ਮੇਰਾ ਦੇਸ ਮਹਾਨ
ਡਾ. ਜਸਬੀਰ ਕੌਰ ਮੁਹਾਲੀ

ਇਤਿਹਾਸ ਬੀਤੇ ਦੀ ਜ਼ੁਬਾਨੀ ਹੁੰਦੀ ਹੈ ਤੇ ਇਹ ਜ਼ੁਬਾਨੀ ਵਕਤ ਦਾ ਸੱਚ ਬਿਆਨ ਕਰਦੀ ਹੈ,ਪਰ ਜੇ ਸੱਚ ਸਾਬਿਤ ਹੋਣ ਲਈ ਦਹਾਕੇ ਹੀ ਬੀਤ ਜਾਣ ਪਰ ਫਿਰ ਵੀ ਸੱਚ ਨਾਂ ਨਿਕਲੇ ਤਾਂ ਇਤਿਹਾਸ ਕਿਸ ਦੀ ਗਵਾਹੀ ਭਰੇਗਾ.??ਸੱਚ ਸਾਮ੍ਹਣੇ ਆਉਦਿਆਂ ਪੀੜੀਆਂ ਬਦਲ ਜਾਣ ਉਸ ਵੇਲੇ ਕਿਸ ਇਤਿਹਾਸ ਨੂੰ ਸੱਚ ਮੰਨਿਆ ਜਾਏ????????
ਪਿਛਲੇ ਦਿਨੀ ਆਈ ਲਿਬਰਹਾਨ ਰਿਪੋਰਟ ਨੇ ਬਹੁਤ ਸਾਰੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ,ਅੱਜ ਤੋੰ 16 ਸਾਲ ਪਹਿਲਾਂ ਵਾਪਰੀ ਘਟਨਾ ਜਿਸ ਵਿਚ ਅਯੱਧਿਆ ਵਿਖੇ ਬਾਬਰੀ ਮਸਜਿਦ ਨੂੰ ਢਾਹੁਣ ਦਾ ਸ਼ਰਮਨਾਕ ਕੰਮ ਕੀਤਾ ਗਿਆ. ਘਟਨਾ ਵਾਪਰੀ ਨੂੰ 16 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ,ਬੱਚੇ ਜਵਾਨ ਹੋ ਗਏ,ਕੁਝ ਲੋਕ ਦੁਨਿਆਂ ਤੋਂ ਚਲੇ ਗਏ ,ਸਿਆਸਤ ਦਾ ਮੁਹਾਂਦਰਾ ਬਦਲ ਗਿਆ,ਵਕਤ ਬਹੁਤ ਅੱਗੇ ਲੰਘ ਆਇਆ ਹੈ,ਅਜਿਹੇ ਸਮੇਂ ਲਿਬਰਹਾਨ ਰਿਪੋਰਟ ਆਪਣੀ ਅਹਿਮੀਅਤ ਕਾਇਮ ਨਹੀਂ ਰੱਖਦੀ,ਵੈਸੇ ਵੀ ਇਸ ਰਿਪੋਰਟ ਵਿਚ ਸਭ ਗੱਲਾਂ ਉਹ ਹੀ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਨੇ !
ਵੈਸੇ ਏਨੇ ਸਮੇਂ ਬਾਅਦ ਕਿਸੇ ਰਿਪੋਰਟ ਦਾ ਆਉਣਾ ਭਾਰਤ ਵਾਸੀਆਂ ਲਈ ਕੋਈ ਨਵੀ ਗੱਲ ਨਹੀਂ ਅਸੀਂ ਇਨ੍ਹਾਂ ਗੱਲਾਂ ਦੇ ਆਦੀ ਹੋ ਚੁੱਕੇ ਹਾਂ,ਕਿ ਹਰ ਘਟਨਾ ਦੇ ਬਾਅਦ ਸਰਕਾਰ ਵੱਲੋਂ ਇਕ ਜਾਂਚ ਕਮੇਟੀ ਬਿਠਾ ਕੇ ਆਪਣਾ ਪੱਲਾ ਝਾੜ ਲਿਆ ਜਾਂਦਾ ਹੈ,ਤੇ ਜਦੋਂ ਤੱਕ ਕਮੇਟੀ ਰਿਪੋਰਟ ਲੈ ਕੇ ਆਉਂਦੀ ਹੈ ਉਦੋਂ ਤੱਕ ਲੋਕ ਘਟਨਾ ਨੂੰ ਵਿਸਾਰ ਵੀ ਚੁੱਕੇ ਹੁੰਦੇ ਹਨ.
ਇਸੇ ਤਰ੍ਹਾਂ 26/11 ਦੀ ਘਟਨਾ ਦੀ ਅਜੇ ਤੱਕ ਕੋਈ ਫੈਸਲਾਕੁੰਨ ਕਾਰਵਾਈ ਕਰਨ ਵਿਚ ਸਰਕਾਰ ਸਫਲ ਨਹੀਂ ਹੋ ਸਕੀ,ਅਜੇ ਤੱਕ ਸਿਰਫ ਬਿਆਨਬਾਜੀ ਹੀ ਚੱਲ ਰਹੀ ਹੈ,ਸਰਕਾਰ ਅਜੇ ਤੱਕ ਇਕ ਸਾਲ ਬਾਅਦ ਵੀ ਇਹ ਸਾਬਿਤ ਨਹੀਂ ਕਰ ਸਕੀ ਕਿ ਇਹ ਮੰਦਭਾਗੀ ਘਟਨਾਂ ਵਿਚ ਪਾਕਿਸਤਾਨ ਦਾ ਹੱਥ ਸੀ, ਸ਼ਾਇਦ ਅਜੇ ਘਟਨਾ ਨੂੰ ਇਕ ਸਾਲ ਹੀ ਹੋਇਆ ਹੈ ਹੋ ਸਕਦਾ ਹੈ 10 ਕੁ ਸਾਲਾਂ ਤੱਕ ਕੋਈ ਰਿਪੋਰਟ ਨਤੀਜਾ ਲੈ ਹੀ ਆਏਗੀ. 26 ਨਵੰਬਰ ਇਸ ਘਟਨਾ ਦੀ ਵਰੇਗੰਢ ਮਨਾਉਣ ਲਈ ਹਰ ਕਿਸੇ ਨੇ ਆਪਣੇ ਯਤਨਾਂ ਮੁਤਾਬਿਕ ਆਯੋਜਨ ਕੀਤਾ ਹੈ ਪਰ ਜਦੋਂ ਇਹ ਘਟਨਾ ਵਾਪਰ ਰਹੀ ਸੀ ਉਦੋਂ ਇਹ ਮੇਰੇ ਦੇਸ਼ ਦੇ ਮਹਾਨ ਲੋਕ ਅੰਦਰਾਂ ਵਿਚ ਕਿਉਂ ਦੁਬਕੇ ਹੋਏ ਸਨ????????????
