ਖਾਲਸਾ ਪੰਥ ਦੇ ਦਰਦ ਦੀ ਗਹਿਰਾਈ ਦਾ ਸੁਬੋਲ ਪ੍ਰਤੀਕ

ਬੱਬੂ ਮਾਨ ਦੀ ਨਵੀਂ ਕੈਸਿਟ
ਅਵਤਾਰ ਸਿੰਘ

4095819054_6d08ef7e08 ਪੰਜਾਬ ਦਾ ਨੌਜਵਾਨ ਗਾਇਕ ਬੱਬੂ ਮਾਨ ਇੱਕ ਵਾਰ ਫਿਰ ਆਪਣੀ ਨਿਵੇਕਲੀ ਅਤੇ ਵਿਲੱਖਣ ਕਿਸਮ ਦੀ ਗਾਇਕੀ ਨਾਲ ਪੰਜਾਬੀਆਂ ਦੇ ਪਿੜ ਵਿੱਚ ਹਾਜ਼ਰ ਹੈ। ਚਾਰ ਸਾਲ ਦੇ ਵਕਫੇ ਤੋਂ ਬਾਅਦ  ਆਪਣੇ ਹੱਥੀਂ ਲਿਖੇ ਅਤੇ ਆਪਣੇ ਹੀ ਸੰਗੀਤ ਨਾਲ ਸੰਵਾਰੇ ਬਹੁਤ ਹੀ ਗੰਭੀਰ ਕਿਸਮ ਦੇ ਗੀਤਾਂ ਨਾਲ ਬੱਬੂ ਮਾਨ ਨੇ ਪੰਜਾਬੀ ਗਾਇਕੀ ਦੇ ਪਿੜ ਵਿੱਚ ਆਪਣੀ ਵਿਲੱਖਣ ਥਾਂ ਬਣਾ ਲਈ ਹੈ। ਪੰਜਾਬੀ ਗਾਇਕੀ ਦਾ ਜੋ ਰੁਝਾਨ ਚੱਲ ਰਿਹਾ ਹੈ, ਉਸ ਵਿੱਚ ਕਿਸੇ ਵੀ ਥਾਂ ਤੇ ਕਿਸੇ ਗੰਭੀਰ ਸੋਚ, ਸਹਿਜ ਜਾਂ ਸੰਦੇਸ਼ ਦਾ ਝਲਕਾਰਾ ਨਹੀਂ ਮਿਲਦਾ।

ਗੁਰਦਾਸ ਮਾਨ ਨੇ ਆਪਣੇ ਕੁੱਝ ਗੀਤਾਂ ਵਿੱਚ ਮਨੁੱਖੀ ਸੁਭਾਅ ਅਤੇ ਫਿਤਰਤ ਬਾਰੇ ਸਮਾਜਿਕ ਟਿੱਪਣੀਆਂ ਕੀਤੀਆਂ ਹਨ, ਪਰ ਪੰਜਾਬ ਅਤੇ ਸਿੱਖ ਵਿਰਸੇ ਬਾਰੇ ਉਸ ਦੇ ਗੀਤਾਂ ਵਿੱਚੋਂ ਕੁੱਝ ਵੀ ਅਜਿਹਾ ਨਹੀਂ ਮਿਲਦਾ,  ਜਿਸ ਤੋਂ ਇਹ ਝਲਕਾਰਾ ਮਿਲਦਾ ਹੋਵੇ ਕਿ ਗੁਰਦਾਸ ਮਾਨ ਦਾ ਪੰਜਾਬ ਵਿੱਚ ਰਹਿ ਰਹੇ ਸਿੱਖਾਂ ਨਾਲ ਉਨ੍ਹਾਂ ਦੇ ਜੀਵਨ ਨਾਲ ਜਾਂ ਉਨ੍ਹਾਂ ਦੇ ਸੰਘਰਸ਼ ਨਾਲ ਕੋਈ ਗਹਿਰਾ ਲਗਾਅ ਹੈ।ਬਾਕੀ ਦੇ ਪੰਜਾਬੀ ਗਾਇਕ ਤਾਂ ਸਿਰਫ ਭੰਗੜਾ ਪਾਉਣ ਵਾਲੇ ਚੱਕਰ ਵਿੱਚ ਹੀ ਰੁਝੇ ਹੋਏ ਹਨ। ਬੱਬੂ ਮਾਨ ਨੇ ਸੱਭਿਆਚਾਰਕ ਗੀਤਾਂ ਵਿੱਚ ਵੀ ਲੀਹ ਤੋਂ ਹੱਟਵੇਂ ਗੀਤ ਲਿਖ ਕੇ ਆਪਣੀ ਗੀਤਕਾਰੀ ਦਾ ਸਿੱਕਾ ਮੰਨਵਾਇਆ ਸੀ ਅਤੇ ਹੁਣ ‘ਸਿੰਘ ਬੈਟਰ ਦੈਨ ਕਿੰਗ’ ਨਾਮੀ ਕੈਸਿਟ ਰਾਹੀਂ ਉਸ ਨੇ ਖਾਲਸਾ  ਪੰਥ ਦੇ ਉਸ ਦਰਦ ਨੂੰ ਬੋਲ ਦਿੱਤੇ ਹਨ, ਜਿਸਨੂੰ ਕੌਮ ਦਾ ਵੱਡਾ ਹਿੱਸਾ ਆਪਣੇ ਸੀਨੇ ਵਿੱਚ ਛੁਪਾਈ ਬੈਠਾ ਹੈ। ਸਥਾਪਤੀ ਦੇ ਉ¤ਚ ਡੰਡੇ ਤੇ ਬੈਠੇ ਬੱਬੂ ਮਾਨ ਵੱਲੋਂ ਇਸ ਮੁਕਾਮ ’ਤੇ ਪਹੁੰਚ ਕੇ ਵੀ ਪੰਜਾਬ ਲਈ ਸ਼ਹਾਦਤਾਂ ਪਾ ਗਏ ਸਿੱਖ ਨੌਜਵਾਨਾਂ ਦੇ ਦਰਦ ਦੀ ਗੱਲ ਕਰਨੀ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ।

ਦਾਅਵਿਆਂ ਦੀ ਦੌੜ ਵਿੱਚ
ਪੰਜਾਬ ਪਿੱਛੇ ਰਹਿ ਗਿਆ
ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ
ਦੇਸ਼ ਦੀ ਆਜ਼ਾਦੀ ਕੱਲਾ ਗਾਂਧੀ ਕਿਵੇਂ ਲੈ ਗਿਆ
ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ ਝੂਠੇ ਇਤਿਹਾਸ ਉ¤ਤੇ ਮੋਹਰ  ਕਿਵੇਂ ਲਾਵਾਂ ਮੈਂ।
ਨਿਰਸੰਦੇਹ ਬੱਬੂ ਮਾਨ ਦਾ ਇਹ ਗੀਤ ਉਸ ਦੇ ਸਿੱਖ ਵਿਰਸੇ ਨਾਲ ਗੂੜ੍ਹੀ ਤਰ੍ਹਾਂ ਜੁ²ੜੇ ਹੋਣ ਅਤੇ ਪੰਜਾਬ ਨਾਲ ਹੋਈਆਂ ਸਿਆਸੀ ਬੇਈਮਾਨੀਆਂ ਦੀ ਸਪੱਸ਼ਟ ਬਾਤ ਪਾਉਂਦਾ ਹੈ। ਪੰਜਾਬੀ ਦਾ ਕੋਈ ਵੀ ਗਾਇਕ ਅੱਜ ਤੱਕ ਇਹ ਸਪੱਸ਼ਟ ਲਕੀਰ ਮਾਰ ਕੇ ਨਹੀਂ ਤੁਰ ਸਕਿਆ। ਭਾਰਤੀ ਸਟੇਟ ਨਾਲ ਪੰਜਾਬ ਦੇ ਰਿਸ਼ਤੇ ਬਾਰੇ ਅਤੇ ਪੰਜਾਬ ਨਾਲ ਹੋਈਆਂ ਵਧੀਕੀਆਂ ਬਾਰੇ ਕਿਸੇ ਪੰਜਾਬੀ ਗਾਇਕ ਦਾ ਇੰਨਾ ਸਪੱਸ਼ਟ ਸਟੈਂਡ ਲੈਣ ਦੀ ਇਹ ਸ਼ਾਇਦ ਪਹਿਲੀ ਘਟਨਾ ਹੈ।  ਵਰਨਾ ਪੰਜਾਬੀ ਗਾਇਕੀ ਸਿਰਫ ਗਿੱਦੜ ਟਪੂਸੀਆਂ ਮਾਰਨ ਦਾ ਨਾਂਅ ਬਣ ਕੇ ਹੀ ਰਹਿ ਗਈ ਹੈ। ਕਰਮ ਚੰਦ ਗਾਂਧੀ ਦੇ ‘ਮਹਾਤਮਾ’ ਬਣ ਜਾਣ ਦਾ ਦਰਦ ਬੱਬੂ ਮਾਨ ਨੇ ਉਸੇ ਤਰ੍ਹਾਂ ਮਹਿਸੂਸ ਕੀਤਾ ਹੈ ਜਿਵੇਂ ਖਾਲਸਾਈ ਸੱਭਿਆਚਾਰ ਨਾਲ ਜੁੜਿਆ ਹੋਇਆ ਕੋਈ ਆਮ ਸਿੱਖ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ ਅਤੇ ਸਿੱਖੀ ਨਾਲ ਜੁੜੇ ਹੋਏ ਅੰਮ੍ਰਿਤਧਾਰੀ ਗਦਰੀ ਬਾਬਿਆਂ ਦੀ ਅਦੁੱਤੀ ਸ਼ਹੀਦੀ ਦੇ ਮੁਕਾਬਲੇ ਭਾਰਤ ਦੀ ਬਹੁਗਿਣਤੀ ਵੱਲੋਂ ਸਿਰਫ ਭਗਤ ਸਿੰਘ ਨੂੰ ਅਪਨਾ ਕੇ ਹੀਰੋ ਵੱਜੋਂ ਪੇਸ਼ ਕਰਨ ਪਿੱਛੇ ਕੰਮ ਕਰਦੀ ਗੰਦੀ ਰਾਜਨੀਤੀ ਨੂੰ ਵੀ ਬੱਬੂ ਮਾਨ ਦੀ ਅੱਖ ਸਪੱਸ਼ਟ ਦੇਖ ਰਹੀ ਹੈ। ਇਸੇ ਤਰ੍ਹਾਂ ਖੁਦਕੁਸ਼ੀਆਂ ਕਰ ਰਹੀ ਪੰਜਾਬ ਦੀ ਕਿਸਾਨੀ ਨਾਲ ਸੈਂਟਰ ਸਰਕਾਰ ਦੇ ਧੱਕੇ ਦੀ ਗੱਲ ਕਰਦਿਆਂ ਬੱਬੂ ਮਾਨ ਸਪੱਸ਼ਟ ਰੂਪ ਨਾਲ ਖਾਲਸਾਈ ਸੱਭਿਆਚਾਰ ਨਾਲ ਜਾ ਖੜ੍ਹਦਾ ਹੈ।
ਪ੍ਰਸਿੱਧ ਪੱਤਰਕਾਰ ਅਤੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਬੱਬੂ ਮਾਨ ਨੂੰ ਇਸ ਦਹਾਕੇ ਦੀ ਪੰਜਾਬੀ ਗਾਇਕੀ ਦਾ ਸੁਭਾਗ ਆਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਦੀ ਗਾਇਕੀ ਵਿੱਚ ਇੱਕ ਸਹਿਜ, ਸਥਿਰਤਾ ਅਤੇ ਸੁਨੇਹਾ ਮੌਜੂਦ ਹੈ। ਇਸੇ ਲਈ ਉਹ ਭੀੜ ਵਿੱਚ ਨਹੀਂ ਗਵਾਚਿਆ। ਵਾਕਿਆ ਹੀ ਸਿੱਖ ਸ਼ਹੀਦਾਂ ਦੇ ਲਹੂ ਨਾਲ ਰੰਗੀ ਹੋਈ ਧਰਤੀ ਤੇ ਜੰਮਿਆ ਪਲਿਆ ਬੱਬੂ ਮਾਨ ਭੀੜ ਤੋਂ ਹਟ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਪ੍ਰਤੀਤ ਹੋ ਰਿਹਾ ਹੈ।  ‘ਸਿੰਘ ਬੈਟਰ ਦੈਨ ਕਿੰਗ’ ਵਿੱਚ ਉਸ ਨੇ ਜਿੱਥੇ ਆਪਣੀ ਗਾਇਕੀ ਅਤੇ ਗੀਤਕਾਰੀ ਦਾ ਲੋਹਾ ਮੰਨਵਾਇਆ ਹੈ। ਉ¤ਥੇ ਉਸ ਨੇ ਇਸ ਕੈਸਿਟ ਰਾਹੀਂ ਆਪਣੀ ਨਿਖਰੀ ਹੋਈ ਸਿਆਸੀ ਸੂਝ ਦਾ ਵੀ ਬੇਖੌਫ ਮੁਜਾਹਰਾ ਕੀਤਾ ਹੈ।
ਇੱਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆਂ ਗਾਹਤੀ
ਇੱਕ ਅੱਜ ਦੇ ਬਾਬੇ ਨੇ ਬੱਤੀ ਲਾਲ ਗੱਡੀ ’ਤੇ ਲਾਤੀ।
ਬਹੁਤ ਹੀ ਟਿਕਾਅ ਅਤੇ ਸਹਿਜ ਵਿੱਚ ਗਾਏ ਗਏ ਗੀਤ ਰਾਹੀਂ ਬੱਬੂ ਮਾਨ ਨੇ ਸਿੱਖ ਪੰਥ ਵਿੱਚ ਪੈਦਾ ਹੋ ਰਹੇ ਡੇਰਾਵਾਦ ਅਤੇ ਸਿੱਖੀ ਦੇ ਨਾਂਅ ਤੇ ਚੱਲਦੇ ਕਾਰੋਬਾਰ ਦਾ ਪਾਜ਼ ਨੰਗਾ ਕੀਤਾ ਹੈ, ਜਿਹੜੇ ਵਿਚਾਰੇ ਕੁੱਝ ਵੀ ਨਹੀਂ  ਸਨ ਅਤੇ ਨਾ ਹੀ ਕੁੱਝ ਹਨ, ਉਹ ਰੱਬ ਬਣ ਬੈਠੇ ਹਨ, ਪਰ ਜਿਹੜੇ ਖਾਲਸਾ  ਪੰਥ ਦੇ ਗਹਿਰ-ਗੰਭੀਰ ਕਾਫਲੇ ਦੇ ਵਾਰਸ ਸਨ, ਉਹ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਜਿਹੜੇ ਸਰਕਾਰ ਖਿਲਾਫ ਹਿੱਕਾਂ ਡਾਹ ਕੇ ਖੜ੍ਹੇ ਹਨ, ਉਹ ਤਰੀਕਾਂ ਭੁਗਤਦੇ ਫਿਰਦੇ ਹਨ, ਪਰ ਸਿੱਖੀ ਦੇ ਨਾਂਅ ਤੇ ਡੰਕੇ ਵਜਾਉਣ ਵਾਲੇ ਹੁਕਮਾਂ ਵਰਗੀ ਤਰਜ਼ੇ ਜ਼ਿੰਦਗੀ ਜੀਅ ਰਹੇ ਹਨ।
ਆਪਣੇ ਇੱਕ ਹੋਰ ਗੀਤ
ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ…।
ਰਾਹੀਂ ਬੱਬੂ ਮਾਨ ਨੇ ਖਾਲਸਾ ਪੰਥ ਵੱਲੋਂ ਆਪਣੇ ਅਕੀਦੇ ਅਤੇ ਵਿਰਸੇ ਦੀ ਸੰਭਾਲ ਲਈ ਲਾਈ ਸ਼ਹਾਦਤਾਂ ਦੀ ਝੜੀ ਦੀ ਗੱਲ ਕੀਤੀ ਹੈ। ਸਰਦਾਰ ਹਰੀ ਸਿੰਘ ਨਲੂਆ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਤੀ ਦਾਸ, ਭਾਈ ਦਿਆਲਾ ਸਿੰਘ ਜੀ ਦਾ ਜ਼ਿਕਰ ਕਰਦਾ-ਕਰਦਾ ਬੱਬੂ ਮਾਨ ਵਰਤਮਾਨ ਸਮੇਂ ਦੀ ਸਿੱਖ ਸ਼ਹੀਦਾਂ ਦੀ ਗੱਲ ਵੀ ਡਟ ਕੇ ਕਰਦਾ ਹੈ। ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੁਰੰਗ ਪੁੱਟ ਕੇ ਜੇਲ੍ਹ ਵਿੱਚੋਂ  ਫਰਾਰ ਹੋ ਜਾਣ ਦੇ ਇਤਿਹਾਸਕ ਕਾਰਨਾਮੇ ਨੂੰ ਵੀ ਬੱਬੂ ਮਾਨ ਨੇ ਪੁਰਾਤਨ ਸ਼ਹੀਦਾਂ ਦੀ ਕੁਰਬਾਨੀ ਦੇ ਬਰਾਬਰ ਸਲਾਹਿਆ ਹੈ।
