ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਮੰਦਰ ਦੇ ਪਾਵਨ ਅਸਥਾਨ ਦੇ ਬਾਹਰ ਪੂਜਾ ਕਰਨ ਤੇ ਕਿਉਂ ਛਿੜਿਆ ਵਿਵਾਦ
cc3ba990-142d-11ee-816c-eb33efffe2a0.jpgਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੰਗਲਵਾਰ (20 ਜੂਨ) ਨੂੰ ਦਿੱਲੀ ਦੇ ਸ਼੍ਰੀ ਜਗਨਨਾਥ ਮੰਦਰ ''ਚ ਪੂਜਾ ਕੀਤੀ ਸੀ, ਜਿਸ ਦੀ ਇੱਕ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਬਹਿਸ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਦਿੱਲੀ ਦੇ ਹੌਜ਼ ਖਾਸ ਸਥਿਤ ਸ਼੍ਰੀ ਜਗਨਨਾਥ ਮੰਦਿਰ ਦੇ ਦਰਸ਼ਨ ਕਰਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ। ਦਰਅਸਲ, 20 ਜੂਨ ਨੂੰ ਆਪਣੇ 65ਵੇਂ ਜਨਮ ਦਿਨ ਅਤੇ ਜਗਨਨਾਥ ਰਥ ਯਾਤਰਾ 2023 ਦੇ ਮੌਕੇ ''ਤੇ ਰਾਸ਼ਟਰਪਤੀ ਮੁਰਮੂ ਹੌਜ਼ ਖ਼ਾਸ ਸਥਿਤ ਜਗਨਨਾਥ ਮੰਦਰ ਗਏ ਸਨ। ਉੱਥੇ ਪੂਜਾ ਕਰਦੇ ਹੋਏ ਉਨ੍ਹਾਂ ਦੀ ਇੱਕ ਤਸਵੀਰ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਾਰੀ ਕੀਤੀ ਗਈ। ਟਵਿੱਟਰ ''ਤੇ ਉਨ੍ਹਾਂ ਨੇ ਰੱਥ ਯਾਤਰਾ ਦੀ ਸ਼ੁਰੂਆਤ ''ਤੇ ਵਧਾਈ ਵੀ ਦਿੱਤੀ ਸੀ।
e8074b20-142d-11ee-816c-eb33efffe2a0.jpgਇਸ ਤਸਵੀਰ ''ਚ ਦੇਖਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੰਦਰ ਦੇ ਪਾਵਨ ਅਸਥਾਨ ਦੇ ਦਰਵਾਜ਼ੇ ਦੇ ਬਾਹਰ ਹੱਥ ਜੋੜ ਕੇ ਖੜ੍ਹੇ ਹਨ ਅਤੇ ਪੁਜਾਰੀ ਅੰਦਰ ਪੂਜਾ ਕਰ ਰਹੇ ਹਨ।

ਪਵਿੱਤਰ ਅਸਥਾਨ ਦੇ ਬਾਹਰੋਂ ਪੂਜਾ ਕਰਨ ਦੀ ਉਨ੍ਹਾਂ ਦੀ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਕਈ ਲੋਕਾਂ ਨੇ ਸਵਾਲ ਚੁੱਕੇ ਹਨ।

ਕੁਝ ਲੋਕ ਇਲਜ਼ਾਮ ਲਗਾ ਰਹੇ ਹਨ ਕਿ ਅਨੁਸੂਚਿਤ ਜਨਜਾਤੀ ਭਾਈਚਾਰੇ ਤੋਂ ਹੋਣ ਕਾਰਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮੰਦਰ ਦੇ ਪਾਵਨ ਅਸਥਾਨ ''ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ।

ਕਈ ਕੇਂਦਰੀ ਮੰਤਰੀਆਂ ਨੇ ਕੀਤੀ ਹੈ ਪੂਜਾ

ਸੋਸ਼ਲ ਮੀਡੀਆ ''ਤੇ ਰਾਸ਼ਟਰਪਤੀ ਮੁਰਮੂ ਦੇ ਨਾਲ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਧਰਮਿੰਦਰ ਪ੍ਰਧਾਨ ਦੀਆਂ ਤਸਵੀਰਾਂ ਵੀ ਟਵੀਟ ਕੀਤੀਆਂ ਜਾ ਰਹੀਆਂ ਹਨ, ਜਿਸ ''ਚ ਦੋਵੇਂ ਵੱਖ-ਵੱਖ ਸਮੇਂ ''ਤੇ ਮੰਦਰ ਦੇ ਪਾਵਨ ਅਸਥਾਨ ''ਚ ਪੂਜਾ ਕਰਦੇ ਨਜ਼ਰ ਆ ਰਹੇ ਹਨ।

