ਅੰਗਰੇਜ਼ਾਂ ਤੋਂ ਸੱਤਾ ਹਾਸਲ ਕਰਨ ਦਾ ਪ੍ਰਤੀਕ ਹੈ ‘ਸੇਂਗੋਲ’, ਨਵੇਂ ਸੰਸਦ ਭਵਨ ’ਚ ਹੋਵੇਗਾ ਸਥਾਪਿਤ
sengol.jpgਨਵੀਂ ਦਿੱਲੀ, --25ਮਈ-(MDP)-- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਬ੍ਰਿਟਿਸ਼ ਹਕੂਮਤ ਵਲੋਂ ਭਾਰਤ ਨੂੰ ਸੌਂਪੀ ਗਈ ਸੱਤਾ ਦਾ ਪ੍ਰਤੀਕ ਇਤਿਹਾਸਕ ‘ਸੇਂਗੋਲ’ (ਰਾਜਦੰਡ) ਨਵੇਂ ਸੰਸਦ ਭਵਨ ਵਿੱਚ ਸਥਾਪਿਤ ਕੀਤਾ ਜਾਵੇਗਾ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ‘ਸੇਂਗੋਲ’ ਨੂੰ ਅੰਗਰੇਜ਼ਾਂ ਤੋਂ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਲਿਆ ਸੀ।

ਸ਼ਾਹ ਨੇ ਬੁੱਧਵਾਰ ਕਿਹਾ ਕਿ ‘ਸੇਂਗੋਲ’ ਦੀ ਸਥਾਪਨਾ ਦਾ ਮੰਤਵ ਉਦੋਂ ਵੀ ਸਪੱਸ਼ਟ ਸੀ ਅਤੇ ਹੁਣ ਵੀ ਉਹੀ ਹੈ। ਸੱਤਾ ਦਾ ਤਬਾਦਲਾ ਸਿਰਫ਼ ਹੱਥ ਮਿਲਾਉਣਾ ਜਾਂ ਕਿਸੇ ਦਸਤਾਵੇਜ਼ ’ਤੇ ਹਸਤਾਖਰ ਕਰਨਾ ਨਹੀਂ ਸਗੋਂ ਇਸ ਨੂੰ ਆਧੁਨਿਕ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਸਥਾਨਕ ਪਰੰਪਰਾਵਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਸੇਂਗੋਲ ਅੱਜ ਵੀ ਉਸੇ ਭਾਵਨਾ ਨੂੰ ਦਰਸਾਉਂਦਾ ਹੈ ਜੋ ਜਵਾਹਰ ਲਾਲ ਨਹਿਰੂ ਨੇ 14 ਅਗਸਤ, 1947 ਨੂੰ ਮਹਿਸੂਸ ਕੀਤੀ ਸੀ।

ਸ਼ਾਹ ਨੇ ਇਹ ਵੀ ਕਿਹਾ ਕਿ ਨਵਾਂ ਸੰਸਦ ਭਵਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਦੀ ਮਿਸਾਲ ਹੈ। ਇਹ ਇੱਕ ਨਵੇਂ ਭਾਰਤ ਦੇ ਨਿਰਮਾਣ ਵਿੱਚ ਸਾਡੀ ਸੱਭਿਆਚਾਰਕ ਵਿਰਾਸਤ, ਪਰੰਪਰਾ ਅਤੇ ਸਭਿਅਤਾ ਨੂੰ ਆਧੁਨਿਕਤਾ ਨਾਲ ਜੋੜਨ ਦਾ ਇੱਕ ਸੁੰਦਰ ਯਤਨ ਹੈ। ਉਦਘਾਟਨ ਦੇ ਮੌਕੇ ਪ੍ਰਧਾਨ ਮੰਤਰੀ ਸੰਸਦ ਭਵਨ ਦੀ ਉਸਾਰੀ ਵਿੱਚ ਯੋਗਦਾਨ ਪਾਉਣ ਵਾਲੇ 60,000 ਮਜ਼ਦੂਰਾਂ (ਸ਼੍ਰਮ ਯੋਗੀਆਂ) ਦਾ ਸਨਮਾਨ ਵੀ ਕਰਨਗੇ। ਨਵੇਂ ਸੰਸਦ ਭਵਨ ਦਾ ਉਦਘਾਟਨ 28 ਮਈ ਨੂੰ ਹੋਵੇਗਾ।