ਸੁਰੰਗਾਂ ਪੱਟ ਕੇ ਨਿਕਲ ਗਏ ਅਗਲੇ ਕਾਹਨੂੰ ਡੱਕਦੀਆਂ ਜੇਲ੍ਹਾਂ ਦਾ ਜ਼ਿਕਰ ਕਰਕੇ ਉਸ ਨੇ ਆਪਣੇ ਗਵਾਂਢੀ ਪਿੰਡ ਦੇ ਸਿੱਖ ਜੁਝਾਰੂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਦਲੇਰੀ ਨੂੰ ਪ੍ਰਣਾਮ ਕੀਤਾ ਹੈ। ਪੰਜਾਬੀ ਗਾਇਕੀ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਇੰਨੇ ਵੱਡੇ ਸਥਾਪਤ ਗਾਇਕ ਨੇ ਸਿੱਖ ਵਿਰਸੇ ਨਾਲ ਆਪਣੀ ਵਫਾ ਕਮਾਈ ਹੈ।
ਕਈ ਵਾਰ ਕੌਮਾਂ ਦੇ ਸੀਨੇ ’ਤੇ ਲੱਗੇ ਵੱਡੇ ਫਟ ਸਦੀਆਂ ਤੱਕ ਕੌਮਾਂ ਦੇ ਦਿਲ ਦਾ ਦਰਦ ਬਣ ਜਾਂਦੇ ਹਨ। ਬੱਬੂ ਮਾਨ ਜਿਸ ਇਲਾਕੇ ਵਿੱਚ ਜੰਮਿਆ ਪਲਿਆ ਹੈ, ਉਹ ਖਾੜਕੂ ਸਿੱਖ ਸੰਘਰਸ਼ ਦੀ ਬਹੁਤ ਹੀ ਵੱਡੀ ਕਰਮ ਭੂਮੀ ਹੈ। ਇਸ ਇਲਾਕੇ ਨੇ ਭਾਈ ਜਗਤਾਰ ਸਿੰਘ ਹਵਾਰਾ ਤੋਂ ਬਿਨਾਂ ਭਾਈ ਬਲਦੇਵ ਸਿੰਘ ਹਵਾਰਾ, ਭਾਈ ਚਰਨਜੀਤ ਸਿੰਘ ਚੰਨੀ, ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਖੰਟ ਮਾਨਪੁਰ ਪਿੰਡ ਦੇ ਹੀ ਬਹੁਤ ਦਲੇਰ ਅਤੇ ਸਾਊ ਖਾੜਕੂ ਸਿੰਘ ਭਾਈ ਜਸਵੀਰ ਸਿੰਘ ਲਾਲੀ ਖੰਟ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਪੰਥ ਨਾਲ ਹੋਏ ਧੱਕਿਆਂ ਦੇ ਖਿਲਾਫ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦੀਆਂ ਪਾਈਆਂ। ਸ਼ਾਇਦ ਉਨ੍ਹਾਂ ਯੋਧਿਆਂ ਦੀ ਸ਼ਹੀਦੀ ਹੋਰ ਦਰਦਮੰਦ ਸਿੱਖਾਂ ਵਾਂਗ ਬੱਬੂ ਮਾਨ ਦੇ ਸੀਨੇ ਵਿੱਚ ਵੀ ਸੱਲ੍ਹ ਪਾਉਂਦੀ ਹੋਵੇਗੀ।