ਪੁੱਛਿਆ ਜਾ ਰਿਹਾ ਹੈ ਕਿ ਜਦੋਂ ਅਸ਼ਵਨੀ ਵੈਸ਼ਨਵ ਅਤੇ ਧਰਮਿੰਦਰ ਪ੍ਰਧਾਨ ਪਾਵਨ ਅਸਥਾਨ ''ਚ ਪੂਜਾ ਕਰ ਸਕਦੇ ਹਨ ਤਾਂ ਰਾਸ਼ਟਰਪਤੀ ਮੁਰਮੂ ਕਿਉਂ ਨਹੀਂ।

ਦਿ ਦਲਿਤ ਵਾਇਸ ਨਾਮ ਦੇ ਟਵਿੱਟਰ ਹੈਂਡਲ ਨੇ ਅਸ਼ਵਿਨੀ ਵੈਸ਼ਨਵ ਅਤੇ ਪ੍ਰਧਾਨ ਦ੍ਰੋਪਦੀ ਮੁਰਮੂ ਦੀਆਂ ਤਸਵੀਰਾਂ ਟਵੀਟ ਕੀਤੀਆਂ ਅਤੇ ਲਿਖਿਆ, “ਅਸ਼ਵਿਨੀ ਵੈਸ਼ਨਵ (ਰੇਲਵੇ ਮੰਤਰੀ) – ਇਜਾਜ਼ਤ। ਦ੍ਰੋਪਦੀ ਮੁਰਮੂ (ਰਾਸ਼ਟਰਪਤੀ) - ਇਜਾਜ਼ਤ ਨਹੀਂ ਹੈ।

ਟਵੀਟ

ਸੀਨੀਅਰ ਪੱਤਰਕਾਰ ਦਿਲੀਪ ਮੰਡਲ ਨੇ ਵੀ ਦ੍ਰੋਪਦੀ ਮੁਰਮੂ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਤਸਵੀਰ ਟਵੀਟ ਕੀਤੀ ਹੈ।

ਉਨ੍ਹਾਂ ਨੇ ਲਿਖਿਆ, “ਦਿੱਲੀ ਦੇ ਜਗਨਨਾਥ ਮੰਦਿਰ ਵਿੱਚ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਮੰਦਿਰ ਦੇ ਅੰਦਰ ਪੂਜਾ ਕਰ ਰਹੇ ਹਨ ਅਤੇ ਮੂਰਤੀਆਂ ਨੂੰ ਛੂਹ ਰਹੇ ਹਨ। ਪਰ ਇਹ ਚਿੰਤਾ ਦੀ ਗੱਲ ਹੈ ਕਿ ਇਸੇ ਮੰਦਿਰ ਵਿੱਚ ਰਾਸ਼ਟਰਪਤੀ ਮੁਰਮੂ, ਜੋ ਭਾਰਤ ਦੇ ਗਣਰਾਜ ਦੇ ਪਹਿਲੇ ਨਾਗਰਿਕ ਹਨ, ਨੂੰ ਬਾਹਰੋਂ ਪੂਜਾ ਕਰਨ ਦਿੱਤੀ ਜਾ ਰਹੀ ਹੈ।"

ਉਨ੍ਹਾਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ ਅਤੇ ਨਾਲ ਹੀ ਕਿਹਾ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਪੁਜਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

ਟਵੀਟ

ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਵਾਈਐੱਸ ਰੈੱਡੀ ਨੇ ਵੀ ਟਵੀਟ ਕਰਕੇ ਇਸ ''ਤੇ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, "ਰਾਸ਼ਟਰਪਤੀ ਮੁਰਮੂ ਜੀ ਨੂੰ ਮੰਦਿਰ ਦੇ ਅੰਦਰ ਕਿਉਂ ਨਹੀਂ ਜਾਣ ਦਿੱਤਾ ਗਿਆ? ਜਦਕਿ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਅੰਦਰ ਜਾਣ ਦਿੱਤਾ ਗਿਆ। ਲਗਾਤਾਰ ਇਹ ਵਿਤਕਰਾ ਕਿਉਂ?

