈ ਪਰਮਿਟ ਦੇਣਾ ਅਤੇ ਖੋਹਣਾ ਸ਼ਾਮਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਓਪਨਏਆਈ ਵਰਗੀਆਂ ਫਰਮਾਂ ਦਾ ਸੁਤੰਤਰ ਤੌਰ ''ਤੇ ਆਡਿਟ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਕੁਝ ਸੈਨੇਟਰਾਂ ਨੇ ਇਹ ਵੀ ਦਲੀਲ ਦਿੱਤੀ ਕਿ ਲੋਕਾਂ ਲਈ ਓਪਨਏਆਈ ''ਤੇ ਮੁਕੱਦਮਾ ਕਰਨਾ ਆਸਾਨ ਬਣਾਉਣ ਲਈ ਨਵੇਂ ਕਾਨੂੰਨਾਂ ਦੀ ਲੋੜ ਹੈ। ਰਿਪਬਲਿਕਨ ਸੀਨੇਟਰ ਜੌਸ਼ ਹਾਵਲੇ ਨੇ ਕਿਹਾ ਕਿ ਇਹ ਤਕਨਾਲੋਜੀ ਕ੍ਰਾਂਤੀਕਾਰੀ ਹੋ ਸਕਦੀ ਹੈ, ਪਰ ਨਾਲ ਹੀ ਉਨ੍ਹਾਂ ਨੇ ਇਸ ਦੀ ਤੁਲਨਾ "ਪਰਮਾਣੂ ਬੰਬ" ਦੀ ਕਾਢ ਨਾਲ ਕੀਤੀ। ‘ਏਆਈ ਦਾ ਮਹਾਂਮਾਰੀ ਨਾਲੋਂ ਵੱਡਾ ਆਰਥਿਕ ਪ੍ਰਭਾਵ ਹੋਵੇਗਾ’![]() ਇਮਾਦ ਮੁਸ਼ਤਾਕ ਤਕਨੀਕੀ ਫਰਮ, ਸਟੈਬਿਲਿਟੀ ਏਆਈ ਦੇ ਬ੍ਰਿਟਿਸ਼ ਸੰਸਥਾਪਕ ਹਨ। ਇਹ ਕੰਪਨੀ, ਸਟੇਬਲ ਡਿਫਿਊਜ਼ਨ ਲਈ ਕੰਮ ਕਰਦੀ ਹੈ, ਇੱਕ ਅਜਿਹਾ ਟੂਲ ਜੋ ਔਨਲਾਈਨ ਮਿਲੀਆਂ ਤਸਵੀਰਾਂ ਦਾ ਵਿਸ਼ਲੇਸ਼ਣ ਕਰਕੇ ਸਧਾਰਨ ਟੈਕਸਟ ਨਿਰਦੇਸ਼ਾਂ ਤੋਂ ਚਿੱਤਰ ਬਣਾਉਣ ਲਈ ਏਆਈ ਦੀ ਵਰਤੋਂ ਕਰਦਾ ਹੈ। ਲੌਰਾ ਕੁਏਨਸਬਰਗ ਦੀ ਰਿਪੋਰਟ ਮੁਤਾਬਕ, ਮੁਸ਼ਤਾਕ ਦਾ ਕਹਿਣਾ ਹੈ "ਸਭ ਤੋਂ ਮਾੜੀ ਸਥਿਤੀ ਇਹ ਹੋ ਸਕਦੀ ਹੈ ਕਿ ਇਹ ਮਨੁੱਖਤਾ ਨੂੰ ਨਿਯੰਤਰਿਤ ਕਰ ਲਵੇ।" ਇਹ ਸਭ ਡਰਾਉਣਾ ਜਾਪਦਾ ਹੈ ਕਿ ਜੇ ਅਸੀਂ ਕੰਪਿਊਟਰਾਂ ਨੂੰ ਆਪਣੇ ਨਾਲੋਂ ਜ਼ਿਆਦਾ ਹੁਸ਼ਿਆਰ ਬਣਾ ਲੈਂਦੇ ਹਾਂ ਤਾਂ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ। ਉਹ ਮੰਨਦੇ ਹਨ ਕਿ ਨੌਕਰੀਆਂ ''ਤੇ ਇਸ ਦਾ ਪ੍ਰਭਾਵ ਦਰਦਨਾਕ ਹੋ ਸਕਦਾ ਹੈ, ਘੱਟੋ ਘੱਟ ਸ਼ੁਰੂ ਵਿੱਚ। ਉਨ੍ਹਾਂ ਦਾ ਮੰਨਣਾ ਹੈ ਕਿ ਏਆਈ ਦਾ “ਮਹਾਂਮਾਰੀ ਨਾਲੋਂ ਵੱਡਾ ਆਰਥਿਕ ਪ੍ਰਭਾਵ ਹੋਵੇਗਾ।” ਹਾਲਾਂਕਿ, ਇਨ੍ਹਾਂ ਸਾਰੀਆਂ ਚਿੰਤਾਵਾਂ ਦੇ ਬਾਵਜੂਦ ਮੁਸ਼ਤਾਕ ਇਹ ਵੀ ਕਹਿੰਦੇ ਹਨ ਕਿ ਕਿ ਸਾਡੀ ਜ਼ਿੰਦਗੀ ਦੇ ਲਗਭਗ ਹਰ ਹਿੱਸੇ ਲਈ ਏਆਈ ਦੇ ਕਈ ਲਾਭ ਵੀ ਹੋ ਸਕਦੇ ਹਨ। ਮੁਸ਼ਤਾਕ ਉਮੀਦ ਕਰਦੇ ਹਨ ਕਿ ਬਿਹਤਰ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਮਨੁੱਖ ਉਨ੍ਹਾਂ ਚੀਜ਼ਾਂ ''ਤੇ ਧਿਆਨ ਕੇਂਦ੍ਰਤ ਕਰ ਸਕਦੇ ਹਨ ਜੋ ਸਾਨੂੰ ਮਨੁੱਖ ਬਣਾਉਂਦੀਆਂ ਹਨ, ਅਤੇ ਮਸ਼ੀਨਾਂ ਨੂੰ ਬਾਕੀ ਕੰਮ ਕਰਨ ਦਿਓ। ਉਹ ਯੂਕੇ ਦੇ ਸਾਬਕਾ ਮੁੱਖ ਵਿਗਿਆਨਕ ਸਲਾਹਕਾਰ, ਸਰ ਪੈਟਰਿਕ ਵੈਲੇਂਸ ਨਾਲ ਸਹਿਮਤ ਹਨ ਕਿ ਏਆਈ ਦੀ ਤਰੱਕੀ ਅਤੇ ਇਸ ਦੇ ਪ੍ਰਭਾਵ ਉਦਯੋਗਿਕ ਕ੍ਰਾਂਤੀ ਨਾਲੋਂ ਵੀ ਵੱਡੇ ਸਾਬਤ ਹੋ ਸਕਦੇ ਹਨ। ਐਪਲ ਦੇ ਸਹਿ-ਸੰਸਥਾਪਕ ਦਾ ਡਰ![]() ਐਪਲ ਦੇ ਸਹਿ-ਸੰਸਥਾਪਕ ਸਟੀਵ ਵੋਜ਼ਨਿਆਕ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਘੁਟਾਲਿਆਂ ਅਤੇ ਗਲਤ ਜਾਣਕਾਰੀ ਨੂੰ ਲੱਭਣ ਦੇ ਕੰਮ ਨੂੰ ਹੋਰ ਔਖਾ ਬਣਾ ਸਕਦੀ ਹੈ। ਵੋਜ਼ਨਿਆਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ''''ਬੁਰੇ ਇਰਾਦੇ ਵਾਲੇ ਲੋਕ'' ਇਸ ਦਾ ਇਸਤੇਮਾਲ ਕਰ ਸਕਦੇ ਹਨ। ਬੀਬੀਸੀ ਪੱਤਰਕਾਰ ਫਿਲਿਪਾ ਵੇਨ ਦੀ ਰਿਪੋਰਟ ਮੁਤਾਬਕ, ਉਨ੍ਹਾਂ ਕਿਹਾ ਕਿ ਏਆਈ ਸਮੱਗਰੀ ਨੂੰ ਸਪਸ਼ਟ ਤੌਰ ''ਤੇ ਲੇਬਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਲਈ ਨਿਯਮ ਬਣਾਉਣ ਦੀ ਵੀ ਲੋੜ ਹੈ। ਉਨ੍ਹਾਂ ਨੇ ਵੀ ਮਾਰਚ ਵਿੱਚ ਇਲੋਨ ਮਸਕ ਦੇ ਨਾਲ ਇੱਕ ਪੱਤਰ ''ਤੇ ਦਸਤਖਤ ਕੀਤੇ ਸਨ, ਜਿਸ ਵਿੱਚ ਸਭ ਤੋਂ ਸ਼ਕਤੀਸ਼ਾਲੀ ਏਆਈ ਮਾਡਲਾਂ ਨੂੰ ਤਿਆਰ ਕੀਤੇ ਜਾਣ ''ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਵੋਜ਼ਨਿਆਕ, ਤਕਨੀਕੀ ਜਗਤ ਵਿੱਚ ਵੋਜ਼ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸਟੀਵ ਜੌਬਸ ਨਾਲ ਮਿਲ ਕੇ ਐਪਲ ਦੀ ਸਹਿ-ਸਥਾਪਨਾ ਕੀਤੀ ਸੀ ਅਤੇ ਪਹਿਲੇ ਐਪਲ ਕੰਪਿਊਟਰ ਦੀ ਖੋਜ ਕੀਤੀ ਸੀ। ਬੀਬੀਸੀ ਦੇ ਟੈਕਨਾਲੋਜੀ ਸੰਪਾਦਕ ਜ਼ੋ ਕਲੇਨਮੈਨ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਏਆਈ ਦੇ ਫਾਇਦਿਆਂ ਅਤੇ ਆਪਣੀਆਂ ਚਿੰਤਾਵਾਂ ਦੋਵਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਲੋਕਾਂ ਦੀ ਥਾਂ ਲੈਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਇਸ ਵਿੱਚ ਭਾਵਨਾਵਾਂ ਦੀ ਘਾਟ ਹੈ, ਪਰ ਮਾੜੇ ਇਰਾਦਿਆਂ ਵਾਲੇ ਲੋਕ ਇਸ ਦਾ ਮਾੜੇ ਢੰਗ ਨਾਲ ਇਸਤੇਮਾਲ ਕਰ ਸਕਦੇ ਹਨ। ‘ਹੁਣ ਆਪਣੇ ਕੰਮ ''ਤੇ ਪਛਤਾਵਾ’ - ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ''ਗੌਡਫਾਦਰ''![]() ਮਹੀਨਾ ਭਰ ਪਹਿਲਾਂ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਗੌਡਫਾਦਰ ਵਜੋਂ ਜਾਣੇ ਜਾਂਦੇ ਜਿਓਫਰੀ ਹਿੰਟਨ ਨੇ ਇਸ ਖੇਤਰ ਵਿੱਚ ਵਿਕਾਸ ਦੇ ਵਧ ਰਹੇ ਖ਼ਤਰਿਆਂ ਬਾਰੇ ਚੇਤਾਵਨੀ ਦਿੰਦੇ ਹੋਏ ਆਪਣੀ ਨੌਕਰੀ ਛੱਡ ਦਿੱਤੀ ਹੈ। 