ਗੁਲਾਮੀ ਜਾਂ ਵਿਦੇਸ਼ੀ ਤਾਕਤਾਂ ਦੇ ਕਬਜ਼ੇ ਹੇਠ ਰਹਿ ਰਹੀਆਂ ਕੌਮਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਬਾਰੇ ਬਹੁਤ ਹੀ ਗੰਭੀਰ ਖੋਜ ਕਾਰਜ ਕਰਨ ਵਾਲੇ ਇਤਿਹਾਸਕਾਰ ਜੇਮਜ਼ ਸੀ ਸਕਾਟ ਦਾ ਮੰਨਣਾ ਹੈ ਕਿ ਗੁਲਾਮੀ ਜਾਂ ਗੁਲਾਮੀ ਵਰਗੇ ਹਾਲਾਤਾਂ  ਵਿੱਚ ਰਹਿਣ ਵਾਲੀਆਂ ਕੌਮਾਂ ਦਾ ਦਿਲ ਅਤੇ ਜਿਗਰਾ ਬਹੁਤ ਵੱਡਾ ਹੁੰਦਾ ਹੈ ਅਤੇ ਉਹ ਕਈ-ਕਈ ਦਹਾਕੇ ਸਧਾਰਨ ਜ਼ਿੰਦਗੀ ਜੀਉਣ ਦੇ ਬਾਵਜੂਦ ਵੀ ਕਿਸੇ ਨੂੰ ਆਪਣੇ ਦਿਲ  ਅਤੇ ਆਤਮਾ ਵਿੱਚ ਵੱਸੀ ਹੋਈ ਗੱਲ ਦਾ ਭੇਤ ਨਹੀਂ ਦਿੰਦੀਆਂ। ਅਜਿਹੀਆਂ ਕੌਮਾਂ ਆਪਣੀ ਆਜ਼ਾਦੀ ਦੀ ਤਾਂਘ ਹਮੇਸ਼ਾਂ ਹੀ ਆਪਣੇ ਦਿਲ ਵਿੱਚ ਵਸਾ ਕੇ ਰੱਖਦੀਆਂ ਹਨ। ਕਬਜ਼ੇ ਖਿਲਾਫ ਜੰਗ ਵਿੱਚ ਨਿਤਰੇ ਅਤੇ ਸ਼ਹੀਦ ਹੋ ਗਏ ਸੂਰਬੀਰਾਂ ਦੀ ਯਾਦ ਕੌਮਾਂ ਦੇ ਮਨ ਵਿੱਚ ਹਮੇਸ਼ਾਂ ਬਣੀ ਰਹਿੰਦੀ ਹੈ।
ਸ਼ਾਇਦ ਇਸੇ ਲਈ ਬੱਬੂ ਮਾਨ ਆਪਣੇ ਅਗਲੇ ਗੀਤ ਵਿੱਚ ਕੌਮ ਦੇ ਸ਼ਹੀਦਾਂ ਦੀ ਗੱਲ ਕਰਦਾ ਕਹਿੰਦਾ ਹੈ।
ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ
ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ।
ਇਸੇ ਗੀਤ ਵਿੱਚ ਉਹ ਸਮੇਂ ਦੀ ਬੇਵਫਾਈ ਤੇ ਟਕੋਰ ਕਰਦਾ ਹੋਇਆ ਸਿੱਖ ਕੌਮ ਵੱਲੋਂ ਭੁਲਾ ਦਿੱਤੇ ਗਏ ਆਪਣੇ ਹੀਰਿਆਂ ਦਾ ਉਲਾਂਭਾ ਦਿੰਦਾ ਹੈ-
ਜਿਹੜਾ ਧਰਮ ਲਈ ਮਰਦੈ
ਉਹਨੂੰ ਕਿੱਥੇ ਯਾਦ ਕੋਈ ਕਰਦੈ
ਜਿਹੜਾ ਪਾਵਰ ਵਿੱਚ ਹੁੰਦਾ ਉਸਦਾ ਹਰ ਕੋਈ ਪਾਣੀ ਭਰਦੈ
