ਕਾਵਾਂ ਹੱਥ ਨਾ ਆਉਣ ਸੁਨੇਹੇ !

ਤੇ ਨਾ ਹੀ ਔਂਸੀਆਂ ਪਾਉਣ ਮੁਟਿਆਰਾਂ ! ਸਮਾਂ ਬਦਲ ਗਿਆ ਹੈ। ਸਮੇਂ ਦੀ ਚਾਲ ਵੀ ਬਦਲ ਗਈ ਹੈ। ਸੜਕੀ ਦੂਰੀਆਂ ਵੀ ਘਟ ਗਈਆਂ ਹਨ। ਇਸੇ ਕਰਕੇ ਸਮਾਜਿਕ ਰਿਸ਼ਤਿਆਂ ਦੀਆਂ ਪਰਤਾਂ ਇਕਸਾਰ ਹੋ ਰਹੀਆਂ ਹਨ। ਕਿਸੇ ਆਖਿਆ ਸੀ ਖੁਸ਼ੀ ਸਿਰਫ ਮਨੁੱਖੀ ਰਿਸ਼ਤਿਆ ਵਿਚ ਹੀ ਮਿਲਦੀ ਹੈ' ਪਰ ਇਹ ਰਿਸ਼ਤੇ ਮਿਲਣ ਗਿਲਣ ਨਾਲ ਹੀ ਬਣਦੇ ਹਨ। ਮਨੁੱਖ ਆਦਿ ਸਮੇਂ ਤੋਂ ਹੀ ਇਸ ਖੁਸ਼ੀ ਦੀ ਭਾਲ ਵਿਚ ਸਫਰ ਕਰਦਾ ਰਿਹਾ ਹੈ। ਵਾਟਾਂ ਨੱਪਦਾ ਰਿਹਾ ਹੈ।

ਕਈਆਂ ਦਾ ਮੰਜ਼ਿਲ ਤੇ ਪਹੁੰਚਣਾ ਮੁਸ਼ਕਿਲ ਵੀ ਹੋਇਆ ਤੇ ਕਈ ਪਹੁੰਚੇ ਹੀ ਨਹੀਂ। ਦੂਸਰੇ ਪਾਸੇ ਪੰਜਾਬੀ ਪ੍ਰਹੁਣਾਚਾਰੀ ਕਰਨ ਦੇ ਭੁੱਖੇ ਹਨ। ਹਰ ਵੇਲੇ ਮਹਿਮਾਨ ਉਡੀਕਦੇ ਰਹਿੰਦੇ ਹਨ। ਔਰਤਾਂ ਘਰਾਂ ਵਿਚ ਬਨੇਰੇ ਤੇ ਬੈਠੇ ਕਾਂ ਨੂੰ ਪ੍ਰਹੁਣੇ ਦਾ ਸੂਚਕ ਸਮਝਦੀਆਂ ਰਹੀਆਂ ਹਨ ਤੇ ਖੇਤਾਂ ਵਿਚ ਕੰਮ ਕਰਦੇ ਬੰਦੇ ਹਰ ਝਾਉਲੇ ਨੂੰ ਪ੍ਰਹੁਣਾ। ਪਰ ਇਹ ਉਡੀਕ ਦੇ ਸਾਰੇ ਕਾਰਜ ਇਕੋ ਖੋਜ ਨੇ ਅਰਥਹੀਣ ਕਰ ਦਿੱਤੇ ਹਨ। ਅਜ ਮੋਬਾਇਲ ਫੋਨ ਨੇ ਤਬਾਹੀ ਮਚਾ ਦਿੱਤੀ ਹੈ। ਨਿੱਤ ਸਸਤੀਆਂ ਹੋ ਰਹੀਆਂ ਫੋਨ ਕਾਲਾਂ ਨੇ ਹਰ ਪਾਸੇ ਗਲਾਂ ਦੀ ਭਰਮਾਰ ਪੈਦਾ ਕਰਤੀ। ਹਰ ਨਿੱਕੀ ਜਿਹੀ ਗਲ ਜਾਂ ਇਹ ਕਹਿ ਲਵੋ ਕੇ ਹਰ ਫਜ਼ੁਲ ਜਾਣਕਾਰੀ ਵੀ ਇਕ ਦੂਜੇ ਤਕ ਪਹੁੰਚਾਤੀ। ਮਿਲਣ ਗਿਲਣ ਦੀ ਤਮੰਨਾ ਹੀ ਖਤਮ ਕਰਤੀ। ਅਫਵਾਹਾਂ ਫੈਲਾਣ ਵਿਚ ਵੀ ਮੋਬਾਇਲ ਦਾ ਬਹੁਤ ਵੱਡਾ ਹੱਥ ਹੈ। ਲੋਕਾਂ ਦੇ ਕੰਨਾਂ ਦੇ ਪਰਦੇ ਨਰਮ ਹੋ ਰਹੇ ਹਨ। ਬੋਲਿਆਂ ਦੀ ਗਿਣਤੀ ਵੱਧ ਰਹੀ ਹੈ। ਹੋਰ ਤਾਂ ਹੋਰ ਔਂਸੀਆਂ ਸ਼ਬਦ ਦੀ ਹੋਂਦ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ। ਇਹੋ ਜਿਹੇ ਮਾਹੌਲ ਵਿਚ ਜੇਕਰ ਕੋਈ ਕਾਂ ਕਿਤੇ ਸੁਨੇਹਾ ਲੈਕੇ ਆ ਵੀ ਗਿਆ ਤਾਂ ਉਸਦੀ ਸੁਣੇਗਾ ਕੌਣ। ਇਸੇ ਲਈ ਹੋ ਸਕਦਾ ਆੳਣ ਵਾਲੇ ਸਮੇਂ ਵਿਚ ਕਾਂ ਵੀ ਮੋਬਾਇਲ ਤੇ ਸੁਨੇਹੇ ਦੇਣ ਲਗ ਪੈਣ ਜਾਂ ਫੇਰ ਆਪਣੀ ਹੀ ਕੰਪਨੀ ਖੋਲ ਲੈਣ ਕਾਂਟੈੱਲ'