ਸੁਖਪਾਲ ਖਹਿਰਾ ਤੇ ਦਰਜ ਹੋ ਸਕਦੈ ਇਕ ਹੋਰ ਮਾਮਲਾ, ਐੱਸ. ਆਈ. ਟੀ. ਦੇ ਹੱਥ ਲੱਗੇ ਅਹਿਮ ਸਬੂਤ

screenshot_2023-10-30_at_15-52-35_punjabi_news_online_punjab_news_punjabi_local_newspaper.pngਜਲੰਧਰ/ਕਪੂਰਥਲਾ--30ਅਕਤੂਬਰ-(MDP)- ਹਲਕਾ ਭੁਲੱਥ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਖਹਿਰਾ ਨੂੰ 8 ਸਾਲ ਪੁਰਾਣੇ ਡਰੱਗਜ਼ ਮਾਮਲੇ 'ਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਪੰਜਾਬ ਪੁਲਸ ਦੀ ਐੱਸ. ਆਈ. ਟੀ. ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਦੀ ਲਗਾਤਾਰ ਜਾਂਚ ਕਰ ਰਹੀ ਹੈ। ਹੁਣ ਤੱਕ 45 ਖ਼ਾਤਿਆਂ ਦੀ ਜਾਂਚ ਹੋ ਚੁੱਕੀ ਹੈ। ਐੱਸ. ਆਈ. ਟੀ. ਨਾਲ ਜੁੜੇ ਸੂਤਰਾਂ ਦਾ ਦਾਅਵਾ ਹੈ ਕਿ ਜਾਂਚ ਦੌਰਾਨ ਖ਼ਾਤਿਆਂ ਵਿੱਚ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਖ਼ੁਲਾਸਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਹੁਣ ਇਸ ਆਧਾਰ 'ਤੇ ਖ਼ਹਿਰਾ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ।

ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ

ਉਥੇ ਹੀ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੁਣ 2 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਮਾਮਲੇ ਵਿਚ ਅਦਾਲਤ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਇਸ ਮਾਮਲੇ 'ਚ ਖਹਿਰਾ ਦੀ ਕੀ ਭੂਮਿਕਾ ਹੈ ਅਤੇ ਉਨ੍ਹਾਂ ਖਿਲਾਫ਼ ਕੀ ਸਬੂਤ ਹਨ। ਹਾਈਕੋਰਟ ਨੇ ਸਰਕਾਰ ਤੋਂ ਇਸ ਬਾਰੇ ਜਾਣਕਾਰੀ ਮੰਗੀ ਹੈ। ਦੱਸ ਦਈਏ ਕਿ ਸੁਖਪਾਲ ਖਹਿਰਾ ਨੂੰ 2015 ਦੇ ਐੱਨ. ਡੀ. ਪੀ. ਐੱਸ. ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਖਹਿਰਾ ਨੂੰ ਅੱਠ ਸਾਲ ਬਾਅਦ ਹਿਰਾਸਤ ਵਿਚ ਲਿਆ ਗਿਆ ਹੈ।    

ਬੈਂਕ ਖ਼ਾਤਿਆਂ 'ਚ ਕਰੋੜਾਂ ਰੁਪਏ ਜਮ੍ਹਾ ਹੋਣ ਦਾ ਖ਼ੁਲਾਸਾ
ਐੱਸ. ਆਈ. ਟੀ. ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਖ਼ਾਤਿਆਂ ਵਿੱਚ ਕਰੋੜਾਂ ਰੁਪਏ ਜਮ੍ਹਾ ਹਨ। ਸਾਲ 2014 ਤੋਂ 2020 ਦਰਮਿਆਨ ਖਹਿਰਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਰੀਬ 6.5 ਕਰੋੜ ਰੁਪਏ ਖ਼ਰਚ ਕੀਤੇ ਹਨ। ਇਸ ਤੋਂ ਇਲਾਵਾ ਖਹਿਰਾ ਕੋਲ 6 ਗੱਡੀਆਂ ਵੀ ਹਨ, ਜਿਨ੍ਹਾਂ ਦੀ ਹਰ ਮਹੀਨੇ 4.5 ਲੱਖ ਰੁਪਏ ਦੀ ਕਿਸ਼ਤ ਅਦਾ ਕੀਤੀ ਜਾਂਦੀ ਹੈ ਜਦਕਿ ਖਹਿਰਾ ਦੀ ਆਮਦਨ ਸਿਰਫ਼ 2.5 ਲੱਖ ਰੁਪਏ ਹੈ।