ਸਾਡੀ ਹਾਲਤ ਇਹ ਬਣ ਗਈ ਜਿਵੇਂ ਸੰਣਘ ’ਤੇ ਦੱਥੇ ਟੰਗੇ
ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ
ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ
ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਹੀ ਬੈਠੇ ਮੌਕਾਪ੍ਰਸਤ ਲੀਡਰਾਂ ਲਈ ਇਹ ਵੱਡਾ ਮਿਹਣਾ ਹੈ। ਬੱਬੂ ਮਾਨ ਦੀ ਗੀਤਕਾਰੀ ਸਿਰਫ ਕਿਸੇ ਭਾਵੁਕ ਜਿਹੇ ਜਜ਼ਬਾਤ ਦੀ ਹੀ ਉਪਜ ਨਹੀਂ ਹੈ, ਬਲਕਿ ਉਹ ਸਿਆਸੀ ਤੌਰ ’ਤੇ ਇੱਕ ਸੁਚੇਤ ਵਿਦਿਆਰਥੀ ਵਾਂਗ ਟਿੱਪਣੀਆਂ ਕਰਦਾ ਹੈ। ਇਸੇ ਗੀਤ ਵਿੱਚ ਉਹ ਅੱਗੇ ਜਾ ਕੇ ਲਿਖਦਾ ਹੈ-
ਮਾਂ-ਪਿਓ ਮਰਵਾ ਲਏ ਨੇ
ਇੱਜਤ ਭੈਣਾਂ ਦੀ ਲੁਟਵਾਈ
ਇਹ ਲੋਕੀਂ ਦਿੰਦੇ ਨੇ ਕਿਸ ਪੰਜਾਬੀ ਦੀ ਦੁਹਾਈ
ਇਸ ਛੰਦ ਨਾਲ ਬੱਬੂ ਮਾਨ ਸਿੱਖ ਪੰਥ ਦੇ ਆਪਣੇ ਵਿਲੱਖਣ ਅਤੇ ਇਤਿਹਾਸਕ ਵਿਰਸੇ ਦੇ ਮੁਕਾਬਲੇ ਸਟੇਟ ਵੱਲੋਂ ਅਤੇ ਉਸਦੇ ਚਮਚਿਆਂ ਵਲੋਂ ਫੈਲਾਈ ਜਾ ਰਹੀ ਨਿਪੁੰਸਕ ਜਿਹੀ ਪੰਜਾਬੀਅਤ ਦਾ ਪਾਜ ਉਘੇੜਿਆ ਹੈ। ਕਿਸੇ ਪੰਜਾਬੀ ਗਾਇਕੀ ਵੱਲੋਂ ਪੰਜਾਬ ਦੇ ਰਾਜਨੀਤਕ  ਵਿਰਸੇ ਬਾਰੇ ਇੰਨਾ ਸੁਚੇਤ ਸਟੈਂਡ ਲੈਣਾ ਬਹੁਤ ਮਹੱਤਵਪੂਰਨ ਕਾਰਜ ਹੈ। ਖਾੜਕੂ ਸਿੱਖ ਲਹਿਰ ਦੌਰਾਨ ਮਹਿਜ ਪੁਲਿਸ ਵਿੱਚ ਨੌਕਰੀ ਕਰਨ ਕਰਕੇ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਦਰਦ ਨੂੰ ਬੱਬੂ ਮਾਨ  ਨੇ ਬਾਖੂਬ ਪੇਸ਼ ਕੀਤਾ ਹੈ। ਇਸ ਬੰਦ ਰਾਹੀਂ ਉਸ ਨੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਈ ਖਾੜਕੂ ਸਿੱਖ ਲਹਿਰ ਦਾ ਇੱਕ ਪਿਆਰੇ ਦੋਸਤ ਵਾਂਗ ਮੁਤਾਲਿਆ ਕਰਨ ਦਾ ਯਤਨ ਕੀਤਾ ਹੈ। ਅਜਿਹਾ ਕਰਦਿਆਂ ਉਹ ਸਟੇਟ ਦਾ ਧੁਤੂ ਬਣੇ ਕਾਮਰੇਡਾਂ ਵਾਂਗ ਲਲਕਾਰੇ ਮਾਰਦਾ ਨਜ਼ਰ ਨਹੀਂ ਆਇਆ।
