ਇਟਲੀ : ਹੜ੍ਹਾਂ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ ਚ 24 ਮਈ ਨੂੰ ਸਰਕਾਰ ਨੇ ਐਲਾਨਿਆ ਰਾਸ਼ਟਰੀ ਸੋਗ ਦਿਨ
2023_5image_20_32_2267195911-ll.jpgਰੋਮ/ਇਟਲੀ --25ਮਈ-(MDP)-- ਇਟਲੀ ਦੇ ਲੋਕਾਂ ਤੇ ਇੱਥੋਂ ਦੀਆਂ ਸਰਕਾਰਾਂ ਦੀ ਇਹ ਬਹਾਦਰੀ ਹੀ ਹੈ ਕਿ ਇਸ ਦੇਸ਼ ਨੂੰ ਜਿੰਨਾ ਕੁਦਰਤੀ ਕਰੋਪੀ ਨੇ ਤਬਾਅ ਕੀਤਾ, ਇਸ ਦਾ ਉਜਾੜਾ ਕੀਤਾ, ਸ਼ਾਇਦ ਹੋਰ ਕੋਈ ਦੇਸ਼ ਇਸ ਤਬਾਹੀ ਨੂੰ ਨਾ ਸਹਾਰਦਾ। ਪੂਰੀ ਦੁਨੀਆ ਜਾਣਦੀ ਹੈ ਕਿ ਕੋਰੋਨਾ ਨੇ ਕਿਸ ਹੱਦ ਤੱਕ ਇਟਲੀ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ। ਇਸ ਤੋਂ ਇਲਾਵਾ ਇਟਲੀ ਨੂੰ ਕਦੀ ਕੁਦਰਤੀ ਕਹਿਰ ਭੂਚਾਲ ਆ ਦਬੋਚਦਾ ਹੈ ਤੇ ਕਈ ਵਾਰ ਹੜ੍ਹ ਝੰਬ ਦਿੰਦੇ ਹਨ। ਇਨ੍ਹਾਂ ਕੁਦਰਤੀ ਆਫ਼ਤਾਂ ਨੇ ਵੀ ਇਟਲੀ ਦੇ ਬਾਸ਼ਿੰਦਿਆਂ ਨੂੰ ਹਿਰਦੇ ਵਲੂੰਧਰਨ ਵਾਲੇ ਜ਼ਖ਼ਮ ਦਿੱਤੇ, ਉੱਥੇ ਬਿਲੀਅਨ ਯੂਰੋ ਦਾ ਨੁਕਸਾਨ ਇਟਲੀ ਵਰਗੇ ਵਿਕਾਸਸ਼ੀਲ ਦੇਸ਼ ਦਾ ਲੱਕ ਤੋੜਦਾ ਨਜ਼ਰੀਂ ਆਉਂਦਾ ਹੈ ਪਰ ਇਸ ਸਭ ਦੇ ਬਾਵਜੂਦ ਇਟਲੀ ਦੇ ਬਾਸ਼ਿੰਦਿਆਂ ਦੇ ਹੌਸਲੇ ਅਸਤ ਨਹੀਂ ਸਗੋਂ ਬੁਲੰਦ ਹਨ।

2-3 ਮਈ ਤੇ 16 ਤੋਂ 19 ਮਈ 2023 ਤੱਕ ਜੇ ਇਟਲੀ ਦੇ ਇਮਿਲੀਆ ਰੋਮਾਨਾ ਸੂਬੇ ਵਿੱਚ ਆਏ ਹੜ੍ਹ ਦੀ ਹੀ ਗੱਲ ਕੀਤੀ ਜਾਵੇ ਤਾਂ ਇਸ ਹੜ੍ਹਾਂ ਨੇ ਇਟਲੀ ਦੇ 17 ਲੋਕਾਂ ਦੀ ਜਾਨ ਲੈ ਲਈ ਤੇ 7 ਬਿਲੀਅਨ ਯੂਰੋ ਦਾ ਸੂਬੇ ਭਰ ਵਿੱਚ ਨੁਕਸਾਨ ਕੀਤਾ। ਪ੍ਰਭਾਵਿਤ ਇਲਾਕਿਆਂ 'ਚ ਬਲੋਨੀਆਂ, ਸੇਸੇਨਾ, ਫੁਰਲੀ, ਰੇਵੇਨਾ ਰਿਮੀਨੀ ਆਦਿ ਹੜ੍ਹ ਦਾ ਮੁੱਖ ਕੇਂਦਰ ਰਹੇ ਹਨ, ਜਿੱਥੇ ਪਹਿਲਾਂ 2-3 ਮਈ ਨੂੰ ਹੜ੍ਹ ਆਇਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋਈ ਤੇ ਫਿਰ 16 ਤੋਂ 19 ਮਈ ਤੱਕ ਹੜ੍ਹ ਦਾ ਕਹਿਰ ਜਾਰੀ ਰਿਹਾ, ਜਿਹੜਾ 15 ਲੋਕਾਂ ਲਈ ਜਮਦੂਤ ਬਣ ਗਿਆ। ਇਸ ਕੁਦਰਤੀ ਕਹਿਰ ਨਾਲ 50,000 ਲੋਕ ਬੇਘਰ ਹੋਏ, ਜਿਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਨੇ ਆਰਜ਼ੀ ਰਿਹਾਇਸ਼ਾਂ ਵਿੱਚ ਰੱਖਿਆ। 2 ਹਫ਼ਤਿਆਂ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ, ਜਿਸ ਨੇ ਪੂਰੇ ਸੂਬੇ ਨੂੰ ਥਲ ਤੋਂ ਜਲ ਕਰ ਦਿੱਤਾ।