ਇਸੇ ਤਰ੍ਹਾਂ 1984 ਦੇ ਦੰਗਿਆਂ ਨੂੰ ਤੇ ਸ਼ਾਇਦ 25 ਹਾਲ ਹੋ ਗਏ ਨੇ ਪਰ ਇਨਸਾਫ ਅਜੇ ਹੋਣਾ ਬਾਕੀ ਹੈ,ਹਾਂ ਨਤੀਜਾਕਾਰਾਂ ਵੱਲੋਂ ਇਸ ਗੱਲ ਦਾ ਫੈਸਲਾ ਤੇ ਛੇਤੀ ਕਰ ਲਿਆ ਗਿਆ ਕਿ “ਸ਼੍ਰੀਮਤੀ ਇੰਦਰਾ ਗਾਂਧੀ” ਨੂੰ ਦੋ ਸਿੱਖਾਂ ਨੇ ਮਾਰਿਆ ਸੀ ਤੇ ਉਨ੍ਹਾਂ ਨੂੰ ਫਾਂਸੀ ਵੀ ਦੇ ਦਿੱਤੀ ਗਈ ਪਰ ਦੰਗਾਕਾਰਾਂ ਵਿੱਚ ਕਿਨ੍ਹੇ ਹੀ ਬੇਗੁਨਾਂਹ ਮਾਰੇ ਗਏ,ਕਿੰਨਿਆਂ ਦੇ ਘਰ ਉੱਜੜ ਗਏ 1984 ਦੇ ਦੰਗੇ 1947 ਦੀ ਵੰਡ ਵਰਗੇ ਹੀ ਭਿਆਨਕ ਸਨ,ਪਰ ਇਹ ਕਿਸੇ ਨੂੰ ਨਜ਼ਰ ਨਹੀੰ ਆਏ ਇਸ ਲਈ ਵੀ ਅੱਜੇ ਕਮੇਟੀਆਂ ਰਿਪੋਰਟ ਹੀ ਤਿਆਰ ਕਰ ਰਹੀਆਂ ਹਨ,ਵੇਖੋ ਸ਼ਾਇਦ ਆਉਂਦੇ 10 ਕੁ ਸਾਲਾਂ ਤੱਕ ਪੀੜਤਾਂ ਨੂੰ ਇਨਸਾਫ ਮਿਲ ਹੀ ਜਾਏ ।
ਗੁਜਰਾਤ ਦੇ ਦੰਗੇ ਵੀ ਅਜੇ ਸਾਡੇ ਜ਼ਿਹਨ ਵਿਚ ਹੀ ਹਨ,ਉਹਨਾਂ ਲਈ ਵੀ ਜਾਂਚ ਕਮੇਟੀ ਅਜੇ ਆਪਣੀ ਜਾਂਚ ਕਰ ਰਹੀ ਹੈ ਵੇਖੋ ਜੀ ਕਦੋਂ ਜਾਂਚ ਪੂਰੀ ਹੁੰਦੀ ਹੈ ਤੇ ਕੋਈ ਨਤੀਜਾ ਸਾਡੇ ਸਾਮ੍ਹਣੇ ਆਉਂਦਾ ਹੈ . ਚਲੋ ਜੇ ਇਹ ਵੀ ਮੰਨ ਲਈਏ ਕਿ ਇਹ ਵੱਡੇ ਮਸਲੇ ਹੱਲ ਹੋਣ ਲੱਗਿਆਂ ਵਕਤ ਲੱਗਦਾ ਹੈ,ਪਰ ਇਨ੍ਹਾਂ ਵਕਤ??????????????? ਅਰੂਸ਼ੀ ਹੱਤਿਆ ਕਾਂਡ ਭਾਰਤਵਾਸੀਆਂ ਨੂੰ ਯਾਦ ਹੋਏਗਾ ਇਸ ਦੀ ਜਾਂਚ ਲਈ ਵੀ ਕਮੇਟੀ ਦਾ ਗਠਨ ਹੋਇਆ ਹੈ,ਕਿਉਂਕਿ ਸੀ.ਬੀ ਆਈ ਕਿਸੇ ਨਤੀਜੇ ਤੇ ਪਹੁੰਚ ਹੀ ਨਹੀਂ ਸਕੀ,ਡੇਢ ਸਾਲ ਗੁਜਰ ਜਾਣ ਤੋਂ ਬਾਅਦ ਅਜੇ ਤੱਕ ਜਾਂਚ ਕਰਤਾ ਇਹ ਹੀ ਪਤਾ ਨਹੀਂ ਲਾ ਸਕੇ ਕੀ ਖੂਨ ਕਿਵੇਂ ਕੀਤਾ ਗਿਆ ਕਾਤਿਲ ਲੱਭਣਾ ਤੇ ਬੜੀ ਦੂਰ ਦੀ ਗੱਲ ਹੈ.