ਟਵੀਟ

ਮਹਾਵਿਕਾਸ ਅਗਾੜੀ ਨੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬੀਆਰ ਅੰਬੇਡਕਰ ਦਾ ਹਵਾਲਾ ਦਿੰਦੇ ਹੋਏ, ਇਸ ''ਤੇ ਸਵਾਲ ਖੜ੍ਹੇ ਕੀਤੇ ਅਤੇ ਲਿਖਿਆ, "ਜੋ ਦਿਸ਼ਾ ਪਸੰਦ ਹੈ ਉਸ ਵੱਲ ਜਾਓ, ਪਰ ਜਾਤ ਇੱਕ ਰਾਖਸ਼ ਹੈ ਜੋ ਹਰ ਜਗ੍ਹਾ ਤੁਹਾਡੇ ਰਾਹ ਵਿੱਚ ਆਉਂਦੀ ਰਹੇਗੀ।"

ਟਵੀਟ

ਇਹ ਮੁੱਦਾ ਬਣਾਉਣ ਦੀ ਵੀ ਕਈ ਲੋਕ ਨਿੰਦਾ ਕਰ ਰਹੇ ਹਨ

ਕਈ ਟਵਿੱਟਰ ਯੂਜ਼ਰਸ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਇਸ ਤਸਵੀਰ ਦੀ ਆਲੋਚਨਾ ਕਰ ਰਹੇ ਹਨ ਅਤੇ ਮੰਦਰ ਪ੍ਰਸ਼ਾਸਨ ''ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਰਾਸ਼ਟਰਪਤੀ ਮੁਰਮੂ ਨੇ ਪਹਿਲਾਂ ਵੀ ਕਈ ਮੰਦਰਾਂ ਦੇ ਪਾਵਨ ਅਸਥਾਨ ''ਚ ਪੂਜਾ ਕੀਤੀ ਹੈ।

ਲੇਖਕ ਕਾਰਤੀਕੇਯ ਤੰਨਾ ਨੇ ਦੇਵਘਰ ਦੇ ਵੈਦਿਆਨਾਥ ਮੰਦਿਰ ਅਤੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਿਰ ਵਿੱਚ ਮੁਰਮੂ ਦੀ ਪੂਜਾ ਕਰਨ ਦੀਆਂ ਤਸਵੀਰਾਂ ਟਵੀਟ ਕੀਤੀਆਂ।

ਟਵੀਟ

ਦੂਜੇ ਪਾਸੇ ਇਸ਼ਿਤਾ ਨਾਂ ਦੇ ਟਵਿੱਟਰ ਯੂਜ਼ਰ ਨੇ ਵੀ ਦੇਵਘਰ ਅਤੇ ਵਾਰਾਣਸੀ ਦੀਆਂ ਤਸਵੀਰਾਂ ਟਵੀਟ ਕਰਦਿਆਂ ਹੋਇਆ ਲਿਖਿਆ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਾਰੇ ''ਝੂਠੀਆਂ ਖਬਰਾਂ ਫੈਲਾਉਣੀਆਂ ਬੰਦ ਕਰਨੀਆਂ ਚਾਹੀਦੀਆਂ ਹਨ'' ਕਿਉਂਕਿ ਉਹ ਰਾਸ਼ਟਰਪਤੀ ਹਨ ਅਤੇ ਹਰ ਕੋਈ ਉਨ੍ਹਾਂ ਦਾ ਸਨਮਾਨ ਕਰਦਾ ਹੈ।

ਟਵੀਟ

ਕੀ ਕਹਿਣਾ ਹੈ ਮੰਦਿਰ ਪ੍ਰਸ਼ਾਸਨ ਦਾ

ਬੀਬੀਸੀ ਨੇ ਇਸ ਬਾਰੇ ਦਿੱਲੀ ਦੇ ਹੌਜ਼ ਖ਼ਾਸ ਸਥਿਤ ਸ਼੍ਰੀ ਜਗਨਨਾਥ ਮੰਦਿਰ ਨਾਲ ਸੰਪਰਕ ਕੀਤਾ ਅਤੇ ਜਾਣਨਾ ਚਾਹਿਆ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੂਰਤੀ ਦੇ ਕੋਲ ਜਾ ਕੇ ਪੂਜਾ ਕਿਉਂ ਨਹੀਂ ਕੀਤੀ।