ਮਾਹਿਰਾਂ ਅਨੁਸਾਰ ਇੰਨਾ ਮੀਂਹ 7 ਮਹੀਨਿਆਂ ਵਿੱਚ ਪੈਂਦਾ ਹੈ, ਜਿਨ੍ਹਾਂ ਕਿ ਸਿਰਫ਼ 14 ਦਿਨਾਂ ਵਿੱਚ ਹੀ ਪੈ ਗਿਆ। ਮੀਂਹ ਦੇ ਪਾਣੀ ਨਾਲ 4 ਜ਼ਿਲ੍ਹਿਆਂ 'ਚ 300 ਤੋਂ ਵੱਧ ਥਾਵਾਂ ਤੋਂ ਜ਼ਮੀਨ ਧਸ ਗਈ, ਜਿਸ ਨੇ 400 ਤੋਂ ਉਪਰ ਸੜਕਾਂ ਨੂੰ ਤਬਾਹ ਕਰ ਦਿੱਤਾ। ਸੂਬੇ ਦੀਆਂ 23 ਨਦੀਆਂ ਦਾ ਉਛਾਲੇ ਮਾਰਦਾ ਪਾਣੀ ਕਿਨਾਰੇ ਟੁੱਟਣ ਕਾਰਨ 43 ਸ਼ਹਿਰਾਂ ਦੇ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ। ਕੁਦਰਤੀ ਕਰੋਪੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਇਟਲੀ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਸੂਬੇ ਦੀ ਵਿਧਾਨ ਸਭਾ ਵਿੱਚ ਮੰਤਰੀ ਮੰਡਲ ਵੱਲੋਂ ਬੀਤੀ 24 ਮਈ ਨੂੰ ਹੜ੍ਹ ਕਾਰਨ ਜਾਨਾਂ ਗੁਆਉਣ ਵਾਲੇ ਆਪਣੇ ਨਾਗਰਿਕਾਂ ਦੀ ਯਾਦ ਵਿੱਚ 24 ਮਈ ਨੂੰ ਹੜ੍ਹਾਂ ਦੇ ਪੀੜਤਾਂ ਲਈ ਰਾਸ਼ਟਰੀ ਸੋਗ ਦਾ ਦਿਨ ਐਲਾਨਿਆ ਗਿਆ ਹੈ, ਜਿਸ ਦਾ ਵਿਧਾਨ ਸਭਾ ਵਿੱਚ ਵਿਸ਼ੇਸ਼ ਸੈਸ਼ਨ ਸੱਦ ਕੇ ਐਲਾਨ ਕੀਤਾ ਗਿਆ ਹੈ।

ਵਿਧਾਨ ਸਭਾ 'ਚ ਇਟਲੀ ਦੇ ਰਾਸ਼ਟਰੀ ਅਤੇ ਯੂਰਪੀਅਨ ਯੂਨੀਅਨ ਦੇ ਝੰਡੇ ਨੂੰ ਅੱਧਾ ਝੁਕਾਇਆ ਗਿਆ। ਵਿਧਾਨ ਸਭਾ ਅਤੇ ਸਰਕਾਰੀ ਅਦਾਰਿਆਂ ਵਿੱਚ ਇਕ ਮਿੰਟ ਦਾ ਮੌਨ ਧਾਰਦਿਆਂ ਸ਼ਰਧਾਂਜਲੀ ਵੀ ਦਿੱਤੀ ਗਈ। ਇਸੇ ਤਰ੍ਹਾਂ ਸੂਬੇ ਦੇ ਸਰਕਾਰੀ ਅਦਾਰਿਆਂ ਵਿੱਚ ਲਹਿਰਾ ਰਹੇ ਰਾਸ਼ਟਰੀ ਝੰਡਿਆਂ ਨੂੰ ਝੁਕਾਇਆ ਗਿਆ ਤੇ ਵਿਧਾਨ ਸਭਾ ਵਿੱਚ ਜਾਨਾਂ ਗੁਆਉਣ ਵਾਲਿਆਂ ਲਈ ਇਕ ਮਿੰਟ ਦਾ ਮੌਨ ਧਾਰਦਿਆਂ ਸ਼ਰਧਾਂਜਲੀ ਦਿੱਤੀ ਗਈ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਸਥਿਤ ਇਟਾਲੀਅਨ ਦੂਤਘਰਾਂ 'ਚ ਇਟਾਲੀਅਨ ਝੰਡੇ ਅੱਧੇ ਝੁਕਾਏ ਗਏ।