ਅਸਲ ਵਿੱਚ ਸਾਨੂੰ ਗਲਤਫਹਿਮੀ ਹੈ, ਕਿ ਕਾਨੂੰਨ ਇਨਸਾਫ ਦਵਾਉਂਦਾ ਹੈ,ਕਾਨੂੰਨ ਇਨਸਾਫ ਦਿੰਦਾ ਹੈ ਪਰ ਸਾਡੇ ਭਾਰਤ ਮਹਾਨ ਵਿਚ ਨਹੀਂ ਇਥੇ ਕਾਨੂੰਨ ਅਸਰ ਰਸੂਖ ਰੱਖਣ ਵਾਲੇ ਲੋਕਾਂ ਦਾ ਗੁਲਾਮ ਹੈ,ਇਹ ਲੋਕ ਕਾਨੂੰਨ ਨੂੰ ਆਪਣੇ ਮੁਤਾਬਿਕ ਚਲਾਉਂਦੇ ਹਨ,ਕਾਨੂੰਨ ਇਹਨਾਂ ਦੇ ਹੱਥ ਦੀ ਕਠਪੁਤਲੀ ਹੈ.ਹਰ ਘਟਨਾ ਦੇ ਵਾਪਰ ਜਾਣ ਮਗਰੋਂ ਇਕ ਜਾਂਚ ਕਮੇਟੀ ਰੱਖ ਦਿੱਤੀ ਜਾਂਦੀ ਹੈ ਬੱਸ ਜਾਂਚ ਹੀ ਚੱਲਦੀ ਰਹਿੰਦੀ ਹੈ ਨਤੀਜਾ ਤੇ ਕਿਸੇ ਵੀ ਰਿਪੋਰਟ ਦਾ ਅੱਜ ਤੱਕ ਸੁਣਿਆ ਨਹੀਂ
ਇਕ ਅਖਾਣ ਹੈ ਕਿ “ਸਾਲ ਬਾਅਦ ਮਕਾਣ ਆਈ, ਹੱਸਦਿਆਂ ਨੂੰ ਰਵਾਣ ਆਈ” ਸਾਲ ਬਾਅਦ ਇਨਸਾਫ ਮਿਲ ਜਾਏ ਫਿਰ ਵੀ ਜ਼ੇਰੇ ਬਰਦਾਸ਼ਤ ਹੈ ਪਰ ਦਹਾਕੇ ਗੁਜ਼ਰ ਜਾਣ ਤੇ ਅਜੇ ਰਿਪੋਰਟਾਂ ਹੀ ਆਉਣ ਇਹ ਕਿਥੋਂ ਦਾ ਇਨਸਾਫ ਹੈ ? ਮੇਰੇ ਭਾਰਤ ਮਹਾਨ ਦਾ ਕਾਨੂੰਨ ਵੀ ਕੁਝ ਅਜਿਹਾ ਹੀ ਹੈ ਕਿ ਇਨਸਾਫ ਜਦੋਂ ਤੱਕ ਮਿਲਦਾ ਹੈ ਬੰਦਾ ਘਟਨਾ ਭੁੱਲ ਚੁੱਕਾ ਹੁੰਦਾ ਹੈ,ਤੇ ਕਾਨੂੰਨ ਦਾ ਇਨਸਾਫ ਇਨ੍ਹਾਂ ਵਕਤ ਲੰਘ ਜਾਣ ਬਾਅਦ ਬੰਦੇ ਲਈ ਕੋਈ ਮਾਇਨੇ ਨਹੀਂ ਰੱਖਦਾ,ਕਿਉਂ ਨਹੀ ਅਸੀਂ ਅਜਿਹੇ ਕਾਨੂੰਨ ਨੂੰ ਬਦਲਣ ਲਈ ਅਵਾਜ਼ ਉਠਾਉਂਦੇ ਜਿਸ ਵਿਚ ਇਨ੍ਹੇ ਲੂਪ ਹੋਲ ਨੇ. ਕਿਸੇ ਗਾਇਕ ਦੀ ਗੱਲ ਸਹੀ ਹੈ ਕਿ----
“ਅਸੀਂ ਬੜੇ ਮਹਾਨ ਹਾਂ, ਪਤਾ ਨਹੀੰ ਕੀਹਨੇ ਫੂਕ ਛਕਾ ਤੀ” ਸਾਡੀ ਮਹਾਨਤਾ ਹੈ ਦੇਸ ਅੰਦਰ ਵੱਧ ਰਹੀ ਮਹਿੰਗਾਈ,ਦੇਸ ਅੰਦਰ ਵੱਧ ਰਿਹਾ ਭ੍ਰਿਸ਼ਟਾਚਾਰ,ਦੇਸ਼ ਅੰਦਰ ਵੱਧ ਰਿਹਾ ਜ਼ੁਰਮ ਤੇ ਕੁਕਰਮ,ਇਹ ਕੁਝ ਕੁ ਸਾਡੀ ਮਹਾਨਤਾ ਦੇ ਚਿੰਨ੍ਹ ਹਨ,ਅਸੀਂ ਇਹ ਸਭ ਕੁਝ ਬੈਠੇ ਵੇਖਦੇ ਰਹਾਂਗੇ ਇਹ ਸਾਡੀ ਮਹਾਨਤਾ ਹੈ,ਅਸੀਂ ਕੀ ਲੈਣਾ ਹੈ ਜੋ ਹੋ ਰਿਹਾ ਹੈ ਠੀਕ ਹੈ ਇਹ ਹੈ ਸਾਡੀ ਮਹਾਨਤਾ ਧਰਮ ਦੇ ਨਾਂ ਤੇ ਅਸੀਂ ਕੋਈ ਵੀ ਕੁਰਬਾਨੀ ਦੇ ਸਕਦੇ ਹਾਂ ਇਹ ਸਾਡੀ ਮਹਾਨਤਾ ਹੈ,ਧਰਮ ਦੇ ਨਾਂ ਤੇ ਅਸੀੰ ਆਪਣੇ ਘਰ ਤੱਕ ਲੁਟਾ ਸਕਦੇ ਹਾਂ ਇਹ ਹੈ ਸਾਡੀ ਮਹਾਨਤਾ, ਪਰ ਨਾਇਨਸਾਫੀ ਲਈ ਅਸੀਂ ਅਵਾਜ਼ ਨਹੀਂ ਉਠਾਉਂਦੇ ਅਸੀ ਇੰਤਜ਼ਾਰ ਕਰਦੇ ਹਾਂ ਕਿ ਸ਼ਾਇਦ ਕਾਨੂੰਨ ਇਨਸਾਫ ਦੇ ਹੀ ਦੇਵੇਗਾ ਬਸ ਇਸੇ ਲਈ ਅਸੀਂ ਮਹਾਨ ਹਾਂ ਕਿ ਅਸੀਂ ਕੁਝ ਨਹੀਂ ਬੋਲਦੇ ਤੇ ਨਾਂ ਬੋਲਣਾ ਚਾਂਹੁੰਦੇ ਹਾਂ
ਕਦੋਂ ਜਾਗੇਗਾ ਸਾਡਾ ਜ਼ਮੀਰ ਕਦੋਂ ਅਸੀਂ ਇਸ ਬੇਇਨਸਾਫੀ ਖਿਲਾਫ ਅਵਾਜ ਬੁਲੰਦ ਕਰਾਂਗੇ?
ਆਖਿਰ ਕਦੋਂ
ਡਾ. ਜਸਬੀਰ ਕੌਰ
ਮੁਹਾਲੀ
This e-mail address is being protected from spam bots, you need JavaScript enabled to view it