ਜਗਨਨਾਥ ਮੰਦਰ ਦੇ ਉਪਾਸਕ ਸਨਾਤਨ ਪਾੜੀ ਨੇ ਬੀਬੀਸੀ ਪੱਤਰਕਾਰ ਸੇਰਾਜ ਅਲੀ ਨਾਲ ਗੱਲਬਾਤ ਕਰਦਿਆਂ ਹੋਇਆ ਸਭ ਤੋਂ ਪਹਿਲਾਂ ਤਸਵੀਰਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੀ ਨਿੰਦਾ ਕੀਤੀ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਮੰਦਿਰ ''ਚ ਪੂਜਾ ਕਰਨ ਦਾ ਵੀ ਕੋਈ ਪ੍ਰੋਟੋਕਾਲ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਹਿੰਦੂ ਮੰਦਿਰ ਜਾ ਸਕਦੇ ਹਨ, ਭਾਵੇਂ ਉਹ ਕਿਸੇ ਵੀ ਜਾਤ ਦੇ ਕਿਉਂ ਨਾ ਹੋਣ।

ਮੰਦਿਰ ਦੇ ਪਾਵਨ ਅਸਥਾਨ ਵਿੱਚ ਪੂਜਾ ਕਰਨ ਬਾਰੇ, ਸਨਾਤਨ ਪਾੜੀ ਨੇ ਕਿਹਾ, “ਮੰਦਿਰ ਦੇ ਪਾਵਨ ਅਸਥਾਨ ਵਿੱਚ ਸਿਰਫ਼ ਉਹੀ ਲੋਕ ਪੂਜਾ ਕਰ ਸਕਦੇ ਹਨ ਜਿਨ੍ਹਾਂ ਨੂੰ ਅਸੀਂ ਮਹਾਰਾਜਾ ਵਜੋਂ ਵਰਣ (ਸੱਦਾ) ਦਿੰਦੇ ਹਾਂ।"

"ਉਹ ਅੰਦਰ ਆ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਨਗੇ ਅਤੇ ਫਿਰ ਝਾੜੂ ਮਾਰ ਕੇ ਵਾਪਸ ਚਲੇ ਜਾਣਗੇ। ਰਾਸ਼ਟਰਪਤੀ ਜੀ ਵਿਅਕਤੀਗਤ ਤੌਰ ''ਤੇ ਭਗਵਾਨ ਦਾ ਅਸ਼ੀਰਵਾਦ ਲੈਣ ਲਈ ਮੰਦਿਰ ਆਏ ਸਨ, ਤਾਂ ਉਹ ਅੰਦਰ ਕਿਵੇਂ ਜਾਣਗੇ, ਇਸ ਲਈ ਉਹ ਅੰਦਰ ਨਹੀਂ ਆਏ।"

“ਇਸ ਨੂੰ ਲੈ ਕੇ ਟਵਿੱਟਰ ''ਤੇ ਵਿਵਾਦ ਖੜ੍ਹਾ ਹੋ ਗਿਆ ਹੈ, ਜੋ ਬੇਤੁਕਾ ਹੈ, ਜਦੋਂ ਸਾਰੇ ਲੋਕ ਮੰਦਿਰ ਦੇ ਅੰਦਰ ਜਾ ਸਕਦੇ ਹਨ, ਪਰ ਸਿਰਫ਼ ਉਹੀ ਉੱਥੇ ਜਾਣਗੇ ਜਿਨ੍ਹਾਂ ਨੂੰ ਅਸੀਂ ਚੁਣਦੇ ਹਾਂ। ਜੋ ਨਿਯਮ ਹੈ ਉਹ ਸਭ ਲਈ ਇੱਕ ਹੈ।"

ਬੀਬੀਸੀ
ਬੀਬੀਸੀ

ਜਦੋਂ ਸਾਬਕਾ ਰਾਸ਼ਟਰਪਤੀ ਹੋਏ ਸਨ ਨਾਰਾਜ਼

ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਇੱਕ ਮੰਦਿਰ ਵਿੱਚ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਰਾਸ਼ਟਰਪਤੀ ਭਵਨ ਨੇ ਵੀ ਅਸੰਤੁਸ਼ਟੀ ਜ਼ਾਹਰ ਕੀਤੀ ਸੀ ਪਰ ਉਦੋਂ ਮੰਦਿਰ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।