ਇਸ ਤੋਂ ਇਲਾਵਾ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪੀ. ਏ. ਦਾ ਖਾਤਾ ਚਲਾਉਣ ਲਈ ਦਿੱਤਾ ਗਿਆ ਮੋਬਾਇਲ ਨੰਬਰ ਵੀ ਉਸ ਦੇ ਪਰਿਵਾਰ ਦੀ ਔਰਤ ਦਾ ਨੰਬਰ ਹੈ। ਇਸ ਖ਼ਾਤੇ 'ਚ ਕਰੀਬ 2 ਕਰੋੜ ਰੁਪਏ ਜਮ੍ਹਾ ਹਨ। ਇਸ ਤੋਂ ਇਲਾਵਾ ਖਹਿਰਾ ਦੇ ਰਿਸ਼ਤੇਦਾਰਾਂ ਤੋਂ ਲੈ ਕੇ ਉਨ੍ਹਾਂ ਦੇ ਗੰਨਮੈਨ ਤੱਕ ਦੇ ਖ਼ਾਤਿਆਂ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇਕ ਸਹਿਕਾਰੀ ਬੈਂਕ ਦੇ ਖ਼ਾਤੇ ਵਿੱਚ 2 ਕਰੋੜ ਰੁਪਏ ਜਮ੍ਹਾ ਹੋਏ ਹਨ, ਜਿਸ ਵਿੱਚੋਂ 43 ਲੱਖ ਰੁਪਏ ਦੀ ਕੈਸ਼ ਐਂਟਰੀ ਹੋਈ ਹੈ।

ਬੈਂਕ ਖ਼ਾਤਿਆਂ ਤੋਂ ਤੁਰੰਤ ਟਰਾਂਸਫਰ ਹੋ ਜਾਂਦਾ ਸੀ ਪੈਸਾ 
ਸੂਤਰਾਂ ਦੀ ਮੰਨੀਏ ਤਾਂ ਈ. ਡੀ. ਵੱਲੋਂ ਪੰਜਾਬ ਪੁਲਸ ਨੂੰ ਦੱਸਿਆ ਹੈ ਕਿ 2014 ਤੋਂ 2020 ਤੱਕ 6.5 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਜਦਕਿ ਇਸ ਸਮੇਂ ਦੌਰਾਨ ਉਨ੍ਹਾਂ ਦੀ ਕੁੱਲ ਆਮਦਨ 3 ਕਰੋੜ ਰੁਪਏ ਤੋਂ ਘੱਟ ਸੀ। ਐੱਸ. ਆਈ. ਟੀ. ਦੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਖਹਿਰਾ ਦੇ ਕਰੀਬੀ ਰਿਸ਼ਤੇਦਾਰਾਂ ਦੇ ਖ਼ਾਤਿਆਂ ਵਿੱਚ ਜੋ ਪੈਸੇ ਜਮ੍ਹਾ ਕਰਵਾਏ ਜਾਂਦੇ ਸਨ, ਉਨ੍ਹਾਂ ਪੈਸਿਆਂ ਨੂੰ ਤੁਰੰਤ ਹੀ ਟਰਾਂਸਫਰ ਕਰ ਦਿੱਤਾ ਜਾਂਦਾ ਸੀ।