ਆਪਸ ਵਿੱਚ ਮਰ ਮਰ ਕੇ ਦੱਸੋ ਖੱਟੀ ਕੀ ਕਮਾਈ
ਜਿਹੜੀ ਪੁਲਸ ਵੀ ਮਰੀ ਹੈ ਉਹ ਵੀ ਸੀ ਸਾਡੇ ਭਾਈ
ਸਿੱਖ ਵਿਰਸੇ ਨੂੰ ਖੋਰ ਕੇ ਅਤੇ ਢਾਹ ਕੇ ਉਸਾਰੇ ਜਾ ਰਹੇ ਸੰਗਮਰਮਰੀ ਗੁਰਦੁਆਰਿਆਂ ਬਾਰੇ ਵੀ ਬੱਬੂ ਮਾਨ ਇੱਕ ਸੁਚੇਤ ਸਿੱਖ ਵਾਂਗ ਦਰਦ ਮਹਿਸੂਸ ਕਰਦਾ ਹੈ। ਉਸ ਨੂੰ ਖਾਲਸਾ ਪੰਥ ਦੇ ਮਹਾਨ ਵਿਰਸੇ ਚੱਪੜ-ਚਿੜੀ ਦੇ ਮੈਦਾਨ ਦੇ ਗੁਆਚ ਜਾਣ ਦਾ ਦਰਦ ਵੱਢ-ਵੱਢ ਖਾ ਰਿਹਾ ਹੈ। ਦੀਵਾਨ ਟੋਡਰ ਮੱਲ  ਦੀ ਹਵੇਲੀ ਨਾਲ ਪਿਆਰ ਕਰਨ ਦਾ ਹੋਕਾ ਵੀ ਬੱਬੂ ਮਾਨ ਇਸ ਕੈਸਿਟ ਰਾਹੀਂ ਦਿੰਦਾ ਹੈ। ਸਮੁੱਚੇ ਰੂਪ ਵਿੱਚ ਆਖਿਆ ਜਾ ਸਕਦਾ ਹੈ ਕਿ ਬੱਬੂ ਮਾਨ ਦੇ ਸਥਾਪਤੀ ਦੇ ਇਸ ਮੁਕਾਮ ’ਤੇ ਪਹੁੰਚ ਕੇ ਵੀ ਸਿੱਖ ਵਿਰਸੇ ਨਾਲ ਆਪਣੇ ਮੋਹ ਨੂੰ ਟੁੱਟਣ ਨਹੀਂ ਦਿੱਤਾ ਹੈ। ਖਾਲਸਾਈ ਕਾਜ਼ ਲਈ ਜੂਝ ਕੇ ਸ਼ਹਾਦਤਾਂ ਪਾ ਗਏ ਸੂਰਮਿਆਂ ਦੀ ਯਾਦ ਹਮੇਸ਼ਾਂ ਲਈ ਦਰਦਮੰਦ ਸਿੱਖਾਂ ਵਾਂਗ ਉਸ ਦੀ ਰੂਹ ਦਾ ਹਿੱਸਾ ਬਣ ਗਈ ਹੈ। ਸਿੱਖ ਮਾਨਸਿਕਤਾ ’ਤੇ ਲੱਗੇ ਜ਼ਖਮਾਂ ਨੂੰ ਇਸ ਤਰ੍ਹਾਂ ਬੋਲ ਦੇਣ ਦੀ ਜ਼ਿਮੇਵਾਰੀ ਵੈਸੇ ਤਾਂ ਹਰ ਸਿੱਖ ਇਤਿਹਾਸਕਾਰ, ਪੱਤਰਕਾਰ, ਕਵੀ, ਲਿਖਾਰੀ ਅਤੇ ਗਾਇਕ ਦੀ ਹੈ, ਪਰ ਹਵਾ ਦੇ ਉਲਟ ਚੱਲਣ ਦਾ ਜਿਗਰਾ ਕਿਸੇ ਕਿਸੇ ਵਿੱਚ ਹੀ ਹੁੰਦਾ ਹੈ। ਆਪਣੀ ਨਵੀਂ ਕੈਸਿਟ ਰਾਹੀਂ ਬੱਬੂ ਮਾਨ ਨੇ ਸਿੱਖੀ ਨਾਲ ਆਪਣੀ ਸਾਂਝ ਦੀ ਗਵਾਹੀ ਦੇ ਦਿੱਤੀ ਹੈ।