ਰਾਮਨਾਥ ਕੋਵਿੰਦ ਦਲਿਤ ਭਾਈਚਾਰੇ ਤੋਂ ਆਉਂਦੇ ਹਨ ਅਤੇ ਜਦੋਂ ਉਹ ਰਾਸ਼ਟਰਪਤੀ ਅਹੁਦੇ ''ਤੇ ਸੀ, ਉਦੋਂ ਮਾਰਚ 2018 ''ਚ ਉਨ੍ਹਾਂ ਨਾਲ ਪੁਰੀ ਦੇ ਮਸ਼ਹੂਰ ਜਗਨਨਾਥ ਮੰਦਰ ''ਚ ਦੁਰਵਿਵਹਾਰ ਹੋਇਆ ਸੀ।

18 ਮਾਰਚ 2018 ਨੂੰ ਰਾਸ਼ਟਰਪਤੀ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਜਗਨਨਾਥ ਮੰਦਰ ਗਏ ਸਨ।

ਰਾਮਨਾਥ ਕੋਵਿੰਦ
ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ

ਇਸ ਫੇਰੀ ਦੇ ‘ਮਿੰਟਸ’ ਮੀਡੀਆ ਨੂੰ ਲੀਕ ਹੋਏ ਸਨ, ਜਿਸ ਵਿੱਚ ਕਿਹਾ ਗਿਆ ਸੀ, “ਜਦੋਂ ਮਹਾਮਹਿਮ ਰਾਸ਼ਟਰਪਤੀ ਰਤਨ ਸਿੰਘਾਸਨ (ਜਿਸ ਉੱਤੇ ਭਗਵਾਨ ਜਗਨਨਾਥ ਬਿਰਾਜਮਾਨ ਹਨ) ਮੱਥਾ ਟੇਕਣ ਗਏ ਤਾਂ ਉੱਥੇ ਮੌਜੂਦ ਖੁੰਟੀਆ ਮੇਕਾਪ ਸੇਵਕਾਂ ਨੇ ਉਨ੍ਹਾਂ ਲਈ ਰਸਤਾ ਨਾ ਛੱਡਿਆ।"

"ਕੁਝ ਸੇਵਕ ਮਹਾਮਹਿਮ ਰਾਸ਼ਟਰਪਤੀ ਦੇ ਸਰੀਰ ਨਾਲ ਚਿਪਕ ਰਹੇ ਸਨ, ਇੱਥੋਂ ਤੱਕ ਕਿ ਮਹਾਮਹਿਮ ਰਾਸ਼ਟਰਪਤੀ ਦੀ ਪਤਨੀ, ਜੋ ਭਾਰਤ ਦੀ ''ਫਰਸਟ ਲੇਡੀ'' ਹੈ, ਉਨ੍ਹਾਂ ਦੇ ਸਾਹਮਣੇ ਆ ਗਏ ਸਨ।"

ਸੂਤਰਾਂ ਮੁਤਾਬਕ ਰਾਸ਼ਟਰਪਤੀ ਨੇ ਪੁਰੀ ਛੱਡਣ ਤੋਂ ਪਹਿਲਾਂ ਹੀ ਕੁਲੈਕਟਰ ਅਰਵਿੰਦ ਅਗਰਵਾਲ ਨਾਲ ਆਪਣੀ ਅਸੰਤੁਸ਼ਟੀ ਜ਼ਾਹਰ ਕੀਤੀ ਸੀ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਭਵਨ ਵੱਲੋਂ ਵੀ ਅਸੰਤੁਸ਼ਟੀ ਪ੍ਰਗਟਾਈ ਗਈ ਸੀ।

