ਵੰਦੇ ਭਾਰਤ ਟਰੇਨ ਬਣ ਗਈ ਹੈ ਦੇਸ਼ ਦੀ ਗਤੀ ਤੇ ਤਰੱਕੀ ਦੀ ਪ੍ਰਤੀਕ: PM ਮੋਦੀ
2023_5image_16_51_448501234modig-ll.jpgਪੁਰੀ---18ਮਈ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਓਡੀਸ਼ਾ 'ਚ 8,000 ਕਰੋੜ ਰੁਪਏ ਤੋਂ ਵਧ ਦੇ ਰੇਲਵੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਸੂਬੇ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਟਰੇਨ ਪੁਰੀ ਨੂੰ ਪੱਛਮੀ ਬੰਗਾਲ ਦੇ ਹਾਵੜਾ ਨਾਲ ਜੋੜੇਗੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਆਧੁਨਿਕ

ਭਾਰਤ ਅਤੇ ਉਮੀਦਾਂ ਦੇ ਭਾਰਤ ਦੋਹਾਂ ਦਾ ਪ੍ਰਤੀਕ ਬਣ ਰਹੀ ਹੈ ਅਤੇ ਜਦੋਂ ਉਹ ਇਕ ਥਾਂ ਤੋਂ ਦੂਜੀ ਥਾਂ ਜਾਂਦੀ ਹੈ ਤਾਂ ਭਾਰਤ ਦੀ ਗਤੀ ਅਤੇ ਤਰੱਕੀ ਵੀ ਵਿਖਾਈ ਦਿੰਦੀ ਹੈ। ਅੱਜ ਬੰਗਾਲ ਅਤੇ ਓਡੀਸ਼ਾ ਵਿਚ ਵੰਦੇ ਭਾਰਤ ਦੀ ਗਤੀ ਅਤੇ ਤਰੱਕੀ ਦਸਤਕ ਦੇਣ ਜਾ ਰਹੀ ਹੈ ਅਤੇ ਇਸ ਨਾਲ ਰੇਲ ਯਾਤਰਾ ਦਾ ਤਜਰਬਾ ਵੀ ਬਦਲੇਗਾ।

ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ 15 ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ: PM ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਕੋਲਕਾਤਾ ਤੋਂ ਦਰਸ਼ਨ ਲਈ ਪੁਰੀ ਜਾਣਾ ਹੋਵੇ ਜਾਂ ਪੁਰੀ ਤੋਂ ਕਿਸੇ ਕੰਮ ਲਈ ਕੋਲਕਾਤਾ ਜਾਣਾ ਹੈ, ਤਾਂ ਇਹ ਯਾਤਰਾ ਸਿਰਫ਼ 6.30 ਘੰਟਿਆਂ ਵਿਚ ਪੂਰੀ ਹੋ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ 15 ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ ਅਤੇ ਇਹ ਆਧੁਨਿਕ ਟਰੇਨਾਂ ਦੇਸ਼ ਦੀ ਪ੍ਰਣਾਲੀ ਨੂੰ ਵੀ ਗਤੀ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਸਭ ਤੋਂ ਔਖੇ ਗਲੋਬਲ ਹਾਲਾਤਾਂ 'ਚ ਵੀ ਵਿਕਾਸ ਦੀ ਆਪਣੀ ਗਤੀ ਨੂੰ ਬਰਕਰਾਰ ਰੱਖਿਆ ਹੈ ਅਤੇ ਇਸ ਦੇ ਪਿੱਛੇ ਇਕ ਵੱਡਾ ਕਾਰਨ ਇਸ ਵਿਕਾਸ 'ਚ ਹਰ ਸੂਬੇ ਦੀ ਸ਼ਮੂਲੀਅਤ ਹੈ।

ਸਾਢੇ 6 ਘੰਟਿਆਂ 'ਚ ਕੋਲਕਾਤਾ ਤੋਂ ਟਰੇਨ ਪਹੁੰਚੇਗੀ ਪੁਰੀ

ਪੁਰੀ-ਹਾਵੜਾ ਵੰਦੇ ਭਾਰਤ ਐਕਸਪ੍ਰੈਸ 6 ਘੰਟੇ 'ਚ 500 ਕਿਲੋਮੀਟਰ ਦੀ ਦੂਰੀ ਤੈਅ ਇਸ ਮਾਰਗ ਦੀ ਸਭ ਤੋਂ ਤੇਜ਼ ਟਰੇਨ ਹੋਵੇਗੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਪੁਰੀ ਅਤੇ ਕਟਕ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਓਡੀਸ਼ਾ 'ਚ ਰੇਲ ਨੈੱਟਵਰਕ ਦੇ 100 ਫ਼ੀਸਦੀ ਬਿਜਲੀਕਰਨ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਸੰਬਲਪੁਰ-ਤਿਤਿਲਾਗੜ੍ਹ ਰੇਲ ਲਾਈਨ ਨੂੰ ਦੁੱਗਣਾ ਕਰਨ, ਅੰਗੁਲ ਅਤੇ ਸੁਕਿੰਦਾ ਵਿਚਕਾਰ ਨਵੀਂ ਬ੍ਰੌਡ-ਗੇਜ ਰੇਲ ਲਾਈਨ, ਮਨੋਹਰਪੁਰ-ਰਾਉਰਕੇਲਾ-ਝਾਰਸੁਗੁੜਾ-ਜਮਗਾ ਨੂੰ ਜੋੜਨ ਵਾਲੀ ਤੀਜੀ ਲਾਈਨ ਅਤੇ ਬਿਛੁਪਲੀ ਅਤੇ ਝਰਤਰਭਾ ਵਿਚਕਾਰ ਨਵੀਂ ਬ੍ਰੌਡ-ਗੇਜ ਲਾਈਨ ਦਾ ਵੀ ਐਲਾਨ ਕੀਤਾ।  ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਪੁਰੀ ਸਟੇਸ਼ਨ 'ਤੇ ਪ੍ਰੋਗਰਾਮ 'ਚ ਸ਼ਾਮਲ ਹੋਏ।