ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ
2023_10image_17_37_217448797rahul-ll.jpgਭਾਨੂਪ੍ਰਤਾਪਪੁਰ -28ਅਕਤੂਬਰ-(MDP)- ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇ ਸੂਬੇ ’ਚ ਦੁਬਾਰਾ ਕਾਂਗਰਸ ਦੀ ਸਰਕਾਰ ਬਣੀ ਤਾਂ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿਚ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਤੇਂਦੂਆ ਪੱਤੇ ਇਕੱਠੇ ਕਰਨ ਵਾਲਿਆਂ ਨੂੰ 4-4 ਹਜ਼ਾਰ ਰੁਪਏ ਪ੍ਰਤੀ ਸਾਲ ਦਿੱਤੇ ਜਾਣਗੇ। ਕਾਂਕੇਰ ਜ਼ਿਲ੍ਹੇ ਦੇ ਭਾਨੂਪ੍ਰਤਾਪਪੁਰ ’ਚ ਇਕ ਚੋਣ ਰੈਲੀ ਨੂੰ ਸੰਬੋਧਨ

ਕਰਦੇ ਹੋਏ ਰਾਹੁਲ ਨੇ ਕਿਹਾ ਕਿ ਅਸੀਂ ਕੇ. ਜੀ. ਤੋਂ ਪੀ. ਜੀ. ਤੱਕ ਮੁਫ਼ਤ ਸਿੱਖਿਆ ਮੁਹੱਈਆ ਕਰਵਾਵਾਂਗੇ। ਮਾਪਿਆਂ ਨੂੰ ਇਕ ਪੈਸਾ ਵੀ ਨਹੀਂ ਦੇਣਾ ਪਵੇਗਾ। ਰਾਹੁਲ ਨੇ ਇਸ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇ ਸੂਬੇ ਵਿਚ ਦੁਬਾਰਾ ਕਾਂਗਰਸ ਦੀ ਸਰਕਾਰ ਬਣੀ ਤਾਂ ਤੇਂਦੂ ਪੱਤਾ ਇਕੱਠਾ ਕਰਨ ਵਾਲਿਆਂ ਨੂੰ ‘ਰਾਜੀਵ ਗਾਂਧੀ ਪ੍ਰੋਤਸਾਹਨ ਯੋਜਨਾ’ ਤਹਿਤ 4000 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਸਾਲ ਦਿੱਤੇ ਜਾਣਗੇ।

ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਗਰੀਬਾਂ, ਆਦਿਵਾਸੀਆਂ ਅਤੇ ਪਿਛੜੇ ਵਰਗਾਂ ਲਈ ਕੰਮ ਕਰਦੀ ਹੈ, ਜਦਕਿ ਭਾਜਪਾ ਕੁਝ ਅਰਬਪਤੀਆਂ ਲਈ ਕੰਮ ਕਰਦੀ ਹੈ। ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਗਏ ਹਨ। ਰਾਹੁਲ ਨੇ ਵਾਅਦਾ ਕੀਤਾ ਕਿ ਜੇ ਕੇਂਦਰ ’ਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਉਹ ਜਾਤੀ ਆਧਾਰਿਤ ਮਰਦਮਸ਼ੁਮਾਰੀ ਕਰਵਾਏਗੀ। ਨਾਲ ਹੀ ਜਾਤੀ ਆਧਾਰਿਤ ਸਰਵੇਖਣ ਵੀ ਕਰੇਗੀ। ਉਨ੍ਹਾਂ ਹੋਰ ਪਿਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਦੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਤੋਂ ਪੁੱਛਣ ਕਿ ਜਾਤੀ ਆਧਾਰਿਤ ਮਰਦਮਸ਼ੁਮਾਰੀ ਕਿਉਂ ਨਹੀਂ ਕਰਵਾਈ ਜਾ ਰਹੀ? ਮੋਦੀ ਸਰਕਾਰ ਜਾਤੀ ਆਧਾਰਤ ਮਰਦਮਸ਼ੁਮਾਰੀ ਦੇ ਅੰਕੜੇ ਕਿਉਂ ਨਹੀਂ ਉਜਾਗਰ ਕਰ ਰਹੀ? ਉਨ੍ਹਾਂ ਨੇ 'ਵਨਵਾਸੀ' (ਆਦਿਵਾਸੀਆਂ ਲਈ) ਸ਼ਬਦ 'ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਸ ਦਾ ਇਸਤੇਮਾਲ ਭਾਜਪਾ ਕਰਦੀ ਹੈ, ਜੋ ਆਦਿਵਾਸੀਆਂ ਦਾ ਅਪਮਾਨ ਹੈ ਅਤੇ ਉਨ੍ਹਾਂ ਦੀ ਸੰਸਕ੍ਰਿਤੀ, ਇਤਿਹਾਸ ਅਤੇ ਭਾਸ਼ਾ 'ਤੇ ਹਮਲਾ ਹੈ।