ਮਾਰਚ ਵਿੱਚ ਵਾਪਰੀ ਘਟਨਾ ਬਾਰੇ ਤਿੰਨ ਮਹੀਨੇ ਬਾਅਦ ਜੂਨ ਵਿੱਚ ਪਤਾ ਲੱਗਾ ਸੀ।

ਹਾਲਾਂਕਿ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਰਾਸ਼ਟਰਪਤੀ ਵੱਲੋਂ ਅਸੰਤੁਸ਼ਟੀ ਜ਼ਾਹਰ ਕੀਤੇ ਜਾਣ ਅਤੇ ਇਸ ''ਤੇ ਮੰਦਿਰ ਪ੍ਰਬੰਧਕ ਕਮੇਟੀ ਦੀ ਬੈਠਕ ''ਚ ਚਰਚਾ ਹੋਣ ਦੇ ਤਿੰਨ ਮਹੀਨੇ ਬਾਅਦ ਵੀ ਮੰਦਿਰ ਪ੍ਰਸ਼ਾਸਨ ਨੇ ਇਸ ਸੰਵੇਦਨਸ਼ੀਲ ਮਾਮਲੇ ''ਚ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਦ੍ਰੋਪਦੀ ਮੁਰਮੂ ਪਰਿਵਾਰ ਨਾਲ
ਦ੍ਰੋਪਦੀ ਮੁਰਮੂ ਪਰਿਵਾਰ ਨਾਲ

ਦੇਸ਼ ਦੇ ਪਹਿਲੇ ਆਦਿਵਾਸੀ ਰਾਸ਼ਟਰਪਤੀ

ਦੇਸ਼ ਦੀ ਮੌਜੂਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਇਸ ਅਹੁਦੇ ''ਤੇ ਬੈਠਣ ਵਾਲੀ ਪਹਿਲੀ ਆਦਿਵਾਸੀ ਸ਼ਖਸੀਅਤ ਹਨ।

ਉਹ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੇ ਕੁਸੁਮੀ ਬਲਾਕ ਦੇ ਵਸਨੀਕ ਹਨ। ਉਨ੍ਹਾਂ ਦੇ ਪਿੰਡ ਦਾ ਨਾਂ ਉਪਰਬੇਡਾ ਹੈ ਅਤੇ ਉਹ ਓਡੀਸ਼ਾ ਦੀ ਰਾਏਰੰਗਪੁਰ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ।

ਇਸ ਤੋਂ ਇਲਾਵਾ ਉਹ ਓਡੀਸ਼ਾ ਸਰਕਾਰ ਵਿੱਚ ਮੰਤਰੀ ਅਤੇ ਝਾਰਖੰਡ ਦੀ ਰਾਜਪਾਲ ਵੀ ਰਹਿ ਚੁੱਕੇ ਹਨ।

ਸਾਲ 1979 ਵਿੱਚ ਭੁਵਨੇਸ਼ਵਰ ਦੇ ਰਮਾਦੇਵੀ ਮਹਿਲਾ ਕਾਲਜ ਤੋਂ ਬੀਏ ਕਰਨ ਵਾਲੇ ਦ੍ਰੌਪਦੀ ਮੁਰਮੂ ਨੇ ਆਪਣੀ ਪੇਸ਼ਵਰ ਜ਼ਿੰਦਗੀ ਦੀ ਸ਼ੁਰੂਆਤ ਓਡੀਸਾ ਸਰਕਾਰ ਲਈ ਕਲਰਕ ਦੀ ਨੌਕਰੀ ਵਜੋਂ ਕੀਤੀ।

ਉਸ ਸਮੇਂ ਉਹ ਸਿੰਚਾਈ ਅਤੇ ਊਰਜਾ ਵਿਭਾਗ ਵਿੱਚ ਜੂਨੀਅਰ ਸਹਾਇਕ ਸਨ। ਬਾਅਦ ਵਿੱਚ ਕਈ ਸਾਲ ਉਨ੍ਹਾਂ ਨੇ ਅਧਿਆਪਨ ਵੀ ਕੀਤਾ।

ਉਨ੍ਹਾਂ ਨੇ ਰਾਇਰੰਗਰ ਦੇ ਸ਼੍ਰੀ ਅਰਬਿੰਦੋ ਇੰਟੀਗ੍ਰਲ ਐਜੂਕੇਸ਼ਨ ਐਂਡ ਰਿਸਰਚ ਸੈਂਟਰ ਵਿੱਚ ਔਨਰੇਰੀ ਅਧਿਆਪਕ ਵਜੋਂ ਪੜ੍ਹਾਇਆ। ਨੌਕਰੀ ਦੇ ਦਿਨਾਂ ਵਿੱਚ ਉਨ੍ਹਾਂ ਦੀ ਪਛਾਣ ਇੱਕ ਮਿਹਨਤੀ ਕਰਮਚਾਰੀ ਵਾਲੀ ਸੀ।