ਸ਼ਾਹ ਨੇ ‘ਸੇਂਗੋਲ’ ਦਾ ਇਤਿਹਾਸ ਦੱਸਿਆ

ਅਮਿਤ ਸ਼ਾਹ ਨੇ ਦੱਸਿਆ ਕਿ ਆਜ਼ਾਦੀ ਦੇ ਸਮੇਂ ਜਦੋਂ ਪੰਡਿਤ ਨਹਿਰੂ ਨੂੰ ਪੁੱਛਿਆ ਗਿਆ ਸੀ ਕਿ ਸੱਤਾ ਦੇ ਤਬਾਦਲੇ ਦੌਰਾਨ ਕੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਨਹਿਰੂ ਜੀ ਨੇ ਆਪਣੇ ਸਾਥੀਆਂ ਨਾਲ ਚਰਚਾ ਕੀਤੀ। ਸੀ. ਗੋਪਾਲਾਚਾਰੀਆ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ‘ਸੇਂਗੋਲ’ ਦੀ ਪ੍ਰਕਿਰਿਆ ਦੀ ਪਛਾਣ ਕੀਤੀ। ਪੰਡਿਤ ਨਹਿਰੂ ਨੇ ਤਾਮਿਲਨਾਡੂ ਤੋਂ ਪਵਿੱਤਰ ‘ਸੇਂਗੋਲ’ ਨੂੰ ਮੰਗਵਾ ਕੇ ਇਸ ਨੂੰ ਅੰਗਰੇਜ਼ਾਂ ਤੋਂ ਸਵੀਕਾਰ ਕੀਤਾ। ਇਸ ਦਾ ਮਤਲਬ ਇਹ ਸੀ ਕਿ ਸੱਤਾ ਸਾਡੇ ਕੋਲ ਰਵਾਇਤੀ ਤਰੀਕੇ ਨਾਲ ਆਈ ਹੈ।

ਹੋਰ ਸਭਿਅਤਾਵਾਂ ਵਿੱਚ ਰਾਜਦੰਡ ਦਾ ਇਤਿਹਾਸ

ਇੰਗਲੈਂਡ ਦੀ ਮਹਾਰਾਣੀ ਦਾ ‘ਸਾਵਰੇਨਜ਼ ਓਰਬ’ 1661 ਵਿਚ ਚਾਰਲਸ ਦੂਜੇ ਦੀ ਤਾਜਪੋਸ਼ੀ ਲਈ ਬਣਾਇਆ ਗਿਆ ਸੀ। 362 ਸਾਲ ਬਾਅਦ ਇਹ ਅਜੇ ਵੀ ਤਾਜਪੋਸ਼ੀ ਦੇ ਸਮੇਂ ਇੱਕ ਨਵੇਂ ਰਾਜੇ ਜਾਂ ਰਾਣੀ ਨੂੰ ਦਿੱਤਾ ਜਾਂਦਾ ਹੈ। ਇਹ ਸੋਨੇ ਦਾ ਬਣਿਆ ਇੱਕ ਚੱਕਰ ਹੈ ਜਿਸ ਉੱਤੇ ਇੱਕ ਕਰਾਸ ਲਾਇਆ ਹੋਇਆ ਹੈ । ਇਹ ਸਮਰਾਟ ਨੂੰ ਯਾਦ ਦਿਵਾਉਂਦਾ ਹੈ ਕਿ ਉਸ ਦੀ ਸ਼ਕਤੀ ਪਰਮਾਤਮਾ ਤੋਂ ਪ੍ਰਾਪਤ ਕੀਤੀ ਗਈ ਹੈ।

1947 ਤੋਂ ਬਾਅਦ ਨਹੀਂ ਵਰਤਿਆ ਗਿਆ

1947 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਸੇਂਗੋਲ ਦੀ ਵਰਤੋਂ ਨਹੀਂ ਕੀਤੀ ਗਈ।

ਵਰਤੋਂ ਦੇ ਸ਼ੁਰੂਆਤੀ ਸਬੂਤ

ਸੇਂਗੋਲ ਦੀ ਪਹਿਲੀ ਵਰਤੋਂ ਮੌਰੀਆ ਸਾਮਰਾਜ (322 ਤੋਂ 185 ਈਸਵੀ ਪੂਰਵ) ਦੀ ਹੈ। ਇਸ ਤੋਂ ਬਾਅਦ ਸੇਂਗੋਲ ਦੀ ਵਰਤੋਂ ਗੁਪਤਾ ਸਾਮਰਾਜ (320 ਤੋਂ 550 ਈ.), ਚੋਲਾ ਸਾਮਰਾਜ (907 ਤੋਂ 1310 ਈ.) ਅਤੇ ਵਿਜੇਨਗਰ ਸਾਮਰਾਜ (1336 ਤੋਂ 1646 ਈ.) ਵਿੱਚ ਵੀ ਕੀਤੀ ਗਈ। ਮੰਨਿਆ ਜਾਂਦਾ ਹੈ ਕਿ ਮੁਗਲਾਂ ਅਤੇ ਅੰਗਰੇਜ਼ਾਂ ਨੇ ਵੀ ਸੇਂਗੋਲ ਨੂੰ ਆਪਣੇ ਅਧਿਕਾਰ ਦੇ ਪ੍ਰਤੀਕ ਵਜੋਂ ਵਰਤਿਆ ਸੀ।