75 ਸਾਲਾ ਜਿਓਫਰੀ ਹਿੰਟਨ ਨੇ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੱਕ ਬਿਆਨ ਵਿੱਚ ਗੂਗਲ ਤੋਂ ਆਪਣੇ ਅਸਤੀਫੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੁਣ ਆਪਣੇ ਕੰਮ ''ਤੇ ਪਛਤਾਵਾ ਹੈ। ਜ਼ੋ ਕਲੇਨਮੈਨ ਅਤੇ ਕ੍ਰਿਸ ਵੈਲੇਂਸ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਏਆਈ ਚੈਟਬੋਟਸ ਦੇ ਕੁਝ ਖ਼ਤਰੇ "ਕਾਫ਼ੀ ਡਰਾਉਣੇ" ਸਨ। ਉਨ੍ਹਾਂ ਕਿਹਾ, "ਜਿਥੋਂ ਤੱਕ ਮੈਂ ਦੱਸ ਸਕਦਾ ਹਾਂ, ਇਸ ਸਮੇਂ ਉਹ ਸਾਡੇ ਨਾਲੋਂ ਜ਼ਿਆਦਾ ਬੁੱਧੀਮਾਨ ਨਹੀਂ ਹਨ। ਪਰ ਮੈਨੂੰ ਲਗਦਾ ਹੈ ਕਿ ਉਹ ਜਲਦੀ ਹੀ ਹੋ ਸਕਦੇ ਹਨ।" ਉਨ੍ਹਾਂ ਕਿਹਾ, "ਮੈਂ 75 ਸਾਲ ਦਾ ਹਾਂ, ਇਸ ਲਈ ਹੁਣ ਰਿਟਾਇਰ ਹੋਣ ਦਾ ਸਮਾਂ ਆ ਗਿਆ ਹੈ।" ਡਾਕਟਰ ਹਿੰਟਨ ਦੀ ਨਿਊਰਲ ਨੈੱਟਵਰਕ ਅਤੇ ਡੂੰਘੀ ਸਿਖਲਾਈ ''ਤੇ ਕੀਤੀ ਅਹਿਮ ਖੋਜ ਨੇ ਮੌਜੂਦਾ ਏਆਈ ਸਿਸਟਮ ਜਿਵੇਂ ਕਿ ਚੈਟਜੀਪੀਟੀ ਲਈ ਰਾਹ ਪੱਧਰਾ ਕੀਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ, ਨਿਊਰਲ ਨੈਟਵਰਕ ਉਹ ਸਿਸਟਮ ਹੁੰਦੇ ਹਨ ਜੋ ਮਨੁੱਖੀ ਦਿਮਾਗ ਵਾਂਗ ਹੁੰਦੇ ਹਨ। ਉਹ ਏਆਈ ਨੂੰ ਅਨੁਭਵ ਤੋਂ ਸਿੱਖਣ ਦੇ ਯੋਗ ਬਣਾਉਂਦੇ ਹਨ, ਜਿਵੇਂ ਕਿ ਇੱਕ ਵਿਅਕਤੀ ਕਰਦਾ ਹੈ। ਇਸ ਨੂੰ ਡੂੰਘੀ ਸਿਖਲਾਈ ਕਿਹਾ ਜਾਂਦਾ ਹੈ। ਆਪਣੀ ਗੱਲ ਨੂੰ ਹੋਰ ਅੱਗੇ ਵਧਾਉਂਦੇ ਹੋਏ ਉਹ ਕਹਿੰਦੇ ਹਨ, "ਅਸੀਂ ਜੀਵ-ਵਿਗਿਆਨਕ ਪ੍ਰਣਾਲੀਆਂ ਹਾਂ ਅਤੇ ਇਹ ਡਿਜੀਟਲ ਪ੍ਰਣਾਲੀਆਂ ਹਨ। ਵੱਡਾ ਫਰਕ ਇਹ ਹੈ ਕਿ ਡਿਜੀਟਲ ਪ੍ਰਣਾਲੀਆਂ ਦੇ ਨਾਲ, ਤੁਹਾਡੇ ਕੋਲ ਇੱਕੋ ਜਿਹੇ ਵਜ਼ਨ ਦੀਆਂ ਬਹੁਤ ਸਾਰੀਆਂ ਕਾਪੀਆਂ ਹਨ। "ਅਤੇ ਇਹ ਸਾਰੀਆਂ ਕਾਪੀਆਂ ਵੱਖਰੇ ਤੌਰ ''ਤੇ ਸਿੱਖ ਸਕਦੀਆਂ ਹਨ ਤੇ ਆਪਣੇ ਗਿਆਨ ਨੂੰ ਤੁਰੰਤ ਸਾਂਝਾ ਕਰ ਸਕਦੀਆਂ ਹਨ। ਇਸ ਲਈ ਇਹ ਇਸ ਤਰ੍ਹਾਂ ਹੈ ਜਿਵੇਂ ਤੁਹਾਡੇ ਕੋਲ 10,000 ਲੋਕ ਸਨ ਅਤੇ ਜਦੋਂ ਵੀ ਇੱਕ ਵਿਅਕਤੀ ਨੇ ਕੁਝ ਸਿੱਖਿਆ, ਤਾਂ ਹਰ ਕੋਈ ਆਪਣੇ ਆਪ ਹੀ ਜਾਣ ਜਾਵੇ। ਅਤੇ ਇਸ ਤਰ੍ਹਾਂ ਇਹ ਚੈਟਬੋਟਸ ਕਿਸੇ ਇੱਕ ਵਿਅਕਤੀ ਨਾਲੋਂ ਬਹੁਤ ਜ਼ਿਆਦਾ ਜਾਣ ਸਕਦੇ ਹਨ।" ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਕੀ![]() ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਸੰਖੇਪ ਵਿੱਚ ਏਆਈ- ਇੱਕ ਅਜਿਹੀ ਤਕਨੀਕ ਹੈ ਜੋ ਕੰਪਿਊਟਰ ਨੂੰ ਵਧੇਰੇ ''ਮਨੁੱਖੀ'' ਤਰੀਕੇ ਨਾਲ ਸੋਚਣ ਜਾਂ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਇਹ ਤਕਨੀਕ ਆਪਣੇ ਆਲੇ-ਦੁਆਲੇ ਤੋਂ ਜਾਣਕਾਰੀ ਲੈ ਕੇ ਜੋ ਕੁਝ ਸਿੱਖਦੀ ਹੈ ਜਾਂ ਮਹਿਸੂਸ ਕਰਦੀ ਹੈ ਉਸ ਦੇ ਆਧਾਰ ''ਤੇ ਆਪਣੇ ਜਵਾਬ ਤਿਆਰ ਕਰਦੀ ਹੈ। ਇਹ ਸਾਡੇ ਵਿਹਲੇ ਰਹਿਣ, ਕੰਮ ਕਰਨ ਅਤੇ ਮੌਜ-ਮਸਤੀ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਕਈ ਵਾਰ ਤਾਂ ਸਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ। ਏਆਈ ਸਾਡੇ ਜੀਵਨ ਦਾ ਇੱਕ ਵੱਡਾ ਹਿੱਸਾ ਬਣ ਰਿਹਾ ਹੈ, ਕਿਉਂਕਿ ਇਸ ਦੇ ਪਿਛਲੀ ਤਕਨਾਲੋਜੀ ਵੱਧ ਤੋਂ ਵੱਧ ਉੱਨਤ ਹੁੰਦੀ ਜਾ ਰਹੀ ਹੈ। ਮਸ਼ੀਨਾਂ ਗਲਤੀਆਂ ਤੋਂ ''ਸਿੱਖਣ'' ਦੀ ਆਪਣੀ ਯੋਗਤਾ ਨੂੰ ਸੁਧਾਰ ਰਹੀਆਂ ਹਨ ਅਤੇ ਅਗਲੀ ਵਾਰ ਕੋਸ਼ਿਸ਼ ਕਰਨ ''ਤੇ ਉਹ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਬਿਹਤਰ ਕਰ ਰਹੀਆਂ ਹਨ। ਕੁਝ ਖੋਜਕਰਤਾ ਤਾਂ ਰੋਬੋਟਾਂ ਨੂੰ ਭਾਵਨਾਵਾਂ ਬਾਰੇ ਸਿਖਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਤੁਹਾਡੇ ਰੋਜ਼ਾਨਾ ਇਸਤੇਮਾਲ ਦੇ ਕਈ ਡਿਵਾਈਸ ਅਤੇ ਕੰਮ ਏਆਈ ''ਤੇ ਹੀ ਅਧਾਰਿਤ ਹਨ, ਜਿਵੇਂ ਕਿ ਮੋਬਾਈਲ, ਵੀਡੀਓ ਗੇਮਾਂ ਅਤੇ ਖਰੀਦਦਾਰੀ ਕਰਨਾ ਆਦਿ। ਕੁਝ ਲੋਕ ਸੋਚਦੇ ਹਨ ਕਿ ਤਕਨਾਲੋਜੀ ਅਸਲ ਵਿੱਚ ਚੰਗੀ ਹੁੰਦੀ ਹੈ, ਜਦਕਿ ਦੂਸਰੇ ਇਸ ''ਤੇ ਜ਼ਿਆਦਾ ਭਰੋਸਾ ਨਹੀਂ ਕਰਦੇ। ਏਆਈ ਸਿਸਟਮ ਕੀ ਕਰਦਾ ਹੈ?![]() ਏਆਈ ਦੀ ਵਰਤੋਂ ਕਈ ਵੱਖ-ਵੱਖ ਕੰਮਾਂ ਅਤੇ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ। ਨਿੱਜੀ ਇਲੈਕਟ੍ਰਾਨਿਕ ਯੰਤਰ ਜਾਂ ਅਕਾਊਂਟ (ਜਿਵੇਂ ਕਿ ਸਾਡੇ ਫ਼ੋਨ ਜਾਂ ਸੋਸ਼ਲ ਮੀਡੀਆ) ਸਾਡੇ ਅਤੇ ਸਾਡੇ ਰੁਝਾਨਾਂ ਬਾਰੇ ਹੋਰ ਜਾਣਨ ਲਈ ਏਆਈ ਦੀ ਵਰਤੋਂ ਕਰਦੇ ਹਨ। ਇਸ ਦਾ ਇੱਕ ਉਦਾਹਰਨ ਹੈ ਨੈਟਫਲਿਕਸ ਵਰਗੀਆਂ ਮਨੋਰੰਜਨ ਸੇਵਾਵਾਂ, ਜੋ ਇਹ ਸਮਝਣ ਲਈ ਤਕਨਾਲੋਜੀ ਦੀ ਵਰਤੋਂ ਕਰਦੀਆਂ ਹਨ ਕਿ ਅਸੀਂ ਕੀ ਦੇਖਣਾ ਪਸੰਦ ਕਰਦੇ ਹਾਂ। ਇਸ ਦੇ ਅਧਾਰ ''ਤੇ ਹੀ ਉਹ ਸਾਨੂੰ ਸਾਡੀ ਪਸੰਦ ਮੁਤਾਬਕ ਸੋਜ਼ ਸੁਝਾਉਂਦੇ ਹਨ। ਇਸ ਤਰਾਂ ਵੀਡੀਓ ਗੇਮਜ਼, ਅਲੈਕਸਾ ਅਤੇ ਸਿਰੀ ਵਰਗੇ ਘਰੇਲੂ ਸਹਾਇਕ ਯੰਤਰ ਵੀ ਇਸ ''ਤੇ ਹੀ ਅਧਾਰਿਤ ਹਨ। ਏਆਈ ਦੀ ਵਰਤੋਂ ਸਿਹਤ ਸੰਭਾਲ ਖੇਤਰ ਵਿੱਚ ਕੀਤੀ ਜਾ ਸਕਦੀ ਹੈ। ਇਸ ਦੀ ਮਦਦ ਨਾਲ ਸਿਰਫ ਖੋਜ ਹੀ ਨਹੀਂ ਕੀਤੀ ਜਾ ਸਕਦੀ ਸਗੋਂ ਬਿਹਤਰ ਇਲਾਜ ਅਤੇ ਨਿਗਰਾਨੀ ਦੁਆਰਾ ਮਰੀਜ਼ਾਂ ਦੀ ਬਿਹਤਰ ਦੇਖਭਾਲ ਵੀ ਕੀਤੀ ਜਾ ਸਕਦੀ ਹੈ। ਟਰਾਂਸਪੋਰਟ ਵਿੱਚ ਵੀ ਇਸ ਦਾ ਉਪਯੋਗ ਹੈ। ਮਿਸਾਲ ਵਜੋਂ, ਡਰਾਈਵਰ ਰਹਿਤ ਕਾਰਾਂ ਵਿੱਚ ਏਆਈ ਤਕਨੀਕ ਵਰਤੀ ਜਾਂਦੀ ਹੈ। ਇਸ ਤਰ੍ਹਾਂ ਕਿਸਾਨ ਫਸਲਾਂ ਅਤੇ ਸਥਿਤੀਆਂ ਦੀ ਨਿਗਰਾਨੀ ਕਰਨ ਅਤੇ ਭਵਿੱਖਬਾਣੀ ਲਈ ਏਆਈ ਦੀ ਵਰਤੋਂ ਕਰ ਸਕਦੇ ਹਨ। ਸਾਨੂੰ ਸਿਰਫ਼ ਇਹ ਦੇਖਣ ਦੀ ਲੋੜ ਹੈ ਕਿ ਅਸੀਂ ਇਸ ਨੂੰ ਕਿਸ ਖੇਤਰ ਵਿੱਚ ਕਿਸ ਤਰ੍ਹਾਂ ਵਰਤ ਸਕਦੇ ਹਾਂ। ਏਆਈ ਆਖ਼ਿਰ ਆਇਆ ਕਿੱਥੋਂ?![]() ''ਆਰਟੀਫੀਸ਼ੀਅਲ ਇੰਟੈਲੀਜੈਂਸ'' ਸ਼ਬਦ ਪਹਿਲੀ ਵਾਰ 1956 ਵਿੱਚ ਵਰਤਿਆ ਗਿਆ ਸੀ। 1960 ਦੇ ਦਹਾਕੇ ਵਿੱਚ, ਵਿਗਿਆਨੀ ਕੰਪਿਊਟਰਾਂ ਨੂੰ ਸਿਖਾ ਰਹੇ ਸਨ ਕਿ ਮਨੁੱਖੀ ਫੈਸਲੇ ਲੈਣ ਦੀ ਨਕਲ ਕਿਵੇਂ ਕਰਨੀ ਹੈ। ਇਹ ''ਮਸ਼ੀਨ ਲਰਨਿੰਗ'' ਦੇ ਹਿੱਸੇ ਵਜੋਂ ਵਿਕਸਿਤ ਹੋਇਆ, ਜਿਸ ਵਿੱਚ ਰੋਬੋਟਾਂ ਨੂੰ ਸਿਰਫ਼ ਨਕਲ ਕਰਨ ਦੀ ਬਜਾਏ ਆਪਣੇ ਆਪ ਲਈ ਸਿੱਖਣਾ ਅਤੇ ਆਪਣੀਆਂ ਗਲਤੀਆਂ ਨੂੰ ਯਾਦ ਕਰਨਾ ਵੀ ਸਿਖਾਇਆ ਗਿਆ। ਮਸ਼ੀਨ ਸਿਖਲਾਈ ਵਿੱਚ ਐਲਗੋਰਿਦਮ ਇੱਕ ਵੱਡੀ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਉਹ ਕੰਪਿਊਟਰਾਂ ਅਤੇ ਰੋਬੋਟਾਂ ਦੀ ਇਹ ਜਾਣਨ ਵਿੱਚ ਮਦਦ ਕਰਦੇ ਹਨ ਕਿ ਕੀ ਕਰਨਾ ਹੈ। ਇੱਥੋਂ ਹੀ, ਇਸ ਖੋਜ ਦਾ ਵਿਕਾਸ ਜਾਰੀ ਹੈ। ਇਸ ਵਿੱਚ ਮਸ਼ੀਨਾਂ ਅਤੇ ਰੋਬੋਟਾਂ ਨੂੰ ਵਿਸ਼ੇਸ਼ ਸੈਂਸਰ ਦੇਣਾ ਸ਼ਾਮਲ ਹੈ ਤਾਂ ਜੋ ਉਨ੍ਹਾਂ ਨੂੰ ਮਨੁੱਖਾਂ ਵਾਂਗ ਚੀਜ਼ਾਂ ਨੂੰ ਦੇਖਣ, ਸੁਣਨ, ਮਹਿਸੂਸ ਕਰਨ ਅਤੇ ਸੁਆਦ ਲੈਣ ਵਿੱਚ ਮਦਦ ਕੀਤੀ ਜਾ ਸਕੇ ਅਤੇ ਉਹ ਆਪਣੇ ਸਿੱਖੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰ ਸਕਣ। ਵਿਚਾਰ ਇਹ ਹੈ ਕਿ ਜਿੰਨਾ ਜ਼ਿਆਦਾ ਇਹ ਤਕਨਾਲੋਜੀ ਵਿਕਸਿਤ ਹੁੰਦੀ ਹੈ, ਓਨਾ ਹੀ ਜ਼ਿਆਦਾ ਰੋਬੋਟ ਸਥਿਤੀਆਂ ਨੂੰ ''ਸਮਝਣ'' ਅਤੇ ਸਿੱਖਣ ਦੇ ਯੋਗ ਹੋਣਗੇ ਅਤੇ ਆਪਣੇ ਦੁਆਰਾ ਪ੍ਰਾਪਤ ਜਾਣਕਾਰੀ ਦੇ ਨਤੀਜੇ ਵਜੋਂ ਉਨ੍ਹਾਂ ਦੇ ਜਵਾਬ ਨੂੰ ਨਿਰਧਾਰਤ ਕਰਨਗੇ। |