ਦ੍ਰੋਪਦੀ ਮੁਰਮੂ

ਸਿਆਸੀ ਜੀਵਨ

ਦ੍ਰੌਪਦੀ ਮੁਰਮੁਰ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਵਾਰਡ ਕਾਊਂਸਲਰ ਵਜੋਂ ਸਾਲ 1997 ਵਿੱਚ ਕੀਤੀ ਸੀ। ਉਸ ਸਮੇਂ ਉਹ ਰਾਇਰੰਗਪੁਰ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਐਮਸੀ ਚੁਣੇ ਗਏ ਅਤੇ ਫਿਰ ਨਗਰ ਪੰਚਾਇਤ ਵਿੱਚ ਉਪ-ਸਰਪੰਚ ਚੁਣ ਲਏ ਗਏ।

ਉਸ ਤੋਂ ਬਾਅਦ ਉਹ ਸਿਆਸਤ ਵਿੱਚ ਲਗਾਤਾਰ ਅੱਗੇ ਵਧਦੇ ਚਲੇ ਗਏ ਅਤੇ ਰਾਏਰੰਗਪੁਰ ਵਿਧਾਨ ਸਭਾ ਸੀਟ ਤੋਂ ਬੀਜੇਪੀ ਦੇ ਟਿਕਟ ਉੱਪਰ ਦੋ ਵੀਰ ਵਿਧਾਇਕ (ਸਾਲ 2000 ਅਤੇ 2009) ਬਣੇ। ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਉਹ ਸਾਲ 2000 ਤੋਂ 2004 ਤੱਕ ਨਵੀਨ ਪਟਨਾਇਕ ਦੀ ਕੈਬਨਿਟ ਵਿੱਚ ਸੁਤੰਤਰ ਪ੍ਰਭਾਰ ਦੇ ਰਾਜਮੰਤਰੀ ਰਹੇ।

ਉਨ੍ਹਾਂ ਨੇ ਮੰਤਰੀ ਵਜੋਂ ਦੋ-ਦੋ ਸਾਲ ਤੱਕ ਵਣਜ ਅਤੇ ਟਰਾਂਸਪੋਰਟ ਵਿਭਾਗ ਅਤੇ ਮੱਛੀ ਪਾਲਣ ਤੋਂ ਇਲਾਵਾ ਪਸ਼ੂ ਰਿਸਰਚ ਵਿਭਾਗ ਸੰਭਾਲਿਆ। ਉਸ ਸਮੇਂ ਨਵੀਨ ਪਟਨਾਇਕ ਦੀ ਪਾਰਟੀ ਬੀਜੂ ਜਨਤਾ ਦਲ ਬੀਜੇਪੀ ਨਾਲ ਸਮਝੌਤਾ ਸਰਕਾਰ ਚਲਾ ਰਹੀ ਸੀ।

ਸਾਲ 2015 ਵਿੱਚ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਰਾਜਪਾਲ ਬਣਾਇਆ ਗਿਆ, ਉਸ ਤੋਂ ਐਨ ਪਹਿਲਾਂ ਤੱਕ ਉਹ ਭਾਜਪਾ ਦੇ ਮਯੂਰਭੰਜ ਜ਼ਿਲ੍ਹੇ ਦੇ ਪ੍ਰਧਾਨ ਵੀ ਸਨ।

ਉਹ ਸਾਲ 2006 ਤੋਂ 2009 ਤੱਕ ਭਾਜਪਾ ਦੇ ਐੱਸਟੀ ਮੋਰਚੇ ਦੇ ਓਡੀਸ਼ਾ ਸਟੇਟ ਪ੍ਰਧਾਨ ਵੀ ਰਹਿ ਚੁੱਕੇ ਹਨ।

ਉਹ ਦੋ ਵਾਰ ਭਾਜਪਾ ਐੱਸਟੀ ਮੋਰਚੇ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਸਾਲ 2002 ਤੋਂ 2009 ਅਤੇ ਸਾਲ 2013 ਤੋਂ ਅਪ੍ਰੈਲ 2015 ਤੱਕ ਇਸ ਮੋਰਚੇ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਵੀ ਰਹੇ।

ਇਸ ਤੋਂ ਬਾਅਦ ਉਹ ਝਾਰਖੰਡ ਦੇ ਰਾਜਪਾਲ ਨਾਮਜ਼ਦ ਕਰ ਦਿੱਤੇ ਗਏ ਅਤੇ ਉਹ ਭਾਜਪਾ ਦੀ ਸਰਗਰਮ ਸਿਆਸਤ ਤੋਂ ਵੱਖ ਹੋ ਗਏ।